ਹੈਰੋਇਨ ਤੇ ਭੁੱਕੀ: ਦੋ ਔਰਤਾਂ ਸਣੇ ਤਿੰਨ ਕਾਬੂ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 1 ਦਸੰਬਰ ਸਲੇਮ ਟਾਬਰੀ ਦੀ ਪੁਲੀਸ ਨੇ ਫਤਿਹਗੜ੍ਹ ਗੁਜ਼ਰਾ ਪਿੰਡ ਕੋਲ ਲੱਗੇ ਨਾਕੇ ਦੌਰਾਨ ਤਲਵੰਡੀ ਕਲਾਂ ਪਿੰਡ ਦੀਆਂ ਦੋ ਔਰਤਾਂ ਕਮਲਾ ਅਤੇ ਸ਼ਿਮਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਗ੍ਰਾਮ ਹੈਰੋਇਨ ਅਤੇ 1 ਕਿੱਲੋ 600 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਦੋਵੇਂ ਔਰਤਾਂ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿੱਚ ਲੱਗੀਆਂ ਹੋਈਆਂ ਸਨ ਅਤੇ ਪਿੰਡ ਤਲਵੰਡੀ ਕਲਾਂ ਤੋਂ ਜਲੰਧਰ ਬਾਈਪਾਸ ਵੱਲ ਨਸ਼ੇ ਦੀ ਸਪਲਾਈ ਕਰਨ ਜਾ ਰਹੀਆਂ ਸਨ ਕਿ ਪੁਲੀਸ ਹੱਥ ਆ ਗਈਆਂ। ਡਵੀਜ਼ਨ ਨੰਬਰ 4 ਦੀ ਪੁਲੀਸ ਨੇ ਭਾਈ ਮੰਨਾ ਸਿੰਘ ਨਗਰ ਨੇੜੇ ਲਗਾਏ ਨਾਕੇ ਦੌਰਾਨ ਰਿਸ਼ੀ ਵਾਸੀ ਗੁਰੂ ਨਾਨਕ ਦੇਵ ਨਗਰ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਵੱਲੋਂ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਸਰਵਿਸ ਲੇਨ ਤੇ ਪੈਦਲ ਹੀ ਜਾ ਰਿਹਾ ਸੀ ਕਿ ਪੁਲੀਸ ਪਾਰਟੀ ਨੂੰ ਵੇਖ ਕੇ ਪਿਛੇ ਮੁੜ ਗਿਆ। ਪੁਲੀਸ ਪਾਰਟੀ ਨੇ ਉਸ ਨੂੰ ਪਿੱਛਾ ਕਰ ਕੇ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ।

50 ਗ੍ਰਾਮ ਸਮੈਕ ਸਣੇ ਦੋ ਗ੍ਰਿਫ਼ਤਾਰ ਸਮਰਾਲਾ (ਡੀਪੀਐੱਸ ਬੱਤਰਾ): ਪੁਲੀਸ ਚੌਂਕੀ ਹੇਡੋਂ ਵੱਲੋਂ ਮੋਟਰਸਾਇਕਲ ਸਵਾਰ 2 ਨੌਜਵਾਨਾਂ ਨੂੰ 50 ਗ੍ਰਾਮ ਸਮੈਕ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਹੇਡੋਂ ਚੌਕੀ ਇੰਚਾਰਜ ਚਰਨਜੀਤ ਸਿੰਘ ਵੱਲੋਂ ਪੁਲੀਸ ਪਾਰਟੀ ਨਾਲ ਭਗਵਾਨਪੁਰਾ ਰੋਡ ਤੇ ਪਿੰਡ ਸ਼ਾਮਗੜ੍ਹ ਦੇ ਗੇਟ ਕੋਲ ਨਾਕਾਬੰਦੀ ਕਰਕੇ ਰਾਹਗੀਰਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪਿੰਡ ਸ਼ਾਮਗੜ੍ਹ ਵੱਲੋਂ ਆਉਂਦੇ 2 ਮੋਟਰਸਾਇਕਲ ਸਵਾਰ ਸਾਹਮਣੇ ਖੜੀ ਪੁਲੀਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕਰਨ ਲੱਗੇ। ਜਲਦਬਾਜ਼ੀ ਵਿੱਚ ਉਨ੍ਹਾਂ ਦਾ ਮੋਟਰਸਾਇਕਲ ਸਲਿੱਪ ਕਰਕੇ ਡਿੱਗ ਗਿਆ। ਪੁਲੀਸ ਪਾਰਟੀ ਨੇ ਜਦੋਂ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ ਕਾਬੂ ਕੀਤਾ ਤਾਂ ਨੌਜਵਾਨਾਂ ਨੇ ਆਪਣੀ ਜੇਬ ਵਿਚੋਂ ਕੋਈ ਵਜਨਦਾਰ ਲਿਫਾਫੀਆਂ ਸੜਕ ਦੇ ਕੰਢੇ ਸੁੱਟ ਦਿੱਤੀਆਂ। ਇਨ੍ਹਾਂ ਦੋਨਾਂ ਲਿਫਾਫੀਆਂ ਨੂੰ ਚੈੱਕ ਕਰਨ ਤੇ ਉਨ੍ਹਾਂ ਵਿੱਚੋਂ ਕੁਲ 50 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਸਮਰਾਲਾ ਤੇ ਅਮਨਦੀਪ ਸਿੰਘ ਉਰਫ਼ ਹੈਪੀ ਵਾਸੀ ਗੜ੍ਹੀ ਤਰਖਾਣਾਂ ਵਜੋਂ ਹੋਈ ਹੈ। ਪੁਲੀਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਅਗ਼ਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All