‘ਸੂਰਜ ਦੀ ਅੱਖ’ ਦੀ ਚਮਕ

ਪ੍ਰਿੰ. ਸਰਵਣ ਸਿੰਘ ਸਾਲ ਕੁ ਪਹਿਲਾਂ ਨਾਵਲਕਾਰ ਬਲਦੇਵ ਸਿੰਘ ਡਾਢਾ ਪਰੇਸ਼ਾਨ ਸੀ। ਉਹ ਦੁਖੀ ਹੋਇਆ ਕਹਿ ਰਿਹਾ ਸੀ ਕਿ ਮੈਂ ਮੁੜ ਕੇ ਸਿੱਖ ਇਤਿਹਾਸ ਦੇ ਯੋਧਿਆਂ ਦੀ ਬਾਤ ਨਹੀਂ ਪਾਵਾਂਗਾ। ਉਹ ਮੈਨੂੰ ਮੁਆਫ਼ ਕਰ ਦੇਣ! ਸਾਹਿਤ ਅਕਾਡਮੀ ਦੇ ਸਨਮਾਨਿਤ ਲੇਖਕ ਦਾ ਇਹ ਹਾਲ ਸੋਚੀਂ ਪਾਉਣ ਵਾਲਾ ਸੀ। ਨਾਮੀਂ ‘ਆਲੋਚਕ’ ਨਾਵਲ ਬਾਰੇ ਕੁਝ ਕਹਿਣ ਦੀ ਥਾਂ ਚੁੱਪ ਕਰ ਗਏ ਸਨ। ਕੁਝ ਇਕਨਾਂ ਨੇ ਹਾਅ ਦਾ ਨਾਅਰਾ ਜ਼ਰੂਰ ਮਾਰਿਆ। ਇਹ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਦੇ ਸਿਰੜੀ ਲੇਖਕ ਬਲਦੇਵ ਸਿੰਘ ਨੂੰ ਵੈਨਕੂਵਰ ਦੇ ਸਾਹਿਤ ਪ੍ਰੇਮੀਆਂ ਨੇ 25 ਹਜ਼ਾਰ ਡਾਲਰ ਦੇ ਢਾਹਾਂ ਪੁਰਸਕਾਰ ਨਾਲ ਨਿਵਾਜਿਆ ਹੈ। ਮਹਾਰਾਜਾ ਰਣਜੀਤ ਸਿੰਘ ਬਾਰੇ 600 ਪੰਨਿਆਂ ਦਾ ਲਿਖਿਆ ਵਿਵਾਦਤ ਨਾਵਲ ‘ਸੂਰਜ ਦੀ ਅੱਖ’ ਹੀ ਇਸ ਦਾ ਸਬੱਬ ਬਣਿਆ ਹੈ। ਇੱਕੀ ਸਾਲ ਦੀ ਉਮਰ ਵਿੱਚ ਮਹਾਰਾਜਾ ਬਣਨ ਸਮੇਂ ਰਣਜੀਤ ਸਿੰਘ ਦੇ ਨਾਵਲ ਵਿਚਲੇ ਸੰਵਾਦ ਉਸ ਦੀ ਵਡਿਆਈ ਹੀ ਤਾਂ ਕਰ ਰਹੇ ਹਨ। ਲਿਖਿਆ ਹੈ: ਤਾਜਪੋਸ਼ੀ ਦੀ ਰਸਮ ਪੂਰੀ ਹੋ ਗਈ। ਬਾਬਾ ਸਾਹਿਬ ਸਿੰਘ ਬੇਦੀ ਨੇ ਸੰਮਨ ਬੁਰਜ ਅੰਦਰ ਪਏ ਮੁਗ਼ਲਾਂ ਦੇ ਤਖ਼ਤ ਉਪਰ ਰਣਜੀਤ ਸਿੰਘ ਨੂੰ ਬਿਰਾਜਮਾਨ ਹੋਣ ਲਈ ਕਿਹਾ। ਪਰ ਰਣਜੀਤ ਸਿੰਘ ਨੇ ਦ੍ਰਿੜ੍ਹਤਾ ਨਾਲ ਕਿਹਾ, ‘‘ਬਾਬਾ ਜੀ, ਖ਼ਿਮਾ ਕਰਨਾ, ਮੈਂ ਇਸ ਤਖ਼ਤ ਉਪਰ ਕਦੇ ਨਹੀਂ ਬੈਠਾਂਗਾ।’’ ਰਣਜੀਤ ਸਿੰਘ ਕਹਿੰਦਾ ਹੈ: - ‘‘ਮੈਂ ਇੱਕ ਸਿਰ ਨਾਲ ਨਹੀਂ, ਵਧੇਰੇ ਸਿਰਾਂ ਨਾਲ ਹਕੂਮਤ ਕਰਾਂਗਾ।’’ - ‘‘ਬਾਬਾ ਜੀ, ਫਿਰ ਵੀ ਮੈਂ ਇਸ ਤਖ਼ਤ ਉੱਪਰ ਨਹੀਂ ਬੈਠ ਸਕਦਾ, ਮੈਨੂੰ ਇਸ ਤਖ਼ਤ ਵਿੱਚੋਂ ਲੱਖਾਂ ਪੰਜਾਬੀ ਮਰਦ, ਔਰਤਾਂ, ਬੱਚਿਆਂ ਦੀਆਂ ਚੀਖਾਂ ਕੁਰਲਾਹਟਾਂ ਸੁਣਦੀਆਂ ਹਨ। ਲਹੂ ਰਿਸਦਾ ਦਿਸਦਾ ਹੈ।’’ - ‘‘ਸਿੰਘ ਸਾਹਿਬ ਜੀ, ਮੈਨੂੰ ਫਿਰ ਖ਼ਿਮਾ ਕਰਨਾ। ਮੈਂ ਤਾਜ ਨਹੀਂ ਪਹਿਨਾਂਗਾ। ਨਾ ਹੀ ਤਾਜ ਪਹਿਨ ਕੇ ਮੈਨੂੰ ‘ਮਹਾਰਾਜਾ’ ਅਖਵਾਉਣ ਦਾ ਸ਼ੌਕ ਹੈ। ਮੇਰੀ ਤਲਵਾਰ ਹੀ ਮੈਨੂੰ ਇਹ ਰੁਤਬਾ ਬਖ਼ਸ਼ਦੀ ਹੈ। ਬਾਹਰੀ ਵਿਖਾਵਿਆਂ ਦੀ ਮੈਨੂੰ ਕੋਈ ਲੋੜ ਨਹੀਂ। ਲੋਕਾਂ ਵੱਲੋਂ ‘ਸਿੰਘ ਸਾਹਿਬ’ ਅਖਵਾ ਕੇ ਮੈਂ ਵਧੇਰੇ ਖ਼ੁਸ਼ ਹੋਵਾਂਗਾ।’’ - ਪਿਸ਼ਾਵਰ ਉਪਰ ਕਬਜ਼ੇ ਤੋਂ ਬਾਅਦ ਰਣਜੀਤ ਸਿੰਘ ਨੇ ਐਲਾਨ ਕੀਤਾ, ‘‘ਕਿਸੇ ਵੀ ਸ਼ਹਿਰੀ ਨੂੰ ਤੰਗ ਨਹੀਂ ਕੀਤਾ ਜਾਏਗਾ। ਕਿਸੇ ਵੀ ਘਰ ਨੂੰ ਲੁੱਟਿਆ ਨਹੀਂ ਜਾਏਗਾ। ਪਿਸ਼ਾਵਰ ਦੇ ਬਸ਼ਿੰਦਿਆਂ ਦੀ ਜਾਇਦਾਦ ਅਤੇ ਜਾਨ-ਮਾਲ ਦੀ ਰਾਖੀ ਕੀਤੀ ਜਾਏਗੀ। ਲੋਕ ਪਹਿਲਾਂ ਵਾਂਗ ਹੀ ਕੰਮ-ਧੰਦੇ ਬਿਨਾਂ ਖ਼ੌਫ਼ ਕਰਦੇ ਰਹਿਣ।’’ - ਸੂਰਜ ਉਦੈ ਹੋ ਰਿਹਾ ਸੀ। ਰਣਜੀਤ ਸਿੰਘ ਨੇ ਵੇਖਿਆ, ਉਸ ਦੀਆਂ ਕਿਰਨਾਂ ਨੇ ਅਟਕ ਦੇ ਪਾਣੀ ਨੂੰ ਢਲੇ ਹੋਏ ਸੋਨੇ ਵਾਂਗ ਬਣਾ ਦਿੱਤਾ। ਕਿਨਾਰਿਆਂ ਉਪਰ ਜੰਗਲੀ ਫੁੱਲ ਖਿੜੇ ਹੋਏ ਸਨ। ਰਣਜੀਤ ਸਿੰਘ ਸੋਚਣ ਲੱਗਾ, ਦਿਨ ਢਲਦਿਆਂ ਹੀ ਇਹ ਫੁੱਲ ਮੁਰਝਾ ਜਾਣਗੇ। ਕੀ ਬੰਦੇ ਦਾ ਜੀਵਨ ਵੀ ਇਸ ਤਰ੍ਹਾਂ ਹੀ ਹੈ? - ਮੁਸਲਮਾਨਾਂ ਦੇ ਮੁਕਾਬਲੇ ਸਿੱਖ 7 % ਸਨ। ਚਾਲੀ ਸਾਲ ਘੱਟਗਿਣਤੀ ਰਾਜ ਕਰਦੀ ਰਹੀ। ਇੱਕ ਵੀ ਵਿਦਰੋਹ ਨਹੀਂ ਹੋਇਆ ਜਾਤੀ ਦੇ ਨਾਮ ’ਤੇ। ਇੱਕ ਵੀ ਅਜਿਹੀ ਘਟਨਾ ਨਹੀਂ ਵਾਪਰੀ ਕਿ ਮੁਸਲਮਾਨਾਂ ਨੇ ਕਿਹਾ ਹੋਵੇ, ਸਾਨੂੰ ਸਿੱਖ ਮਹਾਰਾਜਾ ਮਨਜ਼ੂਰ ਨਹੀਂ। - ਜੈਕਮਾਊਂਟ ਨੇ ਆਪਣੀ ਡਾਇਰੀ ਵਿੱਚ ਲਿਖਿਆ: ‘‘...