ਬੈਂਸ ਸਮਰਥਕਾਂ ਨੇ ਡੀਸੀ ਦਫ਼ਤਰ ਅੱਗੇ ਫੂਕਿਆ ਕੈਪਟਨ ਦਾ ਪੁਤਲਾ

ਗਗਨ ਅਰੋੜਾ ਲੁਧਿਆਣਾ, 10 ਸਤੰਬਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰ ਤੇ ਬੈਂਸ ਸਮਰਥਕ। -ਹਿਮਾਂਸ਼ੂ ਮਹਾਜਨ

ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਤੇ ਗੁਰਦਾਸਪੁਰ ਦੇ ਡੀਸੀ ਵਿੱਚ ਹੋਈ ਤਲਖ਼ੀ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਵਿਧਾਇਕ ਬੈਂਸ ’ਤੇ ਕੇਸ ਦਰਜ ਕਰਨ ਤੋਂ ਬਾਅਦ ਹੁਣ ਬੈਂਸ ਸਮਰਥਕ ਸੜਕਾਂ ’ਤੇ ਉਤਰ ਆਏ ਹਨ। ਦੂਜੇ ਪਾਸੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ। ਮੰਗਲਵਾਰ ਨੂੰ ਲੋਕ ਇਨਸਾਪ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਦੇ ਹੋਏ ਮੰਗ ਕੀਤੀ ਕਿ ਰਾਜਨੀਤੀ ਤਹਿਤ ਝੂਠੇ ਪਰਚੇ ਬੰਦ ਕੀਤੇ ਜਾਣ ਅਤੇ ਪਾਰਟੀ ਪ੍ਰਧਾਨ ਬੈਂਸ ਤੇ ਦਰਜ ਕੀਤਾ ਗਿਆ ਮਾਮਲਾ ਰੱਦ ਕੀਤਾ ਜਾਵੇ। ਇਸ ਧਰਨੇ ’ਚ ਬੈਂਸ ਭਰਾਵਾਂ ’ਚੋਂ ਕੋਈ ਵੀ ਮੌਕੇ ’ਤੇ ਨਹੀਂ ਪੁੱਜਿਆ। ਲੋਕ ਇਨਸਾਫ਼ ਪਾਰਟੀ ਦੇ ਮੁੱਖ ਬੁਲਾਰੇ ਸੰਨੀ ਕੈਂਥ ਨੇ ਦੱਸਿਆ ਕਿ ਬੈਂਸ ’ਤੇ ਸਿਰਫ਼ ਇਸ ਲਈ ਪਰਚਾ ਦਰਜ ਕੀਤਾ ਗਿਆ ਕਿ ਉਨ੍ਹਾਂ ਨੇ ਗੁਰਦਾਸਪੁਰ ਦੇ ਡੀਸੀ ਦੇ ਨਾਲ ਬੁਰਾ ਵਿਵਹਾਰ ਕੀਤਾ ਹੈ, ਪਰ ਕਾਂਗਰਸ ਪਾਰਟੀ ਦੇ ਮੰਤਰੀ ਆਸ਼ੂ, ਵਿਧਾਇਕ ਘੁਬਾਇਆ ਨੇ ਵੀ ਸਰਕਾਰੀ ਮੁਲਾਜ਼ਮਾਂ ਨਾਲ ਭੱਦੀ ਸ਼ਬਦਾਵਲੀ ’ਚ ਗੱਲ ਕੀਤੀ ਹੈ। ਆਖਰਕਾਰ ਸਰਕਾਰ ਨੇ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਿਉਂ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਇਹ ਖੁਦ ਮੰਨ ਰਹੇ ਹਨ ਕਿ ਇਹ ਪਰਚਾ ਉਨ੍ਹਾਂ ਦੇ ਕਹਿਣ ’ਤੇ ਦਰਜ ਹੋਇਆ ਹੈ। ਇਸ ਤੋਂ ਸਾਫ਼ ਹੈ ਕਿ ਸਰਕਾਰ ਦੋਗਲੀ ਨੀਤੀ ਕਿਉਂ ਅਪਣਾ ਰਹੀ ਹੈ। ਬੈਂਸ ’ਤੇ ਪਹਿਲਾਂ ਵੀ ਝੂਠੇ ਕੇਸ ਦਰਜ ਹਨ, ਇੱਕ ਹੋਰ ਹੋ ਗਿਆ ਤਾਂ ਕੀ ਹੋਇਆ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੰਤਰੀਆਂ ਤੇ ਵਿਧਾਇਕਾਂ ’ਤੇ ਵੀ ਮਾਮਲੇ ਦਰਜ ਕਰੇ। ਦਬਾਅ ਬਣਾਉਣ ਦੇ ਲਈ ਜੋ ਵੀ ਮੁਲਾਜ਼ਮ ਕੰਮ ਛੱਡ ਕੇ ਧਰਨਾ ਦੇ ਰਹੇ ਹਨਸ ਉਨ੍ਹਾਂ ਦੇ ਖਿਲਾਫ਼ ਪਾਰਟੀ ਦਾ ਸਟਿੰਗ ਆਪ੍ਰੇਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।

ਕੈਪਟਨ ਦਾ ਪੁਤਲਾ ਸਾੜਿਆ ਖੰਨਾ (ਧਰਮਿੰਦਰ ਸਿੰਘ ਵਿੱਕੀ) ਬਟਾਲਾ ਫੈਕਟਰੀ ਧਮਾਕੇ ਮਗਰੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੁਰਦਾਸਪੁਰ ਦੇ ਡੀਸੀ ਨਾਲ ਹੋਈ ਬਹਿਸ ’ਚ ਬੈਂਸ ਖ਼ਿਲਾਫ ਮੁਕੱਦਮਾ ਦਰਜ ਕਰਨ ਮਗਰੋਂ ਉਨ੍ਹਾਂ ਦੇ ਸਮਰਥਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਸ੍ਰੀ ਬੈਂਸ ਦੇ ਸਮਰਥਨ ਵਿੱਚ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜੇ ਗਏ। ਇਥੋਂ ਦੇ ਲਲਹੇੜੀ ਚੌਕ ਵਿੱਚ ਹੋਏ ਮੁਜਾਹਰੇ ਦੀ ਅਗਵਾਈ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣਾਂ ਲੜਨ ਵਾਲੇ ਮਨਵਿੰਦਰ ਸਿੰਘ ਗਿਆਸਪੁਰਾ ਤੇ ਲਿਪ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕੰਗ ਨੇ ਕੀਤੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਦੇ ਹੋਏ ਬੈਂਸ ਖ਼ਿਲਾਫ਼ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All