ਤਿੰਨ ਦਿਨਾਂ ਤੋਂ ਲਾਪਤਾ ਔਰਤ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 10 ਨਵੰਬਰ

ਮ੍ਰਿਤਕਾ ਦੇਵੀ ਸਰਾਂ ਦੀ ਪੁਰਾਣੀ ਤਸਵੀਰ

ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਚੱਲ ਰਹੀ ਔਰਤ ਦੀ ਖੂਨ ਨਾਲ ਲਿਬੜੀ ਲਾਸ਼ ਅੱਜ ਸਵੇਰੇ ਮੁੰਡੀਆਂ ਦੇ ਰਾਮ ਨਗਰ ਇਲਾਕੇ ਵਿੱਚ ਖਾਲੀ ਪਲਾਟ ਵਿੱਚੋਂ ਮਿਲੀ। ਔਰਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਖਾਲੀ ਪਲਾਟ ’ਚ ਸੁੱਟੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਕਿਸੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ ਤੇ ਇਨ੍ਹਾਂ ਨਾਜਾਇਜ਼ ਸਬੰਧਾਂ ਕਾਰਨ ਹੀ ਉਸ ਦਾ ਕਤਲ ਹੋਇਆ ਹੈ। ਮ੍ਰਿਤਕਾ ਦੀ ਪਛਾਣ ਮੁੰਡੀਆਂ ਦੇ ਰਾਮ ਨਗਰ ਇਲਾਕੇ ਦੀ ਰਹਿਣ ਵਾਲੀ ਦੇਵੀ ਸਰਾਂ ਦੇ ਰੂਪ ਵਿਚ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ, ਫਿੰਗਰ ਪ੍ਰਿੰਟ ਮਾਹਿਰ, ਸੀਆਈਏ ਤੇ ਡਾਗ ਸਕੁਐਡ ਦੀ ਟੀਮ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਮਾਮਲੇ ‘ਚ ਪੁਲੀਸ ਨੇ ਦੇਵੀ ਸਰਾਂ ਦੇ ਲੜਕੇ ਦੀ ਸ਼ਿਕਾਇਤ ’ਤੇ ਰਾਮ ਨਗਰ ਵਾਸੀ ਸੇਠੀ ਕੁਮਾਰ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਇਤ ਅਨੁਸਾਰ ਉਹ ਮੂਲ ਰੂਪ ਤੋਂ ਨੇਪਾਲ ਦੇ ਰਹਿਣ ਵਾਲੇ ਹਨ ਅਤੇ 2001 ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ। ਉਹ ਇਲਾਕੇ ਵਿੱਚ ਹੀ ਸਥਿਤ ਨਿੱਜੀ ਸਕੂਲ ’ਚ 11ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਨੀਮ ਬਹਾਦੁਰ ਫੋਕਲ ਪੁਆਇੰਟ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ। 8 ਨਵੰਬਰ ਨੂੰ ਦੇਵੀ ਸਰਾਂ ਬਿਨਾ ਕੁਝ ਦੱਸੇ ਘਰ ਤੋਂ ਕਿਤੇ ਚਲੀ ਗਈ ਸੀ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਮਾਂ ਦੇ ਸੇਠੀ ਕੁਮਾਰ ਨਾਲ ਨਾਜਾਇਜ਼ ਸਬੰਧ ਸਨ। ਪਹਿਲਾਂ ਵੀ ਉਸ ਦੇ ਪਿਤਾ ਨੇ ਦੋਹਾਂ ਨੂੰ ਇੱਕ ਨਾਲ ਫੜਿਆ ਸੀ, ਪਰ ਮੁਲਜ਼ਮ ਸੇਠੀ ਕੁਮਰ ਮੁਆਫ਼ੀ ਮੰਗ ਕੇ ਆਪਣਾ ਪਿੱਛਾ ਛੁਡਵਾ ਗਿਆ ਸੀ। ਨੀਮ ਬਹਾਦੁਰ ਨੇ ਦੱਸਿਆ ਕਿ ਉਸ ਦੀ ਪਤਨੀ ਦੇਵੀ ਸਰਾਂ ਉਸ ਦਾ ਬਿਲਕੁਲ ਕਹਿਣਾ ਨਹੀਂ ਮੰਨਦੀ ਸੀ। ਉਹ ਅਕਸਰ ਘਰੋਂ ਬਿਨਾ ਕੁਝ ਦੱਸੇ ਚਲੀ ਜਾਂਦੀ ਸੀ। ਦੋ ਦਿਨਾਂ ਤੋਂ ਉਹ ਘਰ ਨਹੀਂ ਆਈ ਤਾਂ ਉਹ ਲੱਭ ਰਹੇ ਸਨ। ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੀ ਪਤਨੀ ਦੀ ਲਾਸ਼ ਖੂਨ ਨਾਲ ਲਥਪਥ ਪਈ ਹੈ। ਉਨ੍ਹਾਂ ਅਨੁਸਾਰ ਸੇਠੀ ਕੁਮਾਰ ਨੇ ਹੀ ਦੇਵੀ ਸਰਾਂ ਦਾ ਕਤਲ ਕੀਤਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਦੇਵੀ ਸਰਾਂ ਨਸ਼ਾ ਵੀ ਕਰਦੀ ਸੀ। ਚੌਕੀ ਮੁੰਡੀਆ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਦੌਰਾਨ ਸ਼ੱਕ ਹੈ ਕਿ ਦੇਵੀ ਸਰਾਂ ਦੀ ਮੌਤ ਕੁੱਟਮਾਰ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਸੇਠੀ ਕੁਮਾਰ ਹਾਲੇ ਫ਼ਰਾਰ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All