ਪੰਚਾਇਤ ਵੱਲੋਂ ਪ੍ਰਿੰਸੀਪਲ ਲਗਾਉਣ ਦੇ ਫ਼ੈਸਲੇ ਦਾ ਵਿਰੋਧ

ਪੱਤਰ ਪ੍ਰੇਰਕ ਭਵਾਨੀਗੜ੍ਹ, 16 ਸਤੰਬਰ

ਸਕੂਲ ਦੇ ਮਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਹੈਪੀ ਤੇ ਸਾਥੀ। -ਫੋਟੋ: ਮੱਟਰਾਂ

ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ ਹੈਪੀ ਨੇ ਆਦਰਸ਼ ਸਕੂਲ ਬਾਲਦ ਖੁਰਦ ਵਿੱਚ ਪਿੰਡ ਪੰਚਾਇਤ ਵੱਲੋਂ ਪ੍ਰਿੰਸੀਪਲ ਲਗਾਉਣ ਦੇ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਇਸ ਫੈਸਲੇ ਦਾ ਡਟਵਾਂ ਵਿਰੋਧ ਕੀਤਾ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਹਰਭਜਨ ਸਿੰਘ ਹੈਪੀ ਨੇ ਦੱਸਿਆ ਕਿ ਇਸ ਸਕੂਲ ਦੀ ਮੈਨੇਜਮੈਂਟ ਐੱਸਯੂਐੱਸ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੀ ਗਈ ਘਪਲੇਬਾਜ਼ੀ ਕਾਰਨ ਵਿਭਾਗ ਨੇ 19 ਅਗਸਤ 2019 ਨੂੰ ਸਕੂਲ ਦਾ ਪ੍ਰਬੰਧ ਆਪਣੇ ਹੇਠ ਲੈ ਲਿਆ ਸੀ ਅਤੇ ਇਸੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਵਾਲ ਕਲਾਂ ਦੇ ਪ੍ਰਿੰਸੀਪਲ ਜਸਪਾਲ ਸਿੰਘ ਨੂੰ ਆਦਰਸ਼ ਸਕੂਲ ਬਾਲਦ ਖੁਰਦ ਦਾ ਨੋਡਲ ਅਫ਼ਸਰ ਲਗਾ ਦਿੱਤਾ ਸੀ। ਪ੍ਰਿੰਸੀਪਲ ਜਸਪਾਲ ਸਿੰਘ ਨੇ ਰੋਜ਼ਾਨਾ ਦੇ ਕੰਮ ਕਰਨ ਲਈ ਪੀਜੀਟੀ ਅਧਿਆਪਕ ਬਰਿੰਦਰਜੀਤ ਸਿੰਘ ਨੂੰ ਇੰਚਾਰਜ ਲਗਾ ਦਿੱਤਾ ਸੀ। ਸ੍ਰੀ ਹੈਪੀ ਨੇ ਦੋਸ਼ ਲਗਾਇਆ ਕਿ 28 ਅਗਸਤ 2019 ਨੂੰ ਬਾਲਦ ਖੁਰਦ ਦੀ ਪੰਚਾਇਤ ਨੇ ਮਤਾ ਪਾ ਕੇ ਆਪਣੇ ਵੱਲੋਂ ਜਸਪ੍ਰੀਤ ਕੌਰ ਨੂੰ ਪ੍ਰਿੰਸੀਪਲ ਥਾਪ ਦਿੱਤਾ। ਉਨ੍ਹਾਂ ਇਸ ਸਬੰਧੀ ਪੰਚਾਇਤ ਦੇ ਮਤੇ ਦੀਆਂ ਕਾਪੀਆਂ ਵੀ ਪੱਤਰਕਾਰਾਂ ਨੂੰ ਵੰਡੀਆਂ। ਉਨ੍ਹਾਂ ਕਿਹਾ ਕਿ ਹੁਣ ਵੀ ਸਕੂਲ ਸਬੰਧੀ ਹਰ ਇਕ ਡਾਕੂਮੈਂਟ ਤੇ ਇੰਚਾਰਜ ਬਰਿੰਦਰਜੀਤ ਸਿੰਘ ਦੇ ਹੀ ਦਸਤਖ਼ਤ ਹੋ ਰਹੇ ਹਨ। ਉਨ੍ਹਾਂ ਅਣਅਧਿਕਾਰਤ ਪ੍ਰਿੰਸੀਪਲ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਸਕੂਲ ਵਿੱਚ ਹਾਜ਼ਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਕੂਲ ਦੀ ਪ੍ਰਿੰਸੀਪਲ ਨਹੀਂ ਹਨ, ਉਸ ਨੂੰ ਸਿਰਫ ਬੱਚਿਆਂ ਦੀ ਭਲਾਈ ਹਿੱਤ ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਪ੍ਰਬੰਧਕ ਤੌਰ ’ਤੇ ਲਗਾਇਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਨੇ ਵੀ ਦੱਸਿਆ ਕਿ ਆਦਰਸ਼ ਸਕੂਲ ਬਾਲਦ ਖੁਰਦ ਦਾ ਵਾਧੂ ਚਾਰਜ ਪ੍ਰਿੰਸੀਪਲ ਜਸਪਾਲ ਸਿੰਘ ਨੂੰ ਹੀ ਦਿੱਤਾ ਗਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All