ਗੁਰਧਾਮਾਂ ਦਾ ਸੋਨਾ ਸਿੱਖਾਂ ਦਾ ਸਾਂਝਾ ਸਰਮਾਇਆ: ਸੁਖਬੀਰ

ਦਵਿੰਦਰ ਪਾਲ ਚੰਡੀਗੜ੍ਹ, 21 ਮਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਗੁਰਧਾਮਾਂ ’ਤੇ ਲੱਗਿਆ ਸੋਨਾ ਅਤੇ ਬਾਕੀ ਪਵਿੱਤਰ ਵਸਤਾਂ ਸ਼ਰਧਾਵਾਨ ਸਿੱਖ ਕੌਮ ਦਾ ਸਾਂਝਾ ਸਰਮਾਇਆ ਹਨ। ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਕਿਸੇ ਵੀ ਕੰਮ ਲਈ, ਬੇਸ਼ੱਕ ਉਹ ਕਿੰਨਾ ਵੀ ਮਾਨਵਵਾਦੀ ਅਤੇ ਨੇਕ ਕਿਉਂ ਨਾ ਹੋਵੇ, ਇਸ ਸਰਮਾਏ ਦਾ ਨਿੱਕਾ ਜਿਹਾ ਹਿੱਸਾ ਵੀ ਦਾਨ ਕਰਨ ਬਾਰੇ ਸੋਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਬੇਹੱਦ ਇਤਿਹਾਸਕ ਅਤੇ ਵਿਰਾਸਤੀ ਮੁੱਲ ਰੱਖਣ ਵਾਲੇ ਇਸ ਸਰਮਾਏ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ। ਇਸ ਸਰਮਾਏ ਦੇ ਕਿਸੇ ਨਿੱਕੇ ਜਿਹੇ ਭਾਗ ਬਾਰੇ ਵੀ ਆਏ ਕਿਸੇ ਸੁਝਾਅ ਜਾਂ ਇਸ ਨਾਲ ਜੁੜੇ ਕਿਸੇ ਸਵਾਲ ਦਾ ਜੁਆਬ ਦੇਣ ਵੇਲੇ ਵਿਅਕਤੀ ਨੂੰ ਪੂਰੀ ਜ਼ਿੰਮੇਵਾਰੀ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ, ਬੇਸ਼ੱਕ ਅਜਿਹੇ ਸੁਝਾਅ ਦਾ ਮੰਤਵ ਕਿੰਨਾ ਵੀ ਨੇਕ ਅਤੇ ਮਾਨਵਵਾਦੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਥ ਦੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਅਤੇ ਚਾਲਾਂ ਪ੍ਰਤੀ ਸਦਾ ਸੁਚੇਤ ਰਹਿਣਾ ਚਾਹੀਦਾ ਹੈ, ਜੋ ਅਜਿਹੇ ਵਿਸ਼ਿਆਂ ’ਤੇ ਕਿਸੇ ਸਿੱਖ ਆਗੂ ਦੀ ਫਿਸਲੀ ਜ਼ੁਬਾਨ ਦਾ ਹਮੇਸ਼ਾਂ ਫਾਇਦਾ ਉਠਾਉਣ ਦੀ ਤਾਕ ਵਿੱਚ ਰਹਿੰਦੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਮਨਜਿੰਦਰ ਸਿਰਸਾ ਦੀ ਟਿੱਪਣੀ ਅਸਵੀਕਾਰਯੋਗ ਹੈ, ਜਿਸ ਤੋਂ ਬਚਿਆ ਜਾ ਸਕਦਾ ਸੀ। ਪਰ ਸਿਰਸਾ ਵੱਲੋਂ ਇਸ ’ਤੇ ਪਛਤਾਵਾ ਕਰਦਿਆਂ ਆਪਣੀ ਗਲਤੀ ’ਤੇ ਮੁਆਫ਼ੀ ਮੰਗਣਾ ਸ਼ਲਾਘਾਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਤੇ ਸਿੱਖ ਵਿਰੋਧੀ ਤੱਤਾਂ ਵੱਲੋਂ ਇਸ ਮੁੱਦੇ ’ਤੇ ਸਿੱਖਾਂ ਅੰਦਰ ਬੇਭਰੋਸਗੀ ਅਤੇ ਗਲਤਫਹਿਮੀ ਪੈਦਾ ਕਰਦਿਆਂ ਵੰਡ ਪਾ ਕੇ ਸਿੱਖ ਕੌਮ ਨੂੰ ਕਮਜ਼ੋਰ, ਆਗੂ ਰਹਿਤ ਅਤੇ ਦਿਸ਼ਾ ਰਹਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All