ਪੁਲੀਸ ਨੇ ਹਸਪਤਾਲ ਸਟਾਫ਼ ਮੈਂਬਰ ਨੂੰ ਡਿਊਟੀ ਜਾਣ ਤੋਂ ਰੋਕਿਆ

ਪੁਲੀਸ ਦੇ ਰਵੱਈਏ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਸਿਹਤ ਮੁਲਾਜ਼ਮ।

ਡੀ.ਪੀ.ਐੱਸ ਬੱਤਰਾ ਸਮਰਾਲਾ, 24 ਮਾਰਚ ਅੱਜ ਸ਼ਹਿਰ ਵਿਚ ਮਾਹੌਲ ਉਸ ਵੇਲੇ ਵਿਗੜਾ ਹੋਇਆ ਦਿਖਾਈ ਦਿੱਤਾ ਜਦੋਂ ਮੇਨ ਚੌਕ ਵਿਚ ਕੁਝ ਪੁਲੀਸ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਸਮਰਾਲਾ ਵਿਚ ਡਿਊਟੀ ’ਤੇ ਜਾ ਰਹੇ ਸਟਾਫ਼ ਮੈਂਬਰ ਨਾਲ ਕਥਿਤ ਤੌਰ ’ਤੇ ਬਦਕਲਾਮੀ ਕਰਦੇ ਹੋਏ ਉਸ ਨੂੰ ਡਿਊਟੀ ’ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲੀਸ ਵੱਲੋਂ ਰੋਕੇ ਸਟਾਫ਼ ਮੈਂਬਰ ਨੇ ਆਪਣੀ ਸਨਾਖ਼ਤ ਵੀ ਪੁਲੀਸ ਨੂੰ ਦਿਖਾਉਂਦੇ ਹੋਏ ਹਸਪਤਾਲ ਵਿਚ ਡਿਊਟੀ ਉੱਤੇ ਜਾਣ ਦੀ ਗੱਲ ਆਖੀ, ਪਰ ਫਿਰ ਵੀ ਪੁਲੀਸ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਰਹੀ। ਪੁਲੀਸ ’ਤੇ ਇਸ ਸਟਾਫ਼ ਮੈਂਬਰ ਨੇ ਕਥਿਤ ਤੌਰ ’ਤੇ ਇਹ ਵੀ ਦੋਸ਼ ਲਗਾਇਆ ਹੈ, ਕਿ ਉਹ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਡਿਊਟੀ ਕਰਨ ਲਈ ਜਾ ਰਹੇ ਹਾਂ ਅਤੇ ਉੱਤੋਂ ਪੁਲੀਸ ਨੇ ਉਸ ਨੂੰ ਡੰਡੇ ਮਾਰਨ ਤੱਕ ਦੀ ਧਮਕੀ ਦੇ ਦਿੱਤੀ। ਇਸ ਖਫ਼ਾ ਹੋ ਕੇ ਸਿਹਤ ਵਿਭਾਗ ਦੇ ਮੁਲਾਜ਼ਮ ਨੇ ਹਸਪਤਾਲ ਵਿਚ ਹਾਜ਼ਰ ਬਾਕੀ ਸਟਾਫ਼ ਅਤੇ ਐੱਸਐੱਮਓ ਨੂੰ ਦਿੱਤੀ। ਪੁਲੀਸ ਦੀ ਇਸ ਕਾਰਵਾਈ ਦਾ ਪਤਾ ਲਗਦੇ ਹੀ ਵੱਡੀ ਗਿਣਤੀ ਵਿਚ ਸਿਵਲ ਹਸਪਤਾਲ ਦਾ ਮੈਡੀਕਲ ਅਤੇ ਹੋਰ ਸਟਾਫ਼ ਕੁਝ ਦੇਰ ਵਿਚ ਹੀ ਘਟਨਾ ਵਾਲੀ ਥਾਂ ’ਤੇ ਪੁੱਜ ਗਿਆ ਅਤੇ ਰੋਸ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਆਪਣੇ ਰੋਕੇ ਗਏ ਸਾਥੀ ਨੂੰ ਛੁਡਵਾ ਕੇ ਹਸਪਤਾਲ ਲਿਆਂਦਾ। ਇਸ ਦੌਰਾਨ ਹਸਪਤਾਲ ਸਟਾਫ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਡਿਊਟੀ ਛੱਡਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨਾਲ ਅਜਿਹਾ ਹੀ ਸਲੂਕ ਕੀਤਾ ਜਾਣਾ ਹੈ, ਤਾਂ ਹਸਪਤਾਲਾਂ ਦਾ ਪ੍ਰਬੰਧ ਵੀ ਪੁਲੀਸ ਹੀ ਸੰਭਾਲ ਲਵੇ। ਉਧਰ, ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਸਮਰਾਲਾ ਦੀ ਐੱਸਐੱਮਓ ਡਾ. ਗੀਤਾ ਕਟਿਆਰ ਨੇ ਦੱਸਿਆ ਕਿ ਜਿਵੇ ਹੀ ਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ ਪੁਲੀਸ ਵੱਲੋਂ ਰੋਕੇ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਡੀਐੱਸਪੀ ਨੂੰ ਇਸ ਦੀ ਜਾਣਕਾਰੀ ਦਿੱਤੀ, ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਹ ਮਾਮਲਾ ਹੱਲ ਹੋ ਗਿਆ ਹੈ। ਉੱਧਰ ਐਮਰਜੈਂਸੀ ਸੇਵਾਵਾਂ ਨਿਭਾ ਰਹੇ ਸਿਵਲ ਹਸਪਤਾਲ ਦੇ ਸਟਾਫ ਨੇ ਪੁਲੀਸ ਦੇ ਵਿਵਹਾਰ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਜੇ ਪੁਲੀਸ ਉਨ੍ਹਾਂ ਨਾਲ ਇਸ ਤਰ੍ਹਾਂ ਹੀ ਪੇਸ਼ ਆਉਂਦੇ ਹੋਏ ਪ੍ਰੇਸ਼ਾਨ ਕਰੇਗੀ ਤਾਂ ਉਹ ਘਰ ਬੈਠਣ ਲਈ ਮਜਬੂਰ ਹੋਣਗੇ।

ਸ਼ਨਾਖ਼ਤ ਪੁੱਛਣ ’ਤੇ ਮਾਮੂਲੀ ਬਹਿਸ ਹੋਈ: ਡੀਐੱਸਪੀ

ਡੀਐੱਸਪੀ ਸਮਰਾਲਾ ਹਰਿੰਦਰ ਸਿੰਘ ਮਾਨ ਨੇ ਵੀ ਅੱਜ ਚੌਕ ਵਿਚ ਮੈਡੀਕਲ ਸਟਾਫ ਨੂੰ ਰੋਕੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਪੁਲੀਸ ਮੁਲਾਜ਼ਮਾਂ ਨੇ ਤਾਂ ਸਨਾਖ਼ਤ ਪੁੱਛਣ ਲਈ ਹੀ ਇਨ੍ਹਾਂ ਨੂੰ ਰੋਕਿਆ ਸੀ ਅਤੇ ਉੱਥੇ ਆਪਸ ਵਿਚ ਇਨ੍ਹਾਂ ਦੀ ਮਾਮੂਲੀ ਬਹਿਸ ਵੀ ਹੋ ਗਈ। ਉਨ੍ਹਾਂ ਕਿਹਾ ਕਿ ਐੱਸਐੱਮਓ ਵੱਲੋਂ ਉਨ੍ਹਾਂ ਨੂੰ ਫੋਨ ’ਤੇ ਜਾਣਕਾਰੀ ਦੇਣ ਤੋਂ ਬਾਅਦ ਤੁਰੰਤ ਇਹ ਮਸਲਾ ਹੱਲ ਕਰ ਲਿਆ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All