ਪੰਜਾਬ ਦਾ ਮਿਲਟਨ ਕਿਰਪਾਲ ਸਿੰਘ ਕਸੇਲ

ਪੰਜਾਬ ਦਾ ਮਿਲਟਨ ਕਿਰਪਾਲ ਸਿੰਘ ਕਸੇਲ

ਸਿਰਮੌਰ ਪੰਜਾਬੀ

ਡਾ. ਕੁਲਦੀਪ ਸਿੰਘ ਧੀਰ

ਪੰਜਾਬੀ ਜ਼ੁਬਾਨ ਦੇ ਅਧਿਐਨ ਨਾਲ ਜੁੜਿਆ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸ ਨੇ ਕਿਰਪਾਲ ਸਿੰਘ ਕਸੇਲ ਵੇਖਿਆ, ਸੁਣਿਆ ਜਾਂ ਪੜ੍ਹਿਆ ਨਾ ਹੋਵੇ। ਪ੍ਰੋ. ਪੂਰਨ ਸਿੰਘ ਦੀ ਸਮੁੱਚੀ ਅੰਗਰੇਜ਼ੀ ਰਚਨਾ ਨੂੰ ਪੰਜਾਬੀ ਵਿੱਚ ਅਨੁਵਾਦ ਦੁਆਰਾ ਪੁਨਰ ਸਿਰਜਣ ਕਰਨ ਦਾ  ਉਸ ਦਾ ਕਾਰਜ ਇਤਿਹਾਸਕ ਮਹੱਤਵ ਵਾਲਾ ਹੈ। ਇੰਨਾ ਹੀ ਵੱਡਾ ਕਾਰਜ ਹੈ ਉਸ ਦਾ ਰਚਿਆ ਨਾਮਧਾਰੀ ਇਤਿਹਾਸ ਤੇ ਪੰਜਾਬੀ ਸਾਹਿਤ ਦਾ ਇਤਿਹਾਸ। ਉਹ ਪੰਜਾਬੀ ਵਿੱਚ ਐੱਮ.ਏ. ਕਰਨ ਵਾਲੇ ਸਭ ਤੋਂ ਪਹਿਲੇ ਪੂਰ ਵਿੱਚ 1951 ਵਿੱਚ ਯੂਨੀਵਰਸਿਟੀ ਵਿੱਚ ਫਸਟ ਰਹਿ ਕੇ ਪੰਜਾਬੀ ਦੀ ਪ੍ਰੋਫ਼ੈਸਰੀ ਕਰਨ ਵਾਲਾ ਪਹਿਲਾ ਵਿਅਕਤੀ ਹੈ। ਉਸ ਨੂੰ ਪੜ੍ਹਾਉਣ ਵਾਲੇ ਸੰਤ ਸਿੰਘ ਸੇਖੋਂ, ਗੁਲਵੰਤ ਸਿੰਘ, ਦੀਵਾਨ ਸਿੰਘ, ਸਾਹਿਬ ਸਿੰਘ ਵਰਗੇ ਅਧਿਆਪਕਾਂ ਵਿੱਚ ਕੋਈ ਵੀ ਪੰਜਾਬੀ ਦੀ ਐੱਮ.ਏ. ਨਹੀਂ ਸੀ। ਪੰਜਾਬੀ ਦੇ ਇਸ ਪ੍ਰਥਮ ਵਿਦਵਾਨ ਨੂੰ 1968 ਵਿੱਚ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕਰਦੇ ਹੋਏ ਪੰਜਾਬੀ ਦਾ ਮਿਲਟਨ ਕਿਹਾ। ਮਿਲਟਨ ਵਾਂਗ ਕਸੇਲ 1964 ਵਿੱਚ 36 ਸਾਲ ਦੀ ਉਮਰੇ ਨਾਬੀਨਾ ਹੋ ਗਿਆ ਸੀ। ਉਸ ਦਾ ਸਿਰੜ ਤੇ ਕਮਾਲ ਇਹ ਹੈ ਕਿ ਨੇਤਰਹੀਣ ਹੋਣ ਤੋਂ ਪਹਿਲਾਂ ਉਸ ਨੇ ਬਾਰਾਂ ਕਿਤਾਬਾਂ ਰਚੀਆਂ ਸਨ ਅਤੇ ਇਸ ਹੋਣੀ ਉਪਰੰਤ ਸੱਠ ਸ਼ਾਹਕਾਰਾਂ ਦੀ ਸਿਰਜਣਾ ਕੀਤੀ ਹੈ। ਇਸ ਵਿਲੱਖਣ ਪੰਜਾਬੀ ਪ੍ਰਤਿਭਾ ਦਾ ਜਨਮ 24 ਅਪਰੈਲ 1928 ਨੂੰ ਗੰਗਾ ਸਿੰਘ ਢਿੱਲੋਂ ਤੇ ਬੀਬੀ ਮਹਿੰਦਰ ਕੌਰ ਦੇ ਘਰ ਲਾਹੌਰ ਵਿੱਚ ਹੋਇਆ। ਉਸ ਨਾਲ 1949 ਤੋਂ 1951 ਵਿੱਚ ਐੱਮ.ਏ. ਕਰਨ ਵਾਲੇ ਜਮਾਤੀ ਤਰਲੋਚਨ ਸਿੰਘ ਦੀ ਜਨਮ ਮਿਤੀ, ਮਾਤਾ ਤੇ ਪਿਤਾ ਦਾ ਨਾਮ ਸਾਰਾ ਕੁਝ ਹੀ ਕਿਰਪਾਲ ਸਿੰਘ ਕਸੇਲ ਨਾਲ ਮਿਲਦੇ ਹਨ। ਕਸੇਲ ਉਸ ਦਾ ਗੋਤ ਨਹੀਂ, ਜੱਦੀ ਪਿੰਡ ਹੈ। ਉਸ ਦੇ ਪਿਤਾ ਮਿਲਟਰੀ ਅਕਾਊਂਟਸ ਆਫ਼ਿਸ ਲਾਹੌਰ ਵਿੱਚ ਨੌਕਰੀ ਕਰਦੇ ਸਨ ਤੇ ਉੱਥੇ ਹੀ ਉਸ ਦਾ ਜਨਮ ਹੋਇਆ। ਉਹ ਅਜੇ ਤਿੰਨ ਮਹੀਨੇ ਦਾ ਹੀ ਸੀ ਕਿ ਪਿਤਾ ਅਕਾਲ ਚਲਾਣਾ ਕਰ ਗਏ। ਵਿਧਵਾ ਮਾਂ ਉਸ ਨੂੰ ਲੈ ਕੇ ਜੱਦੀ ਪਿੰਡ ਕਸੇਲ ਆ ਗਈ। ਕਿਰਪਾਲ ਸਿੰਘ ਨੇ ਦਾਦੀ ਤੇ ਮਾਤਾ ਦਾ ਲਾਡ ਮਾਣਦਿਆਂ ਇਸੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਚੌਥੀ ਪਾਸ ਕੀਤੀ। 1938 ਵਿੱਚ ਉਹ ਢੰਡ ਦੇ ਡਿਸਟ੍ਰਿਕਟ ਬੋਰਡ ਸਕੂਲ ਵਿੱਚ ਦਾਖ਼ਲ ਹੋ ਗਿਆ ਜਿੱਥੋਂ 1942 ਵਿੱਚ ਉਸ ਨੇ ਅੱਠਵੀਂ ਕੀਤੀ। ਤਾਏ ਹਰਨਾਮ ਸਿੰਘ ਕਸੇਲ ਨੇ, ਜੋ ਉਸ ਸਮੇਂ ਜੇਲ੍ਹ ਵਿੱਚ ਹੀ ਸੀ, ਉਸ ਨੂੰ ਅੰਗਰੇਜ਼ੀ ਦੀ ਪੜ੍ਹਾਈ ਲਈ ਆਪਣੇ ਮਿੱਤਰ ਮਾਸਟਰ ਸੁਜਾਨ ਸਿੰਘ ਦੀ ਦੇਖ-ਰੇਖ ਵਿੱਚ ਖਾਲਸਾ ਹਾਈ ਸਕੂਲ ਸਰਹਾਲੀ ਭੇਜ ਦਿੱਤਾ। ਸਰਹਾਲੀ, ਕਾਮਾਗਾਟਾਮਾਰੂ ਵਾਲੇ ਯੋਧੇ ਗੁਰਦਿੱਤ ਸਿੰਘ ਦਾ ਪਿੰਡ ਹੈ। ਸਾਰੇ ਇਲਾਕੇ ’ਤੇ ਗ਼ਦਰੀ ਬਾਬਿਆਂ ਦੀ ਛਾਪ ਹੈ। ਕਮਿਊਨਿਸਟ ਕ੍ਰਾਂਤੀਕਾਰੀ ਤੇ ਗ਼ਦਰੀ ਬਾਬੇ ਹਰਨਾਮ ਸਿੰਘ ਤੇ ਉਸ ਦੇ ਸਾਥੀਆਂ ਦੇ ਪ੍ਰਭਾਵ ਨੇ ਝੱਟ ਰੰਗ ਵਿਖਾਇਆ। 1943 ਵਿੱਚ ਹੀ ਕਿਰਪਾਲ ਸਿੰਘ ਸਾਥੀ ਤੇਜਾ ਸਿੰਘ ਸੁਤੰਤਰ ਦੇ ਸਟੱਡੀ ਸਕੂਲਾਂ ਵਿੱਚ ਹਾਜ਼ਰੀ ਭਰਨ ਲੱਗਾ।

1944 ਵਿੱਚ ਦਸਵੀਂ ਕਰ ਕੇ ਉਹ ਐਫ.ਏ. ਲਈ ਖਾਲਸਾ ਕਾਲਜ ਅੰਮ੍ਰਿਤਸਰ ਆ ਗਿਆ। 1946 ਵਿੱਚ ਐਫ.ਏ. ਕੀਤੀ ਤੇ ਉਸੇ ਸਾਲ ਉਸ ਦਾ ਵਿਅਾਹ ਚੌਧਰੀ ਸੰਤਾ ਸਿੰਘ ਬੇਟੀ ਸਵਿੰਦਰ ਕੌਰ ਨਾਲ ਹੋ ਗਿਆ। ਉਹ ਖਾਲਸਾ ਕਾਲਜੀਏਟ ਸਕੂਲ ਤੋਂ ਸੇਵਾਮੁਕਤ ਹੋਏ ਸਨ। ਪਹਿਲਾਂ ਫ਼ੌਜ ਵਿੱਚ ਰਹੇ। ਚੰਗੀ ਜ਼ਮੀਨ-ਜਾਇਦਾਦ ਦੇ ਮਾਲਕ। ਖਾਲਸਾ ਸਕੂਲ ਦੇ ਨਾਲ ਹੀ ਉਨ੍ਹਾਂ ਦੀ ਵੱਡੀ ਕੋਠੀ ਸੀ। ਉਨ੍ਹਾਂ ਆਪਣੀ ਛਿੰਦੀ ਧੀ ਨੂੰ ਕਸੇਲ ਪਿੰਡ ਭੇਜਣ ਦੀ ਥਾਂ ਉਸ ਦੇ ਪਤੀ ਨੂੰ ਹੀ ਉੱਥੇ ਰੱਖ ਲਿਆ। ਉਸ ਨੇ ਉੱਥੇ ਰਹਿ ਕੇ ਹੀ ਬੀ.