ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀਆਂ ਵੱਲੋਂ ਫੋਕਲ ਪੁਆਇੰਟ ਦਾ ਦੌਰਾ

ਫੋਕਲ ਪੁਆਇੰਟ ’ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੇਈ ਧਰਮਵੀਰ ਸਿੰਘ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ।

ਜੋਗਿੰਦਰ ਸਿੰਘ ਓਬਰਾਏ ਖੰਨਾ, 13 ਫਰਵਰੀ ਇਥੋਂ ਦੇ ਅਮਲੋਹ ਰੋਡ ’ਤੇ ਪੈਂਦੇ ਵਾਰਡ ਨੰਬਰ-12 ਦੇ ਵੱਖ-ਵੱਖ ਇਲਾਕਿਆਂ ਵਿੱਚ ਫੋਕਲ ਪੁਆਇੰਟ ਦੇ ਗੰਦੇ ਅਤੇ ਤੇਜ਼ਾਬੀ ਪਾਣੀ ਦੇ ਓਵਰਫਲੋਅ ਹੋ ਜਾਣ ਕਾਰਨ ਆਉਂਦੀ ਗੰਦੀ ਬਦਬੂ ਦੀ ਸ਼ਿਕਾਇਤ ਮਿਲਣ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੇਈ ਧਰਮਵੀਰ ਸਿੰਘ ਨੇ ਆਪਣੀ ਟੀਮ ਸਮੇਤ ਵੱਖ-ਵੱਖ ਇਲਾਕਿਆਂ ਅਤੇ ਫੋਕਲ ਪੁਆਇੰਟ ਦੇ ਪਾਣੀ ਦੀ ਨਿਕਾਸੀ ਲਈ ਬਣੇ ਡਿਸਪੋਜ਼ਲ ਦਾ ਦੌਰਾ ਕੀਤਾ। ਉਨ੍ਹਾਂ ਜਾਂਚਿਆ ਕਿ ਗੰਦਲੇ ਪਾਣੀ ਦੀ ਜਿਹੜੀ ਬਦਬੂ ਫੋਕਲ ਪੁਆਇੰਟ ਵਿਚ ਆਉਂਦੀ ਹੈ ਉਹੀ ਮੁਹੱਲਿਆਂ ਵਿੱਚ ਵੀ ਹੈ। ਇਸ ਸਬੰਧੀ ਉਨ੍ਹਾਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਕਿਹਾ ਕਿ ਫੋਕਲ ਪੁਆਇੰਟ ਦੇ ਗੰਦੇ ਪਾਣੀ ਦੀ ਨਿਕਾਸੀ ਰਿਹਾਇਸ਼ੀ ਇਲਾਕਿਆਂ ਦੇ ਸੀਵਰੇਜ ਪੁਆਇੰਟਾਂ ਨਾਲ ਜੋੜਣੀ ਬਿਲਕੁੱਲ ਗਲਤ ਹੈ। ਇਸ ਲਈ ਜਾਂ ਤਾਂ ਫੋਕਲ ਪੁਆਇੰਟ ‘ਚ ਹੀ ਡਿਸਪੋਜ਼ਲ ਨਜਦੀਕ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇ ਜਾਂ ਫਿਰ ਸਿੱਧੀ ਐਸਟੀਪੀ ਨਾਲ ਵੱਖਰੀ ਲਾਈਨ ਪਾ ਕੇ ਜੋੜਿਆ ਜਾਵੇ। ਇਸ ਮੌਕੇ ਕੌਂਸਲਰ ਗੁਰਮੀਤ ਨਾਗਪਾਲ, ਨਗਰ ਕੌਂਸਲ ਦੇ ਐਮ.ਈ.ਕੁਲਵਿੰਦਰ ਸਿੰਘ, ਜੇ.ਈ ਅਜੇ ਕੁਮਾਰ, ਸੀਵਰੇਜ ਬੋਰਡ ਦੇ ਜੇਈ ਪਰਮਜੀਤ ਸਿੰਘ, ਕੌਂਸਲ ਕਰਮਚਾਰੀ ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 12 ਦੇ ਕੌਂਸਲਰ ਗੁਰਮੀਤ ਨਾਗਪਾਲ ਅਤੇ ਮੁਹੱਲਾ ਵਾਸੀਆਂ ਵੱਲੋਂ ਉਕਤ ਗੰਦੇ ਬਦਬੂਦਾਰ ਪਾਣੀ ਦੀ ਸਮੱਸਿਆ ਦੇ ਹੱਲ ਲਈ ਵੱਖ-ਵੱਖ ਅਧਿਕਾਰੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਸਨ, ਜਿਸ ਦੇ ਆਧਾਰ ’ਤੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਗਿਆ। ਜੇਈ ਧਰਮਵੀਰ ਸਿੰਘ ਨੇ ਉਕਤ ਸਾਰੇ ਮਾਮਲੇ ਦਾ ਜਾਇਜ਼ਾ ਲੈਣ ਉਪਰੰਤ ਆਪਣੀ ਰਿਪੋਰਟ ਬੋਰਡ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਵਿਭਾਗ ਦੀ ਟੀਮ ਫੋਕਲ ਪੁਆਇੰਟ ਦੀਆਂ ਫੈਕਟਰੀਆਂ ਦੇ ਸੈਂਪਲ ਲੈਣ ਲਈ ਆਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All