ਪੱਕਾ ਮੋਰਚਾ: ਪਾਸਲਾ ਨੇ ਮੰਗਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ

ਗੁਰਨਾਮ ਸਿੰਘ ਅਕੀਦਾ ਪਟਿਆਲਾ, 10 ਸਤੰਬਰ

ਪੱਕੇ ਮੋਰਚੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਮਾਰਕਸਵਾਦੀ ਪਾਰਟੀ ਦੇ ਕਾਰਕੁਨ। ਫੋਟੋ: ਅਕੀਦਾ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸੱਦੇ ’ਤੇ ਸਕੱਤਰੇਤ ਰੋਡ ’ਤੇ ਆਰੰਭਿਆਂ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਹ ਮੋਰਚਾ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੇ ਜਾਣ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਲਾਇਆ ਗਿਆ ਹੈ। ਆਗੂਆਂ ਅਨੁਸਾਰ ਸੰਘਰਸ਼ ਦੇ ਸਿੱਟੇ ਵਜੋਂ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ‘ਤੇ ਪਾਵਰਕੌਮ ਮੈਨੇਜਮੈਂਟ ਨਾਲ 11 ਸਤੰਬਰ ਦੀ ਮੋਹਾਲੀ ਵਿੱਚ ਗੱਲਬਾਤ ਤੈਅ ਹੋਈ ਹੈ। ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਰਚੇ ਦੀ ਅਗਲੀ ਰੂਪ ਰੇਖਾ ਕੱਲ੍ਹ ਦੀ ਮੀਟਿੰਗ ਵਿੱਚ ਅਧਿਕਾਰੀਆਂ ਵੱਲੋਂ ਅਪਣਾਏ ਜਾਣ ਵਾਲੇ ਰਵੱਈਏ ‘ਤੇ ਨਿਰਭਰ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ’ਤੇ ਵੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਇਕ ਧਰਮ ਦੀ ਸੋਚ ਨਾਲ ਮੁਲਕ ਚਲਾਇਆ ਜਿਸ ਕਾਰਨ ਅੱਜ ਪਾਕਿਸਤਾਨ ਦਾ ਬੁਰਾ ਹਾਲ ਹੈ, ਜੇ ਭਾਜਪਾ ਨੇ ਵੀ ਭਾਰਤ ਨੂੰ ਇਕ ਧਰਮ ਦੀ ਸੋਚ ’ਤੇ ਚਲਾਉਣ ਦੀ ਸੋਚੀ ਤਾਂ ਭਾਰਤ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੀਵਨ ਦੀਆਂ ਬੁਨਿਆਦੀ ਲੋੜ ਪਾਣੀ ਨੂੰ ਮੁਨਾਫੇ਼ ਦੀ ਭੁੱਖ ਪੂਰੀ ਕਰਨ ਲਈ ਧਨਾਢਾਂ ਵੱਲੋਂ ਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰਾਂ ਨੇ ਇਸ ਮਾਨਵਤਾ ਦੋਖੀ ਗੁਨਾਹ ਵੱਲੋਂ ਅੱਖਾਂ ਮੀਟ ਛੱਡੀਆਂ ਹਨ। ਉਨ੍ਹਾਂ ਸਨਅਤਕਾਰਾਂ ਵੱਲੋਂ ਜ਼ਹਿਰੀਲਾ ਪਾਣੀ ਬਿਨਾਂ ਸੋਧੇ ਦਰਿਆਵਾਂ ਵਿੱਚ ਸੁੱਟਣ ਅਤੇ ਮਲ-ਮੂਤਰ ਦੀ ਦਰਿਆਈ ਪਾਣੀਆਂ ਵਿੱਚ ਮਿਲਾਵਟ ਰੋਕਣ ਵਿੱਚ ਸਰਕਾਰ ਦੀ ਅਸਫਲਤਾ ਦੀ ਜ਼ੋਰਦਾਰ ਨਿਖੇਧੀ ਕੀਤੀ। ਆਗੂਆਂ ਨੇ ਹਰ ਘਰ ਪੀਣ ਲਈ ਮੁਫ਼ਤ ਪਾਣੀ ਉਪਲਬਧ ਕਰਵਾਉਣ ਦੀ ਮੰਗ ਕੀਤੀ। ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਨਦੀਨ ਨਾਸ਼ਕਾਂ ਅਤੇ ਹੋਰ ਜ਼ਹਿਰਾਂ ਦੀ ਧਰਤੀ ਹੇਠਲੇ ਪਾਣੀ ਵਿੱਚ ਮਿਲਾਵਟ ਰੋਕਣ ਲਈ ਲੋਕ ਪੱਖੀ ਖੇਤੀ ਨੀਤੀ ਬਣਾਉਣ ਦੀ ਵੀ ਮੰਗ ਕੀਤੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All