ਕਾਰੋਬਾਰੀਆਂ ਨੇ ਪੰਜਾਬ ਵਿੱਚ ਨਿਵੇਸ਼ ਦਾ ਭਰੋਸਾ ਦਿੱਤਾ

ਪੰਜਾਬ ਨਿਵੇਸ਼ਕ ਸੰਮੇਲਨ ਦੌਰਾਨ ਮੰਚ ’ਤੇ ਬੈਠੇ (ਖੱਬੇ ਤੋਂ ਸੱਜੇ) ਹੋਏ ਸੁਚਿਤਾ ਜੈਨ, ਪ੍ਰਕਾਸ਼ ਹਿੰਦੂਜਾ, ਪੀਆਰਐਸ ਓਬਰਾਏ, ਰਾਕੇਸ਼ ਭਾਰਤੀ ਮਿੱਤਲ, ਉਦੈ ਕੋਟਕ ਤੇ ਸੁਨੀਲ ਕਾਂਤ ਮੁੰਜਾਲ। -ਫੋਟੋ: ਪ੍ਰਦੀਪ ਤਿਵਾੜੀ

ਟ੍ਰਿਬਿਊਨ ਨਿਊਜ਼ ਸਰਵਿਸ ਮੁਹਾਲੀ, 5 ਦਸੰਬਰ ‘ਸਮੂਹਿਕ ਵਿਕਾਸ ਲਈ ਭਾਈਵਾਲੀ ਜੁਟਾਉਣ’ ਦੇ ਸੈਸ਼ਨ ਦੌਰਾਨ ਨੂੰ ਡੈਲੀਗੇਟਾਂ ਨੇ ਪੰਜਾਬ ਵਿੱਚ ਨਿਵੇਸ਼ ਦਾ ਭਰੋਸਾ ਦਿੰਦਿਆਂ ਨੀਤੀਆਂ ’ਚ ਨਿਰੰਤਰਤਾ ਅਤੇ ਸਥਿਰਤਾ ਬਣਾਈ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ। ਸੈਸ਼ਨ ਦਾ ਸੰਚਾਲਨ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕੀਤਾ। ਮੰਚ ’ਤੇ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰਮੈਨ ਪੀਆਰਐੱਸ ਓਬਰਾਏ, ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਉਦੈ ਕੋਟਕ, ਭਾਰਤੀ ਇੰਟਰਪ੍ਰਾਈਜ਼ ਦੇ ਉਪ-ਚੇਅਰਮੈਨ ਰਾਕੇਸ਼ ਮਿੱਤਲ, ਹਿੰਦੂਜਾ ਸਮੂਹ (ਯੂਰਪ) ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਹੀਰੋ ਐਂਟਰਪਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਅਤੇ ਵਰਧਮਾਨ ਟੈਕਸਟਾਈਲ ਦੇ ਉੱਪ ਚੇਅਰਮੈਨ ਅਤੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਸੁਚਿਤਾ ਜੈਨ ਹਾਜ਼ਰ ਸਨ। ਸ੍ਰੀ ਮੁੰਜਾਲ ਨੇ ਕਿਹਾ ਕਿ ਨਿਵੇਸ਼ ਕਰਨ ਲਈ ਪੰਜਾਬ ਇੱਕ ਉੱਤਮ ਸੂਬਾ ਹੈ ਕਿਉਂਕਿ ਪੰਜਾਬ ਵਿੱਚ ਸਸਤੀ ਤੇ ਨਿਰਵਿਘਨ ਬਿਜਲੀ ਦੀ ਸਪਲਾਈ ,ਵਧੀਆ ਬੁਨਿਆਦੀ ਢਾਂਚਾ ਉਪਲਬਧ ਹੈ। ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਭਾਰਤੀ ਗਰੁੱਪ ਨੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਸਿੱਖਿਆ ਅਤੇ ਸਵੱਛਤਾ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਸੁਚਿਤਾ ਜੈਨ ਨੇ ਕਿਹਾ ਕਿ ਵਰਧਮਾਨ ਗਰੁੱਪ ਨੇ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਟੈਕਸਟਾਈਲ ਤੋਂ ਬਾਅਦ ਸਟੀਲ ਨੂੰ ਅੱਗੇ ਵਧਾਇਆ ਹੈ। ਇਸੇ ਦੌਰਾਨ ਪੀਆਰਐੱਸ ਓਬਰਾਏ, ਪ੍ਰਕਾਸ਼ ਹਿੰਦੂਜਾ, ਉਦੈ ਕੋਟਕ ਅਤੇ ਜਾਪਾਨੀ ਰਾਜਦੂਤ ਸਤੋਸ਼ੀ ਸੁਜ਼ੂਕੀ ਨੇ ਪੰਜਾਬ ਵਿੱਚ ਨਿਵੇਸ਼ ਦਾ ਭਰੋਸਾ ਦਿੱਤਾ। ਇਸੇ ਦੌਰਾਨ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ ਯੂਕੇ ਕੰਟਰੀ ਸੈਸ਼ਨ ਦੌਰਾਨ ਬੁਲਾਰਿਆਂ ਨੇ ਪੰਜਾਬ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੀਆਂ ਖੋਜਾਂ ’ਤੇ ਜ਼ੋਰ ਦਿੱਤਾ ਹੈ ਅਤੇ ਵਿਕਾਸ ਵਾਸਤੇ ਪੂਜੀ ਨਿਵੇਸ਼ ਦੀ ਕੋਈ ਵੀ ਕਮੀ ਨਾ ਹੋਣ ਦੀ ਗੱਲ ਆਖੀ ਹੈ। ਪੰਜਾਬ ਦੀ ਵਧੀਕ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਬਰੁਆ ਮਿੱਤਲ ਨੇ ਸੂਬੇ ਦੀ ਸਨਅਤੀ ਨੀਤੀ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੀਤੀ ਨੇ ਸੂਬੇ ਵਿੱਚ ਨਿਵੇਸ਼ ਲਈ ਢੁਕਵਾਂ ਮਾਹੌਲ ਤਿਆਰ ਕੀਤਾ ਹੈ। ਇਸ ਮੌਕੇ ਯੂਕੇ ਟਰੇਡ ਅਤੇ ਇਨਵੈਸਟਮੈਂਟ ਇੰਡੀਆ ਦੇ ਡਾਇਰੈਕਟਰ ਕ੍ਰਿਸਪਿਨ ਸਿਮੋਨ, ਯੂਕੇ ਇੰਡੀਆ ਬਿਜ਼ਨਸ ਦੀ ਡਾਇਰੈਕਟਰ ਦਿਵਿਆ ਦਿਵੇਦੀ, ਹਿੰਦੁਸਤਾਨ ਲੀਵਰ ਦੇ ਸੀਐੱਫਓ ਸ੍ਰੀਨਿਵਾਸ ਪਾਠਕ, ਸੀਐੱਸਆਈਆਰ-ਇਮਟੈਕ ਦੇ ਡਾਇਰੈਕਟਰ ਡਾ. ਮਨੋਜ ਰਾਜੇ, ਟਾਇਨੋਰ ਆਰਥੋਟਿਕਸ ਦੇ ਸੀਈਓ ਤੇ ਸੀਐੱਮਡੀ ਪੀਜੇ ਸਿੰਘ, ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਫਿਲਿਪ ਪਲੋਵਡੈਨ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All