
ਰਾਸ ਰੰਗ
ਡਾ. ਸਾਹਿਬ ਸਿੰਘ
ਆਮ ਤੌਰ ’ਤੇ ਨਾਟਕ ਦੀ ਕਹਾਣੀ ਅਦਾਕਾਰਾਂ ਦੇ ਸੰਵਾਦਾਂ ਰਾਹੀਂ ਅੱਗੇ ਵਧਦੀ ਹੈ, ਪਰ ਹਮੇਸ਼ਾਂ ਨਹੀਂ। ਨਿਰੋਲ ਸਰੀਰਿਕ ਮੁਦਰਾਵਾਂ ਰਾਹੀਂ ਵੀ ਕਹਾਣੀ ਕਹੀ ਜਾਂਦੀ ਹੈ। ਕਾਵਿ-ਨਾਟ ਅੰਦਰ ਇਹ ਸੰਵਾਦ ਪ੍ਰਤੀਕਰਮ ਰੂਪ ਅਖ਼ਤਿਆਰ ਕਰ ਲੈਂਦੇ ਹਨ। ਓਪੇਰਿਆਂ ’ਚ ਗੀਤ ਹੀ ਸੰਵਾਦ ਬਣ ਜਾਂਦੇ ਹਨ, ਪਰ ਅੱਜ ਗੱਲ ਇਨ੍ਹਾਂ ਗੀਤਾਂ ਦੀ ਕਰਨੀ ਹੈ ਜੋ ਨਾਟਕੀ ਸੰਵਾਦਾਂ ਦੇ ਵਿਚ-ਵਿਚਾਲੇ ਕਿਤੇ ਆਪਣੀ ਮੰਜੀ ਡਾਹ ਲੈਂਦੇ ਹਨ, ਇਹ ਕਦੇ ਨਾਟਕ ਦੀ ਕਹਾਣੀ ਨੂੰ ਕਾਹਲੀ ਨਾਲ ਛੜੱਪਾ ਮਾਰ ਕੇ ਅਗਾਂਹ ਤੋਰਨ ਲਈ ਕੰਮ ਆਉਂਦੇ ਹਨ; ਕਦੇ ਦਰਸ਼ਕ ਦੀ ਸੂਝ ਨਾਟਕ ਦੀ ਕੇਂਦਰੀ ਚੂਲ ਨਾਲ ਜੋੜਨ ਲਈ ਗੀਤ ਇਲਾਜ ਬਣ ਬਹੁੜਦੇ ਹਨ; ਕਦੇ ਨਾਟਕ ਦੀ ਕਹਾਣੀ ਦੇ ਕਿਸੇ ਹਿੱਸੇ ਜਾਂ ਮੋੜ ਨੂੰ ਸ਼ਿੱਦਤ ਨਾਲ ਦਰਸ਼ਕ ਦੇ ਦਿਲੋ-ਦਿਮਾਗ਼ ’ਤੇ ਛਾਪਣ ਲਈ ਸਹਾਈ ਹੁੰਦੇ ਹਨ; ਕਦੇ ਗੀਤ ਦਰਸ਼ਕ ਨੂੰ ਇਕ ਵੱਖਰਾ ਕੰਨ-ਰਸ ਪ੍ਰਦਾਨ ਕਰਨ ਲਈ ਤੇ ਕਿਤੇ ਅਣਕਹੇ ਨੂੰ ਕਹਿਣ ਲਈ ਮਦਦਗਾਰ ਸਾਬਤ ਹੁੰਦੇ ਹਨ। ਨਾਟ-ਗੀਤ ਸਿਰਜਣਾ ਆਸਾਨ ਨਹੀਂ, ਇਹ ਗੀਤ ਤੋਂ ਵੱਖਰੀ ਵਿਧਾ ਹੈ। ਨਾਟ-ਗੀਤ ਪਰੰਪਰਿਕ ਗੀਤ ਵਰਗੀ ਆਜ਼ਾਦੀ ਨਹੀਂ ਮਾਣ ਸਕਦਾ, ਉਸ ਨੂੰ ਇਕ ਅਨੁਸ਼ਾਸਨ ਵਿਚ ਬੱਝਣਾ ਪੈਂਦਾ ਹੈ। ਅਜਿਹੇ ਬਹੁਤ ਸਾਰੇ ਹੋਰ ਗੁਣਾਂ ਦੀ ਮੰਗ ਕਰਦੇ ਨਾਟ-ਗੀਤ ਸਿਰਜਣ ਵਾਲੇ ਦਰਵੇਸ਼ ਦਾ ਨਾਂ ਹੈ ਸ਼ਹਰਯਾਰ (ਸੰਤੋਖ ਸਿੰਘ ਸ਼ਹਰਯਾਰ)।
ਅੰਮ੍ਰਿਤਸਰ ਦਾ ਇਹ ਬਾਸ਼ਿੰਦਾ ਸਹਿਜ ਤੋਰ ਤੁਰਨ ਵਾਲਾ ਕਵੀ-ਨਾਟਕਕਾਰ ਸ਼ਹਰਯਾਰ। ਉਸ ਨੂੰ ਮਿਲਦਿਆਂ ਹਮੇਸ਼ਾਂ ਇੰਜ ਲੱਗਦਾ ਜਿਵੇਂ ਹੁਣੇ ਗੁਰਦੁਆਰੇ ਦੀ ਦੇਗ਼ ਛਕ ਕੇ ਉਸਨੇ ਆਪਣੀ ਬੀਬੀ ਦਾੜ੍ਹੀ ਤੇ ਲਿਸ਼ਕਦੀਆਂ ਗੱਲ੍ਹਾਂ ’ਤੇ ਪੋਲੇ ਹੱਥਾਂ ਦਾ ਚੌਰ ਫੇਰਿਆ ਹੋਵੇ। ਉਸ ਦੀਆਂ ਗੱਲਾਂ ਉਸਦੇ ਮੂੰਹੋਂ ਨਿਕਲੇ ਵਾਕ ਸੰਪੂਰਨ ਰੂਪ ’ਚ ਸੁਣਣ ਲਈ ਤੁਹਾਨੂੰ ਆਪਣਾ ਸਿਰ ਉਸਦੀ ਹਿੱਕ ਨਾਲ ਜੋੜਨਾ ਪੈ ਸਕਦਾ ਹੈ। ਬੋਲਦਾ-ਬੋਲਦਾ ਉਹ ਅਕਸਰ ਵਾਕ ਅਧੂਰਾ ਛੱਡ ਦਿੰਦਾ ਹੈ, ਉਦੋਂ ਉਸ ਦੀਆਂ ਅੱਖਾਂ ਵੇਖਦੇ ਰਹੋ, ਅਰਥ ਦਿਲ ਤਕ ਉਤਰ ਜਾਣਗੇ। ਉਸਨੇ ਹਰ ਪਾਸਿਓਂ ਇੱਜ਼ਤ ਕਮਾਈ ਹੈ, ਉਹ ਸਿਰਫ਼ ਅੰਬਰਸਰੀਆਂ ਦਾ ਯਾਰ ਨਹੀਂ, ਉਸਦਾ ਸ਼ਹਿਰ ਸਾਰਾ ਸੰਸਾਰ ਹੈ, ਇਸੇ ਲਈ ਉਹ ਸ਼ਹਰਯਾਰ ਹੈ।
1978 ’ਚ ਜਦੋਂ ਸਾਰੇ ਮੁਲਕ ਦੇ ਬਿਹਤਰੀਨ ਨਾਟ-ਨਿਰਦੇਸ਼ਕ ਬੰਸੀ ਕੌਲ ‘ਧਮਕ ਨਗਾਰੇ ਦੀ’ ਨਾਟਕ ਸਿਰਜਦੇ ਹਨ ਤਾਂ ਸੋਹਣ ਸਿੰਘ ਸੀਤਲ, ਅਮਰਜੀਤ ਚੰਦਨ ਤੇ ਸ਼ਹਰਯਾਰ ਇਸ ਦੇ ਗੀਤ ਲਿਖਦੇ ਹਨ। ਜੱਟ ਦੁੱਲਾ ਮੇਲੇ ਗਿਆ ਹੋਇਆ ਹੈ ਤੇ ਇਹ ਗੀਤ ਦੁੱਲੇ ਦੀ ਅਣਖ ਨੂੰ ਝੰਜੋੜਦਾ ਹੈ:
ਦੁੱਲਿਆ ਤੂੰ ਮੇਲੇ ਵਿਚ ਮੌਜਾਂ ਮਾਣਦਾ,
