ਕਰੋਨਾ: ਡਰ ਕਿਸੇ ਸਮੱਸਿਆ ਦਾ ਹੱਲ ਨਹੀਂ

ਡਾ. ਸ਼ਿਆਮ ਸੁੰਦਰ ਦੀਪਤੀ* ਡਰ ਹਰ ਜੀਵ ਵਾਂਗ ਮਨੁੱਖ ਦੀ ਕੁਦਰਤੀ ਪ੍ਰਵਿਰਤੀ ਹੈ। ਡਰ ਜੀਵ ਨੂੰ ਬਚਾ ਕੇ ਰੱਖਣ ਲਈ ਸੰਕੇਤ ਹੈ। ਭੱਜ ਜਾ, ਬਚ ਜਾ, ਲੁਕ ਜਾ। ਵੱਡੇ ਜੀਵਾਂ ਤੋਂ ਜਾਂ ਕੁਦਰਤੀ ਆਫ਼ਤਾਂ ਤੋਂ ਖ਼ਤਰਾ ਹਮੇਸ਼ਾ ਰਹਿੰਦਾ ਹੈ ਪਰ ਮਨੁੱਖ ਨੇ ਆਪਣੀ ਸਿਆਣਪ ਨਾਲ ਇਸ ਨੂੰ ਘੱਟ ਕੀਤਾ ਹੈ। ਕਿਤੇ-ਕਿਤੇ ਖ਼ਤਮ ਵੀ ਕੀਤਾ, ਪਰ ਨਾਲ ਹੀ ਨਵੇਂ ਯੁੱਗ ਨਾਲ ਨਵੇਂ ਡਰ ਵੀ ਜੁੜੇ ਹਨ, ਜਿਵੇਂ ਨਵੀਆਂ ਬਿਮਾਰੀਆਂ, ਜਿਨ੍ਹਾਂ ਦਾ ਸਾਡੇ ਕੋਲ ਇਲਾਜ ਨਹੀਂ ਹੈ ਤੇ ਕੁਝ ਜਿਵੇਂ ਸਾਈਬਰ ਕ੍ਰਾਈਮ ਅਤੇ ਲੰਮੇ-ਲੰਮੇ ਜਾਮ। ਇਸ ਤੋਂ ਇਲਾਵਾ ਡਰ ਨੂੰ ਸੰਸਥਾਈ ਰੂਪ ਵੀ ਦਿੱਤਾ ਗਿਆ ਹੈ। ਡਰ ਬਾਰੇ ਧਾਰਨਾ ਹੈ ਕਿ ਇਸ ਰਾਹੀਂ ਲੋਕਾਂ ਨੂੰ ਦਬਾ ਕੇ ਰੱਖਿਆ ਜਾ ਸਕਦਾ ਹੈ ਤੇ ਮਨਮਰਜ਼ੀ ਦੇ ਕੰਮ ਕਰਵਾਏ ਜਾ ਸਕਦੇ ਹਨ। ਧਰਮ ਵੀ ਡਰ ਨਾਲ ਹੀ ਚੱਲਦਾ ਹੈ ਤੇ ਰਾਜਨੀਤੀ ਵੀ ਇਸ ਨੂੰ ਵੱਡਾ ਹਥਿਆਰ ਸਮਝਦੀ ਹੈ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਇਤਿਹਾਸ ਵਿਚ ਵੀ ਹਨ ਤੇ ਮੌਜੂਦਾ ਰਾਜਨੀਤਕ ਵਿਵਸਥਾ ਵਿਚ ਵੀ। ਇਸ ਦਾ ਛੋਟਾ ਰੂਪ ਅਸੀਂ ਪਰਿਵਾਰ ਅਤੇ ਸਿੱਖਿਅਕ ਸੰਸਥਾਵਾਂ ਵਿਚ ਦੇਖ ਸਕਦੇ ਹਾਂ, ਜਿੱਥੇ ਅਨੁਸ਼ਾਸਨ ਦਾ ਕਾਰਗਰ ਤਰੀਕਾ ‘ਡੰਡਾ’ ਸਮਝਿਆ ਅਤੇ ਵਰਤਿਆ ਜਾਂਦਾ ਹੈ। ਬਿਮਾਰੀਆਂ ਮਨੁੱਖ ਦੇ ਸਫ਼ਰ ਦਾ ਸ਼ੁਰੂ ਤੋਂ ਹੀ ਸਾਥੀ ਬਣ ਕੇ ਰਹੀਆਂ ਹਨ। ਇਨ੍ਹਾਂ ਨੇ ਡਰਾਇਆ ਵੀ ਹੈ ਤੇ ਲੋਕਾਂ ਨੇ ਉੱਪਰ ਹੱਥ ਚੁੱਕ ਕੇ ਅਰਦਾਸਾਂ ਵੀ ਕੀਤੀਆਂ ਹਨ ਤੇ ਇਨ੍ਹਾਂ ਦਾ ਹੱਲ ਵੀ ਕੀਤਾ ਹੈ। ਸਾਡੇ ਆਪਣੇ ਸਮਿਆਂ ਵਿਚ ਤਕਰੀਬਨ ਤਿੰਨ ਦਹਾਕੇ ਪਹਿਲਾਂ ‘ਏਡਜ਼’ ਨੇ ਦੁਨੀਆਂ ਵਿਚ ਡਰ ਦੀ ਲਹਿਰ ਪੈਦਾ ਕੀਤੀ। ਬਿਮਾਰੀ ਦਾ ਇਲਾਜ ਸਮਝ ਨਾ ਆਉਣ ’ਤੇ ਇਸ ਦੇ ਬਚਾਅ ਲਈ ਜੋ ਡਰ ਦਾ ਤਰੀਕਾ ਅਪਣਾਇਆ, ਉਹ ਸੀ: ਏਡਜ਼ ਮਤਲਬ ‘ਮੌਤ’। ਫਾਂਸੀ ਦੇ ਫੰਦੇ ਵਾਲੇ ਪੋਸਟਰ ਹੁੰਦੇ ਤੇ ਏਡਜ਼ ਲਿਖਿਆ ਹੁੰਦਾ। ਫਿਰ ਕੁਝ ਸਮੇਂ ਮਗਰੋਂ ਮਨੋਵਿਗਿਆਨੀਆਂ ਦੀ ਸਲਾਹ ਨਾਲ ਇਸ ਨੂੰ ਦਰੁਸਤ ਕੀਤਾ ਗਿਆ। ਫਿਰ ਇਹ ਪ੍ਰਚਾਰ ਹੋਇਆ, ‘ਜਾਣਕਾਰੀ ਹੀ ਇਲਾਜ ਹੈ।’ ਉਹੀ ਗੱਲ, ਜੋ ਕਰੋਨਾ ਵਾਸਤੇ ਭਾਵੇਂ ਸ਼ੁਰੂ ਤੋਂ ਕਹੀ ਜਾ ਰਹੀ ਹੈ। ਸਿੱੱਧੇ ਤੌਰ ’ਤੇ ਕਰੋਨਾ ਮਤਲਬ ਮੌਤ ਨਹੀਂ ਕਿਹਾ ਗਿਆ, ਪਰ ਮੀਡੀਆ ਨੇ ਜਿਸ ਤਰ੍ਹਾਂ ਇਸ ਨੂੰ ਆਪਣੀਆਂ ਖ਼ਬਰਾਂ ਵਿਚ ਪੇਸ਼ ਕੀਤਾ, ਉਸ ਦਾ ਸੁਨੇਹਾ ਇਹੀ ਸੀ ਤੇ ਇਸ ਤੱਥ ਨੇ ਏਡਜ਼ ਤੋਂ ਵੀ ਜ਼ਿਆਦਾ ਲੋਕਾਂ ਦੀ ਮਾਨਸਿਕ ਹਾਲਤ ਦਾ ਨੁਕਸਾਨ ਕੀਤਾ। ਜਦੋਂ ‘ਜਾਣਕਾਰੀ ਹੀ ਇਲਾਜ ਹੈ’ ਤਾਂ ਪਹਿਲੇ ਦਿਨ ਤੋਂ ਹੀ ਮਾਸਕ, ਹੱਥ ਧੋਣ ਅਤੇ ਦੋ ਗਜ਼ ਦੂਰੀ ਨਾਲ ਜੀਵਨ ਨੂੰ ਸਹਿਜ ਰਹਿਣ ਦਿੱਤਾ ਜਾਂਦਾ ਹੈ। ਇੱਥੇ ਫਿਰ ਹੋਰ ਕਈ ਤਰ੍ਹਾਂ ਦੇ ਲੁਕਵੇਂ ਪਹਿਲੂ ਸਾਹਮਣੇ ਆਉਂਦੇ ਹਨ। ਸਵਾਲ ਹੈ: ਕੀ ਡਰ ਨੇ ਕਦੇ ਕਿਸੇ ਦਾ ਕੁਝ ਸੰਵਾਰਿਆ ਹੈ? ਡਰ ਦਾ ਸਭ ਤੋਂ ਪਹਿਲਾ ਅਤੇ ਵੱਡਾ ਹਮਲਾ ਬੁੱਧੀ ’ਤੇ ਹੁੰਦਾ ਹੈ। ਬੁੱਧੀ, ਜੋ ਫੈ਼ਸਲੇ ਕਰਨ ਦੀ ਸਮਝ ਰੱਖਦੀ ਹੈ ਤੇ ਫੈ਼ਸਲੇ ਕਰਨ ਦੀ ਸਮਰੱਥਾ ਜਦੋਂ ਧੁੰਦਲੀ ਹੁੰਦੀ ਹੈ ਤਾਂ ਉਸ ਦਾ ਬਹੁ-ਪੱਖੀ ਨੁਕਸਾਨ ਹੁੰਦਾ ਹੈ। ਇਹ ਠੀਕ ਹੈ ਕਿ ਸਿਹਤ ਤੇ ਬਿਮਾਰੀਆਂ ਦਾ ਵਿਸ਼ਾ ਵਿਗਿਆਨਕ ਹੈ ਤੇ ਉਸ ਬਾਰੇ ਸਿਹਤ ਵਿਗਿਆਨੀ ਸਮੇਂ- ਸਮੇਂ ਆਪਣੀ ਰਾਇ, ਅਧਿਐਨ ਅਤੇ ਖੋਜਾਂ ਤੋਂ ਜਾਣੂ ਕਰਵਾ ਰਹੇ ਨੇ। ਡਰ ਨੂੰ ਘੱਟ ਜਾਂ ਖ਼ਤਮ ਕਰਨ ਦਾ ਵੱਡਾ ਹਥਿਆਰ ਗਿਆਨ ਹੈ, ਜਾਣਕਾਰੀ ਹੈ ਪਰ ਜਦੋਂ ਇਹ ਜਾਣਕਾਰੀ ਸਿੱਧੀ ਨਾ ਆ ਕੇ ਸਿਆਸਤਦਾਨਾਂ ਦੇ ਜ਼ਰੀਏ ਆਉਂਦੀ ਹੈ ਤਾਂ ਉਹ ਆਪਣਾ ਰੂਪ ਬਦਲ ਲੈਂਦੀ ਹੈ। ਉਹ ਸਿੱਧੀ ਸਮਝ ਆਉਣ ਵਾਲੀ ਘੱਟ ਹੁੰਦੀ ਹੈ ਤੇ ਜਜ਼ਬਾਤੀ ਲਬਾਦੇ ਵਿਚ ਪਈ ਪ੍ਰਚਾਰਕ ਸੁਰ ਵਾਲੀ ਵੱਧ ਹੁੰਦੀ ਹੈ, ਜਿਸ ਦਾ ਪੂਰਾ ਫ਼ਾਇਦਾ ਨਹੀਂ ਹੁੰਦਾ। ਉਸ ਨਾਲ ਸਗੋਂ ਆਮ ਆਦਮੀ ਭੰਬਲਭੂਸੇ ਵਿਚ ਪੈ ਜਾਂਦਾ ਹੈ। ਉਹ ਸੋਚਦਾ ਹੈ ਕਿ ਨੌਂ ਵਜੇ, ਨੌਂ ਮਿੰਟ ਲਈ ਰੌਸ਼ਨੀ ਨਾਲ ਰਾਹੂ-ਕੇਤੂ ਦਾ ਇਲਾਜ ਹੋ ਰਿਹਾ ਹੈ ਤਾਂ ਫਿਰ ਦੋ ਗਜ਼ ਦੀ ਦੂਰੀ ਦੇ ਕੀ ਮਾਅਨੇ? ਉਸ ਤੋਂ ਵੀ ਵੱਡੀ ਗੱਲ ਜਦੋਂ ਸਥਿਤੀ ਹੂ-ਬ-ਹੂ ਬਣੀ ਰਹਿੰਦੀ ਹੈ ਤਾਂ ਫਿਰ ਦੁਚਿੱਤੀ ਪੈਦਾ ਹੁੰਦੀ ਹੈ ਤੇ ਡਰ ਵਿਚ ਵਾਧਾ ਹੁੰਦਾ ਹੈ। ਮਨੁੱਖ ਕੋਲ ਗਿਆਨ ਹਾਸਲ ਕਰਨ ਅਤੇ ਅਗਾਂਹ ਵੰਡਣ ਦੀ ਸਮਰੱਥਾ ਹੈ ਤੇ ਉਸ ਨੇ ਆਪਣੀ ਗਿਆਨ ਆਧਾਰਤ ਵਿਉਂਤਬੰਦੀ ਨਾਲ ਕਈ ਵੱਡੇ-ਵੱਡੇ ਡਰ ਖ਼ਤਮ ਕੀਤੇ ਹਨ ਅਤੇ ਲਗਾਤਾਰ ਇਸੇ ਦਿਸ਼ਾ ਵਿਚ ਕਾਰਜਸ਼ੀਲ ਹੈ। ਕਰੋਨਾ ਬਾਰੇ ਹਾਸਲ ਹੋਈ ਜਾਣਕਾਰੀ ਦਾ ਹੀ ਇਹ ਨਤੀਜਾ ਹੈ ਕਿ ਅਸੀਂ ਕਹਿ ਰਹੇ ਹਾਂ ਕਿ ਕਰੋਨਾ ਨਾਲ ਜੀਣਾ ਸਿੱਖੀਏ। ਵੈਸੇ ਵੀ ਜਿਸ ਤਰ੍ਹਾਂ ਅਸੀਂ ਸਿਹਤ ਬਾਰੇ ਅਵੇਸਲੇ ਸੀ, ਘੱਟੋ-ਘੱਟ ਹੁਣ ਸੁਚੇਤ ਹੋਈਏ ਤੇ ਬਿਮਾਰੀਆਂ ਨੂੰ ਸਹੀ ਪ੍ਰਸੰਗ ਤੋਂ ਸਮਝੀਏ, ਨਾ ਕਿ ਇੱਧਰੋਂ-ਉੱਧਰੋਂ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ’ਤੇ ਆਪਣਾਈਏ ਤੇ ਨਤੀਜੇ ਵਜੋਂ ਇਕ ਸਮੱਸਿਆ ਠੀਕ ਕਰਦੇ ਹੋਏ, ਕਿਸੇ ਹੋਰ ਬਿਮਾਰੀ ਨੂੰ ਸਹੇੜ ਬੈਠੀਏ ਅਤੇ ਨਵੇਂ ਡਰ ਦੀ ਸ਼ੁਰੂਆਤ ਕਰ ਲਈਏ। * ਪ੍ਰੋਫੈਸਰ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸੰਪਰਕ: 98158-08506

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All