ਅਸ਼ਵਨੀ ਸ਼ਰਮਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ

ਐਨ.ਪੀ.ਧਵਨ ਪਠਾਨਕੋਟ, 15 ਜਨਵਰੀ ਪਠਾਨਕੋਟ ਦੇ ਵਿਧਾਇਕ ਰਹਿ ਚੁੱਕੇ ਅਸ਼ਵਨੀ ਸ਼ਰਮਾ ਦਾ ਦੂਜੀ ਵਾਰ ਪੰਜਾਬ ਭਾਜਪਾ ਦਾ ਪ੍ਰਦੇਸ਼ ਪ੍ਰਧਾਨ ਬਣਨਾ ਲਗਪਗ ਤੈਅ ਹੈ ਤੇ ਇਸ ਸਬੰਧੀ ਹੁਣ ਮਹਿਜ਼ ਐਲਾਨ ਹੋਣਾ ਹੀ ਬਾਕੀ ਹੈ। ਇਸ ਸਬੰਧੀ ਖ਼ਬਰ ਸੋਸ਼ਲ ਮੀਡੀਆ ’ਤੇ ਫੈਲਣ ਮਗਰੋਂ ਸ੍ਰੀ ਸ਼ਰਮਾ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਹੈ ਤੇ ਅੱਜ ਇੱਥੇ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਸਾਰਾ ਦਿਨ ਤਾਂਤਾ ਲੱਗਾ ਰਿਹਾ। ਪੰਜਾਬ ਭਰ ਤੋਂ ਪਾਰਟੀ ਦੇ ਕਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਪੁੱਜੇ। ਇਨ੍ਹਾਂ ਆਗੂਆਂ ਵਿਚ ਪਾਰਟੀ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਉਪ ਪ੍ਰਧਾਨ ਜੀਵਨ ਗੁਪਤਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੁਜਾਨਪੁਰ ਦੇ ਵਿਧਾਇਕ ਠਾਕੁਰ ਦਿਨੇਸ਼ ਬੱਬੂ, ਭੋਆ ਦੀ ਸਾਬਕਾ ਵਿਧਾਇਕ ਸੀਮਾ ਕੁਮਾਰੀ, ਮੇਅਰ ਅਨਿਲ ਵਾਸੂਦੇਵਾ, ਸੰਸਦ ਮੈਂਬਰ ਸਨੀ ਦਿਓਲ ਦੇ ਪੀਏ ਗੁਰਪ੍ਰੀਤ ਪਲਹੇੜੀ, ਯੋਗੇਸ਼ ਠਾਕੁਰ, ਪ੍ਰਵੀਨ ਪੱਪੀ, ਰੋਹਿਤ ਪੁਰੀ, ਸ਼ਮਸ਼ੇਰ ਠਾਕੁਰ ਸ਼ਾਮਲ ਸਨ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਭਲਕੇ ਜਲੰਧਰ ਦੇ ਸਰਕਟ ਹਾਊਸ ਵਿਚ ਦੁਪਹਿਰ ਬਾਅਦ ਤਿੰਨ ਵਜੇ ਉਹ ਆਪਣਾ ਨਾਮਜ਼ਦਗੀ ਪੱਤਰ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਅਬਜ਼ਰਵਰਾਂ ਕੋਲ ਦਾਖ਼ਲ ਕਰਨਗੇ ਅਤੇ ਪਰਸੋਂ 17 ਤਰੀਕ ਨੂੰ ਰਸਮੀ ਤੌਰ ’ਤੇ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ। 17 ਜਨਵਰੀ ਨੂੰ ਹੀ ਪਾਰਟੀ ਵੱਲੋਂ ਤਾਜਪੋਸ਼ੀ ਸਮਾਗਮ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਆਡੀਟੋਰੀਅਮ ਵਿਚ ਹੋਵੇਗਾ। ਸੂਤਰਾਂ ਅਨੁਸਾਰ ਸਿਰਫ਼ ਅਸ਼ਵਨੀ ਸ਼ਰਮਾ ਦੇ ਹੀ ਨਾਮਜ਼ਦਗੀ ਪੱਤਰ ਦਾਖ਼ਲ ਹੋਣਗੇ ਅਤੇ ਉਨ੍ਹਾਂ ਦੇ ਮੁਕਾਬਲੇ ਕੋਈ ਹੋਰ ਨਾਮਜ਼ਦਗੀ ਦਾਖ਼ਲ ਨਹੀਂ ਕਰੇਗਾ, ਜਿਸ ਨਾਲ ਉਹ ਬਿਨਾਂ ਮੁਕਾਬਲਾ ਪ੍ਰਦੇਸ਼ ਪ੍ਰਧਾਨ ਐਲਾਨ ਦਿੱਤੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All