ਦੁਖਦ ਹੈ ਪਰਿਵਾਰਾਂ ਦਾ ਟੁੱਟਣਾ : The Tribune India

ਦੁਖਦ ਹੈ ਪਰਿਵਾਰਾਂ ਦਾ ਟੁੱਟਣਾ

ਦੁਖਦ ਹੈ ਪਰਿਵਾਰਾਂ ਦਾ ਟੁੱਟਣਾ

ਰਾਜੇਸ਼ ਰਿਖੀ

10706857cd _broken_families_cultural_problem_2ਅੱਜ ਸਮਾਜ ਵਿੱਚ ਆ ਰਹੇ ਨਿਘਾਰ ਨਾਲ ਅਸੀਂ ਆਪਣਾ ਸੱਭਿਆਚਾਰ ਭੁੱਲ ਕੇ ਸੁਆਰਥੀ ਹੁੰਦੇ ਜਾ ਰਹੇ ਹਾਂ। ਪੈਸਾ ਤੇ ਜਾਇਦਾਦ, ਰਿਸ਼ਤਿਆਂ ਤੇ ਪਿਆਰ ਤੋਂ ਉੱਪਰ ਹੋ ਗਈ ਹੈ। ਇਨ੍ਹਾਂ ਨੇ ਖ਼ੂਨ ਦੇ ਰਿਸ਼ਤਿਆਂ ਨੂੰ ਲੀਰੋ ਲੀਰ ਕਰ ਦਿੱਤਾ ਹੈ। ਆਪਣੇ ਪਿੰਡ ਦਾ ਹੋਣਾ, ਗਲੀ ਗੁਆਂਢ ਦਾ ਹੋਣਾ ਜਾਂ ਕਿਸੇ ਰਿਸ਼ਤੇਦਾਰੀ ਵਿੱਚੋਂ ਹੋਣਾ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਖ਼ੂਨ ਦੇ ਰਿਸ਼ਤੇ ਵੀ ਸ਼ਰਮਸਾਰ ਹੋ ਰਹੇ ਹਨ। ਸਭ ਰਿਸ਼ਤਿਆਂ ਨੂੰ ਮਾਇਆ ਨਾਂ ਦੀ ਸਿਓਂਕ ਖਾ ਰਹੀ ਹੈ। ਪਰਿਵਾਰਾਂ ਦੇ ਟੁੱਟਣ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ, ਘਰਾਂ ਵਿੱਚ ਕੰਧਾਂ ਨਿਕਲ ਰਹੀਆਂ ਹਨ। ਅਜਿਹਾ ਦੌਰ ਚੱਲ ਰਿਹਾ ਹੈ ਕਿ ਜਿੱਥੇ ਕਿਤੇ ਪੈਸੇ ਦੀ ਗੱਲ ਆ ਗਈ ਵਿਅਕਤੀ ਲਾਲਚ ਵਿੱਚ ਸਾਰੇ ਰਿਸ਼ਤੇ ਭੁੱਲ ਕੇ ਪੈਸੇ ਦੀ ਤੱਕੜੀ ਵਿੱਚ ਤੁਲ ਰਿਹਾ ਹੈ। ਮੰਨਿਆ ਕਿ ਪੈਸਾ ਬਹੁਤ ਕੰਮ ਆਉਂਦਾ ਹੈ, ਪਰ  ਬਹੁਤ ਕੰਮ ਅਜਿਹੇ ਵੀ ਹਨ ਜਿੱਥੇ ਪੈਸਾ ਵੀ ਕੰਮ ਨਹੀਂ ਆਉਂਦਾ, ਉੱਥੇ ਕੇਵਲ ਰਿਸ਼ਤੇ ਕੰਮ ਆਉਂਦੇ ਹਨ। ਅੱਜ ਸਾਂਝੇ ਪਰਿਵਾਰਾਂ ਦਾ ਲਗਾਤਾਰ ਟੁੱਟਣਾ ਜਾਰੀ ਹੈ। ਜ਼ਿਆਦਾਤਰ ਨਵ੍ਹੀਂ ਪੀੜੀ ਇਕੱਲੇ ਰਹਿਣਾ ਪਸੰਦ ਕਰਨ ਲੱਗੀ ਹੈ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਅਲੱਗ ਰਹਿਣ ਦੀ ਰੀਤ ਵਧਦੀ ਜਾ ਰਹੀ ਹੈ। ਘਰ ਦੇ ਵੱਡਿਆਂ- ਬਜ਼ੁਰਗਾਂ ਦੀਆਂ ਚੰਗੀਆਂ ਗੱਲਾਂ ਵੀ ਸਾਨੂੰ ਪਸੰਦ ਨਹੀਂ ਹਨ। ਅਸੀਂ ਅਜਿਹੇ ਮਾਹੌਲ ਵਿੱਚ ਰਹਿਣਾ ਚਾਹੁੰਦੇ ਹਾਂ ਜਿੱਥੇ ਪਤੀ ਪਤਨੀ ਤੇ ਬੱਚੇ ਹੋਣ, ਕੋਈ ਟੋਕੇ ਨਾ, ਪਰ ਬਹੁਤ ਸਾਰੇ ਪਤੀ-ਪਤਨੀ ਅਲੱਗ ਰਹਿ ਕੇ ਵੀ ਖ਼ੁਸ਼ ਨਹੀਂ ਹਨ। ਅਜਿਹੇ ਮਾਮਲੇ ਵੀ ਦਿਨੋਂ ਦਿਨ ਵਧਦੇ ਜਾ ਰਹੇ ਹਨ ਜਿੱਥੇ ਸਿਰਫ਼ ਪਤੀ-ਪਤਨੀ ਦਾ ਆਪਸੀ ਝਗੜਾ ਹੀ ਹੁੰਦਾ ਹੈ, ਉਹ ਵੀ ਛੋਟੀਆਂ-ਛੋਟੀਆਂ ਗੱਲਾਂ ’ਤੇ ਜਿਹੜੀਆਂ ਘਰ ਵਿੱਚ ਥੋੜ੍ਹੀ ਸ਼ਹਿਣਸ਼ੀਲਤਾ ਤੋਂ ਕੰਮ ਲੈਂਦੇ ਹੋਏ ਆਪਸੀ ਤਾਲਮੇਲ ਨਾਲ ਹੱਲ ਹੋ ਸਕਦੀਆਂ ਹਨ। ਅਜਿਹੀਆਂ ਗੱਲਾਂ ਵੀ ਅਸੀਂ ਅਦਾਲਤਾਂ ਜਾਂ ਮਹਿਲਾ ਮੰਡਲਾਂ ਤਕ ਲੈ ਜਾ ਰਹੇ ਹਾਂ। ਅਜਿਹਾ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਇੱਥੇ ਪਤੀ ਤੇ ਪਤਨੀ ਦੋਵਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਥੋੜ੍ਹਾ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ।

ਰਾਜੇਸ਼ ਰਿਖੀ ਰਾਜੇਸ਼ ਰਿਖੀ

ਅਜਿਹੇ ਕਿੰਨੇ ਹੀ ਬਜ਼ੁਰਗ ਹਨ  ਜਿਨ੍ਹਾਂ ਦੀਆਂ ਜ਼ਮੀਨਾਂ ਧੋਖੇ ਵਿੱਚ ਰੱਖ ਕੇ ਉਨ੍ਹਾਂ ਦੇ ਬੱਚਿਆਂ ਨੇ ਆਪਣੇ ਨਾਮ ਕਰਵਾ ਲਈਆਂ ਅਤੇ ਉਹ ਬਜ਼ੁਰਗ ਅੱਜ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਅਨੇਕਾਂ ਅਜਿਹੇ ਬਜ਼ੁਰਗ ਵੀ ਹਨ ਜਿਨ੍ਹਾਂ ਦੇ ਨਾਮ ਜਾਇਦਾਦ ਹੋਣ ਦੇ ਬਾਵਜੂਦ ਉਹ ਗੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਨ੍ਹਾਂ ਦੇ ਅਕਾਲ ਚਲਾਣੇ ’ਤੇ ਵਿਆਹਾਂ ਨਾਲੋਂ ਵਧਕੇ ਖਾਣਾ ਤਿਆਰ ਕੀਤਾ ਜਾਂਦਾ ਹੈ। ਅਜਿਹੇ ਵਿੱਚ ਸਮਾਜ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਸਾਡਾ ਸੱਭਿਆਚਾਰ, ਸਾਡੇ ਰਿਸ਼ਤੇ, ਸਾਡੀ ਭਾਈਚਾਰਕ ਸਾਂਝ ਤੇ ਸਾਂਝੇ ਪਰਿਵਾਰਾਂ ਨੂੰ ਬਚਾਉਣ ਦੀ ਲੋੜ ਹੈ। ਅਜਿਹੀ ਸੋਚ ਅਪਣਾਉਣੀ ਚਾਹੀਦੀ ਹੈ ਕਿ ਪੈਸਾ ਕਦੇ ਵੀ ਸਾਡੇ ਰਿਸ਼ਤਿਆਂ ਅਤੇ ਪਿਆਰ ਵਿਚਕਾਰ ਖੜ੍ਹਾ ਨਾ ਹੋਵੇ। ਅਜਿਹਾ ਇਰਾਦਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਹੱਕ ਲਈ ਦ੍ਰਿੜ ਹੋਈਏ ਅਤੇ ਕਿਸੇ ਦੇ ਹੱਕ ਵੱਲ ਕਦੇ ਵੇਖੀਏ ਵੀ ਨਾ। ਸਾਡੇ ਵਿੱਚ ਇੰਨੀ ਕੁ ਲਚਕਤਾ ਜ਼ਰੂਰ ਹੋਣਾ ਚਾਹੀਦੀ ਹੈ ਕਿ ਜੇਕਰ ਅਸੀਂ ਪੈਸਾ ਅਤੇ ਰਿਸ਼ਤੇ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇ ਤਾਂ ਅਸੀਂ ਰਿਸ਼ਤਿਆਂ ਦੀ ਡੋਰ ’ਤੇ ਪਹਿਰਾ ਦੇਈਏ, ਆਪਣੇ ਪਰਿਵਾਰ ਨੂੰ ਪਹਿਲ ਦੇਈਏ। ਆਪਣਿਆਂ ਨਾਲੋਂ ਦੂਰ ਹੋਣ ਦਾ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਥੋੜ੍ਹਾ ਸਮਾਂ ਸੋਚੀਏ ਜ਼ਰੂਰ। ਹੋਰ ਵੀ ਵਧੀਆ ਹੋਵੇ ਜੇਕਰ ਆਪਣੇ ਚੰਗੀ ਸੋਚ ਵਾਲੇ ਮਿੱਤਰਾਂ ਜਾਂ ਹਮਦਰਦੀਆਂ ਦੀ ਸਲਾਹ ਲੈ ਲਈਏ। ਤਿਆਗ ਦੇਈਏ ਇਨ੍ਹਾਂ ਫੋਕੇ ਵਿਖਾਵਿਆਂ ਨੂੰ ਅਤੇ ਜ਼ਿੰਦਗੀ ਦੀ ਅਸਲੀਅਤ ਦੇ ਨੇੜੇ ਹੋਈਏ। ਕਈ ਵਾਰ ਮੁਆਫ਼ੀ ਭਰੇ ਦੋ ਸ਼ਬਦ ਵੀ ਸਾਡੇ ਰਿਸ਼ਤਿਆਂ ਨੂੰ, ਸਾਡੇ ਪਰਿਵਾਰ ਨੂੰ ਹਮੇਸ਼ਾਂ ਲਈ ਬਣਾ ਕੇ ਰੱਖ ਲੈਂਦੇ ਹਨ ਅਤੇ ਕਈ ਵਾਰ ਬਿਨਾਂ ਸੋਚੇ ਕਹੇ ਸ਼ਬਦ ਹਸਦੇ ਵਸਦੇ ਪਰਿਵਾਰਾਂ ਵਿੱਚ ਵੀ ਕੰਧਾਂ ਕਢਵਾ ਦਿੰਦੇ ਹਨ। ਇਸ ਲਈ ਸ਼ਹਿਣਸ਼ਕਤੀ ਵਧਾਉਣ ਦੀ ਬਹੁਤ ਜ਼ਰੂਰਤ ਹੈ। ਟੁੱਟੇ ਰਿਸ਼ਤੇ ਜੁੜ ਸਕਦੇ ਹਨ, ਨਿੱਕਲੀਆਂ ਕੰਧਾਂ ਢਹਿ ਸਕਦੀਆਂ ਹਨ, ਲੋੜ ਹੈ ਤਾਂ ਪਹਿਲ ਕਰਨ ਦੀ ਕਿਉਂਕਿ ਆਪਣੇ ਤਾਂ ਆਪਣੇ ਹੀ ਹੁੰਦੇ ਹਨ। ਵੱਡਿਆਂ ਤੇ ਬਜ਼ੁਰਗਾਂ ਦੀ ਕਹੀ ਹਰ ਗੱਲ ਨੂੰ ਵਜ਼ਨ ਦੇ ਕੇ ਸੋਚੀਏ ਕਿਉਂਕਿ ਉਨ੍ਹਾਂ ਕੋਲ ਤਜਰਬੇ ਦਾ ਉਹ ਖ਼ਜ਼ਾਨਾ ਹੁੰਦਾ ਹੈ ਜੋ ਉਮਰਾਂ ਹੰਢਾ ਕੇ ਮਿਲਦਾ ਹੈ। ਇਹ ਜੀਵਨ ਬਹੁਤ ਛੋਟਾ ਹੈ, ਸਦਾ ਲਈ ਇਸ ਦੁਨੀਆਂ ’ਤੇ ਕਿਸੇ ਨਹੀਂ ਰਹਿਣਾ, ਜੇਕਰ ਇੱਥੇ ਰਹੇਗਾ ਤਾਂ ਸਾਡੇ ਕੀਤੇ ਚੰਗੇ ਕੰਮ ਅਤੇ ਸਾਡੀ ਸਮਾਜ ਨੂੰ ਦੇਣ। ਇਸ ਲਈ ਸਮਾਜ ਲਈ ਆਓ ਮਿਸਾਲ ਬਣੀਏ ਤੇ ਹਮੇਸ਼ਾਂ ਇੱਕ ਹੋ ਕੇ ਰਹੀਏ।

ਸੰਪਰਕ : 93565-52000

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All