ਉਹ ਕਮਾਲ ਦਾ ਇੰਡੀਅਨ ਹੈ। ਹਰ ਗੱਲ ਜਾਨਣੀ ਚਾਹੁੰਦਾ ਹੈ। ਉਹ ਹੈਰਾਨ ਕਰਨ ਵਾਲੇ ਸੁਆਲ ਪੁੱਛਦਾ ਹੈ। ਅੰਗਰੇਜ਼ਾਂ ਬਾਰੇ, ਨੈਪੋਲੀਅਨ ਬਾਰੇ, ਰੂਸ ਬਾਰੇ, ਯੂਰਪ ਬਾਰੇ, ਸੰਸਾਰ ਬਾਰੇ, ਅਗਲੀ ਦੁਨੀਆ ਬਾਰੇ, ਸਵਰਗ ਬਾਰੇ, ਨਰਕ ਬਾਰੇ, ਰੱਬ ਬਾਰੇ, ਸ਼ੈਤਾਨ ਬਾਰੇ...।’’ - ਰਾਤ ਨੂੰ ਜੰਗਲ ਵਿੱਚ ਭਟਕਦੀ ਸ਼ੇਰਨੀ ਕੁਰਲਾ ਰਹੀ ਸੀ। ਮਹਾਰਾਜਾ ਸ਼ਿਕਾਰ ਖੇਡਣ ਪਿੱਛੋਂ ਆਪਣੇ ਤੰਬੂ ਵਿੱਚ ਸੌਣ ਦੀ ਤਿਆਰੀ ਕਰ ਰਿਹਾ ਸੀ। ਸੈਨਿਕ ਨੇ ਦੱਸਿਆ, ‘‘ਸ਼ੇਰ ਦਾ ਜਿਹੜਾ ਬੱਚਾ ਅਸੀਂ ਪਕੜਿਆ ਹੈ, ਇਹ ਰੋਂਦੀ ਆਵਾਜ਼ ਇਸ ਬੱਚੇ ਦੀ ਮਾਂ ਦੀ ਹੈ।’’ ‘‘ਔਹ, ਇਸ ਬੱਚੇ ਦੀ ਮਾਂ!’’ ਕੂਲਾ ਜਿਹਾ ਬਲੂੰਗੜਾ ਬੱਚਾ ਮਹਾਰਾਜੇ ਦੇ ਕੋਲ ਸੀ। ‘‘ਹਾਂ ਮਹਾਰਾਜ, ਏਧਰ ਓਧਰ ਭਟਕ ਰਹੀ ਹੈ ਤੇ ਕੁਰਲਾ ਰਹੀ ਹੈ।’’ ‘‘ਆਖ਼ਰ ਮਾਂ ਹੈ ਨਾ। ਬੱਚੇ ਲਈ ਤੜਪ ਰਹੀ ਹੈ।’’ ਰਣਜੀਤ ਸਿੰਘ ਨੇ ਜਿਵੇਂ ਅੰਦਰਲੇ ਨੂੰ ਕਿਹਾ। ਫਿਰ ਬੋਲਿਆ, ‘‘ਬੱਚੇ ਨੂੰ ਲੈ ਜਾਓ ਤੇ ਇਸ ਦੀ ਮਾਂ ਦੇ ਲਾਗੇ ਛੱਡ ਦਿਓ।’’ ਸੈਨਿਕ ਬੱਚੇ ਦੇ ਬਹਾਨੇ ਸ਼ੇਰਨੀ ਨੂੰ ਵੀ ਕਾਬੂ ਕਰਨਾ ਚਾਹੁੰਦੇ ਸਨ, ਪਰ ਸੂਰਜ ਦੀ ਕੈਰੀ ਅੱਖ ਵੇਖ ਕੇ ਡਰ ਗਏ ਤੇ ਬੱਚਾ ਮਾਂ ਕੋਲ ਛੱਡ ਦਿੱਤਾ। ਨਾਵਲਕਾਰ ਬਲਦੇਵ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਵਡਿਆਈ ਹੋਰ ਕਿਵੇਂ ਕਰਦਾ? * * * ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ 1839 ਤਕ ਰਾਜ ਕੀਤਾ ਜਿਸ ਦਾ ਖੇਤਰਫਲ ਸਵਾ ਲੱਖ ਵਰਗ ਮੀਲ ਸੀ। ਆਪਣੇ ਜੀਵਨ ਕਾਲ ਵਿੱਚ ਮਹਾਰਾਜੇ ਨੇ ਆਪਣੇ ਆਪ ਨੂੰ ਕੌਮ ਅਤੇ ਪਰਜਾ ਦਾ ਸੇਵਕ ਸਮਝਿਆ। ਉਸ ਨੇ ਰਾਜਨੀਤਕ ਆਦਰਸ਼ਾਂ ਵਿੱਚ ਉਸ ਖ਼ਾਲਸਾਈ-ਤੰਤਰ ਨੂੰ ਸਨਮੁੱਖ ਰੱਖਣ ਦਾ ਵਿਖਾਵਾ ਤਾਂ ਕੀਤਾ, ਪਰ ਉਸ ਦੇ ਨਿੱਗਰ ਤੇ ਸਥਾਈ ਅੰਸ਼ਾਂ ਵੱਲੋਂ ਅੱਖਾਂ ਮੁੰਦ ਲਈਆਂ। ਨਾ ਗੁਰਮਤੇ ਵਾਲੀ, ਨਾ ਸਾਂਝੀਵਾਲਤਾ ਵਾਲੀ ਪਰੰਪਰਾ ਕਾਇਮ ਰਹੀ, ਨਾ ਹੀ ਸਿੱਖ ਮਿਸ਼ਨ ਕਾਲ ਦੇ ਰਾਸ਼ਟਰ ਮੰਡਲ ਵਾਲੀ ਸਮੂਹਿਕ ਭਰਾਤਰੀ ਭਾਵਨਾ ਅੱਗੇ ਤੁਰ ਸਕੀ। ਇਸ ਦੀ ਜਗ੍ਹਾ ਸਮਰਾਟ ਦੇ ਨਿੱਜੀ ਜੀਵਨ ਉੱਤੇ ਸਭ ਸ਼ਕਤੀਆਂ ਕੇਂਦਰਿਤ ਹੋ ਗਈਆਂ ਤੇ ਖ਼ਾਲਸਾ ਰਾਜ ਇੱਕ ਪੁਰਖੀ ਨਿਰੰਕੁਸ਼ ਰਾਜ-ਤੰਤਰ ਦਾ ਰੂਪ ਧਾਰਨ ਕਰ ਗਿਆ। ਨਾਵਲ ਸਮਾਪਤ ਹੋ ਕੇ ਵੀ ਸਮਾਪਤ ਨਹੀਂ ਹੁੰਦਾ। ਕਿਸੇ ਵੀ ਸੱਭਿਅਤਾ ਦਾ ਅਖ਼ੀਰ ਕਹਿਣਾ ਸੌਖਾ ਹੈ, ਪਰ ਅਖ਼ੀਰ ਵੇਖਣਾ ਬਹੁਤ ਔਖਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਅੰਤ ਵੀ ਬਹੁਤ ਦੁਖਦਾਈ ਸੀ। ਬੀਤ ਗਏ ਨੂੰ ਕੁਝ ਚਿਰ ਤਾਂ ਢਕਿਆ ਜਾ ਸਕਦਾ ਹੈ, ਪਰ ਇਤਿਹਾਸ ਜਾਂ ਜੀਵਨ ਵਿੱਚੋਂ ਕੱਢ ਕੇ ਵੱਖ ਨਹੀਂ ਕੀਤਾ ਜਾ ਸਕਦਾ। ਰਣਜੀਤ ਸਿੰਘ ਸੂਰਜ ਵਾਂਗ ਚਮਕਿਆ। ਸ਼ੁਹਰਤ ਦੀ ਸਿਖਰ ਵੇਲੇ ਉਸ ਵੱਲ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਸੀ ਦੇਖਿਆ ਜਾ ਸਕਦਾ। ਉਹੀ ਸੂਰਜ ਆਥਣ ਹੁੰਦਿਆਂ ਢਲ ਗਿਆ। ‘‘ਕੀ, ਅਜਿਹੇ ਇਤਿਹਾਸ ਤੋਂ ਸਾਡੇ ਰਹਿਬਰ, ਸਾਡੇ ਆਗੂ, ਸਾਡੇ ਨੇਤਾ ਕੋਈ ਸਬਕ ਸਿੱਖਣਗੇ? ਜਦੋਂਕਿ ਉਨ੍ਹਾਂ ਨੂੰ ਪਤਾ ਹੈ, ਕੁਝ ਵੀ ਸਥਾਈ ਨਹੀਂ, ਸਿਰਫ਼ ਲੋਕਾਂ ਲਈ ਕੀਤੇ ਮਹਾਂ-ਕਾਰਜ ਹੀ ਸਦਾ ਯਾਦ ਰਹਿੰਦੇ ਹਨ। ਕੀ ਅਜਿਹੇ ਸੁਆਲ ਤੁਹਾਡੇ ਮਨਾਂ ਵਿੱਚ ਨਹੀਂ ਉਪਜਦੇ?’’ ਇਹ ਹੈ ‘ਸੂਰਜ ਦੀ ਅੱਖ’ ਦਾ ਸਾਰ। ਅੱਖਾਂ ਖੋਲ੍ਹ ਕੇ, ਖੁੱਲ੍ਹੇ ਦਿਮਾਗ਼ ਨਾਲ ਪੜ੍ਹਨ ਦੀ ਲੋੜ ਹੈ। * * * ਮਹਾਰਾਜਾ ਰਣਜੀਤ ਸਿੰਘ ਵਿੱਚ ‘ਮਹਾਰਾਜਿਆਂ’ ਤੇ ‘ਮਨੁੱਖਾਂ’ ਵਾਲੇ ਬਹੁਤ ਸਾਰੇ ਗੁਣ-ਔਗੁਣ ਸਨ। ਉਹ ਸੂਰਬੀਰ, ਬਹਾਦਰ, ਨਿਆਂਕਾਰ, ਧਰਮ ਨਿਰਪੇਖ ਅਤੇ ਸਾਰੇ ਧਰਮ ਸਥਾਨਾਂ ਦਾ ਦਾਨਵੀਰ ਸੀ ਤੇ ਮਹਾਰਾਜਿਆਂ ਵਾਂਗ ਅੱਯਾਸ਼ ਵੀ ਸੀ। ਰਾਣੀਵਾਸ ਵਿੱਚ ਰਾਣੀਆਂ, ਮਹਾਰਾਣੀਆਂ, ਰਖੈਲਾਂ ਤੇ ਦਾਸੀਆਂ ਸਨ। ਮਹਿਤਾਬ ਕੌਰ, ਦਾਤਾਰ ਕੌਰ, ਰੂਪ ਕੌਰ, ਲੱਛਮੀ, ਗੁੱਡਾਂ, ਰਾਜ ਬੰਸੋ, ਮੋਰਾਂ, ਗੁਲਬਹਾਰ ਬੇਗ਼ਮ, ਸੰਮਨ ਕੌਰ, ਗੁਲਾਬ ਕੌਰ ਤੇ ਅਨੇਕਾਂ ਹੋਰ। ਤੇ ਮਰਨ ਨੇੜੇ ਢੁੱਕੇ ਨੇ ਆਪਣੇ ਤੋਂ ਅੱਧੀ ਉਮਰ ਦੀ ਰਾਣੀ ਜਿੰਦਾਂ ਵਿਆਹੀ ਸੀ ਜਿਸ ਨੇ ਆਪਣੇ ਭਰਾ ਜਵਾਹਰ ਸਿੰਘ ਦੇ ਕਤਲ ਪਿੱਛੋਂ ਕਿਹਾ ਸੀ: ਜਿਨ੍ਹਾਂ ਕੋਹਕੇ ਮਾਰਿਆ ਵੀਰ ਮੇਰਾ, ਮੈਂ ਤਾਂ ਖੁਹਾਊਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ ਧਾਕਾਂ ਜਾਣ ਵਲਾਇਤੀ ਦੇਸ਼ ਸਾਰੇ, ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ, ਨੱਥ ਚੌਕ ਤੇ ਵਾਲੀਆਂ ਡੰਡੀਆਂ ਨੀ ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ। ਮਹਾਰਾਜੇ ਦਾ ਦਰਸ਼ਨੀ ਦਰਬਾਰ ਸੀ, ਦਰਬਾਰੀ ਸਨ, ਸੈਨਾਪਤੀ, ਜਰਨੈਲ ਤੇ ਸੱਤ ਉਹਦੇ ਸ਼ਹਿਜ਼ਾਦੇ ਸਨ, ਪਰ ਉਹਦੇ ਪਿੱਛੋਂ ਰਾਜ ਸੰਭਾਲਣ ਜੋਗਾ ਇੱਕ ਵੀ ਨਾ ਨਿਕਲਿਆ। 27 ਜੂਨ 1839 ਨੂੰ ਮਹਾਰਾਜੇ ਦਾ ਅਕਾਲ ਚਲਾਣਾ ਹੋਇਆ। ਉਹਦੀ ਚਿਖਾ ’ਚ ਚਾਰ ਰਾਣੀਆਂ- ਗੁੱਡਾਂ, ਹਰਦੇਵੀ, ਰਾਜ ਕੁੰਵਰ, ਰਾਣੀ ਬਿਨਾਲੀ ਤੇ ਸੱਤ ਦਾਸੀਆਂ- ਚੰਨੋ ਜਮਾਦਾਰਨੀ, ਬਦਾਮੋ, ਸੂਬੀ, ਚੰਨੀ, ਜਵਾਹਰੋ, ਨਾਮੋ ਕਾਲੀ ਤੇ ਭਾਨੀ ਸਤੀ ਹੋਈਆਂ। ਚਿਖਾ ਠੰਢੀ ਹੋਣ ਸਾਰ ਆਪਸੀ ਕਤਲੋਗਾਰਤ ਸ਼ੁਰੂ ਹੋ ਗਈ... ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ, ਪਈ ਖੜਕਦੀ ਨਿੱਤ ਤਲਵਾਰ ਮੀਆਂ। 1945-46 ਵਿੱਚ ਮੁੱਦਕੀ ਤੇ ਫੇਰੂ ਸ਼ਹਿਰ ਦੀਆਂ ਲੜਾਈਆਂ ਤੋਂ ਚੱਲ ਕੇ 11 ਮਾਰਚ 1849 ਦੇ ਦਿਨ ਚਤਰ ਸਿੰਘ ਤੇ ਸ਼ੇਰ ਸਿੰਘ ਨੇ ਰਾਵਲਪਿੰਡੀ ਨੇੜੇ ਮੇਜਰ ਗਿਲਬਰਟ ਅੱਗੇ ਆਤਮ ਸਮਰਪਣ ਕਰ ਦਿੱਤਾ। ਜਨਰਲ ਥੈਕਵੈਲ ਨੇ ਲਿਖਿਆ, ‘‘ਕੁਝ ਹੰਢੇ ਤਜਰਬੇਕਾਰ ਖ਼ਾਲਸੇ ਹਥਿਆਰ ਛੱਡਣ ਲਈ ਰਾਜ਼ੀ ਨਹੀਂ ਸਨ। ਕੁਝ ਤਾਂ ਆਪਣੇ ਹੰਝੂਆਂ ਉਪਰ ਵੀ ਕਾਬੂ ਨਾ ਰੱਖ ਸਕੇ। ਕੁਝ ਇਕਨਾਂ ਦੇ ਚਿਹਰੇ ਘ੍ਰਿਣਾ, ਨਫ਼ਰਤ ਅਤੇ ਗੁੱਸੇ ਨਾਲ ਭਖ਼ ਰਹੇ ਸਨ। ਇੱਕ ਪ੍ਰੌੜ ਖਾਲਸੇ ਨੇ ਹਥਿਆਰ ਰੱਖਦਿਆਂ ਕਿਹਾ: ਅੱਜ ਰਣਜੀਤ ਸਿੰਘ ਮਰ ਗਿਆ!’’ 30 ਮਾਰਚ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਉਪਰ ਕਬਜ਼ੇ ਦਾ ਐਲਾਨ ਕਰ ਦਿੱਤਾ। ਕਿਲ੍ਹੇ ਉਪਰੋਂ ਖ਼ਾਲਸਾ ਰਾਜ ਦਾ ਝੰਡਾ ਉਤਾਰ ਕੇ ਯੂਨੀਅਨ ਜੈਕ ਲਹਿਰਾ ਦਿੱਤਾ ਗਿਆ। ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਰਣਜੀਤ ਸਿੰਘ ‘ਧਰਮੀ ਰਾਜਾ’ ਬਣ ਕੇ ਵੀ ‘ਮਨੁੱਖੀ’ ਕਮਜ਼ੋਰੀਆਂ ਉੱਤੇ ਕਾਬੂ ਨਾ ਪਾ ਸਕਿਆ। ਸ਼ਰਾਬ, ਅਫ਼ੀਮ, ਨਾਚੀਆਂ, ਰਾਗ-ਰੰਗ, ਰੰਗ-ਰਲੀਆਂ, ਹੋਲੀਆਂ...। ਮਹਾਰਾਜਾ ਸੀ ਨਾ! ਨਾਵਲਕਾਰ ਇਹ ਸਾਰਾ ਕੁਝ ਵੇਰਵੇ ਨਾਲ ਚਿੱਤਰ ਬੈਠਾ ਜਿਸ ਤੋਂ ਰਤਾ ਸੰਕੋਚ ਕੀਤਾ ਜਾ ਸਕਦਾ ਸੀ। ਪਰ ਨਾਵਲਕਾਰ ਨੇ ਮਹਾਰਾਜੇ ਦਾ ਕੋਈ ਐਸਾ ਐਬ ਸਵਾਬ ਜ਼ਾਹਿਰ ਨਹੀਂ ਕੀਤਾ ਜੋ ਪਹਿਲਾਂ ਹੀ ਇਤਿਹਾਸਕ ਡਾਇਰੀਆਂ ਤੇ ਕਿਤਾਬਾਂ ’ਚ ਨਸ਼ਰ ਨਾ ਹੋਇਆ ਹੋਵੇ। ਇਸ ਲਈ ਆਲੋਚਕ ਸੁਹਿਰਦ ਆਲੋਚਨਾ ਕਰਨ। ਨਾਵਲ ਦੀਆਂ ਕਮੀਆਂ ਪੇਸ਼ੀਆਂ ਦਲੀਲ ਨਾਲ ਦੱਸਣ ਤਾਂ ਕਿ ਸਾਰਥਕ ਬਹਿਸ ਛਿੜੇ। ਬਹਿਸ ਵਿੱਚ ਧਮਕੀਆਂ ਦੀ ਲੋੜ ਨਹੀਂ ਹੁੰਦੀ। ਇਤਰਾਜ਼ਯੋਗ ਵਾਕਾਂ ਨੂੰ ਠੀਕ ਕਰ ਕੇ ਲਿਖਿਆ ਜਾ ਸਕਦਾ ਹੈ। ਬਲਦੇਵ ਸਿੰਘ ਦੇ ਦੱਸਣ ਮੂਜਬ ਉਸ ਨੇ ਇਤਿਹਾਸ ਦੀਆਂ ਸੌ ਕੁ ਕਿਤਾਬਾਂ ਖੰਘਾਲ ਕੇ 600 ਪੰਨਿਆਂ ਦੇ ਇਸ ਨਾਵਲ ਦਾ ਖਰੜਾ ਤਿੰਨ ਵਾਰ ਸੋਧਿਆ ਜਿਸ ਨੂੰ ਉਹ ਚੌਥੀ ਵਾਰ ਵੀ ਸੋਧ ਸਕਦਾ ਹੈ। ਨਾਵਲ ਕੋਈ ਧਰਮ ਗ੍ਰੰਥ ਨਹੀਂ ਹੁੰਦਾ। ਨਾ ਨਿਰੇ ਖੁਸ਼ਕ ਤੱਥ ਹੁੰਦੇ ਹਨ। ਫਿਰ ਵੀ ਜੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਇਤਰਾਜ਼ਯੋਗ ਸਮੱਗਰੀ ਕੱਢ ਕੇ ਇਹ ਨਾਵਲ ਮੁੜ ਛਪਣਾ ਚਾਹੀਦਾ ਹੈ। ਲੇਖਕ ਦੇ ਮਨ ਦੀ ਪੀੜ ਸਮਝਣੀ ਚਾਹੀਦੀ ਹੈ। ਇਹ ਨਾਵਲ ਪੜ੍ਹ ਕੇ ਹੀ ਪਤਾ ਲੱਗਾ ਕਿ ਕਈ ਪੀੜ੍ਹੀਆਂ ਪਹਿਲਾਂ ਰਣਜੀਤ ਸਿੰਘ ਦੇ ਵਡੇਰੇ ਕਾਲੂ ਵੜੈਚ ਨੇ 15ਵੀਂ ਸਦੀ ਦੇ ਅੰਤ ਵਿੱਚ ਪਿੰਡ ਤੁੰਗ ਗੁਮਟਾਲਾ ਦੀ ਜ਼ਮੀਨ ਵਿੱਚ ਬਣਨ ਵਾਲੇ ਅੰਮ੍ਰਿਤਸਰ ਸਰੋਵਰ ਤੋਂ ਚਾਰ ਕੁ ਕੋਹ ਦੂਰ ਸਾਂਹਸੀ ਪਿੰਡ ਵਿੱਚ ਡੇਰਾ ਲਾਇਆ ਸੀ। ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਹੋਇਆ। ਪੰਜਾਬ ਉਦੋਂ ਬਾਰਾਂ ਮਿਸਲਾਂ ਵਿੱਚ ਵੰਡਿਆ ਹੋਇਆ ਸੀ। ਰਣਜੀਤ ਸਿੰਘ ਦੇ ਪੰਜ ਸਾਲ ਦੀ ਉਮਰ ਵਿੱਚ ਮਾਤਾ ਨਿਕਲ ਆਈ ਸੀ ਜਿਸ ਨਾਲ ਖੱਬੀ ਅੱਖ ਮਾਰੀ ਗਈ ਸੀ ਤੇ ਸਾਂਵਲੇ ਮੂੰਹ ਉੱਤੇ ਮਾਤਾ ਦੇ ਡੂੰਘੇ ਦਾਗ ਪੈ ਗਏ ਸਨ। ਉਹ ਅੱਥਰਾ ਬਾਲਕ ਸੀ ਜਿਸ ਨੂੰ ਤਲਵਾਰਬਾਜ਼ੀ ਤੇ ਘੋੜਸਵਾਰੀ ਦਾ ਸ਼ੌਕ ਸੀ। ਦਸ ਕੁ ਸਾਲਾਂ ਦੀ ਉਮਰ ਵਿੱਚ ਹੀ ਉਹ ਅੱਥਰੇ ਘੋੜਿਆਂ ਉਪਰ ਸਵਾਰੀ ਕਰਨੋਂ ਨਹੀਂ ਸੀ ਡਰਦਾ। ਉਸ ਨੇ ਮੌਲਵੀ ਤੋਂ ਫਾਰਸੀ ਤੇ ਭਾਈ ਜੀ ਤੋਂ ਗੁਰਮੁਖੀ ਕੇਵਲ ਦਸਤਖ਼ਤ ਕਰਨ ਜੋਗੀ ਹੀ ਸਿੱਖੀ ਸੀ। ਉਸ ਦਾ ਪਿਤਾ ਮਹਾਂ ਸਿੰਘ 27 ਸਾਲ ਦੀ ਜੁਆਨ ਉਮਰ ਵਿੱਚ ਹੀ ਚਲਾਣਾ ਕਰ ਗਿਆ ਸੀ। ਜਦੋਂ ਕੁ ਕਾਲੂ ਵੜੈਚ ਸਾਂਹਸੀ ਪਿੰਡ ਵਿੱਚ ਵਸਿਆ ਉਦੋਂ ਕੁ ਹੀ ਰਾਏ ਭੋਇ ਦੀ ਤਲਵੰਡੀ ਵਿੱਚ ਮਹਿਤਾ ਕਾਲੂ ਦੇ ਘਰ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਗੁਰੂ ਸਾਹਿਬਾਨ ਦੀਆਂ ਪਾਤਸ਼ਾਹੀਆਂ ਗੁਰੂ ਗੋਬਿੰਦ ਸਿੰਘ ਤਕ ਚੱਲੀਆਂ। ਮੁਗ਼ਲ ਬਾਦਸ਼ਾਹ ਬਾਬਰ ਤੋਂ ਔਰੰਗਜ਼ੇਬ ਤਕ ਅੱਪੜ ਗਏ। ਕਾਲੂ ਵੜੈਚ ਦੀ ਮੌਤ 1488 ’ਚ ਹੋਈ। ਉਹਦੀ ਵੰਸ਼ ਅੱਗੇ ਤੁਰਦੀ ਹੋਈ ਜਾਦੋ, ਗੁਲਾਬਾ, ਕਿੱਡੋ, ਰਾਜਦੇਵ, ਤਖਤ ਮੱਲ, ਬਾਰਾ, ਬੁੱਧਾ ਤਕ ਅੱਪੜ ਗਈ। ਬੁੱਧਾ 1699 ਵਿੱਚ ਅੰਮ੍ਰਿਤ ਛਕ ਕੇ ਬੁੱਧ ਸਿੰਘ ਬਣ ਗਿਆ। ਬੁੱਧ ਸਿੰਘ ਦਾ ਨੌਧ ਸਿੰਘ ਤੇ ਨੌਧ ਸਿੰਘ ਦਾ ਚੜ੍ਹਤ ਸਿੰਘ। ਚੜ੍ਹਤ ਸਿੰਘ ਦਾ ਮਹਾਂ ਸਿੰਘ ਤੇ ਮਹਾਂ ਸਿੰਘ ਦਾ ਰਣਜੀਤ ਸਿੰਘ। ਸ਼ੁਕਰਚੱਕੀਆ ਮਿਸਲ ਦਾ ਮਾਲਕ ਜੋ ਸਿੱਖ ਮਿਸਲਾਂ, ਮੁਗ਼ਲਾਂ, ਅਫਗ਼ਾਨਾਂ, ਪਠਾਣਾਂ, ਡੋਗਰਿਆਂ ਤੇ ਪਹਾੜੀ ਰਾਜਿਆਂ ਨੂੰ ਪਤਿਆ ਕੇ ਜਾਂ ਲੜਾਈ ਦੇ ਮੈਦਾਨ ਵਿੱਚ ਹਰਾ ਕੇ ਵਿਸ਼ਾਲ ਰਾਜ ਦਾ ਸ਼ੇਰ-ਏ-ਪੰਜਾਬ ਮਹਾਰਾਜਾ ਬਣਿਆ। ਪੰਜਾਬ ਦੇ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾਵਲ ‘ਸੂਰਜ ਦੀ ਅੱਖ’ ਨੂੰ ਨੀਝ ਨਾਲ ਪੜ੍ਹਨ ਦੀ ਜ਼ਰੂਰਤ ਹੈ। ਇਹ ਅੱਖਾਂ ਖੋਲ੍ਹਣ ਵਾਲਾ ਨਾਵਲ ਹੈ।.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All