ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ

ਐੱਨਐੱਚਏਆਈ ਦੇ ਚੇਅਰਮੈਨ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ।

ਮਨਧੀਰ ਦਿਓਲ ਨਵੀਂ ਦਿੱਲੀ, 20 ਜਨਵਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੇ ਚੇਅਰਮੈਨ ਡਾ. ਸੁਖਬੀਰ ਸਿੰਘ ਸੰਧੂ ਨੇ ਵੱਕਾਰੀ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਨ ’ਤੇ ਸਹਿਮਤੀ ਜ਼ਾਹਰ ਕੀਤੀ। ਮੁੱਖ ਮੰਤਰੀ ਤੇ ਐੱਨਐੱਚਏਆਈ ਦੇ ਚੇਅਰਮੈਨ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ 30,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ ਜਿਸ ’ਚੋਂ 10,000 ਕਰੋੜ ਰੁਪਏ ਐੱਨਐੱਚਆਈਏ ਵੱਲੋਂ ਪੰਜਾਬ ਵਿੱਚ 300 ਕਿਲੋਮੀਟਰ ਮਾਰਗ ਲਈ ਖਰਚੇ ਜਾਣਗੇ। ਸ੍ਰੀ ਸੰਧੂ ਨੇ ਦੱਸਿਆ ਕਿ ਅਥਾਰਟੀ ਵੱਲੋਂ ਪ੍ਰਸਤਾਵਿਤ ਮਤੇ ਨੂੰ ਹੁਣ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ, ਜਿਸ ਨਾਲ ਇਸ ਪ੍ਰਾਜੈਕਟ ਦੇ ਰਾਹ ਵਿੱਚ ਅੜਿੱਕੇ ਦੂਰ ਹੋ ਗਏ ਹਨ। ਮੁੱਖ ਮੰਤਰੀ ਨੇ ਸ਼ੰਭੂ-ਜਲੰਧਰ (ਪੁਰਾਣਾ ਕੌਮੀ ਮਾਰਗ-1), ਕੌਮੀ ਮਾਰਗ-95 ਦਾ ਲੁਧਿਆਣਾ-ਤਲਵੰਡੀ ਭਾਈ ਹਿੱਸੇ ਨੂੰ ਛੇਤੀ ਸ਼ੁਰੂ ਕਰਨ ਅਤੇ ਕੌਮੀ ਮਾਰਗ-44 ’ਤੇ ਟੌਲ ਟੈਕਸ ਦੀ ਵਸੂਲੀ ਰੱਦ ਕਰਨ ਦੀ ਮੰਗ ਕੀਤੀ ਕਿਉਂਕਿ ਇਸ ਮਾਰਗ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋਇਆ। ਕੌਮੀ ਮਾਰਗ 205-ਏ ’ਤੇ ਖਰੜ-ਬਨੂੜ-ਤੇਪਲਾ ਦੇ ਚਾਰ ਮਾਰਗੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਇਹ ਮਾਰਗ ਮਈ 2017 ’ਚ ਐੱਨਐੱਚਏਆਈ ਨੂੰ ਸੌਂਪਣ ਦੇ ਬਾਵਜੂਦ ਚਾਰ ਮਾਰਗੀ ਕਰਨ ਦਾ ਕੰਮ ਹੁਣ ਤੱਕ ਸ਼ੁਰੂ ਨਹੀਂ ਹੋਇਆ। ਉਨ੍ਹਾਂ ਅਥਾਰਿਟੀ ਨੂੰ ਬਿਨਾਂ ਕਿਸੇ ਦੇਰੀ ਤੋਂ ਇਸ ਦਾ ਕੰਮ ਸ਼ੁਰੂ ਕਰਨ ਲਈ ਆਖਿਆ। ਐੱਨਐੱਚਏਆਈ ਵੱਲੋਂ ਗਮਾਡਾ ਤੇ ਸਥਾਨਕ ਨਗਰ ਕੌਂਸਲ ਨਾਲ ਜ਼ੀਰਕਪੁਰ ਸ਼ਹਿਰ ਵਿੱਚ ਟੌਲ ਰੋਡ ਦੀ ਸਮੀਖਿਆ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਟੌਲ ਰੋਡ ਹੋਣ ਕਰਕੇ ਮੌਜੂਦਾ ਕੌਮੀ ਮਾਰਗ-22 ’ਤੇ ਜ਼ੀਰਕਪੁਰ ਸ਼ਹਿਰ ਵਿੱਚ ਅਕਸਰ ਟਰੈਫਿਕ ਸਮੱਸਿਆ ਬਣੀ ਰਹਿੰਦੀ ਹੈ। ਸੜਕ ਦੇ ਦੋਵੇਂ ਪਾਸੇ ਸੰਘਣੀ ਵਸੋਂ ਤੇ ਕਾਰੋਬਾਰੀ ਅਦਾਰੇ ਹੋਣ ਕਰਕੇ ਜ਼ਿਆਦਾ ਟਰੈਫਿਕ ਜਾਮ ਰਹਿੰਦਾ ਹੈ। ਇਸ ਕਾਰਨ ਟੌਲ ਦੇ ਪ੍ਰਬੰਧਾਂ ਨੂੰ ਮੁੜ ਘੋਖਣ ਦੀ ਲੋੜ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All