ਅਕਾਲੀ-ਕਾਂਗਰਸੀ ਦੂਸ਼ਣਬਾਜ਼ੀ ’ਚ ਉਲਝੇ

ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹੋਰ ਆਗੂ, ਦਰਸ਼ਨ ਪੱਬਰੀ ਦੀਆਂ ਅਕਾਲੀ ਆਗੂਆਂ ਨਾਲ ਤਸਵੀਰਾਂ ਦਿਖਾਉਂਦੇ ਹੋਏ।

ਸਰਬਜੀਤ ਸਿੰਘ ਭੰਗੂ ਪਟਿਆਲਾ, 21 ਮਈ ਹਲਕਾ ਘਨੌਰ ’ਚੋਂ ਬਰਾਮਦ ਨਾਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ ਸਬੰਧੀ ਕਾਂਗਰਸੀਆਂ ਤੇ ਅਕਾਲੀਆਂ ਦਰਮਿਆਨ ਸਿਆਸਤ ਭਖ ਗਈ ਹੈ। ਦੋਵੇਂ ਧਿਰਾਂ ਇੱਕ ਦੂਜੇ ’ਤੇ ਸ਼ਰਾਬ ਤਸਕਰਾਂ ਦੀ ਸਰਪ੍ਰਸਤੀ ਕਰਨ ਦੇ ਦੋਸ਼ ਲਾ ਰਹੀਆਂ ਹਨ। ਪਿੰਡ ਪੱਬਰੀ ਤੋਂ ਚਾਰ ਹਜ਼ਾਰ ਲਿਟਰ ਕੱਚੇ ਮਾਲ ਦੀ ਬਰਾਮਦਗੀ ਮਾਮਲੇ ’ਚ ਗ੍ਰਿਫ਼ਤਾਰ ਦਰਸ਼ਨ ਸਿੰਘ ਪੱਬਰੀ ਨੂੰ ਲੀਡਰਸ਼ਿਪ ਵੱਲੋਂ ਅਕਾਲੀ ਮੰਨਣ ਤੋਂ ਇਨਕਾਰੀ ਹੋਣ ਦਾ ਮੋੜਵਾਂ ਜਵਾਬ ਦਿੰਦਿਆਂ, ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਉਸ ਦੇ ਅਕਾਲੀ ਹੋਣ ਦੇ ਸਬੂਤ ਮੀਡੀਆ ਸਾਹਮਣੇ ਪੇਸ਼ ਕੀਤੇ। ਨਾਲ਼ ਹੀ ਐਲਾਨ ਕੀਤਾ ਕਿ ਜੇਕਰ ਕਾਂਗਰਸੀ ਸਰਪੰਚ ਅਮਰੀਕ ਸਿੰਘ ’ਤੇ ਸ਼ਰਾਬ ਫੈਕਟਰੀ ਚਲਾਉਣ ਦੇ ਲੱਗੇ ਦੋਸ਼ ਸਾਬਤ ਹੋ ਗਏ, ਤਾਂ ਉਹ (ਜਲਾਲਪੁਰ) ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ। ਉਨ੍ਹਾਂ ਆਖਿਆ ਕਿ ਸਰਪੰਚ ਨੂੰ ਅਕਾਲੀਆਂ ਨੇ ਕੁਝ ਐਕਸਾਈਜ਼ ਅਧਿਕਾਰੀਆਂ ਨਾਲ ਮਿਲ ਕੇ ਫਸਾਇਆ ਹੈ। ਉਨ੍ਹਾਂ ਆਖਿਆ ਕਿ ਅਜਿਹੇ ਧੰਦਿਆਂ ’ਚ ਤਾਂ ਅਕਾਲੀ ਹੀ ਮਾਹਿਰ ਹਨ, ਚਿੱਟੇ ਦਾ ਵਪਾਰੀ ਕਿਸ ਨੂੰ ਕਿਹਾ ਜਾਂਦਾ ਹੈ, ਸਭ ਜਾਣਦੇ ਹਨ। ਪਿੰਡ ਜਲਾਲਪੁਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਜਲਾਲਪੁਰ ਨੇ ਸਾਬਕਾ ਅਕਾਲੀ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਵੱਲੋਂ ਐਲਾਨੇ ਅਹੁਦੇਦਾਰਾਂ ਦੀ ਅਖ਼ਬਾਰਾਂ ਵਿੱਚ ਛਪੀ ਉਹ ਸੂਚੀ ਵੀ ਮੀਡੀਆ ਦੇ ਸਨਮੁਖ ਕੀਤੀ, ਜਿਸ ਵਿਚ ਦਰਸ਼ਨ ਸਿੰਘ ਪੱਬਰੀ ਨੂੰ ਅਕਾਲੀ ਦਲ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਹੋਇਆ ਹੈ। ਇਸ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਊਟਸਰ, ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਜੌਲੀ ਸਮੇਤ ਕਈ ਹੋਰ ਆਗੂਆਂ ਨੇ ਵੀ ਖ਼ਬਰਾਂ ਦੀਆਂ ਕਤਰਨਾਂ ਸਮੇਤ ਦਰਸ਼ਨ ਪੱਬਰੀ ਦੀਆਂ ਅਕਾਲੀ ਨੇਤਾਵਾਂ ਨਾਲ ਤਸਵੀਰਾਂ ਵੀ ਦਿਖਾਈਆਂ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਨਜ਼ਦੀਕੀ ਦਰਸ਼ਨ ਪੱਬਰੀ ਦੇ ਟਿਊਬਵੈੱਲ ਤੋਂ ਚਾਰ ਹਜ਼ਾਰ ਲਿਟਰ ਕੱਚੀ ਸ਼ਰਾਬ ਫੜੀ ਜਾਣ ਨਾਲ਼ ਉਨ੍ਹਾਂ ਵੱਲੋਂ ਸ਼ਰਾਬ ਤਸਕਰੀ ਦੇ ਧੰਦੇ ਦੀ ਸਰਪ੍ਰਸਤੀ ਜੱਗ ਜ਼ਾਹਿਰ ਹੋਈ ਹੈ, ਜਿਸ ਦੇ ਡਰੋਂ ਉਹ ਪੱਬਰੀ ਨੂੰ ਅਕਾਲੀ ਮੰਨਣ ਤੋਂ ਇਨਕਾਰੀ ਹਨ ਅਤੇ ਉਲਟਾ ਕਾਂਗਰਸ ਖ਼ਿਲਾਫ਼ ਦੋਸ਼ ਲਾ ਰਹੇ ਹਨ।

