ਕਰੋਨਾ: ਬੋਹਾ ਖੇਤਰ ’ਚ 77 ਸ਼ੱਕੀ ਮਰੀਜ਼ਾਂ ਦੀ ਸ਼ਨਾਖ਼ਤ

ਪਿੰਡ ਗੰਢੂ ਕਲਾਂ ਦੇ ਨੌਜਵਾਨ ਦੇ ਹੱਥ ’ਤੇ ਮੋਹਰ ਲਾਉਂਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।

ਪੱਤਰ ਪ੍ਰੇਰਕ ਬੋਹਾ, 24 ਮਾਰਚ ਕਰੋਨਾਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਬੋਹਾ ਖੇਤਰ ਵਿੱਚ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਬੋਹਾ ਦੇ ਸਿਹਤ ਵਿਭਾਗ ਦੇ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਨੇ ਦੱਸਿਆ ਅੱਜ ਬੋਹਾ ਸਿਹਤ ਵਿਭਾਗ ਦੀ ਟੀਮ ਨੇ ਨੇੜਲੇ ਪਿੰਡ ਗੰਢੂ ਕਲਾਂ ਦੇ ਇੱਕ ਨੌਜਵਾਨ ਲਭਪ੍ਰੀਤ ਸਿੰਘ (21) ਪੁੱਤਰ ਕੁਲਵੀਰ ਸਿੰਘ ਜੋ ਕਿ 14 ਮਾਰਚ ਨੂੰ ਕੈਨੇਡਾ ਤੋਂ ਪਿੰਡ ਆਇਆ ਸੀ, ਨੂੰ ਲੱਭ ਕੇ ਉਸ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਉਸ ਨੂੰ 14 ਦਿਨਾਂ ਲਈ ਇਕਾਂਤਵਾਸ ’ਚ ਰਹਿਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਸ ਤੋਂ ਪਹਿਲਾਂ ਉਸ ਦਾ ਪਿਤਾ ਕੁਲਵੀਰ ਸਿੰਘ (42) ਪੁੱਤਰ ਹਾਕਮ ਸਿੰਘ ਵੀ ਕੈਨੇਡਾ ਤੋਂ ਆਇਆ ਸੀ ਤੇ ਉਸ ਦਾ 14 ਦਿਨਾਂ ਦਾ ਇਕਾਂਤਵਾਸ ਸਮਾਂ ਖਤਮ ਹੋ ਚੁੱਕਿਆ ਹੈ ਅਤੇ ਦੋਵੇਂ ਪਿਉ-ਪੁੱਤ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਹਾਕਮਵਾਲਾ, ਬੋਹਾ, ਗੰਢੂਆਂ, ਮਲਕੋਂ, ਮੱਲ ਸਿੰਘ ਸੈਂਟਰਾਂ ਦੇ ਵੱਖ ਵੱਖ ਪਿੰਡਾਂ ਦੇ 59 ਵਿਅਕਤੀ ਜੋ ਕਿ ਹਜੂਰ ਸਾਹਿਬ ਦੀ ਯਾਤਰਾ ਕਰਕੇ ਆਏ ਸਨ, ਨੂੰ ਲੱਭਿਆ ਗਿਆ ਜਿਨ੍ਹਾਂ ਵਿੱਚ 18 ਵਿਅਕਤੀ ਪਿੰਡ ਉੱਡਤ ਸੈਦੇਵਾਲਾ ਦੇ ਸਨ ਅਤੇ ਇਹ ਸਾਰੇ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਕੋਲ ਇਸ ਤੋਂ ਇਲਾਵਾ ਬੋਹਾ ਖੇਤਰ ਵਿੱਚ ਐੱਨਆਰਆਈ ਵਿਅਕਤੀਆਂ ਦੇ 21 ਕੇਸ ਚੱਲ ਰਹੇ ਹਨ, ਜੋ ਸਿਹਤਯਾਬ ਹਨ। ਐੱਲਐੱਚਵੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਿੰਡ ਆਲਮਪੁਰ ਮੰਦਰਾਂ ਦੇ 4, ਕੁਲਾਣਾ ਦੇ 2, ਰਾਮਪੁਰ ਮੰਡੇਰ ਦੇ 7 ਅਤੇ ਬਰ੍ਹੇ ਪਿੰਡ ਦੇ 5 ਵਿਅਕਤੀਆਂ ਨੂੰ ਟਰੇਸ ਕੀਤਾ ਅਤੇ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਲੈ ਕੇ ਉਨ੍ਹਾਂ ’ਤੇ ਚੌਕਸੀ ਰੱਖੀ ਜਾ ਰਹੀ ਹੈ। ਇਸ ਮੌਕੇ ਬੋਹਾ ਦੀ ਟੀਮ ਵਿੱਚ ਹਰਕੇਸ਼ ਸਿੰਘ ਐੱਮਪੀਡਬਲਯੂ, ਕਿਰਨਜੀਤ ਕੌਰ ਤੇ ਗੁਰਮੀਤ ਕੌਰ ਅਤੇ ਦੂਜੀ ਟੀਮ ਵਿੱਚ ਮਨਜੀਤ ਕੌਰ ਤੋਂ ਇਲਾਵਾ ਏਐੱਨਐੱਮ ਬਲਜੀਤ ਕੌਰ, ਏਐੱਨਐੱਮ ਚਰਨਜੀਤ ਕੌਰ ਅਤੇ ਏਐੱਨਐੱਮ ਹਰਮੇਲ ਕੌਰ ਹਾਜ਼ਰ ਸਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All