ਆਈਆਈਐੱਫਪੀਟੀ ਬਠਿੰਡਾ ਵੱਲੋਂ ਅੱਠ ਸੰਸਥਾਵਾਂ ਨਾਲ ਸਮਝੌਤੇ

ਸਮਝੌਤਿਆਂ ’ਤੇ ਹਸਤਾਖ਼ਰ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ ਬਠਿੰਡਾ, 13 ਜਨਵਰੀ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰਾਸੈਸਿੰਗ ਤਕਨਾਲੋਜੀ (ਆਈਆਈਐੱਫਪੀਟੀ), ਸੰਪਰਕ ਦਫ਼ਤਰ, ਬਠਿੰਡਾ ਨੇ ਪੰਜਾਬ ਤੇ ਹਰਿਆਣਾ ਖੇਤਰ ਦੀਆਂ ਅੱਠ ਵੱਖ-ਵੱਖ ਸੰਸਥਾਵਾਂ ਨਾਲ ਕੇਂਦਰੀ ਫੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਫੂਡ ਪ੍ਰਾਸੈਸਿੰਗ ਉਦਯੋਗ ਮੰਤਰਾਲਾ ਦੇ ਜੁਆਇੰਟ ਸਕੱਤਰ ਅਸ਼ੋਕ ਕੁਮਾਰ ਦੀ ਮੌਜੂਦਗੀ ਵਿਚ ਹਸਤਾਖ਼ਰ ਕੀਤੇ। ਇਹ ਹਸਤਾਖ਼ਰ ਡਾਇਰੈਕਟਰ ਆਈਆਈਐਫਪੀਟੀ ਡਾ. ਸੀ. ਆਨੰਦਧਰਮਕ੍ਰਿਸ਼ਨਨ ਨੇ ਇਨ੍ਹਾਂ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਅਦਾਰਿਆਂ ਦੇ ਵੀਸੀਜ਼ ਅਤੇ ਡਾਇਰੈਕਟਰਾਂ ਨਾਲ ਕੀਤੇ। ਇਨ੍ਹਾਂ ਸੰਸਥਾਵਾਂ ਵਿਚ ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ, ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜਨੀਅਰਿੰਗ ਐਂਡ ਤਕਨਾਲੋਜੀ, ਲੁਧਿਆਣਾ, ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ, ਕਰਨਾਲ, ਇੰਡੀਅਨ ਇੰਸਟੀਚਿਊਟ ਆਫ ਵੀਟ ਐਂਡ ਬਾਰਲੇ ਰਿਸਰਚ, ਕਰਨਾਲ, ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਸੰਗਰੂਰ, ਨੈਸ਼ਨਲ ਐਗਰੀ. ਫੂਡ ਬਾਇਓ ਤਕਨਾਲੋਜੀ ਇੰਸਟੀਚਿਊਟ, ਮੁਹਾਲੀ ਅਤੇ ਗੁਰੂ ਨਾਨਕ ਕਾਲਜ, ਬੁਢਲਾਡਾ ਸ਼ਾਮਲ ਹਨ। ਇਸ ਮੌਕੇ ਕੇਂਦਰੀ ਫੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਲਈ ਆਧੁਨਿਕ ਤਕਨਾਲੋਜੀ ਅਪਣਾਈ ਜਾਵੇ। ਉਨ੍ਹਾਂ ਕਿਸਾਨਾਂ ਅਤੇ ਉੱਦਮੀਆਂ ਨੂੰ ਬੇਨਤੀ ਕੀਤੀ ਕਿ ਉਹ ਫੂਡ ਪ੍ਰਾਸੈਸਿੰਗ ਉਦਯੋਗ ਮੰਤਰਾਲਾ ਅਧੀਨ ਚੱਲ ਰਹੀ ਗ੍ਰਾਮ ਸਮ੍ਰਿਧੀ ਯੋਜਨਾ ਦਾ ਲਾਭ ਉਠਾਉਣ। ਇਸ ਯੋਜਨਾ ਅਧੀਨ ਮੰਤਰਾਲੇ ਨੂੰ ਤਕਨਾਲੋਜੀ ਨੂੰ ਅਪਗ੍ਰੇਡ ਕਰਨ ਲਈ 3000 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਕ ਦੂਜੇ ਨਾਲ ਸਹਿਯੋਗ ਕਰ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਛੋਟੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ ਅਤੇ ਅਜਿਹੇ ਮੈਮੋਰੰਡਮਾਂ ’ਤੇ ਹਸਤਾਖ਼ਰ ਹੋਣ ਨਾਲ ਕਿਸਾਨਾਂ ਦੀ ਭਲਾਈ ਲਈ ਨਵੇਂ ਮੌਕੇ ਪੈਦਾ ਹੋਣਗੇ। ਇਹ ਸਮਝੌਤਾ ਪੱਤਰ ਖੋਜ, ਹੁਨਰ ਵਿਕਾਸ, ਸਲਾਹਕਾਰੀ, ਸੰਸਥਾਗਤ ਵਿਕਾਸ, ਸੂਚਨਾ ਦੇ ਪ੍ਰਸਾਰ ਅਤੇ ਵਿਦਿਆਰਥੀਆਂ ਦੀ ਇਨ-ਪਲਾਂਟ ਟ੍ਰੇਨਿੰਗ ਦੀ ਸਹੂਲਤ ਵਿਚ ਮਦਦਗਾਰ ਸਿੱਧ ਹੋਣਗੇ। ਸ੍ਰੀਮਤੀ ਬਾਦਲ ਨੇ ਸਫ਼ਲ ਉੱਦਮੀਆਂ ਦਾ ਸਨਮਾਨ ਕੀਤਾ। ਫੂਡ ਪ੍ਰਾਸੈਸਿੰਗ ਉਦਯੋਗ ਮੰਤਰਾਲਾ ਦੇ ਜੁਆਇੰਟ ਸਕੱਤਰ ਅਸ਼ੋਕ ਕੁਮਾਰ ਨੇ ਉੱਦਮੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਖੋਜ ਅਤੇ ਵਿਕਾਸ ਪਹਿਲਕਦਮੀਆਂ ਦਾ ਲਾਭ ਉਠਾਉਣ। ਡਾਇਰੈਕਟਰ ਆਈਆਈਐਫਪੀਟੀ ਡਾ. ਆਨੰਦਧਰਮਾਕ੍ਰਿਸ਼ਨਨ ਨੇ ਕਿਹਾ ਕਿ ਬਠਿੰਡਾ ਵਿਚ ਫੂਡ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਲਈ ਅਮਲ ਚੱਲ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All