ਰੰਗਕਰਮੀ ਸੈਮੂਅਲ ਜੌਹਨ ਅਤੇ ਪੀਪਲਜ਼ ਥੀਏਟਰ ਦੇ ਵੱਧਦੇ ਕਦਮ

ਰਮੇਸ਼ ਭਾਰਦਵਾਜ ਲਹਿਰਾਗਾਗਾ: ਲਹਿਰਾਗਾਗਾ  ਵਿੱਚ ਲੋਕ ਪੱਖੀ ਸਭਿਆਚਾਰ ਦਾ ਕਾਫੀ ਪੁਰਾਣਾ ਇਤਿਹਾਸ ਹੈ। ਲੋਕ ਪੱਖੀ ਚਿੰਤਕ ਮਰਹੂਮ ਹਰੀ ਸਿੰਘ ਤਰਕ ਨੇ 1975-76 ’ ਲੋਕ ਪੱਖੀ ਪ੍ਰੋਗਰਾਮ ਸਭਿਆਚਾਰ ਸਭਾ ਬਣਾਕੇ ਨਾਟਕਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਇਸ ਇਲਾਕੇ ਅੰਦਰ ਪੰਜਾਬ ਦੇ ਨਾਮੀ ਰੰਗਕਰਮੀ ਸੈਮੂਅਲ ਜੋਹਨ ਤਰਕ ਵੱਲੋਂ ਲਾਏ ਪੋਦੇ ਨੂੰ ਇੱਕ ਛਾਂਦਾਰ ਦਰਖ਼ਤ ਬਣਾਉਣ ਲਈ ਕਾਰਜਸ਼ੀਲ ਹੈ। ਪੰਜਾਬੀ ਨਾਟਕ ਦੇ ਬਾਬਾ ਬੋਹੜ ਭਾਅ ਗੁਰਸ਼ਰਨ ਸਿੰਘ ਨੇ ਇੱਕ ਵਾਰ ਵੱਡੇ ਇਕੱਠ ਵਿੱਚ ਕਿਹਾ ਕਿ ਜੇਕਰ ਮੁੰਬਈ ਵਾਲਿਆਂ ਕੋਲ ਨਾਨਾ ਪਾਟੇਕਾਰ ਹੈ ਤਾਂ ਪੰਜਾਬੀ ਥੀਏਟਰ ਕੋਲ ਸੈਮੂਅਲ ਜੋਹਨ ਹੈ। ਇਹੀ ਸੈਮੂਅਲ ਅੱਜ ਪੰਜਾਬ ਦੇ ਲੋਕ ਪੱਖੀ ਸਭਿਆਚਾਰ ਖੇਤਰ ਵਿੱਚ ਲਹਿਰਾਗਾਗਾ ਦੀ ਪਛਾਣ ਹੈ। ਕਿਸੇ ਸਮੇਂ ਕੋਟਕਪੂਰਾ ਨੇੜਲੇ ਪਿੰਡ ਢਿੱਲਵਾਂ ਵਿੱਚ ਗੇਜਾ ਸਿੰਘ ਦੇ ਘਰ ਜਨਮੇ ਸਿਕੰਦਰ ਤੋਂ ਸੈਮੂਅਲ ਬਣਨ ਦਾ ਸਫ਼ਰ ਵੀ ਕਾਫੀ ਲੰਬਾ ਹੈ। ਦਿਹਾੜੀ, ਪੱਲੇਦਾਰੀ, ਚਾਹ ਦੀ ਰੇਹੜੀ ਲਾਉਣ ਮਗਰੋਂ ਪੜ੍ਹਾਈ ਲਈ ਯੂਨੀਵਰਸਿਟੀ ਦੀਆਂ ਕੰਟੀਨਾਂ ਵਿੱਚ ਕੀਤੇ ਤਜਰਬਿਆਂ ਨੇ ਉਸ ਨੂੰ ਜ਼ਿੰਦਗੀ ਦੀ ਹਕੀਕਤ ਦਰਸਾਈ।  