ਏ. ਕੀਤੀ। ਇਸੇ ਦੌਰਾਨ 1947 ਵਿੱਚ ਦੇਸ਼ ਆਜ਼ਾਦ ਹੋਇਆ ਅਤੇ  ਪੰਜਾਬ ਦੇ ਦੋ ਟੋਟੇ ਹੋ ਗਏ। ਵੱਢ-ਟੁੱਕ, ਸਾੜ-ਫੂਕ ਤੇ ਉਜਾੜੇ ਦੇ ਦ੍ਰਿਸ਼ ਕਸੇਲ ਨੇ ਵੇਖੇ। ਖਾਲਸਾ ਕਾਲਜ ਸ਼ਰਨਾਰਥੀ ਕੈਂਪ ਬਣ ਕੇ ਰਹਿ ਗਿਆ। ਕਸੇਲ ਤੇ ਉਸ ਦੇ ਸਾਥੀਆਂ ਨੇ ਇਨਸਾਨੀਅਤ ਦੀਆਂ ਉੱਚੀਆਂ ਕਦਰਾਂ-ਕੀਮਤਾਂ ਉੱਤੇ ਪਹਿਰਾ ਦਿੱਤਾ। ਮਜ਼ਹਬੀ ਜਨੂੰਨ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਦਾ ਹਰ ਸੰਭਵ ਯਤਨ ਕੀਤਾ। ਸ਼ਰਨਾਰਥੀਆਂ ਦੀ ਸੇਵਾ ਕੀਤੀ। ਕਾਲਜ ਵਿੱਚ ਪੜ੍ਹਾਈ ਲਗਪਗ ਠੱਪ ਹੀ ਹੋ ਗਈ। ਯੂਨੀਵਰਸਿਟੀ ਨੇ ਫ਼ੈਸਲਾ ਕੀਤਾ ਕਿ 1948 ਵਿੱਚ ਬੀ.ਏ. ਦੀ ਪ੍ਰੀਖਿਆ ਨਾ ਲੈ ਕੇ ਸਮਾਜਿਕ ਸੇਵਾ ਦੇ ਆਧਾਰ ਉੱਤੇ ਬੀ.ਏ. (ਸੋਸ਼ਲ ਸਰਵਿਸ) ਦੀ ਡਿਗਰੀ ਦੇ ਦਿੱਤੀ ਜਾਵੇ। ਕਸੇਲ ਨੇ ਇਹ ਪੇਸ਼ਕਸ਼ ਸਵੀਕਾਰ ਨਾ ਕੀਤੀ ਅਤੇ 1949 ਵਿੱੱਚ ਬਾਕਾਇਦਾ ਬੀ.ਏ. ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ। 1949 ਵਿੱਚ ਉਸ ਨੇ ਰਾਜਨੀਤਕ ਕਾਨਫਰੰਸਾਂ ਤੇ ਮਜ਼ਦੂਰ ਜਥੇਬੰਦੀਆਂ ਵਿੱਚ ਕੰਮ ਕੀਤਾ। ਕਮਿਊਨਿਸਟ ਪਾਰਟੀ ਆਫ ਇੰਡੀਆ ਨਾਲ ਜੁੜਿਆ। ਇਨ੍ਹਾਂ ਦਿਨਾਂ ਵਿੱਚ ਹੀ ਕਸੇਲ ਸਾਥੀ ਤੇਜਾ ਸਿੰਘ ਸੁਤੰਤਰ ਦੀ ਲਾਲ ਪਾਰਟੀ ਨਾਲ ਜੁੜ ਗਿਆ। ਵੀਅਤਨਾਮ ਤੋਂ ਨੌਜਵਾਨਾਂ ਦਾ ਡੈਲੀਗੇਸ਼ਨ ਲਾਹੌਰ ਆਇਆ ਤਾਂ ਕਸੇਲ ਜਥਾ ਲੈ ਕੇ ਸਵਾਗਤ ਕਰਨ ਲਈ ਉੱਥੇ ਪਹੁੰਚ ਗਿਆ। ਆਜ਼ਾਦ ਹਿੰਦ ਫ਼ੌਜ ਦੇ ਸਹਿਗਲ, ਢਿੱਲੋਂ ਤੇ ਸ਼ਾਹਨਵਾਜ਼ ਦੀ ਰਿਹਾਈ ਲਈ ਜਲੂਸ ਨਿਕਲੇ ਤਾਂ ਵੀ ਉਸ ਨੇ ਅੱੱਗੇ ਹੋ ਕੇ ਨਾਅਰੇ ਲਾਏ। ਅੰਮ੍ਰਿਤਸਰ ਵਿੱਚ ਅਰੁਣਾ ਆਸਿਫ਼ ਅਲੀ ਤੇ ਮ੍ਰਿਦੁਲਾ ਸਾਰਾਭਾਈ ਆਈਆਂ ਤਾਂ ਵੀ ਉਸ ਨੇ ਸਰਗਰਮੀ ਨਾਲ ਸਾਰੀ ਗਤੀਵਿਧੀ ਵਿੱਚ ਹਿੱਸਾ ਲਿਆ। ਵਿਦਿਆਰਥੀ ਸੰਘਰਸ਼ਾਂ ਤੇ ਹੜਤਾਲਾਂ ਵਿੱਚ ਤਾਂ ਉਹ ਪਹਿਲਾਂ ਹੀ ਮੋਹਰੀ ਸੀ। ਸਰਕਾਰ ਨੂੰ ਬਹਾਨਾ ਚਾਹੀਦਾ ਸੀ। ਲਾਲ ਪਾਰਟੀ ਦੀ ਇੱਕ ਕਾਨਫਰੰਸ ਵਿੱਚ ਗਰਮ ਇਨਕਲਾਬੀ ਤਕਰੀਰ ਦੇ ਦੋਸ਼  ਵਿੱਚ ਉਸ ਨੂੰ ਮਈ 1949 ਵਿੱਚ ਫੜ ਲਿਆ ਗਿਆ। ਪਹਿਲਾਂ ਸਦਰ ਥਾਣੇ ਦੀ ਹਵਾਲਾਤ ਅਤੇ ਫਿਰ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ ਗਿਆ। ਬੀ.ਏ. ਦੇ ਇਮਤਿਹਾਨ ਉਸ ਨੇ ਜੇਲ੍ਹ ਵਿੱਚੋਂ ਹੀ ਦਿੱਤੇ। ਤਿੰਨ ਪੁਲੀਸ ਕਰਮਚਾਰੀ ਅਤੇ ਇੱਕ ਹੌਲਦਾਰ ਹਥਕੜੀ ਲਾ ਕੇ ਉਸ ਨੂੰ ਖਾਲਸਾ ਕਾਲਜ ਲਿਜਾਂਦੇ। ਵੱਖਰੇ ਕਮਰੇ ਵਿੱਚ ਵੱਖਰੇ ਸੁਪਰਵਾਈਜ਼ਰ ਦੀ ਨਿਗਰਾਨੀ ਹੇਠ ਉਹ ਪੇਪਰ ਕਰਦਾ। ਬੀ.ਏ. ਦਾ ਨਤੀਜਾ ਆਇਆ। ਉਸ ਨੂੰ ਰਿਜ਼ਲਟ ਕਾਰਡ ਮਿਲ ਗਿਆ, ਪਰ ਡਿਗਰੀ ਨਾ ਦਿੱਤੀ ਗਈ। ਯੂਨੀਵਰਸਿਟੀ ਦੀ ਜ਼ਿੱਦ ਸੀ ਕਿ ਪ੍ਰੀਖਿਆ ਲਈ ਉਚੇਚੇ ਪ੍ਰਬੰਧਾਂ ਦਾ ਖ਼ਰਚਾ ਕਸੇਲ ਦੇਵੇ ਤੇ ਕਸੇਲ ਦੀ ਜ਼ਿੱਦ ਸੀ ਕਿ ਖ਼ਰਚਾ ਸਰਕਾਰ ਦੇਵੇ। ੳੁਸ ਨੇ ਬਿਨਾਂ ਡਿਗਰੀ ਲਏ ਹੀ ਕੰਮ ਚਲਾਇਆ। ਇਮਤਿਹਾਨ ਪਿੱਛੋਂ ਉਸ ਨੂੰ ਯੋਲ ਕੈਂਪ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉੱਥੇ ਸਵਾ ਸੌ ਦੇ ਕਰੀਬ ਹੋਰ ਰਾਜਸੀ ਕੈਦੀ ਨਜ਼ਰਬੰਦ ਸਨ ਜਿਨ੍ਹਾਂ ਦੇ ਸੰਪਰਕ ਵਿੱਚ ਕਸੇਲ ਨੇ ਕਾਫ਼ੀ ਕੁਝ ਸਿੱਖਿਆ। ਉੱਥੋਂ ਹੀ ਉਸ ਨੇ ਸਰਕਾਰ ਨੂੰ ਲਿਖਿਆ ਕਿ ਮੇਰੀ ਅਗਲੀ ਪੜ੍ਹਾਈ ਲਈ ਪ੍ਰਬੰਧ ਕੀਤਾ ਜਾਵੇ। ਸਰਕਾਰ ਚਾਹੇ ਤਾਂ ਮੈਨੂੰ ਕਾਲਜ ਵਿੱਚ ਹੀ ਨਜ਼ਰਬੰਦ ਕਰ ਦੇਵੇ। ਉਸ ਦੀ ਬੇਨਤੀ ਮੰਨ ਕੇ ਸਰਕਾਰ ਨੇ ਉਸ ਨੂੰ ਯੋਲ ਕੈਂਪ ਤੋਂ ਰਿਹਾਅ ਕਰ ਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਇੱਕ ਮੀਲ ਦੇ ਘੇਰੇ ਵਿੱਚ ਹਦੂਦਬੰਦ ਰਹਿ ਕੇ ਐੱਮ.ਏ. ਕਰਨ ਦੀ ਆਗਿਆ ਦੇ ਦਿੱਤੀ। ਐੱਮ.