ਜਲਾਲਪੁਰ ਦੇ ਘਰ ਲੁਕਿਐ ਨਕਲੀ ਸ਼ਰਾਬ ਦਾ ਸਰਗਨਾ: ਮੁਖਮੈਲਪੁਰ

ਪਟਿਆਲਾ ਵਿਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਅਕਾਲੀ ਆਗੂ।

ਰਵੇਲ ਸਿੰਘ ਭਿੰਡਰ ਪਟਿਆਲਾ, 21 ਮਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਸਮੇਤ ਮੰਗ ਕੀਤੀ ਕਿ ਨਕਲੀ ਸ਼ਰਾਬ ਵੇਚ ਕੇ ਸਰਕਾਰ ਦੇ ਖਜ਼ਾਨੇ ਨੂੰ ਰਗੜਾ ਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਮਾਮਲਾ ਜੱਗ ਜ਼ਾਹਿਰ ਹੋਣ ਦੇ ਇੱਕ ਹਫਤੇ ਬਾਅਦ ਵੀ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਕਿਉਂਕਿ ਸਰਕਾਰੀ ਧਿਰ ਕਸੂਰਵਾਰਾਂ ਦੀ ਸਰਪ੍ਰਸਤੀ ਕਰ ਰਹੀ ਹੈ। ਉਹ ਇਥੇ ਹਲਕਾ ਘਨੌਰ ਦੀ ਇੰਚਾਰਜ ਅਤੇ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਘਰ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹ੍ਹਾਂ ਆਖਿਆ ਕਿ ਚਾਰ ਹਫਤਿਆਂ ਵਿੱਚ ਨਸ਼ੇ ਦੇ ਸੌਦਾਗਰਾਂ ਦਾ ਸਫਾਇਆ ਕਰਨ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿੱਚ ਹੀ ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਚੱਲ ਰਹੀਆਂ ਹਨ। ਬੀਬੀ ਮੁਖਮੈਲਪੁਰ ਨੇ ਕਿਹਾ ਕਿ ਨਕਲੀ ਸ਼ਰਾਬ ਬਣਾਉਣ ਵਾਲੀ ਫੜੀ ਗਈ ਫੈਕਟਰੀ ਦੇ ਮਾਮਲੇ ਵਿੱਚ ਜਿਹੜੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਹ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਲੁਕੇ ਹੋਏ ਹਨ। ਜੇਕਰ ਉਨ੍ਹਾਂ ਦੇ ਨੰਬਰਾਂ ਦੀਆਂ ਕਾਲ ਡਿਟੇਲਾਂ ਅਤੇ ਲੋਕੇਸ਼ਨਾਂ ਕਢਵਾਈਆਂ ਜਾਣ ਤਾਂ ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ। ਉਨ੍ਹਾਂ ਆਖਿਆ ਕਿ ਇਥੇ ਦੜਾ ਸੱਟਾ, ਜੂਆ, ਨਾਜਾਇਜ਼ ਮਾਈਨਿੰਗ, ਕਾਲੇ ਤੇਲ ਨੂੰ ਰਿਫਾਈਂਡ ਕਰਕੇ ਵੇਚਣ ਸਮੇਤ ਹੋਰ ਦੋ ਨੰਬਰ ਦੇ ਧੰਦੇ ਹੋ ਰਹੇ, ਜਿਨ੍ਹਾਂ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੱਥ ਪਾਉਣੀ ਚਾਹੀਦੀ ਹੈ। ਇਸ ਮੌਕੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ, ਐਡਵੋਕੇਟ ਸਤਬੀਰ ਸਿੰਘ ਖੱਟੜਾ, ਸੁਰਜੀਤ ਸਿੰਘ ਅਬਲੋਵਾਲ, ਸਤਬੀਰ ਸਿੰਘ ਖੱਟੜਾ ਤੇ ਹੋਰ ਹਾਜ਼ਰ ਸਨ। ਜਾਣਕਾਰੀ ਅਨੁਸਾਰ ਬੀਤੇ ਦਿਨੀ ਐਕਸਾਈਜ਼ ਵਿਭਾਗ ਨੇ ਘਨੌਰ ਹਲਕੇ ਵਿਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ ਸੀ, ਜਿਸ ਵਿਚ ਕਾਂਗਰਸੀ ਦੇ ਮੌਜੂਦਾ ਸਰਪੰਚ ਦਾ ਨਾਮ ਸਾਹਮਣੇ ਆਇਆ ਸੀ ਪਰ ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਅਕਾਲੀ ਦਲ ਸਰਕਾਰ ’ਤੇ ਮੁਲਜ਼ਮਾਂ ਖ਼ਿਲਾਫ਼ ਲਗਾਤਾਰ ਦਬਾਅ ਬਣਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All