32 ਲੱਖ ਤੋਂ ਵੱਧ ਦਾ ਘਪਲਾ ਕਰਨ ਵਾਲੇ ਸੁਸਾਇਟੀ ਸਕੱਤਰ ਵਿਰੁੱਧ ਸਾਲ ਬਾਅਦ ਕੇਸ ਦਰਜ

ਪਿੰਡ ਪੱਖੋਵਾਲ ਬੀਹੜਾਂ ਦੀ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਦਫ਼ਤਰ ਦਾ ਦ੍ਰਿਸ਼।

ਜੇ.ਬੀ. ਸੇਖੋਂ ਗੜ੍ਹਸ਼ੰਕਰ, 16 ਜਨਵਰੀ ਇਸ ਤਹਿਸੀਲ ਦੇ ਪਿੰਡ ਬੀਹੜਾਂ ਪੱਖੋਵਾਲ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਵਲੋਂ ਕਿਸਾਨ ਖਾਤਾਧਾਰਕਾਂ ਦੇ ਖਾਤਿਆਂ ਵਿਚ ਗਲਤ ਇੰਦਰਾਜ ਕਰਕੇ 32 ਲੱਖ ਤੋਂ ਵੱਧ ਦੀ ਰਾਸ਼ੀ ਦਾ ਗਬਨ ਕਰਨ ਦੇ ਮਾਮਲੇ ਵਿਚ ਕਰੀਬ ਇਕ ਸਾਲ ਬਾਅਦ ਮਾਹਿਲਪੁਰ ਪੁਲੀਸ ਨੇ ਕਾਰਵਾਈ ਕਰਦਿਆਂ ਸਬੰਧਤ ਸੁਸਾਇਟੀ ਦੇ ਸਕੱਤਰ ਮੱਖਣ ਸਿੰਘ ਵਾਸੀ ਪਿੰਡ ਲਹਿਰਾ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਸਕੱਤਰ ਵੱਲੋਂ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਦੇ ਖਾਤਿਆਂ ਵਿਚ ਜਾਅਲੀ ਕਰਜ਼ ਦਿਖਾ ਕੇ ਫਿਰ ਇਸ ਕਰਜ਼ ਨੂੰ ਪੰਜਾਬ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਤਹਿਤ ਮੁਆਫ਼ ਕਰਵਾਉਣ ਲਈ ਕਿਸਾਨਾਂ ਦੇ ਖਾਤਿਆਂ ਨਾਲ ਛੇੜਛਾੜ ਕੀਤੀ ਸੀ। ਇਸ ਦਾ ਭੇਤ ਉਦੋਂ ਖੁਲ੍ਹਿਆ ਜਦੋਂ ਕਿਸਾਨਾਂ ਨੂੰ ਉਸ ਕਰਜ਼ ਦੀ ਰਾਸ਼ੀ ਸਬੰਧੀ ਸਰਕਾਰ ਵੱਲੋਂ ਭੇਜੇ ਜਾਣ ਵਾਲੇ ਪੱਤਰ ਮਿਲਣੇ ਸ਼ੁਰੂ ਹੋਏ ਜਿਹੜਾ ਕਰਜ਼ ਉਨ੍ਹਾਂ ਨੇ ਲਿਆ ਹੀ ਨਹੀਂ ਸੀ। ਇਸ ਸਬੰਧੀ ਪਿੰਡ ਦੇ ਖਾਤਾਧਾਰਕ ਕਿਸਾਨਾਂ ਮਲਕੀਤ ਸਿੰਘ, ਦਰਸ਼ਨ ਸਿੰਘ, ਬਖਸ਼ੀਸ ਸਿੰਘ, ਅਜੀਤ ਸਿੰਘ ਆਦਿ ਨੇ ਦੱਸਿਆ ਕਿ ਕਰੀਬ 40 ਕਿਸਾਨਾਂ ਦੇ ਖਾਤਿਆਂ ਨਾਲ ਛੇੜਛਾੜ ਕਰਕੇ ਸੁਸਾਇਟੀ ਦੇ ਸਕੱਤਰ ਵਲੋਂ ਫਰਜ਼ੀ ਇੰਦਰਾਜ ਕਰਕੇ ਲੱਖਾਂ ਰੁਪਏ ਕਰਜ਼ ਦੇ ਰੂਪ ਵਿਚ ਕਢਵਾਏ ਗਏ ਸਨ। ਉਨ੍ਹਾਂ ਨੇ ਇਸ ਬਾਰੇ ਬੈਂਕ ਦੇ ਸਕੱਤਰ ਨੂੰ ਦੱਸਿਆ ਤਾਂ ਸਕੱਤਰ ਨੇ ਕਿਸਾਨਾਂ ਨੂੰ ਚੈੱਕ ਦੇ ਰੂਪ ਵਿਚ ਕਿਸਾਨਾਂ ਨੂੰ ਪੈਸੇ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਪਰ ਸਕੱਤਰ ਵਲੋਂ ਦਿੱਤੇ ਚੈੱਕ ਉਨ੍ਹਾਂ ਨੇ ਜਦੋਂ ਬੈਂਕਾਂ ਵਿਚ ਲਗਾਏ ਤਾਂ ਸਬੰਧਤ ਖਾਤੇ ਵਿਚ ਕੋਈ ਪੈਸਾ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਹੋਈ ਦੋਹਰੀ ਠੱਗੀ ਦਾ ਅਹਿਸਾਸ ਹੋਇਆ। ਇਸ ਪਿੱਛੋਂ ਇਲਾਕੇ ਦੇ ਕਰੀਬ 40 ਖਾਤਾਧਾਰਕ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਮਿਲੇ ਸਨ ਜਿਨ੍ਹਾਂ ਕਾਰਵਾਈ ਦਾ ਭਰੋਸਾ ਦਿੱਤਾ ਸੀ। ਅੱਜ ਇਸ ਸਬੰਧੀ ਮਾਹਿਲਪੁਰ ਪੁਲੀਸ ਵਲੋਂ ਕੇਸ ਦਰਜ ਕੀਤੇ ਜਾਣ ਬਾਅਦ ਕਿਸਾਨਾਂ ਨੇ ਇਸ ਕਾਰਵਾਈ ਨੂੰ ਤਸੱਲੀਬਖ਼ਸ਼ ਦੱਸਿਆ ਅਤੇ ਉਨ੍ਹਾਂ ਆਪਣੇ ਖਾਤਿਆਂ ਵਿਚ ਫਰਜ਼ੀ ਕਰਜ਼ ਦੇ ਰੂਪ ਵਿਚ ਖੜ੍ਹੀ ਰਾਸ਼ੀ ਖਤਮ ਕਰਨ ਦੀ ਮੰਗ ਕੀਤੀ। ਪੁਲੀਸ ਅਨੁਸਾਰ ਉਕਤ ਸੁਸਾਇਟੀ ਦਾ ਆਡਿਟ ਨਿਰੀਖਕ ਤਰਲੋਚਨ ਸਿੰਘ ਵੱਲੋਂ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਦੇ ਆਧਾਰ ’ਤੇ ਇਹ ਸਾਫ ਹੋਇਆ ਕਿ ਸਕੱਤਰ ਮੱਖਣ ਸਿੰਘ ਨੇ ਸੁਸਾਇਟੀ ਬੈਂਕ ਨਾਲ 32 ਲੱਖ ਸੱਤਰ ਹਜ਼ਾਰ ਅਤੇ ਪੰਜ ਸੌ ਤਿੰਨ ਰੁਪਏ ਦਾ ਗਬਨ ਕੀਤਾ ਹੈ। ਇਸ ਆਧਾਰ ’ਤੇ ਉਕਤ ਅਧਿਕਾਰੀ ਵਿਰੁੱਧ ਗਬਨ ਅਤੇ ਧੋਖਾਧੜੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All