ਏ. ਫਸਟ ਯੀਅਰ ਕਰਦੇ ਕਸੇਲ ਨੇ ਗਿਆਨੀ ਦੀ ਪ੍ਰੀਖਿਆ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। ਸੈਕਿੰਡ ਯੀਅਰ ਵਿੱਚ ਉਹ ਐੱਮ.ਏ. ਵਿੱਚੋਂ ਵੀ ਫਸਟ ਕਲਾਸ ਫਸਟ ਰਿਹਾ। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫ਼ੈਸਰ ਦੀ ਆਸਾਮੀ ਤਾਂ ਸੀ, ਪਰ ਉਸ ਦੇ ਰਾਜਸੀ ਪਿਛੋਕੜ ਅਤੇ ਵਿਚਾਰਾਂ ਕਾਰਨ ਉਸ ਨੂੰ ਇਸ ਉੱਤੇ ਨਾ ਰੱਖਿਆ ਗਿਆ। ਇਸੇ ਸਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਪੰਜਾਬੀ ਐੱਮ.ਏ. ਸ਼ੁਰੂ ਕੀਤੀ ਤੇ ਉਨ੍ਹਾਂ ਕਸੇਲ ਨੂੰ ਪ੍ਰੋਫ਼ੈਸਰ ਰੱਖ ਲਿਆ। ਸਾਲ ਕੁ ਬਾਅਦ ਉਹ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਪ੍ਰਿੰਸੀਪਲ ਕਿਰਪਾਲ ਸਿੰਘ ਨਾਰੰਗ ਕੋਲ ਜਾ ਲੱਗਾ ਜੋ ਪਿੱਛੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ। ਸਤੰਬਰ 1953 ਵਿੱਚ ਉਹ ਪੈਪਸੂ ਸਰਕਾਰ ਦੀ ਪੱਕੀ ਨੌਕਰੀ ਲੈ ਕੇ ਪ੍ਰੋਫ਼ੈਸਰ ਬਣ ਗਿਆ। ਸਾਲ ਕੁ ਹੋਰ ਲੰਘਿਆ ਅਤੇ ਉਹ ਪੰਜਾਬ ਸਰਕਾਰ ਅਧੀਨ ਪੰਜਾਬੀ ਲੈਕਚਰਾਰ ਚੁਣਿਆ ਗਿਆ। ਉਦੋਂ ਤਕ ਉਸ ਦੀਆਂ ਚਾਰ ਪ੍ਰਸਿੱਧ ਕਿਤਾਬਾਂ ਛਪ ਚੁੱਕੀਆਂ ਸਨ। ਇਹ ਸਨ ਸਾਹਿਤ ਦੇ ਰੂਪ, ਚੰਡੀ ਦੀ ਵਾਰ, ਸਾਹਿਤ ਪ੍ਰਕਾਸ਼ ਤੇ ਪੰਜਾਬੀ ਸਾਹਿਤ ਦਾ ਇਤਿਹਾਸ। ਉਹ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਪੰਜਾਬੀ ਪੜ੍ਹਾਉਂਦਾ ਹੋਇਆ ਸਾਹਿਤ ਆਲੋਚਨਾ ਵਿੱਚ ਹੋਰ ਵੀ ਸਰਗਰਮ ਹੋ ਗਿਆ। ਆਧੁਨਿਕ ਗਦਕਾਰ ਪੁਸਤਕ ਲਿਖੀ। ਮਨੋਵਿਗਿਆਨ ਬਾਰੇ ਨਿਤਿਆਨੰਦ ਪਟੇਲ ਅਤੇ ਰਾਜਨੀਤੀ ਵਿਗਿਆਨ ਬਾਰੇ ਪ੍ਰੋ. ਵਰਿਆਮ ਸਿੰਘ ਦੀ ਪੁਸਤਕ ਦਾ ਅਨੁਵਾਦ ਕੀਤਾ। ਟੈਗੋਰ ਦੇ ਚੋਣਵੇਂ ਨਿਬੰਧ ਅਨੁਵਾਦ ਕੀਤੇ। ਆਰ.ਡਬਲਿਊ. ਟਰਾਇਨ ਦੀ ਜਗਤ ਪ੍ਰਸਿੱਧ ਪੁਸਤਕ ‘ਇਨ ਟਿਊਨ ਵਿਦ ਦਿ ਇਨਫਿਨਿਟ’ ਦਾ ਅਨੁਵਾਦ ਕੀਤਾ। 1958 ਵਿੱਚ ਪੰਜਾਬੀ ਸਾਹਿਤ ਸਮੀਖਿਆ ਬੋਰਡ ਦਾ ਪਹਿਲਾ ਪ੍ਰਧਾਨ ਉਸੇ ਨੂੰ ਬਣਾਇਆ ਗਿਆ। ਕਈ ਕਿਤਾਬਾਂ ਤੇ ਅਭਿਨੰਦਨ ਗ੍ਰੰਥ ਇਸ ਸੰਸਥਾ ਨੇ ਛਾਪੇ। ਸਾਹਿਤ ਦੀਆਂ ਸਰਵੋਤਮ ਪੁਸਤਕਾਂ ਲਈ ਪੁਰਸਕਾਰ ਵੰਡੇ। ਇਸ ਤੋਂ ਪਹਿਲਾਂ 1954 ਵਿੱਚ ਪੰਜਾਬੀ ਦੇ ਵਿਕਾਸ ਲਈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਸਥਾਪਨਾ ਵੇਲੇ ਕਸੇਲ ਪਹਿਲੇ ਤੀਹ-ਪੈਂਤੀ ਜੀਵਨ ਮੈਂਬਰਾਂ ਵਜੋਂ ਉਸ ਨਾਲ ਜੁੜਨ ਵਾਲਿਆਂ ਵਿੱਚ ਸ਼ਾਮਲ ਸੀ। 1959 ਵਿੱਚ ਭੈਣੀ ਸਾਹਿਬ ਵਿੱਚ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਗੱਦੀ ਉੱਤੇ ਬੈਠੇ ਤਾਂ ਕਸੇਲ ਆਪਣੇ ਸਾਥੀਆਂ ਸਮੇਤ ਉੱਥੇ ਵੀ ਪੁੱਜਿਆ। ਇੰਜ ਲਿਖਣ ਪੜ੍ਹਨ, ਅਧਿਆਪਨ ਅਤੇ ਭਾਂਤ-ਭਾਂਤ ਦੇ ਸਮਾਜਿਕ ਸਮਾਗਮਾਂ ਵਿੱਚ ਹਿੱਸਾ ਲੈਂਦੇ-ਲੈਂਦੇ 1964 ਦਾ ਉਹ ਦਿਨ ਆ ਗਿਆ ਜਦੋਂ ਕੁਦਰਤ ਦੀ ਕਰੋਪੀ  ਨਾਲ ਅਚਾਨਕ ਉਸ ਨੂੰ ਅੱਖਾਂ ਦੀ ਤਕਲੀਫ਼ ਸ਼ੁਰੂ ਹੋ ਗਈ। ਸਾਹਿਤ ਅਕੈਡਮੀ ਲੁਧਿਆਣਾ ਦੇ ਅੰਤਰਿੰਗ ਬੋਰਡ ਦੀ ਮੀਟਿੰਗ ਤੋਂ ਘਰ ਪਰਤਦੇ ਸਮੇਂ ਅੱਖਾਂ ਵਿੱਚ ਕੁਝ ਪਿਆ ਤੇ ਰੜਕ ਸ਼ੁਰੂ ਹੋ ਗਈ।  ਇਸ ਦਰਦ ਮਗਰੋਂ ਅੱਖ ਵਿੱਚ ਲਾਲੀ ਤੇ ਧੁੰਦਲਾਪਣ ਵਧਦਾ ਗਿਆ। ਸੀ.ਐੱਮ.ਸੀ.  ਵਰਗੇ ਵੱਡੇ ਹਸਪਤਾਲ ਦੇ ਮਾਹਿਰ ਡਾਕਟਰਾਂ ਦੇ ਯਤਨਾਂ ਦੇ ਬਾਵਜੂਦ ਵੇਖਦੇ-ਵੇਖਦੇ ਹੀ ਉਸ ਦੀ ਨਜ਼ਰ ਬਿਲਕੁਲ ਖ਼ਤਮ ਹੋ ਗਈ। ਲੰਬੇ ਸਮੇਂ ਲਈ ਉਹ ਸੀ.ਐੱਮ.ਸੀ. ਦੇ ਵਾਰਡ ਨੰਬਰ ਦਸ ਵਿੱਚ ਜ਼ੇਰੇ ਇਲਾਜ ਰਿਹਾ। ਇੱਥੇ ਹੀ ਉਸ ਨੇ ਨਾਵਲ ‘ਵਾਰਡ ਨੰਬਰ 10’ ਲਿਖਿਆ ਜਿਸ ਵਿੱਚ ਨਿੱਜੀ ਦੁਖਾਂਤ ਅਤੇ ਸੰਘਰਸ਼ ਦੇ ਨਾਲ-ਨਾਲ 1947 ਤੋਂ 1964 ਤਕ ਦੇ ਨਹਿਰੂ ਯੁੱਗ ਦਾ ਯਥਾਰਥਕ ਬਿਰਤਾਂਤ ਹੈ। ਇਸ ਦੁਖਾਂਤ ਸਮੇਂ ਉਸ ਨੂੰ ਰੁਹਾਨੀ ਤੇ ਆਤਮਿਕ ਬਲ ਦੇਣ ਲਈ ਸਤਿਗੁਰੂ ਜਗਜੀਤ ਸਿੰਘ ਨੇ ਆਸ਼ੀਰਵਾਦ ਦਿੱਤਾ। ਘਰ ਦੇ ਤੋਰੇ ਤੋਰਨ ਲਈ ਉਸ ਦੀ ਪਤਨੀ ਦੀ ਭੈਣ ਮਹਿੰਦਰਜੀਤ ਬਹੁੜੀ। ਇਨ੍ਹਾਂ ਸੰਕਟਾਂ ਨਾਲ ਨਿਬੜਨ ਲਈ ਈ.