23 ਔਰਤਾਂ ਸਮੇਤ 28 ਬਰਾਤੀ ਹਲਾਕ

ਬੱਸ ’ਚ ਆਇਆ ਕਰੰਟ

ਮਾਂਡਲਾ, 14 ਮਈ ਬਿਜਲੀ ਦੀ ਸ਼ਕਤੀਸ਼ਾਲੀ ਤਾਰ ਬਰਾਤ ਦੀ ਬੱਸ ’ਤੇ ਡਿੱਗਣ ਕਾਰਨ 28 ਬਰਾਤੀ ਹਲਾਕ ਹੋ ਗਏ। ਮਰਨ ਵਾਲਿਆਂ ਵਿਚ ਵਧੇਰੇ ਔਰਤਾਂ ਹਨ। ਬਿਜਲੀ ਦੀ ਤਾਰ ਬੱਸ ਨਾਲ ਜੁੜਦੇ ਹੀ ਬੱਸ ਨੂੰ ਅੱਗ ਲੱਗ ਗਈ ਅਤੇ ਬਰਾਤੀ ਬੱਸ ਦੇ ਅੰਦਰ ਹੀ ਘਿਰ ਗਏ। ਮੱਧ ਪ੍ਰਦੇਸ਼ ਦੇ ਮਾਂਡਲਾ ਕਸਬੇ ਨੇੜੇ ਪਿੰਡ ਸੂਰਜਪੁਰ ਵਿਚ ਵਾਪਰੀ ਇਸ ਦਰਦਨਾਕ ਘਟਨਾ ’ਚ ਮਰਨ ਵਾਲਿਆਂ ਵਿਚ 23 ਔਰਤਾਂ ਸ਼ਾਮਲ ਹਨ। ਇੱਥੋਂ ਦੇ ਕੁਲੈਕਟਰ ਕੇ.ਕੇ. ਖੇਰ ਨੇ ਦੱਸਿਆ ਕਿ ਹਾਦਸੇ ਦੀ ਸ਼ਿਕਾਰ ਬੱਸ ਵਿਚ ਕੁੱਲ 36 ਯਾਤਰੀ ਸਨ। ਮਰਨ ਵਾਲਿਆਂ ਵਿਚ ਦੋ ਪੁਰਸ਼ ਅਤੇ ਤਿੰਨ ਮੁੰਡੇ ਵੀ ਸ਼ਾਮਲ ਹਨ। ਹਾਦਸਾ ਬੱਸ ’ਤੇ ਰੱਖੇ ਦਾਜ ਦੇ ਸਾਮਾਨ-ਪੇਟੀ ਅਤੇ ਅਲਮਾਰੀ ਦੇ ਬਿਜਲੀ ਦੀ ਸ਼ਕਤੀਸ਼ਾਲੀ ਤਾਰ ਨਾਲ ਜੁੜਨ ਕਾਰਨ ਵਾਪਰਿਆ। ਮਰਨ ਵਾਲੇ ਸਾਰੇ ਕਬਾਇਲੀ ਹਨ। ਹਾਦਸੇ ਵਿਚ ਜ਼ਖਮੀ ਹੋਏ 6 ਬਰਾਤੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਵਿਆਹ ਦੀਆਂ ਰਸਮਾਂ ਮੁਕੰਮਲ ਹੋਣ ਪਿੱਛੋਂ ਬਰਾਤੀ ਬੱਸ ’ਤੇ ਸਵਾਰ ਹੋ ਕੇ ਸੂਕਾਰੀਆ ਪਿੰਡ ਤੋਂ ਆਪਣੇ ਪਿੰਡ ਟੋਨੀ ਵੱਲ ਪਰਤ ਰਹੇ ਸਨ। ਬੱਸ ਦੇ ਮਾਲਕ, ਡਰਾਈਵਰ ਅਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਸੂਤਰਾਂ ਅਨੁਸਾਰ ਜਿਉਂ ਹੀ ਤਾਰ ਬੱਸ ਉਪਰ ਪਏ ਸਾਮਾਨ ਨਾਲ ਟਕਰਾਈ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਬੱਸ ਤੋਂ ਛਾਲ ਮਾਰੀ ਤੇ ਫਰਾਰ ਹੋ ਗਏ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਖਮੀਆਂ ਦਾ ਇਲਾਜ ਸਰਕਾਰੀ ਖਰਚੇ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

-ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All