ਆਟੋ ’ਚ ਬੈਠੀਆਂ ਸਵਾਰੀਆਂ ਨੂੰ ਸੁੰਨਸਾਨ ਜਗ੍ਹਾ ’ਤੇ ਰੋਕ ਕੇ ਕਰਦੇ ਸਨ ਲੁੱਟ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 13 ਫਰਵਰੀ ਆਟੋ ’ਚ ਬੈਠੀਆਂ ਸਵਾਰੀਆਂ ਨੂੰ ਸੁੰਨਸਾਨ ਜਗ੍ਹਾ ’ਤੇ ਰੋਕ ਕੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਸੀਆਈਏ ਦੀ ਪੁਲੀਸ ਨੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਡਾਬਾ ਰੋਡ ਜੈਨ ਦਾ ਠੇਕਾ ਕੋਲ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਵੱਖ-ਵੱਖ ਕੰਪਨੀਆਂ ਦੇ ਦੋ ਮੋਬਾਈਲ ਫੋਨ, ਇੱਕ ਪਰਸ, ਏਟੀਐੱਮ ਕਾਰਡ ਤੇ ਵਾਰਦਾਤਾਂ ’ਚ ਵਰਤਿਆ ਜਾਣ ਵਾਲਾ ਆਟੋ ਬਰਾਮਦ ਕੀਤਾ ਹੈ। ਪੁਲੀਸ ਨੇ ਥਾਣਾ ਡਾਬਾ ’ਚ ਮੁਹੱਲਾ ਬਸੰਤ ਨਗਰ ਵਾਸੀ ਮਨਪ੍ਰੀਤ ਸਿੰਘ ਮੰਗਾ ਤੇ ਵਿਜੇ ਕੁਮਾਰ ਬਿੱਟੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਚ ਲੱਗੀ ਹੋਈ ਹੈ। ਸੀਆਈਏ ਦੇ ਇੰਚਾਰਜ ਐੱਸਆਈ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ’ਚ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਟੋ ’ਚ ਬੈਠੀਆਂ ਸਵਾਰੀਆਂ ਤੋਂ ਲੁੱਟਖੋਹ ਕਰਦੇ ਹਨ ਤੇ ਇਸ ਸਮੇਂ ਵੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਜੈਨ ਦੇ ਠੇਕਾ ਦੇ ਕੋਲ ਨਾਕਾਬੰਦੀ ਕਰ ਲਈ ਤੇ ਉਥੋਂ ਲੰਘ ਰਹੇ ਆਟੋ ਸਵਾਰ ਦੋਹਾਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਆਟੋ ਹੀ ਭਜਾਉਣਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਸਾਮਾਨ ਬਰਾਮਦ ਕੀਤਾ। ਪੁਲੀਸ ਅਨੁਸਾਰ ਮੁਲਜ਼ਮ ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਵੱਖ-ਵੱਖ ਥਾਵਾਂ ਤੋਂ ਰਾਤ ਨੂੰ ਸਵਾਰੀਆਂ ਬਿਠਾ ਲੈਂਦੇ ਸਨ। ਰਸਤੇ ’ਚ ਜਿੱਥੇ ਸੁੰਨਸਾਨ ਥਾਂ ਹੁੰਦੀ ਸੀ, ਉਥੇਂ ਹਥਿਆਰਾਂ ਦੀ ਨੋਕ ’ਤੇ ਸਵਾਰੀ ਤੋਂ ਲੁੱਟਖੋਹ ਕਰ ਉਹ ਫ਼ਰਾਰ ਹੋ ਜਾਂਦੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਇਲਾਕੇ ’ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All