ਮਾਲਵੇ ਦੀ ਮਹਿਕ ਰਾਮ ਸਰੂਪ ਅਣਖੀ

ਮਾਲਵੇ ਦੀ ਮਹਿਕ ਰਾਮ ਸਰੂਪ ਅਣਖੀ

ਬਰਸੀ 'ਤੇ

ਵੇਖਣ ਨੂੰ ਉਹ ਬ੍ਰਾਹਮਣ ਨਹੀਂ ਸੀ ਲੱਗਦਾ... ਪਰ ਉਹ ਬ੍ਰਾਹਮਣ ਸੀ। ਮਾਲਵੇ ਦਾ 'ਜੱਟ' ਬ੍ਰਾਹਮਣ। ਕਿਸਾਨੀ ਉਸ ਦੀ ਪੰਡਤਾਈ ਵਿੱਚ ਦੁੱਧ ਵਿੱਚ ਸ਼ੱਕਰ ਵਾਂਗ ਘੁਲੀ ਹੋਈ ਸੀ। ਵੇਖਣ ਨੂੰ ਤਾਂ ਉਹ ਅਧਿਆਪਕ ਵੀ ਨਹੀਂ ਸੀ ਲੱਗਦਾ। ਪਰ ਉਹ ਅਧਿਆਪਕ ਸੀ। ਪਵਿੱਤਰ ਕਿੱਤੇ ਨਾਲ ਪਰਪੱਕਤਾ ਨਾਲ ਜੁੜਿਆ ਹੋਇਆ। ਕਰਮਸ਼ੀਲ ਅਧਿਆਪਕ। ਓਪਰੀ ਨਜ਼ਰੇ ਉਹ ਲੇਖਕ ਵੀ ਨਹੀਂ ਸੀ ਲੱਗਦਾ। ਪਰ ਉਹ ਲੇਖਕ ਸੀ। ਪ੍ਰਤੀਬੱਧ ਲੇਖਕ। ਲਿਖਣਾ ਉਸ ਲਈ ਸਾਹ ਲੈਣ ਵਾਂਗ ਸੀ। ਜਿੰਨੀ ਦੇਰ ਸਾਹ ਚਲਦੇ ਹਨ ਓਨੀ ਦੇਰ ਲਿਖਣਾ ਹੈ। ਜਿੰਨੀ ਦੇਰ ਲਿਖਣਾ ਹੈ ਓਨੀ ਦੇਰ ਹੀ ਸਾਹ ਚੱਲਣਗੇ। ਇਹੋ ਕਾਰਨ ਸੀ ਕਿ ਉਹ ਲਿਖਦਾ-ਲਿਖਦਾ ਸਾਹ ਛੱਡ ਗਿਆ ਜਾਂ ਸਾਹ ਛੱਡਦਾ-ਛੱਡਦਾ ਵੀ ਲਿਖ ਗਿਆ। ਉਸ ਦਾ ਸਰੂਪ ਨਾ ਤਾਂ ਰਾਮ ਵਰਗਾ ਸੀ ਅਤੇ ਨਾ ਉਸ ਦੀ ਦਿੱਖ ਵਿੱਚ ਅਣਖ ਦਿਖਾਈ ਦਿੰਦੀ। ਪਰ ਉਹ ਪੰਜਾਬੀ ਸਾਹਿਤ ਦਾ ਰਾਮ ਚੰਦਰ ਸੀ। ਲੁੱਟੇ ਜਾਣ ਵਾਲੇ ਪਾਤਰਾਂ ਵਿੱਚ ਅਣਖ ਦੀ ਜੋਤ ਜਗਾਉਣ ਵਾਲਾ ਮਰਿਆਦਾ ਪ੍ਰਸ਼ੋਤਮ। ਆਪਣੇ ਪਾਤਰਾਂ ਦੀ ਭਾਲ ਵਿੱਚ ਉਹ ਮਾਲਵੇ ਦੇ ਪਿੰਡਾਂ ਨੂੰ ਬਨਵਾਸੀ ਰਾਮ ਵਾਂਗ ਗਾਹੁੰਦਾ ਫਿਰਦਾ। ਇੱਕ ਪਿੰਡ ਤੋਂ ਦੂਜੇ ਪਿੰਡ ਘੁੰਮਦਾ ਉਹ ਇਉਂ ਜਾਪਦਾ ਜਿਵੇਂ ਲੋਕਾਂ ਨੂੰ ਕਿਸੇ ਯੁੱਧ ਲਈ ਤਿਆਰ ਕਰ ਰਿਹਾ ਹੋਵੇ। ਇਸ ਯੁੱਧ ਦੀ ਸ਼ੁਰੂਆਤ ਉਸ ਨੇ ਆਪਣੇ ਮਨ ਦੀ ਲੰਕਾ ਨੂੰ ਜਿੱਤ ਕੇ ਕੀਤੀ ਸੀ। ਮਨ ਦੀ ਇਸ ਲੰਕਾ ਨੂੰ ਜਿੱਤਣਾ ਦੁਨੀਆਂ ਨੂੰ ਜਿੱਤਣ ਵਰਗੀ ਗੱਲ ਸੀ। ਇਹ ਜਿੱਤ ਆਸਾਨ ਨਹੀਂ ਸੀ। ਉਸ ਦੀ ਵਰ੍ਹਿਆਂਬੱਧੀ ਲਗਨ, ਮਿਹਨਤ, ਮੁਸ਼ੱਕਤ ਅਤੇ ਸਿਰੜ ਨੇ ਉਸ ਨੂੰ ਪ੍ਰਗਤੀਸ਼ੀਲਤਾ ਦੀ ਕੁਠਾਲੀ ਵਿੱਚ ਢਾਲ ਲਿਆ ਸੀ। ਸਿੱਟੇ ਵਜੋਂ ਇਨ੍ਹਾਂ ਸਤਰਾਂ ਦੀ ਸਿਰਜਣਾ ਹੋਈ ਸੀ, 'ਸਾਰੀ ਜ਼ਿੰਦਗੀ ਕਿਸੇ ਪਰਾ ਸਰੀਰਕ ਸ਼ਕਤੀ ਵਿੱਚ ਮੇਰਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ। ਮੇਰੇ ਲਈ ਸਭ ਤੋਂ ਵੱਡੀ ਸ਼ਕਤੀ ਮਨੁੱਖ ਹੈ। ਮੈਂ ਆਪਣੇ ਸਕੇ-ਸਬੰਧੀਆਂ ਅਤੇ ਮਿੱਤਰਾਂ ਨੂੰ ਸੁਝਾਓ ਦਿੰਦਾ ਹਾਂ ਕਿ ਮੇਰੀ ਮੌਤ ਬਾਅਦ ਮੈਨੂੰ ਬਰਨਾਲੇ ਦੇ ਰਾਮ ਬਾਗ ਵਿੱਚ ਫੂਕ ਕੇ ਸੁਆਹ ਤੇ ਹੱਡੀਆਂ ਦੀ ਪੰਡ ਹਰੀਗੜ੍ਹ, ਨਹਿਰ ਵਿੱਚ ਤਾਰ ਦਿੱਤੀ ਜਾਵੇ।... ਮੈਂ ਧਾਰਮਿਕ ਨਹੀਂ ਹਾਂ, ਮੇਰੀ ਮੌਤ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਤੀਜੇ ਦਿਨ ਹੀ ਜਾਂ ਸੱਤਵੇਂ ਦਿਨ ਸਾਡੇ ਘਰ ਜਾਂ ਹੋਰ ਕਿਸੇ ਸਥਾਨ 'ਤੇ ਸਾਡੇ ਰਿਸ਼ਤੇਦਾਰ, ਮੇਰੇ ਮਿੱਤਰ, ਮੇਰੇ ਪਾਠਕ ਘੰਟੇ ਦੋ ਘੰਟਿਆਂ ਲਈ ਇਕੱਠੇ ਹੋਣ ਅਤੇ ਮੇਰੀਆਂ ਗੱਲਾਂ ਕਰਨ। ਮੇਰੇ ਲਈ ਇਹੋ ਸ਼ਰਧਾਂਜਲੀ ਹੋਵੇਗੀ।' ਅਣਖੀ ਦੇ ਇਸ ਪ੍ਰਗਤੀਸ਼ੀਲ ਵਿਸ਼ਵਾਸ ਉÎੱਪਰ ਫੁੱਲ ਚੜਾਏ ਗਏ। ਪ੍ਰਗਤੀਸ਼ੀਲਤਾ ਦਾ ਪੱਲਾ ਤਾਂ ਅਣਖੀ ਨੇ ਪਹਿਲੀ ਉਮਰੇ ਹੀ ਪਕੜ ਲਿਆ ਸੀ। ਸਕੂਲ ਪੜ੍ਹਦਿਆਂ। ਪਿੰਡ ਦੀ ਪ੍ਰੋਹਤੀ ਦਾ ਜੱਦੀ-ਪੁਸ਼ਤੀ ਕਿੱਤਾ ਛੱਡ ਕੇ ਉਸ ਨੇ ਆਪਣੇ ਨਾਂ ਨਾਲ 'ਅਣਖੀ' ਤਖ਼ੱਲਸ ਲਗਾ ਲਿਆ ਸੀ। ਮਾਲਵੇ ਵਿੱਚ ਇਹ ਦੌਰ ਪਰਜਾ-ਮੰਡਲ ਲਹਿਰ ਦੇ ਪ੍ਰਫੁੱਲਤ ਹੋਣ ਦਾ ਦੌਰ ਸੀ। ਇਸ ਲਹਿਰ ਨਾਲ ਕਵਿਤਾ ਰਾਹੀਂ ਜੁੜਨਾ ਉਸ ਦੇ ਪ੍ਰਗਤੀਸ਼ੀਲਤਾ ਵੱਲ ਵਧਣ ਦੇ ਮੁੱਢਲੇ ਯਤਨ ਸਨ। ਉਸ ਦੇ ਬਚਪਨ ਨੇ ਕਿਸਾਨੀ ਨੂੰ ਆਰਥਿਕ ਥੁੜ੍ਹਾਂ ਦੀ ਸ਼ਿਕਾਰ ਹੁੰਦੇ ਵੇਖਿਆ ਸੀ। ਇਹ ਉਹ ਦੌਰ ਸੀ ਜਦੋਂ ਦੁਆਬੇ ਅਤੇ ਮਾਝੇ ਦੀ ਕਿਸਾਨੀ ਨੇ ਆਪਣੀ ਆਰਥਿਕ ਬੇਚੈਨੀ ਨੂੰ ਦੂਰ ਕਰਨ ਲਈ ਪੱਛਮ ਤੇ ਅਮਰੀਕਾ ਵੱਲ ਰੁਖ਼ ਕਰ ਲਿਆ ਸੀ। ਇੱਥੇ ਉਨ੍ਹਾਂ ਸਿਆਸੀ ਆਜ਼ਾਦੀ ਦੀ ਖੁੱਲ੍ਹ ਨੂੰ ਵੇਖਿਆ ਤੇ ਮਾਣਿਆ ਸੀ। ਗ਼ਦਰ ਲਹਿਰ ਆਜ਼ਾਦੀ ਦੀ ਇਸ ਮਾਣੀ ਖੁੱਲ੍ਹ ਦਾ ਨਤੀਜਾ ਸੀ। ਪਰ ਮਾਲਵੇ ਵਿੱਚ ਰਿਆਸਤੀ ਰਾਜ ਸੀ। ਭਾਵੇਂ ਰਿਆਸਤਾਂ ਅੰਗਰੇਜ਼ਾਂ ਦੇ ਅਧੀਨ ਸਨ ਪਰ ਰਜਵਾੜੇ ਚੰਮ ਦੀਆਂ ਚਲਾਉਂਦੇ ਸਨ। ਮਾਲਵੇ ਦੇ ਲੋਕ ਅੰਗਰੇਜ਼ਾਂ ਅਤੇ ਰਜਵਾੜਿਆਂ ਦੀ ਦੂਹਰੀ ਗੁਲਾਮੀ ਦਾ ਸ਼ਿਕਾਰ ਸਨ। ਇਸ ਸਮੇਂ ਜਿੱਥੇ ਮਾਝੇ ਤੇ ਦੁਆਬੇ ਦੀ ਕਿਸਾਨੀ ਗ਼ਦਰ ਲਹਿਰ ਰਾਹੀਂ ਅੰਗਰੇਜ਼ਾਂ ਵਿਰੁੱਧ ਲੜ ਰਹੀ ਸੀ, ਉÎੱਥੇ ਮਾਲਵੇ ਦੇ ਛੋਟੇ ਕਿਸਾਨ ਤੇ ਮੁਜਾਰੇ ਰਿਆਸਤ ਪਰਜਾ ਮੰਡਲ ਰਾਹੀਂ ਰਜਵਾੜਿਆਂ ਨਾਲ ਹਥਿਆਰਬੰਦ ਟੱਕਰ ਲੈ ਰਹੇ ਸਨ। ਅਣਖੀ ਦਾ ਪਿੰਡ ਧੌਲਾ ਰਿਆਸਤ ਨਾਭਾ, ਨਜ਼ਾਮਤ ਫੂਲ, ਤਹਿਸੀਲ ਤੇ ਥਾਣਾ ਧਨੌਲਾ ਵਿੱਚ ਪੈਂਦਾ ਸੀ। ਸੰਪੂਰਨ ਸਿੰਘ ਧੌਲਾ ਪਰਜਾ ਮੰਡਲ ਲਹਿਰ ਦਾ ਸਿਰਕੱਢ ਕਮਿਊਨਿਸਟ ਲੀਡਰ ਸੀ। ਅਣਖੀ ਸੁਚੇਤ ਤੌਰ 'ਤੇ ਸੰਪੂਰਨ ਸਿੰਘ ਦੇ ਸੰਪਰਕ ਵਿੱਚ ਸੀ। ਪੈਪਸੂ ਸਰਕਾਰ ਨੇ ਪਿੰਡ ਦੇ ਕਿਲੇ ਵਿੱਚ ਚੌਕੀ ਬਿਠਾ ਦਿੱਤੀ ਸੀ। ਚੌਕੀ ਦਾ ਸਾਰਾ ਖਰਚਾ ਪਿੰਡ ਦੇ ਲੋਕਾਂ ਨੂੰ ਦੇਣਾ ਪੈਣਾ ਸੀ। ਇਸ ਵਿਰੁੱਧ ਲੋਕਾਂ ਵਿਚ ਰੋਹ ਜਾਗ ਪਿਆ। ਇਹ ਰੋਹ ਅਣਖੀ ਦੀ ਅਣਖ ਨਾਲ ਮਿਲ ਕੇ ਕਵਿਤਾ ਦਾ ਰੂਪ ਧਾਰ ਗਿਆ। ਚੰਦਾ ਚੌਕੀ ਦਾ ਦੱਸ ਇਹ ਭਰਨ ਕਿੱਥੋਂ? ਅਣਖੀ ਦੀ ਇਹ ਕਵਿਤਾ ਉਸ ਵੇਲੇ ਦੇ ਪ੍ਰਸਿੱਧ ਰਸਾਲੇ 'ਰਿਆਸਤੀ ਦੁਨੀਆ' ਦੇ ਪੂਰੇ ਸਫ਼ੇ 'ਤੇ ਛਾਪੀ ਗਈ। ਅਣਖੀ ਦੀ ਇਹੋ ਕਾਵਿ-ਦ੍ਰਿਸ਼ਟੀ ਅੱਗੇ ਜਾ ਕੇ ਉਸ ਦੀ ਗਲਪ-ਦ੍ਰਿਸ਼ਟੀ ਦੀ ਬੁਨਿਆਦ ਬਣੀ। ਉਸ ਦੀ ਪ੍ਰਗਤੀਸ਼ੀਲ ਗਲਪ-ਦ੍ਰਿਸ਼ਟੀ ਨੂੰ ਘੜਨ ਵਿੱਚ ਜਿੱਥੇ ਉਸ ਦੀ ਵਿਦਿਅਕ ਯੋਗਤਾ ਦਾ ਵੱਡਾ ਹੱਥ ਸੀ, ਉÎੱਥੇ ਛੋਟੀ ਕਿਸਾਨੀ ਨਾਲ ਉਸ ਦਾ ਨੇੜਲਾ ਅਨੁਭਵ, ਪ੍ਰਗਤੀਵਾਦੀ ਲਹਿਰ, ਬਰਨਾਲੇ ਦਾ ਸਾਹਿਤਕ ਸੱਭਿਆਚਾਰ ਆਦਿ ਉਸ ਦੀ ਪ੍ਰਗਤੀਸ਼ੀਲ ਰਚਨਾਤਮਿਕ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕਰਨ ਵਾਲੇ ਮੂਲ ਤੱਤ ਸਨ। ਅਜਿਹੇ ਸਮਾਜਿਕ ਅਤੇ ਸਾਹਿਤਕ ਵਾਤਾਵਰਨ ਵਿੱਚੋਂ ਉਸ ਦੀ ਮਨੁੱਖਵਾਦੀ ਦ੍ਰਿਸ਼ਟੀ ਨੇ ਲੰਮੀ ਉਡਾਣ ਭਰੀ ਸੀ। ਇਹੋ ਦ੍ਰਿਸ਼ਟੀ ਉਸ ਦੀ ਕਾਵਿ ਕਲਾ ਅਤੇ ਬਾਲ ਗੀਤਾਂ ਵਿੱਚ ਸਮੋਈ ਹੋਈ ਹੈ। ਕਵਿਤਾ ਦੇ ਮੁੱਢਲੇ ਅਭਿਆਸ ਤੋਂ ਬਾਅਦ ਅਣਖੀ ਨੇ ਆਪਣੀ ਸਿਰਜਣਾਤਮਕ ਸ਼ਕਤੀ ਨੂੰ ਪਹਿਲਾਂ ਕਹਾਣੀ ਅਤੇ ਫਿਰ ਨਾਵਲ ਵੱਲ ਮੋੜ ਦਿੱਤਾ ਸੀ। ਇਨ੍ਹਾਂ ਕਹਾਣੀਆਂ ਅਤੇ ਨਾਵਲਾਂ ਵਿੱਚ ਵੀ ਉਹ ਨਿਮਨ ਤੇ ਗਰੀਬ ਕਿਸਾਨੀ ਦਾ ਚਿਤਰਣ ਇੱਕ ਸ਼੍ਰੇਣੀ ਵਜੋਂ ਕਰਦਾ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਵਾਲੇ ਸਮੇਂ ਵਿੱਚ ਮਾਲਵੇ ਦੀ ਕਿਸਾਨੀ ਦੀ ਇਸ ਜਮਾਤ ਦੀ ਆਰਥਿਕ ਮੰਦਹਾਲੀ ਅਤੇ ਸਮਾਜਿਕ ਦੁਰਦਸ਼ਾ ਨੂੰ ਉਹ ਬਾਰੀਕੀ ਨਾਲ ਚਿੱਤਰਣ ਲੱਗਾ। ਇਹ ਚਿੱਤਰਣ ਉਹ ਇੱਕ ਵਿਸ਼ੇਸ਼ ਵਿੱਥ 'ਤੇ ਸੋਝੀ ਤੋਂ ਕਰਦਾ। ਮਲਵੱਈ ਕਿਸਾਨੀ ਦੇ ਮਿਸ਼ਰਤ ਧਰਮ ਵਿਸ਼ਵਾਸ, ਵਹਿਮ-ਭਰਮ, ਜ਼ਮੀਨ ਮੋਹ, ਜੱਟ ਅਭਿਮਾਨ, ਸ਼ਰੀਕੇਬਾਜ਼ੀ ਅਤੇ ਅਣਖ ਲਈ ਲੜਨ-ਮਰਨ ਵਾਲੇ ਲੱਛਣਾਂ ਨੂੰ ਉਹ ਲੱਛੇਦਾਰ ਭਾਸ਼ਾ ਨਾਲ ਲਿਖਦਾ। ਉਸ ਨੂੰ ਜਾਪਦਾ ਸੀ ਕਿ ਜਿਉਂ-ਜਿਉਂ ਮੰਡੀ ਖੇਤੀਬਾੜੀ ਨੂੰ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ ਤਿਉਂ-ਤਿਉਂ ਛੋਟੀ ਕਿਸਾਨੀ ਲਈ ਖੇਤੀ ਪਹਾੜ ਬਣਦੀ ਜਾ ਰਹੀ ਹੈ। ਪਹਾੜ ਨਾਲ ਟੱਕਰ ਲੈਣ ਵਾਲੇ ਦਾ ਹਸ਼ਰ ਕੀ ਹੁੰਦਾ ਹੈ, ਉਸ ਨੂੰ ਪਤਾ ਸੀ। ਖੇਤੀ ਦਾ ਕੰਮ ਛੋਟੇ ਕਿਸਾਨ ਲਈ ਸੱਪ ਦੇ ਮੂੰਹ ਵਿੱਚ ਕਿਰਲੀ ਵਾਂਗ ਹੈ, ਉਹ ਸੋਚਦਾ। ਖਾਂਦੈ ਤਾਂ ਕੋਹੜੀ, ਛੱਡਦੈ ਤਾਂ ਕਲੰਕੀ। ਇਸ ਲਈ ਗਰੀਬ ਜੱਟ ਦੀ ਜੂਨ ਬੁਰੀ ਹੈ, ਉਹ ਫਿਕਰਮੰਦ ਹੋ ਜਾਂਦਾ। ਇਸ ਫਿਕਰ ਨੂੰ ਆਪਣੀ ਕਿਸੇ ਕਹਾਣੀ ਜਾਂ ਨਾਵਲ ਵਿੱਚ ਥਾਂ ਦਿੰਦਾ। ਖੇਤੀ ਆਰਥਿਕਤਾ ਨਾਲ ਜੁੜੇ ਨਾਵਲ ਤੇ ਕਹਾਣੀਆਂ ਅਣਖੀ ਦੇ ਇਸ ਫਿਕਰ ਦੀ ਹੀ ਤਰਜਮਾਨੀ ਹਨ। ਅਣਖੀ 1977 ਵਿੱਚ ਪਿੰਡ ਧੌਲਾ ਛੱਡ ਭਾਵੇਂ ਬਰਨਾਲੇ ਆ ਗਿਆ ਪਰ ਮੁੱਢਲਾ ਪ੍ਰੇਰਨਾ ਸ੍ਰੋਤ ਉਸ ਦਾ ਜੱਦੀ ਪਿੰਡ ਧੌਲਾ ਹੀ ਬਣਿਆ ਰਿਹਾ। ਪਿੰਡ ਵਿੱਚ ਵਸਦੇ ਜਾਤਾਂ, ਜਮਾਤਾਂ, ਰੰਗਾਂ, ਨਸਲਾਂ, ਕਿੱਤਿਆਂ ਦੇ ਲੋਕ ਉਸ ਦੀਆਂ ਰਚਨਾਵਾਂ ਵਿੱਚ ਵਾਰ-ਵਾਰ ਪੇਸ਼ ਹੋਏ। ਇਸ ਕਰਕੇ ਕਈ ਵਾਰ ਉਸ ਦੀਆਂ ਰਚਨਾਵਾਂ ਦੁਹਰਾਓ ਦਾ ਸ਼ਿਕਾਰ ਵੀ ਹੋਈਆਂ। ਕਿਸੇ ਰਚਨਾ ਵਿੱਚ ਉਹ ਇਨ੍ਹਾਂ ਪਾਤਰਾਂ ਦਾ ਸਰਲ ਜਿਹਾ ਚਿੱਤਰ ਪੇਸ਼ ਕਰਦਾ ਨਜ਼ਰ ਆਉਂਦਾ। ਇਸ ਦੇ ਬਾਵਜੂਦ ਇਨ੍ਹਾਂ ਪਾਤਰਾਂ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਉਹ ਆਪਣੀ ਗ਼ਲਪੀ ਸੰਵੇਦਨਾ ਰਾਹੀਂ ਮਹੱਤਵਪੂਰਨ ਸਥਾਨ ਪ੍ਰਦਾਨ ਕਰਦਾ। ਇਨ੍ਹਾਂ ਪਾਤਰਾਂ ਦੇ ਜੀਵਨ ਦੇ ਵੱਖ-ਵੱਖ ਪੱਖਾਂ ਤੇ ਪਰਤਾਂ ਨੂੰ ਪੇਸ਼ ਕਰਦਾ ਹੋਇਆ ਉਹ ਇਨ੍ਹਾਂ ਨੂੰ ਬਦਲਣ ਦਾ ਸੁਝਾਅ ਵੀ ਦਿੰਦਾ। ਆਪਣੀ ਸਿਰਜਣਾ ਦੇ ਇਸੇ ਉਦੇਸ਼ ਪ੍ਰਤੀ ਉਸ ਨੇ ਆਪਣੀ ਸਵੈਜੀਵਨੀ 'ਮਲ੍ਹੇ ਝਾੜੀਆਂ' ਵਿੱਚ ਬਾਖ਼ੂਬੀ ਬਿਆਨ ਕੀਤਾ ਕਿ, 'ਮੈਂ ਸਮਾਜ ਨੂੰ ਪੇਸ਼ ਵੀ ਇਸ ਢੰਗ ਨਾਲ ਕਰਦਾ ਹਾਂ ਅਤੇ ਇਸ ਉਦੇਸ਼ ਨਾਲ ਕਰਦਾ ਹਾਂ ਕਿ ਮੇਰੀ ਰਚਨਾ ਪੜ੍ਹ ਕੇ ਇਸ ਸਮਾਜ ਪ੍ਰਤੀ ਪਾਠਕਾਂ ਦੇ ਮਨ ਵਿੱਚ ਵਿਦਰੋਹ ਪੈਦਾ ਹੋਵੇ। ਸਮਾਜ ਦੀ ਯਥਾਸਥਿਤੀ ਜੋ ਪੈਦਾ ਹੁੰਦੀ ਹੈ, ਉਸ ਬਾਰੇ ਪਾਠਕ ਵਰਗ ਸੋਚਣ ਲੱਗੇ ਕਿ ਇੰਜ ਨਹੀਂ ਹੋਣਾ ਚਾਹੀਦਾ।' ਸਪੱਸ਼ਟ ਹੈ ਕਿ ਅਣਖੀ ਦੇ ਮਨ ਵਿੱਚ ਆਪਣੇ ਪਾਠਕਾਂ ਦੀ ਸੋਚਣ ਸ਼ਕਤੀ ਨੂੰ ਤਿੱਖਾ ਕਰਨ ਦੀ ਤੀਬਰ ਤਮੰਨਾ ਸੀ। ਪਿੰਡ ਦੇ ਵਿਲੱਖਣ ਪਾਤਰਾਂ ਦੀ ਸਿਰਜਣਾ ਦੇ ਨਾਲ-ਨਾਲ ਮੁਲਾਜ਼ਮਾਂ ਦੀਆਂ ਵੱਖ-ਵੱਖ ਸਮੱਸਿਆਵਾਂ ਵੀ ਉਸ ਦੇ ਗਲਪ ਦਾ ਵਿਸ਼ਾ ਬਣਦੀਆਂ ਰਹੀਆਂ। ਆਪਣਾ ਪਹਿਲਾ ਨਾਵਲ 'ਪਰਦਾ ਤੇ ਰੋਸ਼ਨੀ' ਉਸ ਨੇ ਆਪਣੇ ਸਾਹਿਤਕ ਦੋਸਤਾਂ ਦੇ ਕਹਿਣ 'ਤੇ ਲਿਖਿਆ। ਇਹ ਨਾਵਲ 1970 ਵਿੱਚ ਛਪਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਾ ਵੇਖਿਆ। ਉਸ ਨੇ ਛੇਤੀ ਹੀ ਆਪਣੇ ਤੋਂ ਪੂਰਬਲੇ ਅਤੇ ਸਮਕਾਲੀ ਨਾਵਲਕਾਰਾਂ ਤੋਂ ਭਾਸ਼ਾ, ਸ਼ੈਲੀ, ਵਿਸ਼ੇ ਅਤੇ ਰੂਪਕ ਪੱਖਾਂ ਤੋਂ ਵੱਖਰਤਾ ਗ੍ਰਹਿਣ ਕਰ ਲਈ। 