ਚੱਕ ਨਾਨਕੀ ਤੋਂ ਸ੍ਰੀ ਆਨੰਦਪੁਰ ਸਾਹਿਬ : The Tribune India

ਚੱਕ ਨਾਨਕੀ ਤੋਂ ਸ੍ਰੀ ਆਨੰਦਪੁਰ ਸਾਹਿਬ

ਚੱਕ ਨਾਨਕੀ ਤੋਂ ਸ੍ਰੀ ਆਨੰਦਪੁਰ ਸਾਹਿਬ

ਡਾ. ਕਸ਼ਮੀਰ ਸਿੰਘ

1605-1705 ਦਾ ਸਮਾਂ

1665 ਤੋਂ 1705 ਦਾ ਸਮਾਂ ਸਿੱਖ ਧਰਮ ਲਈ ਜੱਦੋ ਜਹਿਦ ਅਤੇ ਸੰਘਰਸ਼ ਪੂਰਨ ਰਿਹਾ ਹੈ। ਇਸਲਾਮ ਧਰਮ ਦਾ ਬੋਲਬਾਲਾ ਹੋਣ ਕਰਕੇ ਮਾਨਵੀ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਲੱਗ ਪਿਆ ਸੀ। ਅੌਰੰਗਜ਼ੇਬ ਆਪਣੇ ਪਿਤਾ ਸ਼ਾਹ ਜਹਾਂ ਨੂੰ ਬੰਦੀ ਬਣਾ ਕੇ ਤੇ ਭਰਾਵਾਂ ਨੂੰ ਮਾਰ ਕੇ ਗੱਦੀ ਉੱਤੇ ਕਾਬਜ਼ ਹੋ ਗਿਆ ਸੀ। ਇਸ ਪਿੱਛੋਂ ਸਮੁੱਚੇ ਹਿੰਦੁਸਤਾਨ ਨੂੰ ਇਸਲਾਮ ਧਰਮ ਵਿੱਚ ਤਬਦੀਲ ਕਰਨਾ ਅਤੇ ਦੇਸ਼ ਵਿੱਚੋਂ ਹਿੰਦੂਆਂ ਤੇ ਪੰਡਤਾਂ ਦਾ ਨਾਮੋ ਨਿਸ਼ਾਨ ਮਿਟਾਉਣਾ, ਉਸ ਨੇ ਆਪਣਾ ਮੁੱਖ ਟੀਚਾ ਬਣਾ ਲਿਆ ਸੀ। ਹਿੰਦੂਆਂ ਦੇ ਮੇਲਿਆਂ ਅਤੇ ਤਿਉਹਾਰਾਂ ਉੱਪਰ ਪਾਬੰਦੀ ਲਾ ਦਿੱਤੀ ਗਈ। ਮੰਦਰ ਢਾਹ ਕੇ ਮਸਜਿਦਾਂ ਦੀਆਂ ਉਸਾਰੀਆਂ ਕੀਤੀਆਂ ਗਈਆਂ। ਹਿੰਦੂਆਂ ਤੋਂ ਜ਼ਬਰਦਸਤੀ ਜਜ਼ੀਆ ਵਸੂਲਿਆ ਜਾਣ ਲੱਗ ਪਿਆ, ਹਰ ਪਾਸੇ ਜ਼ੁਲਮ ਦੀ ਹਾਹਾਕਾਰ ਮੱਚੀ ਹੋਈ ਸੀ। ਅਜਿਹੇ ਹਾਲਾਤ ਦੌਰਾਨ ਵੀ ਸਿੱਖ ਗੁਰੂ ਸਾਹਿਬਾਨ ਦੁਆਰਾ ਨਗਰ ਵਸਾਉਣ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਕੋਲੋਂ 19 ਜੂਨ 1665 ਨੂੰ ਚੱਕ ਨਾਨਕੀ ਦੀ ਮੋੜ੍ਹੀ ਗਡਵਾ ਕੇ, ਕਹਿਲੂਰ ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਦੇਵੀ ਕੋਲੋਂ ਮਾਖੋਵਾਲ,ਸਹੋਟਾ,ਮੀਆਂਪੁਰ ਆਦਿ ਪਿੰਡਾਂ ਦੀ ਜ਼ਮੀਨ 500 ਰੁਪਏ ਨਕਦ ਖ਼ਰੀਦ ਕੇ ਇਸ ਨਗਰ ਦੀ ਸਥਾਪਨਾ ਆਪਣੀ ਮਾਤਾ ਨਾਨਕੀ ਦੇ ਨਾਂ ’ਤੇ ਕੀਤੀ। ਚੱਕ ਨਾਨਕੀ ਨਗਰ ਵਸਾਉਣ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਲਗਪਗ ਤਿੰਨ ਮਹੀਨੇ ਇਸ ਨਗਰ ਵਿੱਚ ਠਹਿਰੇ। ਇਸ ਪਿੱਛੋਂ ਲਗਪਗ ਸਾਢੇ ਛੇ ਸਾਲ ਅਸਾਮ, ਬੰਗਾਲ ਅਤੇ ਬਿਹਾਰ ਵਿੱਚ ਧਰਮ ਪ੍ਰਚਾਰ ਵਾਸਤੇ ਚਲੇ ਗਏ। ਗੁਰੂ ਤੇਗ਼ ਬਹਾਦਰ ਜੀ ਦਾ ਬਲੀਦਾਨ: ਸਮੇਂ ਦੇ ਹੁਕਮਰਾਨਾਂ ਨੇ ਆਪਣੇ ਮੁਫ਼ਾਦਾਂ ਲਈ ਮਨੁੱਖੀ ਜ਼ਿੰਦਗੀ ਦਾ ਘਾਣ ਕੀਤਾ ਅਤੇ ਆਮ ਲੋਕਾਂ ਉੱਤੇ ਅਸਹਿ ਤੇ ਅਕਹਿ ਜ਼ੁਲਮ ਕੀਤੇ। ਇਨ੍ਹਾਂ ਜ਼ੁਲਮਾਂ ਖਿਲਾਫ਼ ਸਮੇਂ ਸਮੇਂ ’ਤੇ ਆਵਾਜ਼ਾਂ ਵੀ ਉੱਠੀਆਂ। ਇਹ ਜ਼ੁਲਮ ਮੁਗ਼ਲ ਬਾਦਸ਼ਾਹ ਅੌਰੰਗਜ਼ੇਬ ਵੇਲੇ ਸਿਖਰ ’ਤੇ ਪੁੱਜ ਗਿਆ ਸੀ। ਅੌਰੰਗਜ਼ੇਬ ਦੇ ਅੱਤਿਆਚਾਰ ਦਾ ਸ਼ਿਕਾਰ ਕਸ਼ਮੀਰੀ ਪੰਡਿਤ ਜਦੋਂ ਆਪਣੀ ਫ਼ਰਿਆਦ ਲੈ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਆਏ, ਉਸ ਵੇਲੇ ਬਾਲ ਗੋਬਿੰਦ ਉਨ੍ਹਾਂ ਦੇ ਨਾਲ ਸਨ। ਕਸ਼ਮੀਰੀ ਪੰਡਤਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ ਗੁਰਬਾਣੀ ਦੇ ਮਹਾਂਵਾਕ ‘‘ਜੋ ਸਰਣਿ ਆਵੈ, ਤਿਸੁ ਕੰਠ ਲਾਵੈ’’ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਗੁਰੂ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਜਾਣਗੇ। ਅੌਰੰਗਜ਼ੇਬ ਦੇ ਜ਼ੁਲਮ ਅਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਨੂੰ ਠੱਲ੍ਹਣ ਲਈ ਉਨ੍ਹਾਂ ਆਪਣਾ ਬਲੀਦਾਨ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂਕਾਲ ਅਤੇ ਖ਼ਾਲਸੇ ਦੀ ਸਿਰਜਣਾ: ਗੁਰੂ ਗੋਬਿੰਦ ਸਿੰਘ ਜੀ ਨੇ 1704 ਤਕ ਲਗਪਗ 35 ਸਾਲ ਇਸ ਧਰਤੀ ’ਤੇ ਨਿਵਾਸ ਕੀਤਾ। ਉਨ੍ਹਾਂ ਨੇ ਸਿੱਖ ਕੌਮ ਨੂੰ ਨਿਡਰ ਅਤੇ ਨਿਧੜਕ ਬਣਾਉਣ ਲਈ ਪੰਜ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ 1699 ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਉਨ੍ਹਾਂ ਕੋਲੋਂ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਦੁਸ਼ਮਣਾਂ ਦਾ ਟਾਕਰਾ ਕਰਨ ਅਤੇ ਆਤਮ ਸੁਰੱਖਿਆ ਲਈ ਦਸਮ ਪਿਤਾ ਨੇ ਇਸ ਧਰਤੀ ’ਤੇ ਪੰਜ ਕਿਲ੍ਹੇ (ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਸਾਹਿਬ,ਕਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਕਿਲ੍ਹਾ ਤਾਰਾਗੜ੍ਹ ਸਾਹਿਬ) ਸਥਾਪਿਤ ਕੀਤੇ। ਹੋਲੇ ਮਹੱਲੇ ਦੀ ਸ਼ੁਰੂਆਤ: 1701 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ। ਇਸ ਦਾ ਮੁੱਖ ਮਕਸਦ ਖ਼ਾਲਸੇ ਨੂੰ ਯੁੱਧ ਵਿੱਦਿਆ ਵਿੱਚ ਮੁਹਾਰਤ ਦੇਣਾ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕਰਨਾ ਸੀ। ਪਹਾੜੀ ਰਾਜਿਆਂ ਅਤੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੇ ਸਿੱਖਾਂ ਨੂੰ ਆਤਮ ਰੱਖਿਆ ਵਾਸਤੇ ਘੋੜ-ਦੌੜ,ਤੀਰ-ਅੰਦਾਜ਼ੀ, ਨੇਜੇਬਾਜ਼ੀ ਅਤੇ ਗੱਤਕਾ ਆਦਿ ਦੀ ਟਰੇਨਿੰਗ ਦੇ ਕੇ ਖ਼ਾਲਸਾ ਪੰਥ ਦੀ ਫ਼ੌਜ ਤਿਆਰ ਕੀਤੀ। ਆਨੰਦਪੁਰ ਸਾਹਿਬ ਦੀ ਅਜੋਕੀ ਸਥਿਤੀ: ਪੰਜਾਬ ਸਰਕਾਰ ਵੱਲੋਂ 350 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਵਿਰਾਸਤ-ਏ-ਖ਼ਾਲਸਾ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਨਾਲ ਸ਼ਹਿਰ ਦੀ ਨਵੀਂ ਦਿੱਖ ਬਣ ਗਈ ਹੈ ਅਤੇ ਪੁਰਾਣੀ ਤਵਾਰੀਖੀ ਦਿੱਖ ਸੁੰਦਰ ਹੋ ਗਈ ਹੈ। ਵਿਰਾਸਤ-ਏ-ਖ਼ਾਲਸਾ ਵਿੱਚ ਜਿੱਥੇ ਪੰਜਾਬੀ ਸੱਭਿਆਚਾਰ ਦੀ ਝਲਕ ਮਿਲਦੀ ਹੈ, ੳੱੁਥੇ ਹੀ ਦਸ ਗੁਰੂ ਸਾਹਿਬਾਨ ਦੇ ਜੀਵਨ-ਕਾਲ ਦਾ ਵਰਣਨ ਚਿੱਤਰਕਾਰੀ ਅਤੇ ਟੈਕਨਾਲੋਜੀ ਦੇ ਸੁਮੇਲ ਦਾ ਉੱਤਮ ਨਮੂਨਾ ਪੇਸ਼ ਕਰਦਾ ਹੈ। ਹੁਣ ਇਸ ਦੇ ਦੂਜੇ ਫੇਜ਼ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤਕ ਦੇ ਜੀਵਨ ਦਾ ਵਰਣਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਈ ਜੈਤਾ ਜੀ ਦੀ ਯਾਦਗਾਰ ਵੀ ਉਸਾਰਨ ਜਾ ਰਹੀ ਹੈ। ਪੰਜਾਬ ਸਰਕਾਰ ਇਸ ਖੇਤਰ ਨੂੰ ਸੈਰ-ਸਪਾਟਾ ਹੱਬ ਵਜੋਂ ਵਿਕਸਤ ਕਰਨ ਜਾ ਰਹੀ ਹੈ। ਇੱਥੇ ਇੱਕ ਰਿਸੈਪਸ਼ਨ ਸੈਂਟਰ, ਪੰਜ ਤਾਰਾ ਹੋਟਲ, ਮਨੋਰੰਜਨ ਪਾਰਕ ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਇਲਾਕੇ ਦੇ ਸਰਬਪੱਖੀ ਵਿਕਾਸ ਸਦਕਾ ਹੀ ਅੱਜ ਇਹ ਇਲਾਕਾ ਵਪਾਰਕ ਕਾਰੋਬਾਰ ਅਤੇ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਹੋ ਰਿਹਾ ਹੈ। ਆਨੰਦਪੁਰ ਸਾਹਿਬ ਵਿੱਚ ਤਬਦੀਲੀਆਂ: ਸਤਲੁਜ ਦਰਿਆ, ਜੋ ਕੇਸਗੜ੍ਹ ਦੀ ਪਹਾੜੀ ਦੇ ਨਾਲ ਵਗਦਾ ਸੀ, ਹੁਣ ਪੰਜ ਕੁ ਕਿਲੋਮੀਟਰ ਦੂਰ ਚਲਾ ਗਿਆ ਹੈ। ਹਿਮੈਤੀ ਨਾਲਾ, ਜੋ ਆਨੰਦਗੜ੍ਹ ਕਿਲ੍ਹੇ ਦੀ ਹਿਫ਼ਾਜ਼ਤ ਕਰਦਾ ਸੀ, ਦਾ ਨਾਮੋ ਨਿਸ਼ਾਨ ਮਿਟ ਗਿਆ ਹੈ, ਉੱਥੇ ਹੁਣ ਖੇਤੀ ਹੁੰਦੀ ਹੈ। ਕਾਫ਼ੀ ਚੋਅ ਖ਼ਤਮ ਹੋ ਗਏ ਹਨ, ਚਰਨਾ ਗੰਗਾ ’ਤੇ ਪੁਲ ਬਣ ਗਿਆ ਹੈ, ਕੇਸਗੜ੍ਹ ਸਾਹਿਬ ਦੇ ਨਾਲ ਦੀ ਤੰਬੂ ਵਾਲੀ ਪਹਾੜੀ ਖੁਰ ਕੇ ਲੋਪ ਹੋ ਚੁੱਕੀ ਹੈ, ਕੇਸਗੜ੍ਹ ਤੇ ਆਨੰਦਗੜ੍ਹ ਵਿਚਲੀ ਪਹਾੜੀ ਨੂੰ ਕੱਟ ਕੇ ਉਸ ਵਿੱਚ ਸੜਕ ਬਣਾ ਦਿੱਤੀ ਗਈ ਹੈ। ਸ਼ਹਿਰ ਵਿੱਚ ਬੇ-ਹਿਸਾਬ ਇਮਾਰਤਾਂ ਬਣ ਚੁੱਕੀਆਂ ਹਨ। ਅੱਜ ਦਿਸਦਾ ਆਨੰਦਪੁਰ ਗੁਰੂ ਸਾਹਿਬ ਵੇਲੇ ਦੇ ਆਨੰਦਪੁਰ ਤੋਂ ਵੱਖਰਾ ਹੈ। ਆਨੰਦਪੁਰ ਸਾਹਿਬ ਦੀ ਅਬਾਦੀ: ਅਨੰਦਪੁਰ ਸਾਹਿਬ ਦੀ ਅਬਾਦੀ ਗੁਰੂ ਸਾਹਿਬ ਵੇਲੇ ਕੁੱਝ ਸੈਂਕੜਿਆਂ ਵਿੱਚ ਸੀ। ਇਸ ਤੋਂ ਇਲਾਵਾ ਬਹੁਤ ਸਾਰੇ ਸਿੱਖ ਤਕਰੀਬਨ ਹਰ ਵੇਲੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜੁੜੇ ਰਿਹਾ ਕਰਦੇ ਸਨ। ਮਾਰਚ ਦੇ ਆਖ਼ਰੀ ਦਿਨਾਂ (ਪਹਿਲਾ ਵਿਸਾਖ) ਵਿੱਚ ਹਜ਼ਾਰਾਂ ਸੰਗਤਾਂ ਆਨੰਦਪੁਰ ਸਾਹਿਬ ਵਿੱਚ ਜੁੜਿਆ ਕਰਦੀਆਂ ਸਨ। 