ਬੀਤੀਆਂ ਕੀ ਬਾਰ ਤੇ ਅੱਲ੍ਹਾ ਹੀ ਜਾਣਦਾ।
ਕੱਲ੍ਹ ਨੂੰ ਲਾਹੌਰ ਤੈਨੂੰ ਲੋਕ ਰੋਣਗੇ,
ਲੱਧੀਆਂ ਦੇ ਮੇਲੇ ਵਿਚ ਸੌਦੇ ਹੋਣਗੇ।
ਫਟ ਜੂ ਗੁਬਾਰਾ ਤੇਰਾ ਫੋਕੀ ਸ਼ਾਨ ਦਾ।
ਡਾ. ਸਾਹਿਬ ਸਿੰਘ
ਸ਼ਹਰਯਾਰ ਦੀ ਕਲਮ ’ਚੋਂ ਨਿਕਲੀ ਇਹ ਸਤਰ ‘ਲੱਧੀਆਂ ਦੇ ਮੇਲੇ ਵਿਚ ਸੌਦੇ ਹੋਣਗੇ...’ ਬਹੁ-ਪਰਤੀ ਅਰਥ ਸਿਰਜਣ ਵਾਲੀ ਨਿਵੇਕਲੀ ਸਤਰ ਹੈ, ਜਿੱਥੇ ਦੁੱਲੇ ਦੀ ਮਾਂ ਲੱਧੀ ਦੇ ਦਰਦ ਨੂੰ ਸਮੁੱਚੀ ਔਰਤ ਜਾਤ ਦੇ ਦਰਦ ਨਾਲ ਜੋੜ ਕੇ ਦੁੱਲੇ ਦੇ ਦਿਲ ’ਤੇ ਵਗਦੀ ਸੱਟ ਦਾ ਹਥੌੜਾ ਕਿਤੇ ਜ਼ਿਆਦਾ ਭਾਰੀ ਤੇ ਪ੍ਰਭਾਵੀ ਬਣਾ ਦਿੱਤਾ ਹੈ। ਅੰਮ੍ਰਿਤਾ ਪ੍ਰੀਤਮ ਦੇ ਨਾਵਲ ‘ਪਿੰਜਰ’ ’ਤੇ ਨਾਟਕ ਬਣਿਆ। ਜਦੋਂ ਰਸ਼ੀਦਾ ਪੂਰੋ ਦਾ ਨਾਂ ਬਦਲ ਕੇ ਉਸਦੀ ਬਾਂਹ ’ਤੇ ਹਮੀਦਾ ਖੁਣਵਾ ਦਿੰਦਾ ਹੈ ਤਾਂ ਪੂਰੋ ਦਰਸ਼ਕਾਂ ਨੂੰ ਸਵਾਲ ਪੁੱਛਦੀ ਹੈ ਕਿ ਮੈਂ ਕੀ ਆਂ... ਪੂਰੋ ਕਿ ਹਮੀਦਾ... ਉਦੋਂ ਸ਼ਹਰਯਾਰ ਦੇ ਬੋਲ ਦ੍ਰਿਸ਼ ਤੋਂ ਬਾਅਦ ਪਸਰੇ ਹਨੇਰੇ ਅੰਦਰ ਦਰਸ਼ਕ ਦੀ ਉਂਗਲ ਫੜ ਕੇ ਉਸ ਨੂੰ ਪੂਰੋ ਦੇ ਦਰਦ ਦੇ ਲੜ ਲਾਈ ਰੱਖਦੇ ਹਨ: ਜਾਗਦੀ ਹਮੀਦਾ ਤੇ ਸੁੱਤੀ ਪਈ ਪੂਰੋ ਸੁਤਨੀਂਦੇ ’ਚ ਭਲਾ ਕੀ ਮੇਰਾ ਨਾਂ ਰਸ਼ੀਦਿਆ ਵੇ ਕੈਂਠੇ ਵਾਲਿਆ ਤੂੰ ਮੈਥੋਂ ਖੋਹ ਲਿਆ ਏ ਪੂਰੋ ਮੇਰਾ ਨਾਂ ਵੇ ਬਾਬਲਾ ਤੂੰ ਦੱਸ ਨਾ ਗਿਉਂ ਮੈਨੂੰ ਕਿਹੜੀ ਥਾਂ ਲੁਕੋ ਗਈ ਮੇਰੀ ਮਾਂ! ਉਹ ਸਾਦਾ ਹੈ, ਪਰ ਲਿਖਦਾ ਗੁੰਝਲਦਾਰ ਹੈ। ਆਪਣੀ ਕਵਿਤਾ ਦਾ ਸਿਰਲੇਖ ਰੱਖਦਾ ਹੈ ‘ਘੁੱਗੀਆਂ ਮਾਸਾਹਾਰੀਆਂ।’ ਉਸਦੇ ਨਾਟਕ ਦਾ ਨਾਂ ਏ ‘ਗੋਲੇ ਕਬੂਤਰ।’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ ’ਚ ਬੈਠਾ ਉਹ ਦਸਤਾਵੇਜ਼ ਫਰੋਲਦਾ ਤੇ ਪੰਜਾਬੀ ਦੀ ਪਹਿਲੀ ਸ਼ਾਇਰਾ ‘ਪੀਰੋ ਪ੍ਰੇਮਣ’ ਦਾ ਕਿੱਸਾ ਨਾਟ- ਜਗਤ ਦੀ ਝੋਲੀ ਪਾਉਂਦਾ। ਹੀਰ-ਰਾਂਝੇ ਦੇ ਕਿੱਸੇ ਅੰਦਰ ਉਸਨੂੰ ਕੈਦੋਂ ਨਾਲ ਗ਼ਰੀਬ ਮਾਰ ਹੋਈ ਲੱਗਦੀ ਹੈ। ਉਹ ਕੈਦੋਂ ’ਚੋਂ ਕਣੀ ਲੱਭਦਾ ਹੈ ਤੇ ਨਾਟਕ ਲਿਖਦਾ ਹੈ ‘ਕੈਦੋਂ’। ਚੰਡੀਗੜ੍ਹ ’ਚ ਬਣੇ ਰੌਕ ਗਾਰਡਨ ਦੀ ਸਿਰਜਣ ਪ੍ਰਕਿਰਿਆ ਉਸ ਨੂੰ ਟੁੰਬਦੀ ਹੈ ਤੇ ਉਹ ਨੇਕ ਚੰਦ ਦੇ ਅੰਦਰ ਹੁੰਦੀ ਟੁੱਟ-ਭੱਜ ਨੂੰ ਬਾਹਰਲੀ ਟੁੱਟ-ਭੱਜ ਨਾਲ ਗੁੰਨ੍ਹ ਕੇ ਨਾਟਕ ਸਿਰਜਦਾ ਹੈ, ‘ਟੁੱਟ ਭੱਜ ਦਾ ਸੰਗੀਤ’। ਉਸਨੂੰ ਘਰਾਂ, ਇਮਾਰਤਾਂ, ਕਿਤਾਬਾਂ, ਪੁਸਤਕ ਘਰਾਂ, ਇਤਿਹਾਸ, ਸਮਾਜ ਅੰਦਰ ਭੁੱਲੇ ਵਿਸਰੇ ਕੋਨਿਆਂ ’ਚ ਪਈਆਂ ਵਸਤਾਂ ਆਪਣੇ ਵੱਲ ਖਿੱਚਦੀਆਂ ਹਨ। ਫਿਰ ਉਹ ਉਨ੍ਹਾਂ ਦੇ ਦਰਦ ਨੂੰ ਆਪਣਾ ਦਰਦ ਬਣਾ ਲੈਂਦਾ ਹੈ ਤੇ ਕਾਗਜ਼ ਦੀ ਹਿੱਕ ’ਤੇ ਉਤਾਰਨ ਲਈ ਤੜਪ ਉੱਠਦਾ ਹੈ। ਨਾਟਕ ਦੇ ਗੀਤ ਆਪ ਮੁਹਾਰੇ ਨਹੀਂ ਹੋ ਸਕਦੇ। ਉਹ ਨਾਟਕ ਦੀ ਮੁੱਖ ਸੁਰ ਨੂੰ ਸੰਘਣਾ ਤਾਂ ਕਰ ਸਕਦੇ ਹਨ, ਪਰ ਵੱਖਰਾ ਰਾਗ ਨਹੀਂ ਅਲਾਪ ਸਕਦੇ। ਇਸ ਬੰਧੇਜ ਦਾ ਪਾਲਣ ਕਰਨ ਵਾਲਾ ਹੀ ਵਧੀਆ ਨਾਟ-ਗੀਤ ਸਿਰਜ ਸਕਦਾ ਹੈ, ਪਰ ਇਸਦਾ ਇਹ ਅਰਥ ਨਹੀਂ ਕਿ ਨਾਟਕ ਦੇ ਗੀਤ ਵੱਡੀ ਪੁਲਾਂਘ ਨਹੀਂ ਪੁੱਟ ਸਕਦੇ। ਕਈ ਵਾਰ ਨਾਟ ਗੀਤਕਾਰ ਆਪਣੀ ਪ੍ਰਤਿਭਾ ਦਾ ਐਸਾ ਜਲੌਅ ਦਰਸਾਉਂਦਾ ਹੈ ਕਿ ਸਾਹਮਣੇ ਦਿਸਦੇ ਤੋਂ ਪਾਰ ਜਾ ਕੇ ਪੂਰੇ ਵਰਤਾਰੇ ਨੂੰ ਅਤੀਤ, ਵਰਤਮਾਨ ਤੇ ਭਵਿੱਖ ਵਿਚ ਫੈਲਾ ਦਿੰਦਾ ਹੈ। ‘ਵਣਜਾਰੇ’ ਨਾਟਕ ਵਿਚ ਉਹ ਸਾਦੇ ਲਫ਼ਜ਼ਾਂ ਰਾਹੀਂ ਵਡੇਰੇ ਮਾਅਨੇ ਸਿਰਜਦਾ ਹੈ: ਨੇਰ੍ਹਾਂ ਵਾਲੇ ਲੰਘ ਗਏ ਸਵੇਰਾਂ ਵਾਲੇ ਲੰਘ ਗਏ, ਭੀਮ ਦੇ ਤਲਾਬ ਦੀ ਵੀ ਕਾਰਸੇਵਾ ਮੰਨ ਗਏ। ਕਦੀ ਤਾਂ ਕਦੀ ਤਾਂ ਚਿੜੀ ਆ ਕੇ ਆਂਡਾ ਦਏਗੀ, ਚਿੜੀ ਆਂਡਾ ਦਏਗੀ ਤਾਂ ਰੌਸ਼ਨੀ ਵੀ ਪਏਗੀ। ਕਿਹੜੀ? ਜਿਹੜੀ ਰੌਸ਼ਨੀ ਤਾਂ ਰੌਸ਼ਨੀ ਹੀ ਰਹੇਗੀ, ਰੌਸ਼ਨੀ ਹੀ ਰਹੇਗੀ ਤੇ ਰੌਸ਼ਨੀ ਹੀ ਰਹੇਗੀ। ‘ਫਾਸਲੇ’ ਨਾਟਕ ’ਚ ਲਿਖਿਆ ਉਸ ਦਾ ਗੀਤ ਉਸ ਦੀ ਗੀਤਕਾਰੀ ਤੇ ਵਿਸ਼ਾਲਤਾ ਮਾਣਨਯੋਗ ਹੈ: ਦਰਿਆ ਕਿਸੇ ਦਾ ਠਾਮਲਾ ਦਰਿਆ ਕਿਸੇ ਦਾ ਤੌਖਲਾ ਦਰਿਆ ਕਿਸੇ ਦਾ ਆਪਣਾ ਦਰਿਆ ਕਿਸੇ ਦੀ ਭਟਕਣਾ ਦਰਿਆ ਕਿਸੇ ਦਾ ਵਕਤ ਹੈ ਦਰਿਆ ਕਿਸੇ ਦੀ ਸ਼ਕਲ ਹੈ ਦਰਿਆ ਕਿਤੇ ਸਾਇਆ ਜਿਹਾ ਦਰਿਆ ਤਾਂ ਅਮਲ ਹੈ ਕੁਝ ਪਾਣੀਆਂ ਦੇ ਵਹਿਣ ’ਤੇ ਕੁਝ ਪਾਣੀਆਂ ਦੇ ਕਹਿਣ ’ਤੇ ਦਰਿਆ ਦੀਆਂ ਸਰਦਾਰੀਆਂ ਦਰਿਆ ਦੀਆਂ ਖੁਦਦਾਰੀਆਂ! ਖੂੰਜਿਆਂ ’ਚ ਫਸੇ ਵਿਸ਼ਿਆਂ ਨੂੰ ਸਜੀਵ ਬਣਾਉਣ ਵਾਲਾ ਇਹ ਕਵੀ, ਨਾਟਕਕਾਰ, ਨਾਟ-ਗੀਤਕਾਰ ਵੀ ਜ਼ਿਆਦਾ ਗੁੰਮਨਾਮੀ ਹੀ ਭੋਗਦਾ ਰਿਹਾ ਹੈ। ਸ਼ਾਇਦ ਉਸ ਨੂੰ ਜੀਵਨ ਦੀ ਇਵੇਂ ਦੀ ਧੀਮੀ ਰਫ਼ਤਾਰ ਹੀ ਮੁਆਫਕ ਬੈਠਦੀ ਹੈ। ਤੇਜ਼ ਰੌਸ਼ਨੀਆਂ ਤੇ ਉੱਲਰ-ਉੱਲਰ ਪਹਿਲੀ ਕਤਾਰ ਵੱਲ ਵਧਣਾ ਉਸਦੇ ਸੁਭਾਅ ਦਾ ਹਿੱਸਾ ਨਹੀਂ, ਪਰ ਸ਼ਹਰਯਾਰ ਨੂੰ ਯਾਦ ਰੱਖਣ ਵਾਲੇ ਅਨੇਕਾਂ ਹਨ, ਵੱਡੇ ਨਾਵਾਂ ਵਾਲੇ ਵੀ ਤੇ ਵੱਡੇ ਰੁਤਬਿਆਂ ਵਾਲੇ ਵੀ। ਉਹ ਕਈਆਂ ਦੇ ਸਾਹੀਂ ਧੜਕਦਾ ਏਂ, ਸ਼ਾਇਦ ਇਸੇ ਲਈ ਕੇਵਲ ਧਾਲੀਵਾਲ ਨੇ ਉਸਦੇ ਨਾਟ-ਗੀਤਾਂ ਨੂੰ ਕਿਤਾਬੀ ਰੂਪ ’ਚ ਸਾਂਭ ਲਿਆ, ‘ਸ਼ਹਰਯਾਰ ਦੇ ਨਾਟ-ਗੀਤ’। ਉਹ ਸਾਡਾ ਗੌਰਵ ਏਂ, ਪੰਜਾਬੀਆਂ ਦਾ ਆਪਣਾ ਸ਼ਹਰਯਾਰ। ਪੰਜਾਬ ਕਲਾ ਪ੍ਰੀਸ਼ਦ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਨੇ ਉਸਨੂੰ ਗੌਰਵ ਪੁਰਸਕਾਰ ਦੇ ਕੇ ਆਪਣਾ ਸਿਰ ਉੱਚਾ ਕੀਤਾ ਹੈ। ਉਸਦੇ ਸੁਪਨੇ ਨੂੰ ਬੂਰ ਪਏਗਾ: ਨਹੀਂ ਮਰਜ਼ੀਆਂ ਦੀ ਹਕੂਮਤ ਰਹੇਗੀ ਬਕਾਇਆ ਨਾ ਮਾਇਆ ਦੀ ਫਿਤਰਤ ਰਹੇਗੀ ਮਜੂਰੋ ਤੁਸਾਂ ਨੇ ਤਾਂ ਕੁਝ ਨਹੀਂ ਗੁਆਉਣਾ ਗੁਆਉਣਾ ਤਾਂ ਕੇਵਲ ਗੁਲਾਮੀ ਦਾ ਤਾਣਾ।
ਸੰਪਰਕ: 98880-11096
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