ਐੱਮ. ਜੌਨਸਨ ਅੱਗੇ ਆਇਆ। ਜੌਨਸਨ ਨੇ ਭਰਾਵਾਂ ਵਾਂਗ ਉਸ ਨੂੰ ਬਰੇਲ ਸਿਖਾਈ। ਸਫ਼ੈਦ ਬੈਂਤ ਦੀ ਸੋਟੀ ਨਾਲ ਤੁਰਨਾ ਸਿਖਾਇਆ। ਕਸੇਲ ਸਰਕਾਰੀ ਨੌਕਰੀ ਤੋਂ ਬਿਨਾਂ ਤਨਖ਼ਾਹ ਦੇ ਛੁੱਟੀ ਉੱਤੇ ਸੀ। ਜੌਨਸਨ ਸੀ.ਐੱਮ.ਸੀ. ਵਿੱਚ ਨੇਤਰਹੀਣਾਂ ਦੇ ਪੁਨਰਵਾਸ ਵਿਭਾਗ ਦਾ ਡਾਇਰੈਕਟਰ ਸੀ। ਉਸ ਨੇ ਕਸੇਲ ਨੂੰ ਸਮਾਜਿਕ ਸਲਾਹਕਾਰ ਲਾ ਲਿਆ। ਕਾਲਜ ਦੇ ਪ੍ਰੋਫ਼ੈਸਰ ਜਿੰਨੀ ਤਨਖ਼ਾਹ ਵੀ ਦਿੱਤੀ। ਇਸ ਨਾਲ ਕਸੇਲ ਨੂੰ ਕਾਫ਼ੀ ਹੌਸਲਾ ਹੋਇਆ। ਇਨ੍ਹਾਂ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਚੁੱਕੇ ਪ੍ਰਿੰਸੀਪਲ ਕਿਰਪਾਲ ਸਿੰਘ ਨਾਰੰਗ ਨੇ ਉਸ ਨੂੰ ਯੂਨੀਵਰਸਿਟੀ ਵਿੱਚ ਭਾਸ਼ਣ ਦੇਣ ਲਈ ਬੁਲਾਇਆ। ਪਟਿਆਲੇ ਉਹ ਭਾਸ਼ਾ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਨੂੰ ਮਿਲਿਆ। ਆਪਣੀਆਂ ਪੁਸਤਕਾਂ ਛੱਤੀ ਅੰਮ੍ਰਿਤ ਤੇ ਇੰਦਰਧਨੁਸ਼ ਪੇਸ਼ ਕੀਤੀਆਂ। ਗਿਆਨੀ ਜੀ ਉਸ ਦੇ ਸਮੁੱਚੇ ਕਾਰਜ ਤੋਂ ਬੜੇ ਪ੍ਰਭਾਵਿਤ ਹੋਏ। ਕੁਝ ਹੀ ਸਮੇਂ ਬਾਅਦ 1968 ਵਿੱਚ ਉਨ੍ਹਾਂ ਦੇ ਵਿਭਾਗ ਨੇ ਕਸੇਲ ਨੂੰ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਜਿਸ ਵਿੱਚ ਵੀ.ਸੀ. ਨਾਰੰਗ, ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤੇ ਪੰਜਾਬ ਦੇ ਸਾਰੇ ਵੱਡੇ ਸਾਹਿਤਕਾਰ ਸ਼ਾਮਲ ਹੋਏ। ਸਮਾਗਮ ਉਪਰੰਤ ਉਸ ਨੂੰ ਪ੍ਰੋਫ਼ੈਸਰੀ ਵਾਲੀ ਤਨਖ਼ਾਹ ਉੱਤੇ ਹੀ ਭਾਸ਼ਾ ਵਿਭਾਗ ਵਿੱਚ ਡੈਪੂਟੇਸ਼ਨ ਉੱਤੇ ਖੋਜ ਅਧਿਕਾਰੀ ਲਾ ਦਿੱਤਾ ਗਿਆ। 1975 ਤਕ ਉਹ ਇਸੇ ਵਿਭਾਗ ਵਿੱਚ ਕੰਮ ਕਰਦਾ ਰਿਹਾ। ਇਸ ਦੌਰਾਨ ੳੁਸ ਨੇ ਗੁਰੂ ਨਾਨਕ ਬਾਣੀ, ਭਗਤ ਨਾਮਦੇਵ, ਸ਼ਾਹ ਮੁਹੰਮਦ,   ਪੰਜਾਬੀ ਸਾਹਿਤ ਦਾ ਇਤਿਹਾਸ, ਅੰਗਰੇਜ਼ੀ ਸਾਹਿਤ ਦਾ ਇਤਿਹਾਸ, ਭਾਈ ਵੀਰ ਸਿੰਘ ਦੀ ਕਵਿਤਾ ਆਦਿ ਪ੍ਰੋਜੈਕਟ ਨੇਪਰੇ ਚਾੜ੍ਹੇ। 