1984, 2047, 2084 - ਅਜੇ ਛਪਣੇ ਤਬਸਰੇ ਹੋਰ ਬਥੇਰੇ

ਐੱਸ ਪੀ ਸਿੰਘ*

ਹਾਸ਼ਿਮਪੁਰਾ 1987

ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਵਾਲੇ ਅਦਾਲਤੀ ਫ਼ੈਸਲੇ ਮਗਰੋਂ ਅਖ਼ਬਾਰਾਂ ਵਿੱਚ 1984 ਦੀ ਦਿੱਲੀ ਬਾਰੇ ਫਿਰ ਕੁਝ ਮਜ਼ਮੂਨ ਛਪੇ ਹਨ। ਤਫ਼ਸੀਲੀ ਬਿਆਨੀਏ ਵਿੱਚੋਂ, ਉਨ੍ਹਾਂ ਪੱਤਰਕਾਰਾਂ ਦੀ ਲੇਖਣੀ ਵਿੱਚੋਂ ਜਿਹੜੇ ਖ਼ੂਨ ਨਾਲ ਲੱਥਪਥ ਗਲੀਆਂ ਵਿੱਚ ਉਦੋਂ ਬਹੁੜੇ, ਜਦੋਂ ਸਮੇਂ ਦੀ ਜ਼ਹਿਰੀਲੀ ਹਵਾ ਦੀ ਬਦਬੂ ਆਉਂਦੀ ਹੈ। ਸੜਦੀਆਂ ਲੋਥਾਂ, ਚੀਥੜੇ-ਚੀਥੜੇ ਬਿਖਰੇ ਮਨੁੱਖੀ ਅੰਗ, ਟਾਇਰਾਂ ਦੀ ਸੜਾਂਦ, ਹਾਉਕੇ ਭਰਦੀਆਂ ਔਰਤਾਂ, ਭੁੱਬੀਂ ਰੋਂਦੇ ਪਰਿਵਾਰ। ਹਰ ਖ਼ਬਰ, ਲੇਖ, ਤਬਸਰਾ, ਸੰਪਾਦਕੀ ਪੜ੍ਹ ਕੁਝ ਸਮੇਂ ਲਈ ਪਾਠਕ ਰੁਕਦਾ ਹੈ। ਕੋਈ ਹੋਰ ਚੰਗਾ ਲੇਖ ਪੜ੍ਹਨ ਲਈ ਅਜੇ ਉਹਨੂੰ ਇੱਕ ਵਕਫ਼ਾ ਲੋੜੀਂਦਾ ਹੈ। ਇੰਨੇ ਸਾਲਾਂ ਵਿੱਚ ਉਹ ਉਨ੍ਹਾਂ ਗਲੀਆਂ ਵਿੱਚ ਲੋਕਾਂ ਨੂੰ ਮਿਲਣ ਨਹੀਂ ਜਾ ਸਕਿਆ, ਇਹ ਅਫ਼ਸੋਸ ਕਰਦਾ ਹੈ। ਬੀਤੇ ਦੀ ਕੋਈ ਤਸਵੀਰ, ਕੋਈ ਤਫ਼ਸੀਲ ਦਿਲ ਨੂੰ ਧੂਹ ਪਾਉਂਦੀ ਹੈ ਪਰ ਨਾਲ ਨਾਲ ਨਵੇਂ ਬਿਆਨਾਂ ਵਿੱਚੋਂ ਸਮਾਪਤੀ ਦੀ ਕੰਨਸੋਅ ਆਉਂਦੀ ਹੈ। ‘ਇਨਸਾਫ਼’ ਵਰਗੇ ਸ਼ਬਦ ਸੁਣਾਈ ਦਿੰਦੇ ਨੇ। ਜਿਨ੍ਹਾਂ ਘਰ ਦੇ ਜੀਅ ਨਫ਼ਰਤੀ ਸਿਆਸਤ ਹੱਥ ਗਵਾਏ, ਉਹ ਵੀ ਸ਼ੁਕਰਾਨੇ ਕਰਦੇ ਨੇ। ਹਰ ਮੌਜ਼ੂ ’ਤੇ ਰੋਟੀਆਂ ਸੇਕਣ ਵਾਲੇ ਕੈਮਰਿਆਂ ਵੱਲ ਮੂੰਹ ਕਰਦੇ ਨੇ, ਟੀਵੀ ਦੀ ਬਹਿਸ ਵਿੱਚ ਆ ਕੁਰਸੀਆਂ ਮੱਲਦੇ ਨੇ। ‘ਚਾਰ ਸਾਲ ਪਹਿਲਾਂ ਇਹ ਇਨਸਾਫ਼ ਨਹੀਂ ਸੀ ਹੋਣਾ,’ ਇਹ ਕਹਿ ਕੇ 34 ਸਾਲਾਂ ਦੀ ਲੜਾਈ ਨੂੰ ਨਿਗੂਣਾ ਕਰਦੇ ਨੇ। ਸ਼ਬਦ ਬੜੀ ਸਿਆਸੀ ਬਲਾ ਹੁੰਦੇ ਨੇ। ਜਦੋਂ ਇਹ ਮਲਕੜੇ ਜਿਹੇ ਤਬਸਰੇ ਜਾਂ ਸੰਪਾਦਕੀਆਂ ਵਿੱਚ ਆ ਵੜਨ ਤਾਂ ਜ਼ਹਿਨ ਵਿੱਚ ਨਾਜਾਇਜ਼ ਕਬਜ਼ੇ ਕਰ ਬਹਿੰਦੇ ਨੇ। ਇਸ ਲਈ ਇਹ ਸਵਾਲ ਪੁੱਛਣੇ ਜ਼ਰੂਰੀ ਹੋ ਜਾਂਦੇ ਨੇ ਕਿ ਕੀ 34 ਸਾਲ ਬਾਅਦ ਕਿਸੇ ਸਿਆਸਤਦਾਨ ਦੇ ਜੇਲ੍ਹ ਜਾਣ ਨਾਲ ਇਨਸਾਫ਼ ਹੋ ਜਾਂਦਾ ਹੈ? ਅਤੇ ਕੀ ਇਸ ਨੂੰ

ਸੱਜਣ ਕੁਮਾਰ

ਉਨ੍ਹਾਂ ਦੇ ਦੁੱਖਾਂ ਦੇ ਅੰਤ ਜਾਂ ‘ਸਮਾਪਤੀ’ (closure) ਵਜੋਂ ਵੇਖਿਆ ਜਾ ਸਕਦਾ ਹੈ? ਜਗਦੀਸ਼ ਕੌਰ, ਨਿਰਪ੍ਰੀਤ ਕੌਰ ਅਤੇ ਜਗਸ਼ੇਰ ਸਿੰਘ ਨੂੰ ਅਦਾਲਤ ਦਾ ਫ਼ੈਸਲਾ ਕੁਝ ਸਕੂਨ ਦੇ ਸਕਦਾ ਹੈ ਪਰ ਕੀ ਇਹ ‘ਇਨਸਾਫ਼’ ਹੈ? ਇਹ ਫ਼ੈਸਲਾ ਵੀ ਕਰ ਲਵੋ ਕਿ ਇਨਸਾਫ਼ ਕੌਣ ਮੰਗ ਰਿਹਾ ਹੈ? ਇਹ ਕਿਸ ਨੂੰ ਚਾਹੀਦਾ ਹੈ? 34 ਸਾਲ ਬਾਅਦ ਆਇਆ ਕੋਈ ਅਦਾਲਤੀ ਫ਼ੈਸਲਾ, ਭਾਵੇਂ ਉਹ ਕਿੰਨੀ ਵੀ ਦਿਆਨਤਦਾਰੀ ਨਾਲ ਲਿਆ ਗਿਆ ਹੋਵੇ, ਮਜ਼ਲੂਮ ਲਈ ਇਨਸਾਫ਼ ਨਹੀਂ ਹੁੰਦਾ। ਅਦਾਲਤਾਂ ਸਾਹਮਣੇ ਉਹ ਲੋਕ ਹਨ ਹੀ ਨਹੀਂ ਜਿਨ੍ਹਾਂ ਨਾਲ ਜ਼ੁਲਮ ਹੋਇਆ। ਜਿਸ ਨੌਜਵਾਨ ਨੇ ਆਪਣੇ ਪਿਓ ਨੂੰ ਅੱਖਾਂ ਸਾਹਵੇਂ ਮਰਦਿਆਂ ਵੇਖਿਆ, ਉਹ ਆਪ ਅੱਜ 65 ਸਾਲਾਂ ਦਾ ਅਧੇੜ-ਉਮਰ ਬਾਪ ਹੈ। ਜਿਸ ਔਰਤ ਨੇ ਆਪਣਾ ਪਤੀ ਮਰਦਾ ਨਹੀਂ ਵੇਖਿਆ ਕਿਉਂ ਜੋ ਉਹ ਦਰਵਾਜ਼ੇ ਪਿੱਛੇ ਲੁਕੀ ਰਹੀ, ਉਹਦੀ ਤਾਂ ਹੁਣ ਨਜ਼ਰ ਹੀ ਬਹੁਤ ਕਮਜ਼ੋਰ ਹੈ। ਉੱਚਾ ਸੁਣਦੀ ਹੈ, ਝੁਰੜੀਆਂ ਵਿੱਚ ਉਹਦੇ ਚਿਹਰੇ ’ਤੇ ਲਿਖਿਆ ਦਰਦ ਗਵਾਚ ਗਿਆ ਹੈ। ਜਿਸ ਬਾਪੂ ਨੇ ਤਿੰਨੇ ਕਾਕੇ ਗਵਾਏ, ਉਹਦਾ ਤਾਂ ਸਸਕਾਰ ਹੋਇਆਂ ਕਈ ਸਾਲ ਹੋ ਗਏ ਨੇ। ਉਹ ਲੋਕ ਇਨਸਾਫ਼ ਨਹੀਂ ਮੰਗ ਰਹੇ। ਉਨ੍ਹਾਂ ਨਾਲ ਕੋਈ ਇਨਸਾਫ਼ ਨਹੀਂ ਕਰ ਸਕਦਾ। ਹਿੰਦੋਸਤਾਨ ਨੇ ਇਹ ਇਨਸਾਫ਼ ਆਪਣੇ ਆਪ ਨਾਲ ਕਰਨਾ ਹੈ। ਇਨਸਾਫ਼ ਦੀ ਲੋੜ ਇਸ ਦੇਸ਼ ਨੂੰ ਹੈ। ਜਿਨ੍ਹਾਂ ਬੱਚਿਆਂ ਅੱਜ ਜੰਮਣਾ ਹੈ, ਉਹ ਭਰ ਜਵਾਨ ਹੋਣਗੇ ਜਦੋਂ ਇਹ ਦੇਸ਼ ਆਪਣੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਏਗਾ। ਅੱਧਖੜ ਉਮਰੇ 2084 ਵਿੱਚ ਉਹ ਪਿੱਛੇ ਮੁੜ ਕੇ ਵੇਖਣਗੇ ਕਿ ਇੱਕ ਧਰਮ ਦੇ ਲੋਕਾਂ ਨਾਲ 100 ਸਾਲ ਪਹਿਲੋਂ ਕੀ ਬੀਤੀ। 