ਨਿਰਮਾਣ ਕਾਰਜ ਮੁਕੰਮਲ ਨਾ ਕਰਨ ਵਾਲੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 12 ਜਨਵਰੀ

ਨਿਰਮਾਣ ਕਾਰਜ਼ ਮੁਕੰਮਲ ਨਾ ਹੋਣ ਕਾਰਨ ਦਿਖਾਈ ਦੇ ਰਹੀ ਖਸਤਾ ਹਾਲਤ ਲਿੰਕ ਸੜਕ।

ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਆਪਣੇ ਹਲਕੇ ਖਾਸ ਕਰ ਮਾਛੀਵਾੜਾ ਬੇਟ ਖੇਤਰ ਦੀਆਂ ਲਿੰਕ ਸੜਕਾਂ ਦਾ ਮੁਰੰਮਤ ਕਾਰਜ ਅੱਧਵਾਟੇ ਛੱਡਣ ਵਾਲੇ ਠੇਕੇਦਾਰ ਖਿਲਾਫ਼ ਪ੍ਰਸਾਸ਼ਨ ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੇ ਠੇਕੇਦਾਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਕੰਮ ਅਧੂਰਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੋਂ ਤਿੰਨ ਸਾਲ ਪਹਿਲਾਂ ਕਾਂਗਰਸ ਸਰਕਾਰ ਦੇ ਸੱਤਾ ਸੰਭਾਲਣ ਤੋਂ ਕੁੱਝ ਮਹੀਨੇ ਬਾਅਦ ਹੀ ਪਹਿਲੇ ਪੜਾਅ ਤਹਿਤ ਹਲਕਾ ਸਮਰਾਲਾ ਦੀਆਂ 140 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਸੀ। ਵਿਧਾਇਕ ਢਿੱਲੋਂ ਵਲੋਂ ਸੜਕਾਂ ਦੀ ਮੁਰੰਮਤ ਬੜੇ ਹੀ ਜੋਸ਼ੋ-ਖਰੋਸ਼ ਨਾਲ ਸ਼ੁਰੂ ਕਰਵਾਇਆ ਸੀ ਕਿ ਪਰ ਨਿਰਮਾਣ ਕਰਨ ਵਾਲੇ 2 ਠੇਕੇਦਾਰਾਂ ਵਲੋਂ ਇਹ ਮੁਰੰਮਤ ਕਾਰਜ਼ ਐਨੀ ਧੀਮੀ ਗਤੀ ਨਾਲ ਕੀਤੇ ਕਿ 2 ਸਾਲ ਬੀਤਣ ਦੇ ਬਾਵਜੂਦ ਇਨ੍ਹਾਂ ਦਾ ਕੰਮ ਮੁਕੰਮਲ ਨਾ ਹੋਇਆ। ਲੋਕ ਨਿਰਮਾਣ ਵਿਭਾਗ ਅਨੁਸਾਰ ਪਹਿਲੇ ਪੜਾਅ ਦੀਆਂ 140 ਕਿਲੋਮੀਟਰ ਲੰਬੀਆਂ ਸੜਕਾਂ ’ਚੋਂ 100 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਗਿਆ ਜਦੋਂਕਿ 40 ਕਿਲੋਮੀਟਰ ਅਜਿਹੀਆਂ ਸੜਕਾਂ ਹਨ ਜਿਨ੍ਹਾਂ ਉਪਰ ਠੇਕੇਦਾਰ ਨੇ ਪੱਥਰ ਤਾਂ ਵਿਛਾ ਦਿੱਤਾ ਪਰ ਪ੍ਰੀਮਿਕਸ ਨਾ ਪਾਉਣ ਕਾਰਨ ਇਹ ਵਿਛਾਇਆ ਪੱਥਰ ਵੀ ਖੇਰੂੰ-ਖੇਰੂੰ ਹੋ ਗਿਆ ਜੋ ਕਿ ਲੋਕਾਂ ਲਈ ਹਾਦਸਿਆਂ ਤੇ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੂਸਰੇ ਪੜਾਅ ਤਹਿਤ ਹਲਕਾ ਸਮਰਾਲਾ ਦੀਆਂ 75 ਕਿਲੋਮੀਟਰ ਲੰਬੀਆਂ ਸੜਕਾਂ ਦਾ ਟੈਂਡਰ ਹੋਇਆ ਸੀ ਜਿਨ੍ਹਾਂ ਵਿੱਚੋਂ 35 ਕਿਲੋਮੀਟਰ ਸੜਕਾਂ ਦਾ ਮੁਰੰਮਤ ਕਾਰਜ ਹੀ ਮੁਕੰਮਲ ਹੋਇਆ। ਦੂਜੇ ਪੜਾਅ ਦੀਆਂ ਸੜਕਾਂ ਦਾ ਨਿਰਮਾਣ ਕਾਰਜ਼ ਮੁਕੰਮਲ ਕਰਨ ਦੀ ਮਿਤੀ 30 ਜੂਨ 2020 ਦੱਸੀ ਜਾ ਰਹੀ ਹੈ। ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸੜਕਾਂ ਦੇ ਅਧੂਰੇ ਪਏ ਨਿਰਮਾਣ ਕਾਰਜ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋਕ ਨਿਰਮਾਣ ਵਿਭਾਗ ਤੇ ਪ੍ਰਸਾਸ਼ਨ ਨਾਲ ਮੀਟਿੰਗ ਕਰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜੇ ਠੇਕੇਦਾਰ ਵੱਲੋਂ ਇਹ ਕੰਮ ਮੁਕੰਮਲ ਨਹੀਂ ਕੀਤਾ ਜਾ ਰਿਹਾ ਤਾਂ ਉਸ ਨੂੰ ਬਲੈਕ ਲਿਸਟ ਕਰ ਮੁੜ ਟੈਂਡਰ ਲਗਾਏ ਜਾਣ ਕਿਉਂਕਿ ਬੇਟ ਖੇਤਰ ਦੀਆਂ ਲਿੰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ ਜਿਨ੍ਹਾਂ ਦੀ ਸੁਧਾਰ ਜ਼ਰੂਰੀ ਹੈ। ਦੂਸਰੇ ਪਾਸ ਲੋਕ ਨਿਰਮਾਣ ਵਿਭਾਗ ਵੱਲੋਂ ਵੀ ਲਿੰਕ ਸੜਕਾਂ ਦਾ ਕੰਮ ਅੱਧਵਾਟੇ ਛੱਡਣ ਵਾਲੇ ਠੇਕੇਦਾਰ ਨੂੰ ਕਰੀਬ 7 ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਠੋਕਿਆ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਫੁਰਮਾਨ ਜਾਰੀ ਕਰ ਦਿੱਤਾ ਹੈ ਕਿ ਜੇ ਉਸ ਨੇ ਕੁਝ ਦਿਨਾਂ ’ਚ ਸੜਕਾਂ ’ਤੇ ਬਿਖਰੇ ਪੱਥਰ ਦੀ ਮੁਰੰਮਤ ਜਲਦੀ ਨਾ ਕਰਕੇ ਸਰਦ ਰੁੱਤ ਖਤਮ ਹੁੰਦਿਆਂ ਸੜਕਾਂ ’ਤੇ ਪ੍ਰੀਮਿਕਸ ਨਾ ਪਾਇਆ ਤਾਂ ਜ਼ੁਰਮਾਨਾ ਵਸੂਲਣ ਤੋਂ ਇਲਾਵਾ ਬਲੈਕ ਲਿਸਟ ਕਰ ਇਹ ਟੈਂਡਰ ਮੁੜ ਲਗਾ ਦਿੱਤੇ ਜਾਣਗੇ। ਵਿਧਾਇਕ ਢਿੱਲੋਂ ਦੇ ਅਧੂਰੇ ਪਏ ਸੜਕਾਂ ਦੇ ਨਿਰਮਾਣ ਕਾਰਜ ਪ੍ਰਤੀ ਸਖ਼ਤ ਰਵੱਈਏ ਅਤੇ ਸਬੰਧਿਤ ਵਿਭਾਗ ਦੇ ਹਰਕਤ ’ਚ ਆਉਣ ਨਾਲ ਆਸ ਬੱਝੀ ਹੈ ਕਿ ਜਲਦ ਹੀ ਅਧੂਰੇ ਪਏ ਨਿਰਮਾਣ ਕਾਰਜ਼ ਸਰਦ ਰੁੱਤ ਖਤਮ ਹੁੰਦਿਆਂ ਹੀ ਮੁਕੰਮਲ ਹੋ ਜਾਣਗੇ।