ਯੂਨੀਵਰਸਿਟੀ ਤੋਂ ਨਿਕਲਣ ਮਗਰੋਂ ਪਹਿਲਾਂ ਉਹ ਮੁੰਬਈ ਪਹੁੰਚਿਆ ਅਤੇ ਨਸੀਰੂਦੀਨ ਸ਼ਾਹ ਨਾਲ ਫਿਲਮ ‘ਢੰੂਡਤੇ ਰਹਿ ਜਾਵੋਗੇ’ ਅਤੇ ਬੱਚਿਆਂ ਨੂੰ ਲੈ ਕੇ ਸਟਰੀਟ ਪਲੇਅ ਕੀਤੇ ਪਰ ਤਸੱਲੀ ਨਹੀਂ ਹੋਈ। ਮੁੰਬਈ ਤੋਂ ਵਾਪਸ ਪੰਜਾਬ ਆ ਕੇ ਕੁਝ ਸਮਾਂ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਵਿੱਚ ਅਦਾਕਾਰ ਤੇ ਨਿਰਦੇਸ਼ਕ ਵਜੋਂ ਕੰਮ ਕੀਤਾ ਪਰ ਮੁੜ ਲਹਿਰਾਗਾਗਾ ਹੀ ਸੈਮੂਅਲ ਨੂੰ ਰਾਸ ਆਇਆ। ਹੁਣ ਇਹ ਪਿੱਛਲੇ ਦਹਾਕੇ ਤੋਂ ਲਹਿਰਾਗਾਗਾ ਨੇੜਲੇ ਪਿੰਡ ਚੰਗਾਲੀਵਾਲਾ (ਬੀਬੀ ਭੱਠਲ ਦੇ ਸਹੁਰੇ ਪਿੰਡ) ਦਾ ਪੱਕਾ ਵਸਨੀਕ ਹੈ ਅਤੇ ਉਸ ਦਾ ਘਰ ਘਰ ਨਾ ਹੋ ਕੇ ਨਾਟਕਾਂ ਦੀਆਂ ਰਿਹਰਸਲ ਵਾਲਾ ਸਥਾਨ ਬਣ ਗਿਆ ਹੈ ਜਿਥੇ ਇੱਕ ਇੱਕ ਨਾਟਕ ਦੀ  ਮੰਚਨ ਤੋਂ ਪਹਿਲਾਂ ਪੰਜਾਹ ਤੋਂ ਵੱਧ ਵਾਰ ਰਿਹਰਸਲ ਕੀਤੀ ਜਾਂਦੀ ਹੈ। ਸੈਮੂਅਲ ਨੇ ਲਹਿਰਾਗਾਗਾ ਨੂੰ ਅਪਣਾਉਂਦੇ ਹੋਏ ਸਾਲ 2002 ਸੀਬਾ ਇੰਟਰਨੈਸ਼ਨਲ ਸਕੂਲ ਵਿੱਚ ਓਪਨ ਏਅਰ ਥੀਏਟਰ ਬਣਾਕੇ ਇਲਾਕੇ ਦੇ ਸੌ ਦੇ ਕਰੀਬ ਨੌਜਵਾਨ ਲੜਕੇ ਲੜਕੀਆਂ ਨੂੰ ਪੰਜਾਬ ਦੇ ਲੋਕ ਪੱਖੀ ਥੀਏਟਰ ਨਾਲ ਜੋੜਿਆ। ਉਥੇ ਇਹ ਥੀਏਟਰ ਵਿਸ਼ਵ ਥੀਏਟਰ ਵਾਲੇ ਦਿਨ ਸਣੇ ਸੈਂਕੜੇ ਨਾਟਕਾਂ ਦਾ ਗਵਾਹ ਬਣਿਆ। ਸੁਪ੍ਰੀਤ ਮੰਡੇਰ, ਜਸਵਿੰਦਰ ਕੌਰ,  ਪ੍ਰਿਥੀਪਾਲ ਜਲੂਰ, ਜਗਦੀਸ਼ ਪਾਪੜਾ, ਦੇਸ ਰਾਜ ਛਾਜਲੀ, ਕਿਰਨਪਾਲ ਗਾਗਾ, ਬਲਵਿੰਦਰ ਚੰਗਾਲੀਵਾਲਾ, ਮਾਈਕਲ, ਘੁਰਿੰਦਰ ਪੀਪਲਜ਼ ਥੀਏਟਰ ਨਾਲ ਜੁੜ ਨਾਟਕਾਂ ਦੇ ਹਸਤਾਖਰ ਬਣੇ।  