ਕੋਲਕਾਤਾ-ਅੰਮ੍ਰਿਤਸਰ-ਸ੍ਰੀਨਗਰ ਵਿਚਾਲੇ ਨਵੀਂ ਉਡਾਣ ਸ਼ੁਰੂ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 1 ਦਸੰਬਰ ਇੰਡੀਗੋ ਏਅਰਲਾਈਨਜ਼ ਹਵਾਈ ਕੰਪਨੀ ਵਲੋਂ ਅੱਜ ਕੋਲਕਾਤਾ-ਅੰਮ੍ਰਿਤਸਰ-ਸ੍ਰੀਨਗਰ ਵਿਚਾਲੇ ਸਿੱਧੀ ਘਰੇਲੂ ਉਡਾਣ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸੇ ਹਵਾਈ ਕੰਪਨੀ ਵਲੋਂ ਦਿੱਲੀ-ਅੰਮ੍ਰਿਤਸਰ ਵਿਚਾਲੇ ਵੀ ਇਕ ਹੋਰ ਘਰੇਲੂ ਉਡਾਣ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਨਵੀਆਂ ਉਡਾਣਾਂ ਦੀ ਸ਼ੁਰੂਆਤ ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਚੰਨਸੌਰੀਆ ਅਤੇ ਹਵਾਈ ਕੰਪਨੀ ਦੇ ਅਧਿਕਾਰੀਆਂ ਵਲੋਂ ਪਲੇਠੀ ਉਡਾਣ ਦੇ ਪੁੱਜਣ ’ਤੇ ਕੇਕ ਕੱਟ ਕੇ ਕੀਤੀ ਗਈ। ਹਵਾਈ ਕੰਪਨੀ ਵਲੋਂ ਇਸ ਨਵੀਂ ਘਰੇਲੂ ਉਡਾਣ ਲਈ 180 ਸੀਟਾਂ ਵਾਲੇ ਏ-320 ਹਵਾਈ ਜਹਾਜ਼ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿਚ ਅੱਜ ਪਲੇਠੀ ਉਡਾਣ ਵੇਲੇ ਲਗਭਗ 90 ਫੀਸਦ ਸੀਟਾਂ ਭਰੀਆਂ ਹੋਈਆਂ ਸਨ। ਇਨ੍ਹਾਂ ਨਵੀਆਂ ਉਡਾਣਾਂ ਦੀ ਸ਼ੁਰੂਆਤ ਨਾਲ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ’ਤੇ ਘਰੇਲੂ ਉਡਾਣਾਂ ਦੀ ਗਿਣਤੀ ਵੀ ਵੱਧ ਗਈ ਹੈ। ਕੋਲਕਾਤਾ ਤੋਂ ਆਉਣ ਵਾਲੀ ਇਹ ਉਡਾਣ ਉਥੋਂ ਸਵੇਰੇ ਲਗਭਗ ਸਾਢੇ ਚਾਰ ਵਜੇ ਚੱਲੇਗੀ ਅਤੇ 7:10 ’ਤੇ ਅੰਮ੍ਰਿਤਸਰ ਪੁੱਜੇਗੀ। ਇਹੀ ਹਵਾਈ ਜਹਾਜ਼ 7:50 ’ਤੇ ਸ੍ਰੀਨਗਰ ਵਾਸਤੇ ਉਡਾਣ ਭਰੇਗਾ ਅਤੇ 8:50 ’ਤੇ ਉਥੇ ਪੁੱਜੇਗਾ। ਮਗਰੋਂ ਇਹੀ ਉਡਾਣ 10:15 ’ਤੇ ਅੰਮ੍ਰਿਤਸਰ ਪੁੱਜੇਗੀ ਅਤੇ 10:45 ’ਤੇ ਕੋਲਕਾਤਾ ਲਈ ਰਵਾਨਾ ਹੋਵੇਗੀ। ਇਹ ਉਡਾਣ ਰੋਜ਼ਾਨਾ ਚੱਲੇਗੀ ਪਰ ਸ੍ਰੀਨਗਰ ਵਾਸਤੇ ਇਸ ਨੂੰ ਸਿਰਫ ਫਰਵਰੀ ਤੱਕ ਚਲਾਇਆ ਗਿਆ ਹੈ। ਪਲੇਠੀ ਉਡਾਣ ਰਾਹੀਂ ਕੋਲਕਾਤਾ ਗਏ ਯੋਗੇਸ਼ ਕਾਮਰਾ ਨੇ ਦੱਸਿਆ ਕਿ ਇਸ ਉਡਾਣ ਦੇ ਵਾਪਸ ਕੋਲਕਾਤਾ ਪੁੱਜਣ ’ਤੇ ਸਿੱਖ ਭਾਈਚਾਰੇ ਵਲੋਂ ਸਵਾਗਤ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All