2047 ਅਤੇ 2084 ਵਿੱਚ ਅਖ਼ਬਾਰਾਂ ਵਿੱਚ ਲੇਖ, ਤਬਸਰੇ ਤੇ ਸੰਪਾਦਕੀਆਂ ਛਪਣਗੀਆਂ। ਹਿੰਦੋਸਤਾਨ ਦੀਆਂ ਕੱਲ੍ਹ ਜੰਮਣ ਵਾਲੀਆਂ ਬੱਚੀਆਂ-ਬੱਚੇ, ਜਿਹੜੇ ਉਸ ਵੇਲੇ ਆਪ ਬੱਚਿਆਂ ਵਾਲੇ ਹੋਣਗੇ, ਉਹ ਪੜ੍ਹਨਗੇ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਇਨਸਾਫ਼ ਦੀ ਲੜਾਈ ਦਾ ਭਾਰ ਕਿਸੇ ਇੱਕ ਖ਼ਾਸ ਫਿਰਕੇ ਦੇ ਕੁਝ ਕੁ ਉਨ੍ਹਾਂ ਲੋਕਾਂ ਉੱਤੇ ਪਾ ਦਿੱਤਾ ਜਿਨ੍ਹਾਂ ਦੇ ਘਰ ਦੇ ਜੀਅ ਕੋਹ-ਕੋਹ ਮਾਰੇ ਗਏ, ਜਿਊਂਦੇ ਜਲਾਏ ਗਏ। ਉਨ੍ਹਾਂ ਦੇ ਘਰ ਦੀ ਪੁਰਾਣੀ ਐਲਬਮ ਵਿੱਚ ਉਨ੍ਹਾਂ ਦੀ ਤਸਵੀਰ ਕਿਸ ਤਰ੍ਹਾਂ ਦੀ ਗੁਫ਼ਤਗੂ ਨੂੰ ਜਨਮ ਦੇਵੇਗੀ? ਨਵੇਂ-ਨਵੇਂ ਕਾਲਜ ਵਿੱਚੋਂ ਨਿਕਲੇ ਸਾਂ ਜਦੋਂ 1988 ਵਿੱਚ ਟੀਵੀ ’ਤੇ ਭੀਸ਼ਮ ਸਾਹਨੀ ਦਾ ‘ਤਮਸ’ ਸ਼ੁਰੂ ਹੋਇਆ। ਘਰ ਟੀਵੀ ਨਹੀਂ ਸੀ, ਅਜੇ ਗਵਾਂਢਪੁਣਾ ਮਰਿਆ ਨਹੀਂ ਸੀ। ਸੋ ਨਾਲ ਵਾਲੇ ਘਰ ਟੀਵੀ ਵੇਖਦੇ ਸਾਂ। ਘਰ ਆ ਮਾਂ-ਪਿਓ ਨੂੰ ਨਿੱਤ ਪੁੱਛਣਾ, ‘‘ਤੁਸੀਂ, ਤੁਹਾਡੇ ਮਾਪਿਆਂ ਕੀਤੇ ਇਹੋ ਜਿਹੇ ਕੰਮ?’’ ਬਾਪੂ ਮੇਰਾ ਅਤਿ ਦਾ ਸ਼ਰੀਫ਼ ਆਦਮੀ। ਸੱਤਾਂ ਸਾਲਾਂ ਦਾ ਸੀ ਜਦੋਂ ਹੁਜਰਾ ਸ਼ਾਹ ਮੁਕੀਮ ਤੋਂ ਉੱਠਿਆ। ਪਰਿਵਾਰ ਸੁਲੇਮਾਨਕੀ ਹੈੱਡ ਤੋਂ ਹੁੰਦਾ ਲੁਧਿਆਣੇ ਦੇ ਰਫਿਊਜੀ ਕੈਂਪ ਵਿੱਚ ਪਹੁੰਚਿਆ। ਕਹਿੰਦਾ, ‘‘ਪੁੱਤ, ਸਾਡੇ ਨਾਲ ਤੇ ਆਪ ਮਾੜੀ ਹੋਈ।’’ ‘ਤਮਸ’ ਰੋਜ਼ ਆਵੇ। ‘‘ਅੱਛਾ, ਤੁਸੀਂ ਉਨ੍ਹਾਂ ਨੂੰ ਜਾਣਦੇ ਹੋ ਜਿਨ੍ਹਾਂ ਨੇ ਮੁਸਲਮਾਨ ਔਰਤਾਂ ਨਾਲ ਇਹ ਕੀਤਾ?’’ ਮੈਂ ਹਰ ਰਿਸ਼ਤੇਦਾਰ, ਵਾਕਫ਼, ਦਾਦੇ, ਤਾਏ ਦੇ ਦੋਸਤ ਨੂੰ ਸ਼ੱਕ ਨਾਲ ਦੇਖਣ ਲੱਗ ਪਿਆ ਸਾਂ। ਪਰੇਸ਼ਾਨ ਹੋਏ ਬਾਪੂ ਨੇ ਹਿਜਰਤ ਦੇ ਕਈ ਕਿੱਸੇ ਸੁਣਾਏ। ਕਈ ਵਾਰੀ ਲੱਗਦਾ 47 ਸਾਲ ਦਾ ਬਾਪੂ 20 ਸਾਲ ਦੇ ਮੁੰਡੇ ਨੂੰ ਸੱਤ ਸਾਲਾਂ ਦੇ ਬੱਚੇ ਦੇ ਬੇਕਸੂਰ ਹੋਣ ਦੀ ਗਵਾਹੀ ਦੇਈ ਜਾਂਦਾ। ‘‘ਕਿਸੇ ਤਾਂ ਕੀਤੇ ਹੀ ਸੀ ਇਹ ਕਾਰੇ!’’ ਕਦੇ ਮੈਂ ਕਹਿ ਦਿੰਦਾ, ਕਦੇ ਬੁੜਬੁੜਾਉਂਦਾ। ਜੇ ਇਸ ਦੇਸ਼ ਦੇ ਨਾਗਰਿਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਜਵਾਨ ਬੱਚੇ ਸਵਾਲ ਨਹੀਂ ਪੁੱਛਣਗੇ ਤਾਂ ਉਹ ਬੇਸ਼ੱਕ ਇਸ ਲੜਾਈ ਦਾ ਭਾਰ 1984 ਦੇ ਜ਼ਾਹਿਰਾ ਪੀੜਤਾਂ ਉੱਤੇ ਛੱਡ ਦੇਣ। ਨਹੀਂ ਤਾਂ ਹਿੰਦੋਸਤਾਨ ਆਪਣੇ ਲਈ ਇਨਸਾਫ਼ ਲੱਭਣ ਤ੍ਰਿਲੋਕਪੁਰੀ ਦੀਆਂ ਗਲੀਆਂ ਵਿੱਚ ਜਾਵੇ। ਵੈਸੇ ਇਹ ਦਾਦਰੀ ਦੀ ਉਸ ਗਲੀ ਵਿੱਚੋਂ ਵੀ ਮਿਲ ਸਕਦਾ ਹੈ ਜਿੱਥੇ ਅਖ਼ਲਾਕ ਰਹਿੰਦਾ ਸੀ। ਪਹਿਲੂ ਖਾਨ ਦੇ ਘਰ ਨੂੰ ਜਾਂਦੀ ਸੜਕ ’ਤੇ ਵੀ, ਨਜੀਬ ਲੱਭਦੀ ਮਾਂ ਦੀ ਬੁੱਕਲ ਵਿੱਚੋਂ ਵੀ। ਸੋਚਣ ਹੀ ਲੱਗੇ ਹੋ ਤਾਂ ਇਹ ਵੀ ਸੋਚੋ ਕਿ ਜੇ ਇੱਕ ਫਿਰਕੇ ਦੇ ਲੋਕਾਂ ਨੂੰ ਏਨੀ ਬੇਰਹਿਮੀ ਨਾਲ ਦੇਸ਼ ਦੀ ਰਾਜਧਾਨੀ ਵਿੱਚ ਕਤਲ ਕੀਤਾ ਗਿਆ ਤਾਂ ਦਹਾਕਿਆਂ ਤੱਕ ਦੇਸ਼ ਵਿੱਚ ਹਾਏ-ਤੌਬਾ ਕਿਉਂ ਨਹੀਂ ਹੋਈ? ਸਾਰੇ ਦੇਸ਼ਵਾਸੀ ਇੰਨੇ ਘਟੀਆ ਹੋ ਗਏ ਅਤੇ ਅਸੀਂ ਬੱਸ ਮੁੱਠੀ-ਭਰ ਮਜ਼ਲੂਮ ਰਹਿ ਗਏ? ਸੱਚ ਇਹ ਹੈ ਕਿ ਉਨ੍ਹਾਂ ਕੋਲ ਇੱਕ ਬਿਰਤਾਂਤ ਸੀ ਜਿਸ ਨਾਲ ਉਨ੍ਹਾਂ ਆਪਣੀ ਸਮਝ ਦਾ ਨਿਰਮਾਣ ਕੀਤਾ। ਪੰਜਾਬ ਦੀ ਗੁੰਝਲਦਾਰ ਸਿਆਸਤ ਤੋਂ ਦੂਰ ਪਰ੍ਹੇ ਇਹ ਬਿਰਤਾਂਤ ਉਨ੍ਹਾਂ ਨੂੰ ਪਰੋਸਿਆ ਗਿਆ ਜਿਸ ਨਾਲ ਉਨ੍ਹਾਂ ਚੁਰਾਸੀ ਦੇ ਕਤਲੇਆਮ ਨੂੰ ਤਰਕਪੂਰਣ ਬਣਾਇਆ, ਭਾਵੇਂ ਉਚਿਤ ਸਿੱਧ ਨਾ ਵੀ ਕੀਤਾ ਹੋਵੇ। ਕਤਲੇਆਮ ਅਤੇ ਦੰਗਿਆਂ ਦੀ ਰਾਜਨੀਤੀ ਦੀ ਆਪਣੀ ਖਾਸੀਅਤ ਹੁੰਦੀ ਹੈ ਤੇ ਉਪਜੀ ਇਨਸਾਫ਼ ਦੀ ਮੰਗ ਦੀ ਆਪਣੀ। ਅਸੀਂ ਕਦੇ ਵੀ ਬਾਕੀ ਦੇ ਦੇਸ਼ ਨਾਲ ਪੈਦਾ ਹੋਈ ਆਪਣੀ ਵਿੱਥ ਨਾਲ ਨਹੀਂ ਸਿੱਝਿਆ। ਸਿੱਖ ਦਾ ਮਰਨਾ ਨਾਗਰਿਕ ਦੀ ਮੌਤ ਹੈ, ਇਹ ਕਹਿਣ ਦਾ ਵੀ ਹੀਆ ਨਹੀਂ ਕੀਤਾ। 1984 ਅਤੇ 2002 ਦੀ ਲੜਾਈ ਵਿੱਚ ਸਾਂਝ ਨਹੀਂ ਬਣਾਈ। ਕਈਆਂ ਨੂੰ ਤਾਂ ਇਹ ਲੱਗੇਗਾ ਇਹ ਸਤਰ ਲਿਖ ਕੇ ਹੀ ਮੈਂ ਗੱਦਾਰੀ ਕਮਾਈ ਹੈ। ਇਨਸਾਫ਼ ਮੰਗਦੇ ਭਾਈਚਾਰੇ ਨੂੰ ਵੀ ਇਹ ਵੱਖਰੇ-ਵੱਖਰੇ ਸਿਰਨਾਵੇਂ ਇੱਕ ਅੜਾਉਣੀ ਪਾਉਂਦੇ ਨੇ। ਸੱਜਣ ਕੁਮਾਰ ਨੂੰ ਜੇਲ੍ਹ ਜਾਂਦਾ ਵੇਖਣ ਲਈ ਆਤੁਰ ਹੁੰਦੀ ਭੀੜ ਦੇ ਆਪੂੰ-ਬਣੇ ਨੇਤਾ ਹਾਸ਼ਿਮਪੁਰਾ ਦੇ ਕਤਲੇਆਮ ਦੇ ਸਵਾਲ ’ਤੇ ਬਿਆਨ ਦੇਣਾ ਕਿਉਂ ਭੁੱਲ ਜਾਂਦੇ ਨੇ? ਹਮੇਸ਼ਾਂ ਜੋਸ਼ੀਲੇ ਨਾਅਰਿਆਂ ਦੀ ਤਲਾਸ਼ ਕਰਦੇ ਲੋਕ ‘‘ਚੁਰਾਸੀ, 2002 ਦੇ ਕਾਤਲਾਂ ਨੂੰ ਸਜ਼ਾ ਦਿਓ’’ ਦਾ ਨਾਅਰਾ ਕਿਉਂ ਸਿਰਫ਼ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਢਾਈ ਟੋਟਰੂਆਂ ਲਈ ਛੱਡ ਦਿੰਦੇ ਨੇ? ਅਜੇ ਲੜਾਈ ਸਿਰਫ਼ ਕੁਝ ਕੁ ਦੋਸ਼ੀਆਂ ਨੂੰ ਜੇਲ੍ਹ ਪਹੁੰਚਾਉਣ ਦੀ ਹੈ। ਜ਼ਰਾ ਸੋਚੋ, ਕਿੰਨੇ ਲੋਕਾਂ ਇਹ ਕਾਰੇ ਕੀਤੇ ਹੋਣਗੇ? ਕਿੰਨਿਆਂ ਵੇਖੇ ਹੋਣਗੇ? ਕਿੰਨਿਆਂ ਦੇ ਧੀਆਂ, ਪੁੱਤਾਂ ਆਪਣੇ ਪਿਓ ਨੂੰ ਕਿਸੇ ਨੂੰ ਸਾੜਦਿਆਂ ਤੱਕਿਆ ਹੋਵੇਗਾ? ਕਿੰਨਿਆਂ ਨੇ ਵਰ੍ਹਿਆਂ ਬਾਅਦ ਧੀ ਨੂੰ ਦੱਸਿਆ ਹੋਵੇਗਾ ਕਿ ਬਾਪੂ ਕਿਉਂ ਅੱਧੀ ਰਾਤੀਂ ਨੀਂਦ ’ਚੋਂ ਚੀਕਾਂ ਮਾਰ ਉੱਠਦਾ ਹੈ? ਉਨ੍ਹਾਂ ਲਈ ਕਿਸ ਨੇ ਲੜਨਾ ਸੀ? ਕਿੰਨੇ ਪੁਲੀਸ ਵਾਲਿਆਂ ਨੇ ਸਾਹਮਣੇ ਕਤਲ ਹੁੰਦੇ ਵੇਖ ਗੋਲੀ ਨਹੀਂ ਚਲਾਈ, ਵਾਇਰਲੈੱਸ ’ਤੇ ਸੰਦੇਸ਼ ਨਹੀਂ ਭੇਜਿਆ? ਸਮਾਪਤੀ ਤਾਂ ਸਭਨਾਂ ਨੂੰ ਨਸੀਬ ਹੋਵੇ, ਦੁਆ ਹੈ। 1984 ਦੇ ਕਤਲੇਆਮ ਦੀ 25ਵੀਂ ਵਰ੍ਹੇਗੰਢ ’ਤੇ ਅਦਾਲਤੀ ਲੜਾਈ ਲੜਦੇ ਇੱਕ ਸਿਰਕੱਢ ਵਕੀਲ ਸਿਆਸਤਦਾਨ ਅਤੇ ਇੱਕ ਸੀਨੀਅਰ ਪੱਤਰਕਾਰ ਦੀ ਕਿਤਾਬ ਚੰਡੀਗੜ੍ਹ ਵਿੱਚ ਰਿਲੀਜ਼ ਹੋਣੀ ਸੀ। ਉੱਥੇ ਮੈਂ ਸਨਮੀਤ ਕੌਰ ਨੂੰ ਮਿਲਿਆ ਸਾਂ। ਬਹੁਤੀ ਗੱਲ ਨਹੀਂ ਹੋ ਸਕੀ। ਸਨਮੀਤ ਆਪਣੀ ਮਾਂ ਕੁਲਬੀਰ ਕੌਰ ਦੀ ਝੋਲੀ ਵਿੱਚ ਸੀ - ਦੋ ਵਰ੍ਹਿਆਂ ਦੀ। ਜਾਂ ਰੋਂਦੀ ਸੀ ਜਾਂ ਸੌਂ ਜਾਂਦੀ ਸੀ। ਮਾਂ ਕੁਲਬੀਰ ਕੌਰ 1984 ਵਿੱਚ ਆਪ ਦੋ ਕੁ ਵਰ੍ਹਿਆਂ ਦੀ ਸੀ। ‘‘ਮੈਂ ਵੀ ਬੜਾ ਰੋਂਦੀ ਸਾਂ ਉਦੋਂ।’’ ਇਹ ਉਸ ਨੂੰ ਉਹਦੀ ਮਾਂ ਮਹਿੰਦਰ ਕੌਰ ਨੇ ਦੱਸਿਆ ਹੋਣਾ ਏ। 1984 ਵਿੱਚ ਮਹਿੰਦਰ ਕੌਰ 25 ਵਰ੍ਹਿਆਂ ਦੀ ਸੀ ਜਦੋਂ ਉਹਨੇ ਕੁੱਛੜੋਂ ਕੁਲਬੀਰ ਨਹੀਂ ਸੀ ਛੱਡੀ। ਗੱਡੀ ਦੇ ਡੱਬੇ ਵਿੱਚ ਲੁਕੀ ਰਹੀ। ਬਾਹਰ ਆਪਣੇ ਘਰ ਵਾਲੇ ਨੂੰ ਕੋਹ-ਕੋਹ ਮਾਰਦਿਆਂ, ਜਿਉਂਦੇ ਤੇਲ ਪਾ ਕੇ ਸਾੜਦਿਆਂ ਵੇਖਦੀ ਰਹੀ। ਮਹਿੰਦਰ ਕੌਰ, ਕੁਲਬੀਰ ਕੌਰ, ਸਨਮੀਤ ਕੌਰ 1984 ਦੇ ਵਰ੍ਹੇ ਨਾਲ ਜੁੜੀਆਂ ਔਰਤਾਂ ਹਨ। ਹੋਰ ਕਈ ਪੀੜ੍ਹੀਆਂ ਆਉਣਗੀਆਂ। 2047, 2084 ਵਿਚ ਕੀਤੇ ਜਾਣ ਵਾਲੇ ਤਬਸਰੇ ਪੜ੍ਹਨਗੀਆਂ ਤੇ ਸਵਾਲ ਪੁੱਛਣਗੀਆਂ ਜਿਹੋ ਜਿਹੇ ਮੈਂ ‘ਤਮਸ’ ਵੇਖਣ ਮਗਰੋਂ ਆਪਣੇ ਪਿਤਾ ਨੂੰ ਪੁੱਛੇ ਸਨ। ਪਤਾ ਨਹੀਂ ਓਦੋਂ ਦੇ ਪਿਤਾ ਸਾਡੇ ਬਾਰੇ ਕੀ ਕਹਿਣਗੇ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਜੇ ਵੀ ਕਈ ਵਾਰ ਆਪਣੇ ਦਾਦੇ, ਨਾਨੇ ਦੀ ਉਮਰ ਦੇ ਲੋਕਾਂ ਨੂੰ ਸ਼ੱਕ ਨਾਲ ਵੇਖਣ ਦੀ ਹਿਮਾਕਤ ਕਰਦਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All