ਗ੍ਰਨੇਡ ਹਮਲਾ: ਐੱਨਆਈਏ ਅਦਾਲਤ ਵੱਲੋਂ ਸੱਤ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 10 ਅਕਤੂਬਰ ਮੁਹਾਲੀ ਸਥਿਤ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਮਕਸੂਦਾਂ ਥਾਣੇ ’ਤੇ ਗ੍ਰਨੇਡ ਹਮਲੇ ਤੇ ਇੰਜਨੀਅਰਿੰਗ ਕਾਲਜ ਜਲੰਧਰ ਵਿਚੋਂ ਇਕ ਕਿੱਲੋ ਧਮਾਕਾਖੇਜ਼ ਸਮੱਗਰੀ ਅਤੇ ਏਕੇ-47 ਰਾਈਫ਼ਲ ਅਤੇ ਹੋਰ ਅਸਲੇ ਸਮੇਤ ਗ੍ਰਿਫ਼ਤਾਰ ਕਸ਼ਮੀਰੀ ਨੌਜਵਾਨਾਂ ਦੇ ਮਾਮਲੇ ਵਿਚ ਸੱਤ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ਦੀ ਸੁਣਵਾਈ ਐੱਨਆਈਈ ਦੇ ਵਿਸ਼ੇਸ਼ ਜੱਜ ਐੱਨਐੱਸ ਗਿੱਲ ਦੀ ਅਦਾਲਤ ਵਿਚ ਚੱਲ ਰਹੀ ਸੀ। ਅੱਜ ਜੱਜ ਨੇ ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਮਾਮਲਿਆਂ ਵਿਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਸੱਤ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ ਲਈ 4 ਨਵੰਬਰ ਦਾ ਦਿਨ ਨਿਸ਼ਚਿਤ ਕੀਤਾ ਹੈ। ਦੋਸ਼ੀਆਂ ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ ’ਚੋਂ ਗ੍ਰਿਫ਼ਤਾਰ ਨਜ਼ੀਰ ਮੀਰ ਵਾਸੀ ਅਵੰਤੀਪੁਰਾ ਵੀ ਸ਼ਾਮਲ ਹੈ। ਪਿਛਲੀ ਤਰੀਕ ’ਤੇ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਪਿਛਲੇ ਸਾਲ 14 ਸਤੰਬਰ ਨੂੰ ਜਲੰਧਰ ਵਿਚ ਮਕਸੂਦਾਂ ਪੁਲੀਸ ਥਾਣੇ ’ਤੇ ਚਾਰ ਗ੍ਰਨੇਡ ਸੁੱਟੇ ਗਏ ਸਨ, ਜਿਸ ਦੌਰਾਨ ਇਕ ਪੁਲੀਸ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਭਾਵੇਂ ਇਸ ਸਬੰਧੀ ਜਲੰਧਰ ਪੁਲੀਸ ਨੇ ਕੇਸ ਦਰਜ ਕੀਤਾ ਸੀ ਪਰ ਜਦੋਂ ਚਾਰ ਮਹੀਨਿਆਂ ਵਿਚ ਜਲੰਧਰ ਪੁਲੀਸ ਕੋਈ ਸੁਰਾਗ ਨਹੀਂ ਲਗਾ ਸਕੀ ਤਾਂ ਬਾਅਦ ਵਿਚ ਦਸੰਬਰ 2018 ਵਿਚ ਇਸ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All