ਨਗਰ ਕੌਂਸਲਾਂ ’ਚ ਵੀ ਟੈਂਡਰ ਲੈ ਕੇ ਕੰਮ ਨਾ ਕਰਨ ਵਾਲੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਲੋਕ ਨਿਰਮਾਣ ਵਿਭਾਗ ਤੋਂ ਇਲਾਵਾ ਹਲਕਾ ਸਮਰਾਲਾ ਅਧੀਨ ਪੈਂਦੀਆਂ 2 ਨਗਰ ਕੌਂਸਲਾਂ ਮਾਛੀਵਾੜਾ ਤੇ ਸਮਰਾਲਾ ਵਿਚ ਵੀ ਸਰਕਾਰ ਵੱਲੋਂ ਆਈਆਂ ਗ੍ਰਾਂਟਾ ਦੇ ਟੈਂਡਰ ਹੋਣ ਦੇ ਬਾਵਜੂਦ ਕੰਮ ਨਾ ਕਰਨ ਵਾਲੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਦੋਵੇਂ ਸ਼ਹਿਰਾਂ ਵਿੱਚ ਟੈਂਡਰ ਹੋਣ ਦੇ ਬਾਵਜ਼ੂਦ ਕੰਮ ਨਾ ਕਰਨ ਵਾਲੇ ਠੇਕੇਦਾਰਾਂ ਦੀ ਸੂਚੀ ਮੰਗਵਾਈ ਹੈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇ ਠੇਕੇਦਾਰ ਕੰਮ ਨਹੀਂ ਕਰਦੇ ਤਾਂ ਉਨ੍ਹਾਂ ਦੀ ਸੂਚੀ ਤਿਆਰ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੁੜ ਟੈਂਡਰ ਲਗਾ ਕੇ ਨਿਰਮਾਣ ਕਾਰਜ਼ ਜਲਦ ਸ਼ੁਰੂ ਕਰਵਾਏ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All