1975 ਵਿੱਚ ਉਹ ਵਾਪਸ ਅਧਿਆਪਨ ਕਾਰਜ ਲਈ ਮਹਿੰਦਰਾ ਕਾਲਜ ਆ ਗਿਆ। 1988 ਵਿੱਚ ਉਹ ਇੱਥੋਂ ਹੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਇਆ। ਪਟਿਆਲੇ ਰਹਿੰਦਿਆਂ ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਦੋਵਾਂ ਨੇ ਉਸ ਨੂੰ ਪ੍ਰੋ. ਪੂਰਨ ਸਿੰਘ ਦੇ ਜੀਵਨ, ਵਾਰਤਕ ਅਤੇ ਕਾਵਿ ਉੱਤੇ ਕੰਮ ਕਰਨ ਦੇ ਮੌਕੇ ਦਿੱਤੇ। ਪ੍ਰੋ. ਪੂਰਨ ਸਿੰਘ ਦੀ ਜੀਵਨੀ, ਉਸ ਦੀ ਸਮੁੱਚੀ ਅੰਗਰੇਜ਼ੀ ਕਵਿਤਾ ਤੇ ਵਾਰਤਕ ਸਮੇਤ ਤੀਹ ਕੁ ਮੌਲਿਕ ਤੇ ਅਨੁਵਾਦਿਤ ਕਿਤਾਬਾਂ ਪ੍ਰਕਾਸ਼ਿਤ ਕਰ ਕੇ ਕਸੇਲ ਨੇ ਪ੍ਰੋ. ਪੂਰਨ ਸਿੰਘ ਬਾਰੇ ਇਹ ਅਹਿਸਾਸ ਪੰਜਾਬੀਆਂ ਨੂੰ ਕਰਵਾ ਦਿੱਤਾ ਕਿ ਉਹ  ਟੈਗੋਰ ਤੇ ਇਕਬਾਲ ਦੇ ਹਾਣ ਦੀ ਪ੍ਰਤਿਭਾ ਹੈ ਜਿਸ ਦਾ ਮੁੱਲ ਪੰਜਾਬੀਆਂ ਨੇ ਅਜੇ ਪਾਉਣਾ ਹੈ। ਪੂਰਨ ਸਿੰਘ ਦੇ ਰਹੱਸਵਾਦੀ ਅੰਗਰੇਜ਼ੀ ਕਾਵਿ ਦਾ ‘ਆਤਮਾ ਦੀ ਕਵਿਤਾ’ ਨਾਮ ਹੇਠ ਕਸੇਲ ਵੱਲੋਂ ਕੀਤਾ ਗਿਆ ਅਨੁਵਾਦ ਉਸ ਦਾ ਸ਼ਾਹਕਾਰ ਹੈ ਜਿਸ ਵਿੱਚ ਮੌਲਿਕ ਕਾਵਿ ਵਰਗਾ ਰਸ ਤੇ ਰੰਗ ਹੈ। ਕਸੇਲ ਦੀ ਦੂਜੀ ਯਾਦਗਾਰੀ ਪ੍ਰਾਪਤੀ ਉਸ ਦਾ ਤਿੰਨ ਜਿਲਦਾਂ ਵਿੱਚ ਰਚਿਆ ਨਾਮਧਾਰੀ ਲਹਿਰ ਦਾ ਇਤਿਹਾਸ ਹੈ। ਉਸ ਦਾ ਤੀਜਾ ਵੱਡਾ ਕਾਰਜ ਗਦਰ ਲਹਿਰ ਦੇ ਸਾਹਿਤ ਦਾ ਸੰਪਾਦਨ ਤੇ ਪ੍ਰਕਾਸ਼ਨ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਾਰ-ਵਾਰ ਸੋਧੇ ਤੇ ਵਧਾਏ ਸੰਸਕਰਣ ਉਸ ਦੀ ਚੌਥੀ ਵੱਡੀ ਦੇਣ ਹਨ। ਸਤਾਸੀ ਸਾਲ ਦੀ ਉਮਰ ਵਿੱਚ ਵੀ ਪੰਜਾਬੀ ਦਾ ਇਹ ਮਿਲਟਨ ਸਵੇਰੇ ਤਿੰਨ ਵਜੇ ਤੋਂ ਰਾਤ ਗਿਆਰਾਂ ਵਜੇ ਤਕ ਪੜ੍ਹਨ-ਲਿਖਣ ਵਿੱਚ ਰੁੱਝਾ ਰਹਿੰਦਾ ਹੈ। ਹਰ ਉਸਤਤ ਨਿੰਦਾ ਤੋਂ ਬੇਲਾਗ ਅੱਜਕੱਲ੍ਹ ਉਹ ਪਟਿਆਲੇ ਦੇ  ਮੁਹੱਲਾ ਸੂਈ ਗਰਾਂ ਵਿੱਚ ਰਹਿੰਦਾ ਹੈ।

ਸੰਪਰਕ: 98722-60550 * ਸਾਬਕਾ ਪ੍ਰੋਫ਼ੈਸਰ ਤੇ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All