ਹੁਣ ਇਹ ਥੀਏਟਰ ਓਪਨ ਏਅਰ ਥੀਏਟਰ ਦੀ ਬਜਾਏ ਮਰਹੂਮ ਪੱਤਰਕਾਰ ਤੇ ਸਭਿਆਚਾਰ ਪ੍ਰੇਮੀ ‘ਅੰਮ੍ਰਿਤਾ ਚੌਧਰੀ ਥੀਏਟਰ’ ਵਜੋਂ ਜਾਣਿਆਂ ਜਾਂਦਾ ਹੈ। ਬੇਸ਼ੱਕ ਸੈਮੂਅਲ ਜੋਹਨ ਅੰਨੇ ਘੋੜੇ ਦਾ ਦਾਨ ਅਤੇ ਆਤੂ ਖੋਜੀ ਵਰਗੀਆਂ ਕੌਮਾਂਤਰੀ ਫਿਲਮਾਂ ਵਿੱਚ ਅਦਾਕਾਰੀ ਅਤੇ ਮਿੱਟੀ ਤੇ ਸਾਡਾ ਹੱਕ ਵਰਗੀਆਂ ਫਿਲਮਾਂ ਦੇ ਆਰਟ ਡਾਇਰੈਕਟਰ ਵਜੋਂ ਰੋਲ ਨਿਭਾਅ ਚੁੱਕਾ ਹੈ ਪਰ ਮਾਨਸਿਕ ਸੰਤੁਸ਼ਟੀ ਨੁੱਕੜ ਜਾਂ ਸਟੇਜੀ ਨਾਟਕ ਖੇਡ ਕੇ ਮਿਲਦੀ ਹੈ। ਉਸਦਾ ਕਹਿਣਾ ਹੈ ਕਿ ਥੀਏਟਰ ਦਰਸ਼ਕਾਂ ਨਾਲ ਸਿੱਧੇ ਸੰਵਾਦ ਅਤੇ ਆਪਣੀ ਗੱਲ ਰੱਖਣ ਦਾ ਸਰਵੋਤਮ ਮਾਧਿਅਮ ਹੈ। ਉਹ ਥੀਏਟਰ ਲਈ ਇੱਥੇ ਨਰਸਰੀ ਵੀ ਤਿਆਰ ਕਰ ਰਿਹਾ ਹੈ।  ਇਸ ਕਰਕੇ ਉਹ ਪੀਪਲਜ਼ ਥੀਏਟਰ ਲਹਿਰਾਗਾਗਾ ਨਾਮੀਂ ਸੰਸਥਾ ਬਣਾ ਕੇ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਓਮ ਪ੍ਰਕਾਸ਼ ਵਾਲਮਿਕੀ  ਦਾ ਲਿਖਿਆ ਨਾਟਕ ‘ਝੂਠ’ ਜਾਂ ਫੇਰ ਗੁਜਰਾਤ ਵਿੱਚ ਹੋਏ ਦੰਗਿਆਂ ਮਗਰੋਂ ਬਲਰਾਮ ਭਾਅ ਵੱਲੋਂ ਲਿਖਿਆ ਨਾਟਕ ‘ਤੈ ਕੀ ਦਰਦ ਨਾ ਆਇਆ’ ਜਾਂ ਘਸਿਆ ਹੋਇਆ ਆਦਮੀ, ਦਲਿਤਾਂ ਦੇ ਆਰਥਿਕ ਕਾਰਨਾਂ ਦੀ ਥਾਂ ਜਾਤਪਾਤ ਦੇ ਆਧਾਰ ’ਤੇ ਕੀਤੇ ਜਾਂਦੇ ਸਮਾਜਿਕ ਬਾਈਕਾਟ ਬਾਰੇ ਨਾਟਕ‘ ਆ ਜੋ ਦੇਈਏ ਹੋਕਾ’ ਰਾਹੀ ਪਿੰਡਾਂ ਅੰਦਰ ਜਾਗਰੂਕ ਤਾਂ ਪੈਦਾ ਕਰਨ ਲੱਗਾ ਹੈ। ਸੈਮੂਅਲ 50 ਕਿਸਮ ਦੇ ਨਾਟਕਾਂ ਦੇ ਪੰਜਾਬ ਅੰਦਰ ਪੰਜਾਬੀ ਭਵਨ ਲੁਧਿਆਣਾ, ਬਠਿੰਡਾ , ਚੰਡੀਗੜ੍ਹ ਸਣੇ ਸ਼ਹਿਰਾਂ ਤੇ ਪੰਡਾਂ ’ਚ 5000 ਤੋਂ ਵੱਧ ਨਾਟਕਾਂ ਦਾ ਮੰਚਨ ਕਰ ਚੁੱਕਾ ਹੈ। ਸੈਮੂਅਲ ਮੰਨਦਾ ਹੈ ਕਿ ਨਾਟਕ ਮਹਿਜ਼ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਨਾਟਕ ਸਮਾਜ ’ਚ ਫੈਲੀਆਂ ਕੁਰੀਤੀਆਂ, ਆਰਥਿਕ ਨਾਬਰਾਬਰੀ, ਲੁੱਟ ਅਤੇ ਜ਼ੁਲਮ ਜਬਰ ਦੇ ਖਿਲਾਫ਼ ਜਾਗਰੂਕ ਕਰਕੇ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਦੇ ਹਨ। ਉਹ ਲਹਿਰਾਗਾਗਾ ਇਲਾਕੇ ਦੇ ਸਕੂਲੀ ਬੱਚਿਆਂ ਨੂੰ ਨਾਟਕ ਕਲਾ ਦੀਆਂ ਬਾਰੀਕੀਆਂ ਸਮਝਾਉਣ ਲਈ ਅਕਸਰ ਵਰਕਸ਼ਾਪਾਂ ਲਾਉਂਦਾ ਹੈ। ਸੈਮੂਅਲ ਦਾ ਘੇਰਾ ਪਿੰਡਾਂ ਤੱਕ ਸੀਮਤ ਨਹੀਂ ਸਗੋ ਉਹ ਦਲਿਤਾਂ ਦੇ ਵੇਹੜਿਆਂ ਵਿੱਚ ਜਾਕੇ ਕਦੇ ਬਾਗਾਂ ਦੇ ਰਾਖੇ ਦੇ ਬਿਰਤਾਂਤ ਨੂੰ ਬਿਆਨਦਾ ਹੈ ਕਦੇ ਵੱਡੀ ਸਰਮਾਏਦਾਰੀ ਵੱਲੋਂ ਗਰੀਬ ਕਿਸਾਨ ਅਤੇ ਦਲਿਤਾਂ ਦੇ ਕੀਤੇ ਜਾਂਦੇ ਸ਼ੋਸ਼ਣ ਪ੍ਰਤੀ ਜਾਗਰੂਕ ਕਰਦਾ ਹੈ। ਸੈਮੂਅਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਦੀ ਐਮ.ਏ ਕਰਕੇ ਨੌਕਰੀ ਕਰਨ ਦੀ ਥਾਂ ਆਪਣੀ ਜ਼ਿੰਦਗੀ ਲੋਕ ਹਿੱਤਾਂ ਦੇ ਲੇਖੇ ਲਾਉਣ ਲਈ ਪ੍ਰਤੀਬੱਧ ਹੈ। ਇਸੇ ਕਰਕੇ ਹਰ ਦੁੱਖ ਵਿੱਚ ਉਸ ਦੀ ਜ਼ੁਬਾਨ ’ਤੇ ਜ਼ਿੰਦਗੀ ਜ਼ਿੰਦਾਬਾਦ ਤਕੀਆ ਕਲਾਮ ਰਹਿੰਦਾ ਹੈ। ਸੈਮੂਅਲ ਦਾ ਮੰਨਣਾ ਹੈ ਕਿ ਨੁੱਕੜ ਨਾਟਕ ਆਪਣੀ ਗੱਲ ਕਹਿਣ ਦਾ ਸ਼ਕਤੀਸ਼ਾਲੀ ਸਾਧਨ ਹੈ। ਉਹ ਸਕੂਲੀ ਕਲਾਸਾਂ ਵਿੱਚ ਰੰਗਮੰਚ ਨੂੰ ਇੱਕ ਵਿਸ਼ੇ ਵਜੋਂ ਪੜਾਉਣ ਦਾ ਵੀ ਮੁਦੱਈ ਹੈ।  ਇਕੱਲੇ ਪਿੰਡਾਂ ਦੇ ਦਲਿਤ ਲੋਕ ਹੀ  ਨਹੀਂ ਸਗੋਂ ਲਹਿਰਾਗਾਗਾ ਦਾ ਬੱਚਾ ਬੱਚਾ ਸੈਮੂਅਲ ਨੂੰ ਇੱਕ ਅਦਾਕਾਰ   ਵਜੋਂ ਜਾਣਦਾ ਪਹਿਚਾਣਦਾ ਤੇ ਮਾਣ ਕਰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All