ਅੰਤਰ ਧਰਮ ਸੰਮੇਲਨ ’ਚ ਜਾਤ-ਪਾਤ ਵੀ ਖ਼ਤਮ ਕਰਨ ਦਾ ਸੱਦਾ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 9 ਨਵੰਬਰ

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮੌਕੇ ਰੂਹਾਨੀ ਆਗੂ ਦਲਾਈਲਾਮਾ ਤੇ ਹੋਰ।

ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਜ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ‘ਏਕ-ਨੂਰ-ਅੰਤਰ ਧਰਮ ਸੰਮੇਲਨ’ ਵਿੱਚ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੇ ਅੰਤਰ-ਧਰਮ ਸੰਵਾਦ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਵਿਹਾਰਿਕ ਰੂਪ ਵਿੱਚ ਅਪਣਾਇਆ ਜਾਵੇ। ਬੁੱਧ ਧਰਮ ਦੇ ਮੁਖੀ ਦਲਾਈਲਾਮਾ ਨੇ ਕਿਹਾ ਕਿ ਜਿਸ ਤਰ੍ਹਾਂ ਸਮਾਜ ਵਿੱਚੋਂ ਜਗੀਰਦਾਰੀ ਪ੍ਰਥਾ ਦਾ ਖ਼ਾਤਮਾ ਹੋਇਆ ਸੀ ਉਸੇ ਤਰ੍ਹਾਂ ਜਾਤ-ਪਾਤ ਦਾ ਵੀ ਖ਼ਾਤਮਾ ਹੋਣਾ ਚਾਹੀਦਾ ਹੈ, ਜਿਸ ਦਾ ਗੁਰੂ ਨਾਨਕ ਦੇਵ ਨੇ ਸੰਦੇਸ਼ ਦਿੱਤਾ ਸੀ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਅੰਤਰ ਧਰਮ ਸੰਵਾਦ ਨੂੰ ਧਾਰਮਿਕ ਸਦਭਾਵਨਾ ਦਾ ਪ੍ਰਤੀਕ ਮੰਨਦਿਆਂ ਕਿਹਾ ਕਿ ‘ਏਕ ਨੂਰ’ ਨੂੰ ਵਿਹਾਰਿਕ ਰੂਪ ’ਚ ਅਪਨਾਉਣਾ ਚਾਹੀਦਾ ਹੈ। ਭਾਰਤ ਦੀ ਮੌਜੂਦਾ ਸਿੱਖਆ ਪ੍ਰਣਾਲੀ ਬਾਰੇ ਦਲਾਈਲਾਮਾ ਨੇ ਕਿਹਾ ਕਿ ਇਸ ਨੇ ਪਦਾਰਥਵਾਦੀ ਬਣਾਇਆ ਹੈ ਪਰ ਇਸਦੇ ਨਾਲ-ਨਾਲ ਆਪਣੀਆਂ ਰਵਾਇਤਾਂ ਅਤੇ ਕਦਰਾਂ-ਕੀਮਤਾਂ ’ਤੇ ਵੀ ਪਹਿਰਾ ਦੇਣਾ ਚਾਹੀਦਾ ਹੈ, ਜੋ ਕਿ ਸਾਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰਦੀਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਦਾ ਪੈਗਾਮ ਸਾਰੀ ਦੁਨੀਆਂ ਨਾਲ ਸਾਂਝਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਗੁਰੂ ਨਾਨਕ ਨਾ ਹੁੰਦੇ ਤਾਂ ਅੱਜ ਦਾ ਇਤਿਹਾਸ ਹੋਰ ਹੁੰਦਾ। ਰਾਮਾਕ੍ਰਿਸ਼ਨਾ ਮਿਸ਼ਨ ਦੇ ਪ੍ਰਤੀਨਿਧੀ ਸੁਆਮੀ ਸ਼ੁਧਿਦਾਨੰਦ ਨੇ ਕਿਹਾ ਕਿ ਗੁਰੂ ਨਾਨਕ ਵੱਲੋਂ ਦਿੱਤਾ ਏਕ ਨੂਰ ਦਾ ਸੰਦੇਸ਼ ਅਪਨਾਉਣਾ ਅੱਜ ਦੀ ਵੱਡੀ ਲੋੜ ਹੈ। ਮੌਲਾਨਾ ਸੱਯਦ ਅਤਹਰ ਹੁਸੈਨ ਦੇਹਲਵੀ ਨੇ ਗੁਰੂ ਨਾਨਕ ਦੇਵ ਜੀ ਵਲੋਂ ਚਲਾਏ ਲੰਗਰ ਨੂੰ ਸਮਾਜਿਕ ਬਰਾਬਰੀ ਦੀ ਬੁਨਿਆਦ ਦੱਸਦਿਆਂ ਕਿਹਾ ਕਿ ਬਾਬੇ ਨਾਨਕ ਵਲੋਂ ਸਿਖਾਈ ਧਰਮ ਨਿਰਪੱਖਤਾ ਨਿਭਾਉਣ ਦੀ ਲੋੜ ਹੈ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਧਰਮ ਚਾਨਣ ਹੈ ਅਤੇ ਹਰ ਵਿਅਕਤੀ ਨੂੰ ਚੰਗਾ ਕਿਰਦਾਰ ਦਿੰਦਾ ਹੈ। ਇਸ ਲਈ ਸਾਰਿਆਂ ਨੂੰ ਇਕ-ਦੂਸਰੇ ਨਾਲ ਪ੍ਰੇਮ ਕਰਨ ਤੇ ਨਫ਼ਰਤ ਦੀ ਕੰਧ ਤੋੜਨੀ ਚਾਹੀਦੀ ਹੈ। ਬਿਸ਼ਪ ਸਾਮੰਤਾਰਾਏ ਨੇ ਕਿਹਾ ਕਿ ਗੁਰੂ ਨਾਨਕ ਦੀ ਸਿੱਖਿਆ ਅੱਜ ਵੀ ਪਹਿਲਾਂ ਜਿੰਨੀ ਹੀ ਵਿਹਾਰਕ ਹੈ। ਬ੍ਰਹਮਕੁਮਾਰੀ ਬੀਕੇ ਊਸ਼ਾ ਨੇ ਕਿਹਾ ਕਿ ਸਾਰੇ ਧਰਮ ਇਕ ਨਿਰੰਕਾਰ ਵੱਲ ਇਸ਼ਾਰਾ ਕਰਦੇ ਹਨ। ਅਹਿਮਦੀਆ ਭਾਈਚਾਰੇ ਤੋਂ ਤਨਵੀਰ ਅਹਿਮਦ ਖ਼ਾਦਿਮ ਤੇ ਅਰਬਿੰਦੋ ਆਸ਼ਰਮ ਦੀ ਪ੍ਰਤੀਨਿਧ ਡਾ. ਮੋਨਿਕਾ ਗੁਪਤਾ ਨੇ ਵੀ ਗੁਰੂ ਨਾਨਕ ਦੇਵ ਦੇ ਜੀਵਨ ਤੋਂ ਪ੍ਰੇਰਨਾ ਲੈਣ ’ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All