'ਕੋਠੇ ਖੜਕ ਸਿੰਘ', 'ਦੁਲ੍ਹੇ ਦੀ ਢਾਬ', 'ਪਰਤਾਪੀ', 'ਭੀਮਾ' ਵਰਗੇ ਨਾਵਲ ਵਿਸ਼ੇ ਦੀ ਨਵੀਨਤਾ ਕਰਕੇ ਪਾਠਕਾਂ ਵਿੱਚ ਮਕਬੂਲ ਹੋ ਗਏ। ਇਨ੍ਹਾਂ ਨਾਵਲਾਂ ਵਿੱਚ ਉਹ ਖੇਤੀ ਆਰਥਿਕਤਾ ਵਿੱਚ ਪੂੰਜੀਵਾਦੀ ਰਿਸ਼ਤਿਆਂ ਦਾ ਵਿਕਾਸ, ਹਰੇ ਇਨਕਲਾਬ ਦੀ ਸਿਆਸਤ, ਖੱਬੇ-ਪੱਖੀ ਵਿਚਾਰਧਾਰਾ ਦਾ ਵਿਗਠਨ, ਮਨੁੱਖੀ ਰਿਸ਼ਤਿਆਂ ਦੀ ਕੁੜੱਤਣ ਆਦਿ ਮੁੱਦਿਆਂ ਨੂੰ ਮਾਰਮਿਕ ਰੂਪ ਵਿੱਚ ਪੇਸ਼ ਕਰ ਗਿਆ। ਇਸ ਤੋਂ ਇਲਾਵਾ ਇਹ ਨਾਵਲ ਉਸ ਦੀ ਇਤਿਹਾਸਕ ਦ੍ਰਿਸ਼ਟੀ, ਵਿਸਥਾਰਪੂਰਵਕ ਵੇਰਵੇ, ਮਲਵਈ ਉਪਭਾਸ਼ਾ ਦੀ ਵਰਤੋਂ ਕਰਕੇ ਸਾਨੂੰ ਸੁਹਜ ਪ੍ਰਦਾਨ ਕਰਦੇ ਹਨ। ਅਣਖੀ ਪਿੰਡਾਂ ਦੇ ਬਦਲਦੇ ਕਲਚਰ ਅਤੇ ਸਿਆਸੀ ਸਰੂਪ ਦੇ ਪਰਿਵਰਤਿਤ ਹੋ ਰਹੇ ਚਰਿੱਤਰ ਨੂੰ ਆਪਣੇ ਨਾਵਲਾਂ ਵਿੱਚ ਚਿੱਤਰਣ ਦਾ ਯਤਨ ਕਰਦਾ ਰਿਹਾ। ਬਹੁ-ਕੌਮੀ ਕੰਪਨੀਆਂ ਦੁਆਰਾ ਕਿਸਾਨਾਂ ਦੀ ਜ਼ਬਰਦਸਤੀ ਹੜੱਪੀ ਜਾ ਰਹੀ ਜ਼ਮੀਨ ਨੂੰ ਉਹ ਕਿਸਾਨਾਂ ਉÎੱਪਰ ਇੱਕ ਨਵੇਂ ਹਮਲੇ ਦੀ ਸੰਗਿਆ ਦਿੰਦਾ। ਪੰਜਾਬ ਵਿੱਚ ਹੋਣ ਵਾਲੀ ਨਵੀਂ ਤਬਦੀਲੀ ਦੀ ਦਸਤਕ ਨੂੰ ਉਹ ਧਿਆਨ ਨਾਲ ਸੁਣਦਾ। ਤਬਦੀਲੀ ਉਸ ਦੀ ਜ਼ਿੰਦਗੀ ਵਿੱਚ ਵੀ ਪਰਛਾਵੇਂ ਵਾਂਗ ਸਾਥ ਨਿਭਾਉਂਦੀ ਰਹੀ। ਬਾਪ ਚਾਹੁੰਦਾ ਸੀ ਪੁੱਤ ਚਾਰ ਜਮਾਤਾਂ ਪੜ੍ਹ ਕੇ ਮਾਲ-ਪਟਵਾਰੀ ਲੱਗੇ। ਜੱਟਾਂ ਨੂੰ ਲੁੱਟ-ਲੁੱਟ ਖਾਵੇ। ਪਰ ਉਸ ਨੇ ਚਾਰ ਜਮਾਤਾਂ ਪੜ ਕੇ ਬਰੇਕ ਨਾ ਲਾਏ। ਉਹ ਮੈਟ੍ਰਿਕ ਕਰ ਗਿਆ। ਸੰਪੂਰਨ ਸਿੰਘ ਨਾਲ ਸੰਪਰਕ ਹੋਇਆ। ਸੰਪੂਰਨ ਦੀ ਇੱਛਾ ਸੀ ਮੁੰਡਾ ਬੀ.ਏ. ਕਰ ਕੇ ਅਫ਼ਸਰ ਲੱਗੇ। ਪਿੰਡ ਦਾ ਨਾਂ ਉÎੱਚਾ ਕਰੇ। ਅਣਖੀ ਅਫ਼ਸਰੀ ਵਿੱਚ ਤਾਂ ਨਹੀਂ ਪਰ ਸਾਹਿਤ ਵਿੱਚ ਧੌਲੇ ਦੀ ਧੌਣ ਜ਼ਰੂਰ ਉÎੱਚੀ ਕਰ ਗਿਆ। ਸੰਨ 1954 ਵਿੱਚ ਅਣਖੀ ਨੇ ਇੱਕ ਚੰਗਾ ਕਿਸਾਨ ਬਣਨ ਦਾ ਸੁਪਨਾ ਲਿਆ। ਆਪਣੇ ਖੇਤ ਨੂੰ ਆਧੁਨਿਕ ਫਾਰਮ ਦੀ ਸ਼ਕਲ ਵਿੱਚ ਬਦਲਣ ਬਾਰੇ ਸੋਚਿਆ। ਉਸ ਦੀ ਇੱਛਾ ਸੀ ਕਿ ਖੇਤ ਦੇ ਪਿੰਡ ਵਾਲੇ ਪਾਸੇ ਉÎੱਚਾ ਜਿਹਾ ਗੇਟ ਹੋਵੇ। ਦਿੱਲੀ ਦੇ ਇੰਡੀਆ ਗੇਟ ਵਰਗਾ। ਇਸ 'ਤੇ ਲਿਖਿਆ ਹੋਵੇ 'ਅਣਖੀ ਫਾਰਮ'। ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਮਸ਼ਵਰਾ ਲੈ ਕੇ ਖੇਤੀ-ਬਾੜੀ ਸ਼ੁਰੂ ਕਰ ਦਿੱਤੀ। ਪੜ੍ਹਨ-ਲਿਖਣ ਵਾਲਾ ਨਰਮ ਤੇ ਸੰਵੇਦਨਸ਼ੀਲ ਅਣਖੀ ਖੇਤੀ ਦੀਆਂ ਕਠਿਨਾਈਆਂ ਨੂੰ ਨਾ ਸਹਿ ਸਕਿਆ। ਆਖ਼ਰ ਇਹ ਸੁਪਨਾ ਵੀ ਸੰਪੰਨ ਨਾ ਹੋਇਆ। ਮਾਲਵੇ ਦੇ ਲੋਕਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕਰਨ ਦਾ ਅਣਖੀ ਦਾ ਸੁਪਨਾ ਜ਼ਰੂਰ ਸਿਰੇ ਚੜ੍ਹ ਗਿਆ। ਉਹ ਮਲਵੱਈਆਂ ਦੇ ਵੱਖਰੇ ਵਰਤ ਵਿਹਾਰ, ਪਹਿਰਾਵੇ, ਰਹਿਣ-ਸਹਿਣ ਅਤੇ ਖਾਣ-ਪੀਣ ਨੂੰ ਪੇਸ਼ ਕਰਦਾ। ਉਹ ਜਾਣਦਾ ਸੀ ਕਿ ਬਾਕੀ ਪੰਜਾਬ ਦੇ ਮੁਕਾਬਲੇ ਮਾਲਵੇ ਦੇ ਸਾਧਾਰਣ ਲੋਕ ਭੋਲੇ-ਭਾਲੇ ਅਤੇ ਸਿਆਸੀ ਦਾਅ ਪੇਚਾਂ ਤੋਂ ਪਰੇ ਹਨ। ਜੰਗਲ ਦੇ ਇਲਾਕੇ ਵਿੱਚ ਵਸਣ ਵਾਲੇ ਇਹ ਲੋਕ ਖੁੱਲ੍ਹੇ-ਖੁਲਾਸੇ, ਸਰਲ, ਰਲਾਉਟੇ, ਗੁੰਝਲਾਂ ਤੋਂ ਬੇਨਿਆਜ਼, ਸੱਚੇ, ਮੂੰਹ-ਫੱਟ, ਅਤੇ ਦਰਿਆ ਦਿਲ ਹਨ। ਅਣਖੀ ਦੇ ਬਚਪਨ ਸਮੇਂ ਮਾਲਵੇ ਵਿੱਚ ਰੇਤਲੀਆਂ ਜੂਹਾਂ ਨੇ ਆਵਾਜਾਈ ਦੀ ਖੁੱਲ੍ਹ ਵਿੱਚ ਅੜਿਕਾ ਡਾਹ ਰੱਖਿਆ ਸੀ। ਉਦੋਂ ਬਹੁਤੀ ਵਸੋਂ ਅਨਪੜ੍ਹ, ਸੀ। ਟਾਵੇਂ-ਟਾਵੇਂ ਲੋਕ ਪਾਠਸ਼ਾਲਾਵਾਂ, ਸ਼ਿਵ ਦੇਵਾਲਿਆਂ, ਦਾਦੂ ਪੰਥੀਆਂ ਤੇ ਨਿਰਮਲਿਆਂ ਦੇ ਡੇਰਿਆਂ ਵਿੱਚ ਪੰਡਤਾਂ, ਪਾਂਧਿਆਂ, ਸੰਤਾਂ, ਮਹੰਤਾਂ ਆਦਿ ਤੋਂ ਵਿਦਿਆ ਪ੍ਰਾਪਤ ਕਰਦੇ ਸਨ। ਮਾਝੇ ਤੇ ਦੁਆਬੇ ਦੇ ਲੋਕ ਉਦੋਂ ਮਲਵੱਈਆਂ ਨੂੰ 'ਮਲਵੱਈ ਢੱਗੇ' ਜਾਂ 'ਜੰਗਲੀ' ਕਹਿ ਕੇ ਬੁਲਾਉਂਦੇ। ਅਣਖੀ ਨੂੰ ਇਹ ਸੁਣਨਾ ਚੰਗਾ ਨਹੀਂ ਸੀ ਲੱਗਦਾ। ਉਸ ਦੇ ਅਵਚੇਤਨ ਵਿੱਚ ਇਹ ਵਿਰੋਧ ਗੂੜ੍ਹੇ ਅੱਖਰਾਂ ਵਿੱਚ ਉÎੱਕਰਿਆ ਗਿਆ ਸੀ। ਇਸ ਵਿਰੋਧ ਦਾ ਜਵਾਬ ਉਸ ਨੇ ਮਲਵੱਈ ਪਾਤਰਾਂ, ਭਾਸ਼ਾ, ਰਹਿਤਲ ਨੂੰ ਰਚ ਕੇ ਦਿੱਤਾ। ਪੰਜਾਬ ਦੇ ਮਹੱਤਵਪੂਰਨ ਖੇਤਰ ਮਾਲਵੇ ਦੇ ਜੀਵਨ ਨੂੰ ਪੇਸ਼ ਕਰਦਾ ਅਣਖੀ ਦੁਆਰਾ ਰਚਿਆ ਸਾਹਿਤ ਸਹੀ ਮਾਅਨਿਆਂ ਵਿੱਚ ਮਲਵੱਈ ਸੱਭਿਆਚਾਰ ਦੀ ਮਹਿਕ ਬਿਖੇਰ ਗਿਆ। ਆਪਣੇ ਰਚਨਾਤਮਕ ਕਾਰਜ ਸਦਕਾ ਅਣਖੀ ਕੇਵਲ ਇੱਕ ਲੇਖਕ ਨਹੀਂ ਸਗੋਂ ਇੱਕ ਸੰਸਥਾ ਬਣ ਗਿਆ। ਇਸ ਦਾ ਸਬੂਤ ਉਸ ਦੁਆਰਾ ਲਿਖੇ ਲਗਪਗ ਪੰਦਰਾਂ ਨਾਵਲ, ਇਕ ਦਰਜਨ ਕਹਾਣੀ ਸੰਗ੍ਰਹਿ, ਪੰਜ ਕਾਵਿ-ਸੰਗ੍ਰਹਿ, ਤਿੰਨ ਸਵੈ-ਜੀਵਨੀਆਂ ਅਤੇ ਦੋ ਵਾਰਤਕ ਦੀਆਂ ਪੁਸਤਕਾਂ ਸ਼ਾਮਲ ਹਨ। ਇੱਥੇ ਹੀ ਬੱਸ ਨਹੀਂ, ਉਸ ਦੁਆਰਾ ਹਿੰਦੀ ਅਤੇ ਉਰਦੂ ਤੋਂ ਅਨੁਵਾਦ ਕੀਤੀਆਂ ਪੁਸਤਕਾਂ ਪੰਜਾਬੀ ਪਾਠਕਾਂ ਵੱਲੋਂ ਕਾਫ਼ੀ ਪਿਆਰੀਆਂ ਤੇ ਸਤਿਕਾਰੀਆਂ ਗਈਆਂ। ਉਸ ਦਾ ਸਾਹਿਤਕ ਪੱਤਰਕਾਰੀ ਨਾਲ ਸਬੰਧਤ ਕਾਰਜ ਗੌਲਣਯੋਗ ਪ੍ਰਾਪਤੀ ਹੈ। ਉਹ ਕੇਵਲ ਸਾਹਿਤਕ ਪੱਤਰਕਾਰੀ ਤੱਕ ਮਹਿਦੂਦ ਨਹੀਂ ਰਿਹਾ। ਉਸ ਨੇ ਅਖ਼ਬਾਰਾਂ ਵਿਚ ਭਾਰਤ ਦੇ ਆਦਿ-ਵਾਸੀਆਂ, ਦਰੱਖਤਾਂ ਅਤੇ ਸਮੁੰਦਰੀ ਜੀਵਾਂ ਬਾਰੇ ਖੂਬਸੂਰਤ ਲੇਖ ਲਿਖ ਕੇ ਵਾਹ-ਵਾਹ ਖੱਟੀ। ਉਸ ਦੁਆਰਾ ਸੰਪਾਦਤ 'ਕਹਾਣੀ ਪੰਜਾਬ' ਪੱਤ੍ਰਿਕਾ ਪੰਜਾਬੀ ਗ਼ਲਪ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਵਾਲੀ ਪੱਤ੍ਰਿਕਾ ਬਣ ਕੇ ਉਭਰੀ। ਅੱਜ ਕੱਲ੍ਹ ਇਸ ਨੂੰ ਡਾ. ਕ੍ਰਾਂਤੀਪਾਲ ਨਵੇਂ ਦਿਸਹੱਦਿਆਂ ਵੱਲ ਲੈ ਜਾਣ ਦਾ ਚਾਹਵਾਨ ਹੈ। ਸੋ, ਅਣਖੀ ਦਾ ਸਾਹਿਤਕ ਕਾਰਜ ਕੇਵਲ ਗਿਣਤੀ ਪੱਖੋਂ ਹੀ ਨਹੀਂ ਸਗੋਂ ਗੁਣਾਤਮਕ ਪੱਖੋਂ ਵੀ ਵਿਸ਼ੇਸ਼ ਜ਼ਿਕਰ ਦਾ ਲਖਾਇਕ ਹੈ। ਉਸ ਦੀ ਸਿਰਜਣਾ ਕੇਵਲ ਸਾਹਿਤਕ ਅਤੇ ਕਲਾਤਮਿਕ ਮੁੱਲ ਹੀ ਨਹੀਂ ਰੱਖਦੀ ਸਗੋਂ ਇੱਕ ਦਸਤਾਵੇਜ਼ੀ ਮੁੱਲ ਵੀ ਰੱਖਦੀ ਹੈ। ਇਸ ਮੁੱਲ ਨੂੰ ਪਛਾਣਨਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੈ। ਆਮੀਨ!

* ਮੋਬਾਈਲ: 98149-02040

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All