4-5 ਦਸੰਬਰ,1905 ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਿਆ, ਉਸ ਵੇਲੇ ਸਿਰਫ਼ ਭਾਈ ਗੁਰਬਖ਼ਸ਼ ਦਾਸ ਹੀ ਇੱਥੇ ਰਹਿ ਗਏ ਸਨ। ਕੁਝ ਸਾਲਾਂ ਪਿੱਛੋਂ ਸੋਢੀ ਗੁਲਾਬ ਸਿੰਘ ਅਤੇ ਸ਼ਾਮ ਸਿੰਘ ਦੇ ਪਰਿਵਾਰ ਇੱਥੇ ਵੱਸਣ ਲੱਗ ਪਏ ਸਨ। ਹੌਲੀ ਹੌਲੀ ਆਨੰਦਪੁਰ ਸਾਹਿਬ ਵੱਸਣਾ ਸ਼ੁਰੂ ਹੋ ਗਿਅ। 1868 ਦੀ ਮਰਦਮਸ਼ੁਮਾਰੀ ਵੇਲੇ ਇੱਥੋਂ ਦੀ ਅਬਾਦੀ 6869 ਸੀ। ਵੀਹਵੀਂ ਸਦੀ ਦੇ ਸ਼ੁਰੂ ਤਕ ਇੱਥੇ ਬੀਮਾਰੀ ਫੈਲਣ ਨਾਲ ਇੱਥੋਂ ਦੀ ਅਬਾਦੀ ਥੋੜ੍ਹੀ ਰਹਿ ਗਈ ਸੀ। 1947 ਪਿੱਛੋਂ ਇੱਥੇ ਕੁਝ ਸਿੱਖਾਂ ਨੇ ਪਾਕਿਸਤਾਨ ਤੋਂ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ, ਫਿਰ ਭਾਖੜਾ, ਨੰਗਲ, ਗੰਗੂਵਾਲ ਪ੍ਰਾਜੈਕਟ ਨਾਲ ਵੀ ਬਹੁਤ ਸਾਰੇ ਲੋਕ ਇੱਥੇ ਆ ਕੇ ਵੱਸ ਗਏ। ਇਸ ਤਰ੍ਹਾਂ ਅਬਾਦੀ ਹੌਲੀ ਹੌਲੀ ਫਿਰ ਵਧਣੀ ਸ਼ੁਰੂ ਹੋ ਗਈ। 1998 ਵਿੱਚ ਆਨੰਦਪੁਰ ਸਾਹਿਬ ਦੀ ਮਿਊਂਸਿਪਲ ਖੇਤਰ ਦੀ ਅਬਾਦੀ ਤਕਰੀਬਨ 13000 ਤਕ ਪੁੱਜ ਗਈ ਸੀ। ਆਨੰਦਪੁਰ ਸਾਹਿਬ ਦਾ ਨਾਂ ਪੰਜਾਬ ਸਰਕਾਰ ਵੱਲੋਂ ਮਿਤੀ 5 ਮਾਰਚ, 2015 ਨੂੰ ਕੀਤੇ ਨੋਟੀਫੀਕੇਸ਼ਨ ਅਨੁਸਾਰ ਆਨੰਦਪੁਰ ਸਾਹਿਬ ਤੋਂ ਬਦਲ ਕੇ ਸ੍ਰੀ ਆਨੰਦਪੁਰ ਸਾਹਿਬ ਕੀਤਾ ਗਿਆ ਹੈ। ਜੂਨ, 2015 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ, ਸ੍ਰੀ ਆਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਵੱਡੇ ਪੱਧਰ ’ਤੇ ਮਨਾਉਣ ਜਾ ਰਹੀ ਹੈ। ਇਸ ਸਮਾਰੋਹ ਵਿੱਚ ਜਿੱਥੇ ਰਾਸ਼ਟਰੀ ਪੱਧਰ ਦੇ ਰਾਜਨੀਤਿਕ ਅਤੇ ਧਾਰਮਿਕ ਆਗੂ ਹਿੱਸਾ ਲੈ ਰਹੇ ਹਨ, ਉੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ। ਇਸ ਸਮਾਰੋਹ ਮੌਕੇ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਵੱਡੀਆਂ ਯੋਜਨਾਵਾਂ ਉਲੀਕੇ ਜਾਣ ਦੀਆਂ ਆਸਾਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All