ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਹਰਜੀਤ ਸਿੰਘ ਡੇਰਾਬੱਸੀ, 19 ਨਵੰਬਰ

ਪ੍ਰਧਾਨ ਦਾ ਕਰੱਸ਼ਰ ਦੀ ਸੀਲ ਨਾ ਖੋਲ੍ਹਣ ’ਤੇ ਰੋਸ ਪ੍ਰਗਟ ਕਰਦੇ ਕਰੱਸ਼ਰ ਮਾਲਕ। -ਫੋਟੋ: ਰੂਬਲ

ਹਲਕਾ ਡੇਰਾਬੱਸੀ ਦੇ ਮੁਬਾਰਿਕਪੁਰ ਤੇ ਹੰਡੇਸਰਾ ਕਰੱਸ਼ਰ ਜ਼ੋਨ ’ਤੇ ਹਰਿਆਣਾ ਤੋਂ ਕੱਚਾ ਮਾਲ ਲਿਆਉਣ ਵਾਲੀਆਂ ਗੱਡੀਆਂ ਤੋਂ ਗੁੰਡਾ ਟੈਕਸ ਵਸੂਲਣ ਦੇ ਮਾਮਲੇ ਵਿੱਚ ਮੁਬਾਰਿਕਪੁਰ ਪੁਲੀਸ ਨੇ ਦੇਰ ਰਾਤ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਲਿਆ। ਜਾਂਚ ਟੀਮ ਨੇ ਵੀ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਹਦਾਇਤ ਕੀਤੀ ਸੀ। ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ’ਚ ਦੇਰੀ ਪਿੱਛੇ ਪੁਲੀਸ ਵੱਲੋਂ ਮਾਈਨਿੰਗ ਵਿਭਾਗ ਵੱਲੋਂ ਸ਼ਿਕਾਇਤ ਨਾ ਮਿਲਣ ਦੀ ਗੱਲ ਆਖੀ ਜਾ ਰਹੀ ਸੀ। ਦੂਜੇ ਪਾਸੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੁਲੀਸ ਦੇ ਸਾਹਮਣੇ ਗ਼ੈਰ-ਕਾਨੂੰਨੀ ਕੰਮ ਹੋ ਰਿਹਾ ਹੈ, ਜਿਸ ਲਈ ਸ਼ਿਕਾਇਤ ਦੀ ਕੋਈ ਲੋੜ ਨਹੀਂ ਹੈ। ਥਾਣਾ ਮੁਖੀ ਡੇਰਾਬੱਸੀ ਗੁਰਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਮੁਬਾਰਿਕਪੁਰ ਪੁਲੀਸ ਚੌਕੀ ਨੂੰ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਕੀਤੀ ਸੀ। ਮੁਬਾਰਿਕਪੁਰ ਪੁਲੀਸ ਚੌਕੀ ਇੰਚਾਰਜ ਏਐੱਸਆਈ ਨਰਪਿੰਦਰ ਸਿੰਘ ਨੇ ਕਿਹਾ ਕਿ ਕਰੱਸ਼ਰ ਐਸੋਸੀਏਸ਼ਨ ਦੀ ਸ਼ਿਕਾਇਤ ’ਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਅੱਜ ਸਾਰਾ ਦਿਨ ਗੁੰਡਾ ਟੈਕਸ ਵਾਲੇ ਗਾਇਬ ਰਹੇ ਤੇ ਕਰੱਸ਼ਰਾਂ ’ਤੇ ਹਰਿਆਣਾ ਤੋਂ ਕੱਚਾ ਮਾਲ ਬੇਰੋਕ ਆਉਂਦਾ ਰਿਹਾ। ਇਸ ਤੋਂ ਇਲਾਵਾ ਅੱਜ ਸਵੇਰੇ ਮੁਹਾਲੀ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਏਡੀਸੀ (ਵਿਕਾਸ) ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਾਂਚ ਟੀਮ ਦੀ ਮੀਟਿੰਗ ਹੋਈ ਜਿਸ ਵਿੱਚ ਹੁਣ ਤੱਕ ਦੀ ਕਾਰਵਾਈ ਦੀ ਸਮੀਖਿਆ ਕੀਤੀ ਗਈ। ਮੀਟਿੰਗ ਬਾਰੇ ਐੱਸਡੀਐੱਮ ਖਰੜ ਹਿਮਾਂਸ਼ੂ ਜੈਨ (ਆਈਏਐੱਸ) ਨੇ ਕਿਹਾ ਗੁੰਡਾ ਟੈਕਸ ਵਸੂਲਣ ਵਾਲਿਆਂ ਖ਼ਿਲਾਫ਼ ਅਗਲੀ ਕਾਰਵਾਈ ਲਈ ਤਜਵੀਜ਼ ਪੇਸ਼ ਕੀਤੀ ਗਈ ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਜਾਂਚ ’ਚ ਸਾਹਮਣੇ ਆਏ ਦੀਪਕ ਮੋਂਗਾ ਨਾਂ ਦੇ ਸ਼ੱਕੀ ਵਿਅਕਤੀ ਨੂੰ ਜਾਂਚ ਟੀਮ ਸਾਹਮਣੇ ਬੁਲਾਉਣ ਦਾ ਫ਼ੈਸਲਾ ਲਿਆ ਗਿਆ। ਕਰੱਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਬਾਂਸਲ ਦਾ ਸੀਲ ਕਰੱਸ਼ਰ ਨਾ ਖੋਲ੍ਹਣ ਬਾਰੇ ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਤੋਂ ਕਰੱਸ਼ਰ ਸੀਲ ਕਰਨ ਸਬੰਧੀ ਪੂਰੀ ਰਿਪੋਰਟ ਮੰਗੀ ਗਈ ਹੈ। ਮਾਈਨਿੰਗ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਅਮਰਜੀਤ ਬਾਂਸਲ ਦੇ ਰਿਕਾਰਡ ’ਚ ਉਥੇ ਪਏ ਕੱਚੇ ਮਾਲ ਦੇ ਪੂਰੇ ਬਿੱਲ ਨਾ ਹੋਣ ਕਾਰਨ ਕਰੱਸ਼ਰ ਸੀਲ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਭੇਜੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All