ਐਂਗਲੀਕਨ ਚਰਚ ਦੇ ਮੁਖੀ ਦਰਬਾਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮੌਕੇ ਐਂਗਲੀਕਨ ਚਰਚ ਦੇ ਮੁਖੀ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 10 ਸਤੰਬਰ ਐਂਗਲੀਕਨ ਚਰਚ ਦੇ ਮੁਖੀ ਆਰਕਬਿਸ਼ਪ ਆਫ ਕੈਂਟਰਬਰੀ ਜਸਟਿਨ ਪੋਰਟਲ ਵੈਲਬੀ ਨੇ ਅੱਜ ਇਥੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਕਾਤ ਦੌਰਾਨ ਵਿਸ਼ਵ ਵਿਚ ਘੱਟ ਗਿਣਤੀਆਂ ਦੇ ਧਾਰਮਿਕ ਹੱਕਾਂ ਦੀ ਰਾਖੀ, ਵਾਤਾਵਰਨ ਵਿਚ ਆ ਰਹੇ ਵਿਗਾੜ ਨੂੰ ਰੋਕਣ ਅਤੇ ਅਮੀਰ-ਗਰੀਬ ਵਿਚਾਲੇ ਵੱਧ ਰਹੇ ਆਰਥਿਕ ਪਾੜੇ ਨੂੰ ਰੋਕਣ ਲਈ ਵਿਸ਼ਵ ਪੱਧਰ ’ਤੇ ਧਾਰਮਿਕ ਸ਼ਖ਼ਸੀਅਤਾਂ ਦਾ ਇਕ ਸਾਂਝਾ ਮੁਹਾਜ਼ ਕਾਇਮ ਕਰਨ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਉਨ੍ਹਾਂ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਬਿਸ਼ਪ ਵੈਲਬੀ ਵਿਚਾਲੇ ਹੋਈ ਮੀਟਿੰਗ ਦਾ ਖੁਲਾਸਾ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਦੋਵਾਂ ਧਾਰਮਿਕ ਆਗੂਆਂ ਵਿਚਾਲੇ ਬੜੇ ਸੁਖਾਵੇਂ ਮਾਹੌਲ ਵਿਚ ਮੀਟਿੰਗ ਹੋਈ ਹੈ ਅਤੇ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਸ਼ਪ ਨੇ ਵਿਸ਼ਵ ਪੱਧਰ ਤੇ ਧਾਰਮਿਕ ਆਗੂਆਂ ਦਾ ਇਕ ਸਾਂਝਾ ਮੰਚ ਬਣਾਉਣ ਦਾ ਸਮਰਥਨ ਕੀਤਾ ਹੈ, ਜਿਥੇ ਹਰ ਵਰ੍ਹੇ ਧਾਰਮਿਕ ਆਗੂਆਂ ਦੀ ਮੀਟਿੰਗ ਹੋਵੇ ਅਤੇ ਵਿਸ਼ਵ ਪੱਧਰੀ ਸਮੱਸਿਆਵਾਂ ’ਤੇ ਵਿਚਾਰ ਚਰਚਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਦੁਨੀਆ ਭਰ ਵਿਚ ਘੱਟ ਗਿਣਤੀਆਂ ਦੇ ਧਾਰਮਿਕ ਹੱਕ ਖੋਹੇ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਬਿਸ਼ਪ ਵੈਲਬੀ ਨੂੰ ਸਿੱਖ ਭਾਈਚਾਰੇ ਵੱਲੋਂ ਵਿਸ਼ਵ ਦੇ ਕਈ ਮੁਲਕਾਂ ਵਿਚ ਨਫ਼ਰਤੀ ਹਿੰਸਾ ਦਾ ਸਾਹਮਣਾ ਕਰਨ ਦੀ ਚੁਣੌਤੀ ਕਰਨ ਬਾਰੇ ਜਾਣੂ ਕਰਾਇਆ ਗਿਆ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜਿਸ ਵੀ ਮੁਲਕ ਵਿਚ ਅਜਿਹੀ ਨਫਰਤੀ ਹਿੰਸਾ ਦੀ ਘਟਨਾ ਵਾਪਰਦੀ ਹੈ, ਉਥੇ ਹੀ ਇਸ ਦਾ ਸਖ਼ਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਿੱਖ ਕੌਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਆ ਕੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਕਿ ਉਹ ਕਿਸੇ ਰੂਹਾਨੀ ਅਸਥਾਨ ’ਤੇ ਆਏ ਹਨ, ਜਿਥੇ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਮਿਲੀ ਹੈ ਅਤੇ ਪ੍ਰਮਾਤਮਾ ਨਾਲ ਮੁਲਾਕਾਤ ਹੋਈ ਹੈ। ਉਨ੍ਹਾਂ ਸਿੱਖ ਭਾਈਚਾਰੇ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਦਾ ਵੀ ਧੰਨਵਾਦ ਕੀਤਾ।

ਸੰਧਾਵਾਲੀਆ ਪਰਿਵਾਰ ਵੱਲੋਂ ਬਿਸ਼ਪ ਵੈਲਬੀ ਨੂੰ ਮੰੰਗ ਪੱਤਰ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਐਂਗਲੀਕਨ ਚਰਚ ਦੇ ਮੁਖੀ ਆਰਚ ਬਿਸ਼ਪ ਆਫ ਕੈਂਟਰਬਰੀ ਜਸਟਿਨ ਪੋਰਟਲ ਵੈਲਬੀ ਨੂੰ ਅੱਜ ਇੱਥੇ ਕੁੰਵਰ ਸੁਖਦੇਵ ਸਿੰਘ ਸੰਧਾਵਾਲੀਆ ਨੇ ਮੰਗ ਪੱਤਰ ਦੇ ਕੇ ਅਪੀਲ ਕੀਤੀ ਕਿ ਉਨ੍ਹਾਂ ਦੇ ਪੁਰਖੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪਰਿਵਾਰ ਨੂੰ ਸੌਂਪੀਆਂ ਜਾਣ। ਉਨ੍ਹਾਂ ਇਹ ਪੱਤਰ ਅੱਜ ਇਥੇ ਜੱਲ੍ਹਿਆਂਵਾਲਾ ਬਾਗ਼ ਪੁੱਜੇ ਬਿਸ਼ਪ ਵੈਲਬੀ ਨੂੰ ਸੌਂਪਿਆ ਹੈ। ਮਰਹੂਮ ਕੁੰਵਰ ਬੇਅੰਤ ਸਿੰਘ ਸੰਧਾਵਾਲੀਆ ਦੇ ਪੁੱਤਰ ਸੁਖਦੇਵ ਸਿੰਘ ਸੰਧਾਵਾਲੀਆ ਨੇ ਦਾਅਵਾ ਕੀਤਾ ਹੈ ਕਿ ਮਹਾਰਾਜਾ ਦਲੀਪ ਸਿੰਘ ਉਨ੍ਹਾਂ ਦੇ ਪੁਰਖੇ ਹਨ। 1907 ਵਿਚ ਮਹਾਰਾਜਾ ਦਲੀਪ ਸਿੰਘ ਦੀਆਂ ਬੇਟੀਆਂ ਬੰਬਾ ਦਿਲੀਪ ਸਿੰਘ ਤੇ ਸੋਫੀਆ ਅਲੈਗਜੈਂਡਰਾ ਦਲੀਪ ਸਿੰਘ ਨੇ ਕੁੰਵਰ ਗੁਰਦਿੱਤ ਸਿੰਘ ਦੇ ਘਰ ਦੌਰਾ ਕਰਨ ਵੇਲੇ ਉਨ੍ਹਾਂ ਦੇ ਪੁੱਤਰ ਕੁੰਵਰ ਪ੍ਰੀਤਮ ਸਿੰਘ (10) ਨੂੰ ਗੋਦ ਲਿਆ ਸੀ। 1978 ਵਿਚ ਕੁੰਵਰ ਪ੍ਰੀਤਮ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਣ ਦੀ ਮੰਗ ਕੀਤੀ ਸੀ। ਮਗਰੋਂ 1999 ’ਚ ਉਨ੍ਹਾਂ ਦੇ ਬੇਟੇ ਕੁੰਵਰ ਬੇਅੰਤ ਸਿੰਘ ਸੰਧਾਵਾਲੀਆ ਨੇ ਇਸ ਸਬੰਧ ਵਿਚ ਇੰਗਲੈਂਡ ਦੀ ਮਹਾਰਾਣੀ ਕੁਈਨ ਐਲਜਾਬੈੱਥ ਕੋਲ ਵੀ ਇਸ ਸਬੰਧੀ ਅਪੀਲ ਦਾਇਰ ਕੀਤੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All