ਜੀਵੰਤ ਦ੍ਰਿਸ਼ਟੀ ਵਾਲੀ ਕਾਨਾ ਸਿੰਘ : The Tribune India

ਜੀਵੰਤ ਦ੍ਰਿਸ਼ਟੀ ਵਾਲੀ ਕਾਨਾ ਸਿੰਘ

ਜੀਵੰਤ ਦ੍ਰਿਸ਼ਟੀ ਵਾਲੀ ਕਾਨਾ ਸਿੰਘ

ਗੁਲਜ਼ਾਰ ਸਿੰਘ ਸੰਧੂ

ਪੰਜਾਬੀ ਦੀਆਂ ਜੀਵਤ ਲੇਖਕਾਵਾਂ ਵਿੱਚੋਂ ਕਾਨਾ ਸਿੰਘ ਹੀ ਹੈ ਜਿਹੜੀ ਅਣਵੰਡੇ ਪੰਜਾਬ ਦੀ ਪ੍ਰਤੀਨਿਧਤਾ ਕਰਦੀ ਹੈ। ਪੋਠੋਹਾਰ ਦੀ ਬਹੁਤੀ। ਉਹ ਪੋਠੋਹਾਰ ਦੀ ਜੰਮਪਲ ਹੈ। ਉਸ ਦੀਆਂ ਰਗਾਂ ਵਿੱਚ ਪੋਠੋਹਾਰ ਦੀ ਆਦਿ ਦੇਵੀ ਦਾ ਲਹੂ ਵਗਦਾ ਹੈ। ਉਸ ਨੇ ਉਸ ਖਿੱਤੇ ਦੀਆਂ ਮਹਿਲਾਵਾਂ ਦੀ ਮਿਸਾਲੀ ਖ਼ੂਬਸੂਰਤੀ ਨੂੰ ਕਵਿਤਾ ਦੀ ਮਸ਼ਾਲ ਨਾਲ ਉਜਾਗਰ ਕੀਤਾ ਹੈ। ਕਾਨਾ ਬੇਬਾਕ ਲੇਖਿਕਾ ਹੈ। ਉਹ ਸਥਾਪਤ ਮਰਿਯਾਦਾ ਨੂੰ ਤੋੜਦੀ ਹੈ। ਉਹ ਕਥਾ ਬੁਣਨ ਸਮੇਂ ਭਾਵੁਕ, ਬਣਤਰ ਵੇਲੇ ਪ੍ਰਗੀਤਕ ਤੇ ਆਪਣੀ ਧਾਰਨਾ ਨੂੰ ਸਥਾਪਤ ਕਰਨ ਵੇਲੇ ਤਰਕਸ਼ੀਲ ਹੁੰਦੀ ਹੈ। ਖ਼ੂਬੀ ਇਹ ਹੈ ਕਿ ਉਹ ਸਥਾਪਿਤ ਮਰਿਯਾਦਾ ਤੋਂ ਵੱਖਰਾ ਮਾਰਗ ਆਪਣਾਉਂਦੇ ਸਮੇਂ ਹਿੰਸਕ ਨਹੀਂ ਹੁੰਦੀ। ਓਧਰਲੇ ਪੰਜਾਬ ਦੇ ਪਾਠਕ ਉਸ ਦੀ ਭਾਵਨਾ ਦਾ ਸਤਿਕਾਰ ਕਰਦੇ ਹਨ। ਉਸ ਨੇ ਉਨ੍ਹਾਂ ਦਾ ਪਿਆਰ ਤੇ ਵਿਸ਼ਵਾਸ ਆਪਣੀ ਵਾਰਤਕ ਤੇ ਕਵਿਤਾ ਦੀ ਸੂਖ਼ਮ ਵਿਧੀ ਨਾਲ ਜਿੱਤਿਆ ਹੈ। ਅੰਮ੍ਰਿਤਾ ਪ੍ਰੀਤਮ ਵਾਂਗ ਕਬਰਾਂ ਵਿੱਚ ਸੁੱਤੇ ਵਾਰਿਸ ਸ਼ਾਹ ਨੂੰ ਹਾਕਾਂ ਮਾਰ ਕੇ ਨਹੀਂ। ਉਹ ਕਿਵੇਂ ਲਿਖਦੀ ਹੈ, ਉਸ ਦੇ ਆਪਣੇ ਸ਼ਬਦਾਂ ਵਿੱਚ: ‘‘ਕਲਮ ਮੇਰੇ ਅੰਦਰ ਦੇ ਬਾਲਕ ਦਾ ਖਿਡੌਣਾ ਹੈ। ਹਰ ਕੌੜੇ-ਮਿੱਠੇ ਤਜਰਬੇ ਨਾਲ ਦੋ-ਚਾਰ ਹੋਣ ਵਾਸਤੇ ਇਹ ਖਿਡੌਣਾ ਮੈਨੂੰ ਤਾਕਤ ਬਖ਼ਸ਼ਦਾ ਹੈ। ਖੇਡ ਵਿੱਚ ਹਿੰਸਾ ਅਤੇ ਅਹਿੰਸਾ ਨਾਲੋ-ਨਾਲ ਤੁਰਦੀਆਂ ਹਨ। ਰਚਨਾ ਦੀ ਸਿਰਜਣ ਪ੍ਰਕਿਰਿਆ ਦੌਰਾਨ ਮੈਂ ਹਿੰਸਕ ਹੁੰਦੀ ਹਾਂ। ਖ਼ਿਆਲਾਂ ਨਾਲ ਖਹਿੰਦੀ-ਭਿੜਦੀ, ਹਾਰਨ ਤੋਂ ਤ੍ਰਹਿਕਦੀ-ਸਹਿਮਦੀ ਅਤੇ ਜਿੱਤ ਲਈ ਜੂਝਦੀ। ਪਰ ਸਿਰਜਣਾ ਦੀ ਸੋਧ ਪ੍ਰਕਿਰਿਆ ਦੌਰਾਨ ਮੈਂ ਬਿਲਕੁਲ ਅਹਿੰਸਕ ਹੁੰਦੀ ਹਾਂ- ਸ਼ਾਂਤ ਅਡੋਲ ਵਹਿੰਦੀ ਨਦੀ ਦੀ ਸਹਿਜ ਅਵਸਥਾ ਵਿੱਚ। ਸਾਹਿਤ ਸਿਰਜਣਾ ਮੇਰੇ ਲਈ ਯਾਤਰਾ ਨਹੀਂ ਸਗੋਂ ਸੈਰ ਹੈ। ਯਾਤਰਾ ਤੁਸੀਂ ਮੰਜ਼ਿਲ ਨੂੰ ਮਿਥ ਕੇ ਆਰੰਭਦੇ ਹੋ, ਪੂਰੀ ਚੇਤੰਨਤਾ ਨਾਲ; ਪਰ ਸੈਰ ਦੌਰਾਨ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਜਾਣ ਦਾ ਸਬੱਬ ਬਣ ਜਾਵੇ ਅਤੇ ਕਿੱਧਰ ਜਾਂਦੇ-ਜਾਂਦੇ ਤੁਸੀਂ ਕਿਧਰ ਜਾ ਨਿਕਲੋ।’’ ਉਹ ਜਾਣੇ ਅਣਜਾਣੇ ਫਲੈਸ਼ਬੈਕ ਤਕਨੀਕ ਵਰਤਦੀ ਹੈ। ਉਸ ਨੂੰ ਪੜ੍ਹਦੇ ਸਮੇਂ ਪਾਠਕ ਨੂੰ ਇਉਂ ਜਾਪਦਾ ਹੈ ਕਿ ਉਸ ਨੂੰ ਕਿਸੇ ਇੱਕ ਨੁਕਤੇ ਉੱਤੇ ਖੜ੍ਹਾ ਕਰਕੇ ਕਿਸੇ ਪਿਛਲੀ ਦੁਨੀਆਂ ਵਿੱਚ ਗੁੰਮ ਜਾਂਦੀ ਹੈ, ਪਰ ਛੇਤੀ ਹੀ ਮੁੜ ਉਸ ਦੀ ਉਂਗਲ ਫੜ ਕੇ ਉਸ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਸ ਨੇ ਇਹ ਗੁਣ ਆਪਣੀ ਨਿਤਾ ਪ੍ਰਤੀ ਗੱਲਬਾਤ ਦੀ ਸ਼ੈਲੀ ਵਿੱਚੋਂ ਚੁੱਕਿਆ ਹੈ। ਉਸ ਦੇ ਪੋਠੋਹਾਰੀ ਮਾਪੇ ਵੀ ਗੱਲਬਾਤ ਕਰਦੇ ਸਮੇਂ ਪਿਛਲ ਜਗਤ ਵਿੱਚ ਵਿਚਰਨ ਲੱਗਦੇ ਸਨ। ਇਸ ਤਰ੍ਹਾਂ ਉਹ ਕਿਸੇ ਇੱਕ ਘਟਨਾ ਦੇ ਅੱਗੇ-ਪਿੱਛੇ ਪੂਰੀ ਕਾਇਨਾਤ ਸਿਰਜਣ ਦੇ ਯੋਗ ਹੋ ਜਾਂਦੀ ਹੈ।

ਵੱਡੀ ਗੱਲ ਇਹ ਕਿ ਉਹ ਨਿਸ਼ੰਗ ਲੇਖਿਕਾ ਹੈ। ਉਹ ਵਾਸਨਾ ਨੂੰ ਮੁੱਠੀ ਵਿੱਚ ਮੀਚਣ ਨਾਲੋਂ ਇਸ ਦੀ ਬੁੱਕਲ ਮਾਰ ਕੇ ਤੱਤੀਆਂ-ਠੰਢੀਆਂ ਹਵਾਵਾਂ ਵਿੱਚ ਵਿਚਰਦੀ ਹੈ। ਇਹ ਹਵਾਵਾਂ ਬੁੱਕਲ ਦੇ ਰੇਸ਼ਿਆਂ ਰਾਹੀਂ ਉਸ ਦੇ ਧੁਰ ਅੰਦਰ ਨੂੰ ਰੁਸ਼ਨਾਉਂਦੀਆਂ ਤੇ ਆਤਮਾ ਨੂੰ ਤ੍ਰਿਪਤ ਕਰਦੀਆਂ ਹਨ। ਉਹ ਕਵਿਤਾ ਲਿਖੇ, ਕਹਾਣੀ, ਵਾਰਤਾਲਾਪ ਜਾਂ ਵਾਰਤਕ ਉਸ ਦੀ ਲਿਖਤ ਵਿੱਚ ਨਾ ਹੀ ਲੇਸਲੀ ਭਾਵੁਕਤਾ ਹੈ, ਨਾ ਹੀ ਡੁੱਲ੍ਹ-ਡੁੱਲ੍ਹ ਪੈਂਦੀ ਉੱਥਲ-ਪੁੱਥਲ। ਉਹ ਆਪਣੇ ਅੰਦਰਲੇ ਵੇਗ ਨੂੰ ਪ੍ਰਗਟ ਕਰਨ ਸਮੇਂ ਜਿਵੇਂ ਆਪਣੀ ਰੂਹ ਦਾ ਅਨੁਵਾਦ ਕਰ ਰਹੀ ਹੁੰਦੀ ਹੈ। ਮਨੁੱਖੀ ਸਬੰਧਾਂ ਦੀ ਕਹਾਣੀ ਪਾ ਕੇ ਤੇ ਮਨੁੱਖੀ ਮਨ ਦੀਆਂ ਅਥਾਹ ਪਰਤਾਂ ਨੂੰ ਸਮਾਜਿਕ ਰਿਸ਼ਤਿਆਂ ਵਿੱਚ ਪਰੋ ਕੇ। ‘‘ਸਾਡੀ ਇਮਾਰਤ ਦੇ ਥਲਵੇਂ ਸਭ ਤੋਂ ਵੱਡੇ ਤੇ ਪ੍ਰਮੁੱਖ ਭਾਗ ਵਿੱਚ ਰਹਿੰਦਾ ਸੀ ਅਸ਼ਕ। ਓਮ ਪ੍ਰਕਾਸ਼ ਅਸ਼ਕ। ਸਾਹਿਰ ਲੁਧਿਆਣਵੀ ਦਾ ਹਮਉਮਰ ਤੇ ਲੰਗੋਟੀਆ ਯਾਰ। ਉਹਦੇ ਵਾਂਗ ਹੀ ਇਕੱਲਾ ਤੇ ਆਦੀ ਛੜਾ। ਅਸ਼ਕ ਦਾ ਰਸੋਈਆ ਸੀ, ਚਾਂਦ। ਸੂਖ਼ਮ ਸਰੀਰ, ਗੋਰਾ-ਚਿੱਟਾ, ਘੁੰਗਰਾਲੇ ਵਾਲ, ਅਪਟੂਡੇਟ ਤੇ ਖੂਬਸੂਰਤ ਉਰਦੂ ਲਹਿਜਾ। ਕਰਤਾ-ਧਰਤਾ ਤੇ ਮੁਖਤਿਆਰ। ਬੰਗਲੇ ਤੇ ਉਸ ਦੇ ਆਊਟ ਹਾਊਸਾਂ ਵਿੱਚ ਵੱਸਦੇ ਪਰਿਵਾਰਾਂ ਦਾ ਚਹੇਤਾ। ਭਾਈਜਾਨਾਂ ਦਾ ਦੋਸਤ ਤੇ ਭਾਬੀ ਜਾਨਾਂ ਦਾ ਦੇਵਰ ਸੀ ਚਾਂਦ।’’ ਇਹ ਹੈ ਕਾਨਾ ਸਿੰਘ ਦੀ ਰੇਖਾ-ਚਿੱਤਰ ਸ਼ੈਲੀ। ਕਾਨਾ ਹੈ ਹੀ ਸ਼ੈਲੀ-ਬੱਧ ਜੀਵ। ‘‘ਜਦ ਤਕ ਸੁਹਣੀ ਤਰ੍ਹਾਂ ਵਾਲ ਨਾ ਵਾਹੇ ਹੋਣ, ਸਾਫ਼-ਸੁਥਰੀ ਫੱਬਵੀਂ ਪੁਸ਼ਾਕ ਨਾ ਪਾਈ ਹੋਵੇ, ਹੋਠਾਂ ਉੱਤੇ ਗੁਲਾਬੀ ਭਾਅ ਨਾ ਹੋਵੇ, ਸਮੁੱਚੇ ਆਪੇ ’ਚ ਭਿੰਨੀ-ਭਿੰਨੀ ਸੁਗੰਧ ਨਾ ਹੋਵੇ ਤੇ ਸ਼ੀਸ਼ਾ ਪਿਆਰ ਦਾ ਹੁੰਗਾਰਾ ਨਾ ਭਰੇ, ਉਹ ਕਿਸੇ ਸਨੇਹੀ ਮਿੱਤਰ ਨੂੰ ਫੋਨ ਨਹੀਂ ਕਰ ਸਕਦੀ, ਚਿੱਠੀ ਵੀ ਨਹੀਂ ਲਿਖ ਸਕਦੀ।’’ ਉਹ ਕਹਿੰਦੀ ਹੈ। ਕਾਨਾ ਇੱਕ ਜੀਵਿਤ ਰੂਹ ਹੈ। ਸਦਾ ਉਤਸੁਕ। ਸਦਾ ਚੰਚਲ ਤੇ ਅਸਮਾਨੀਂ ਉੱਡਣ ਲਈ ਤਤਪਰ। ਤਾਰੇ ਤੋੜਨ ਦੀ ਚਾਹਵਾਨ। ਸਾਹਿਰ ਲੁਧਿਆਣਵੀ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਤਾਰਾ ਸਿੰਘ ਕਾਮਲ, ਇਮਰੋਜ਼... ਕਿਸੇ ਨਾਲ ਵੀ ਏਨਾ ਨੇੜ ਨਹੀਂ ਜਿੰਨੀ ਨੇੜ ਦੀ ਤਮੰਨਾ। ਫੈਂਟੇਸੀ ਸਿਰਜਣ ਦੀ ਲੋਚਾ। ਬੇਬਾਕ ਤੇ ਨਿਸੰਗ, ਪਰ ਸਪੀਡ ਬਰੇਕਰਾਂ ਤੋਂ ਬਚਣ ਵਾਲੀ। ਪਿਆਰ ਤੇ ਸਤਿਕਾਰ ਦੇ ਪਾਤਰਾਂ ਵਿੱਚ ਥਾਂ-ਥਾਂ ਕਾਨਾ ਤੇ ਉਸ ਦੀ ਕਵਿਤਾ, ਉਸ ਦਾ ਬੱਚਾ, ਉਸ ਦਾ ਵੀਰ ਜੀ, ਉਸ ਦਾ ਆਲਾ-ਦੁਆਲਾ ਤੇ ਸਮਾਜ। ਤੇ ਗੱਲ-ਗੱਲ ’ਤੇ ਪੁਸ਼ਟੀ ਦੀ ਇੱਛਾ। ‘‘ਹੈ ਨਾ?’’ ਹਰ ਕੰਮ ਨਿਸ਼ਚੇ ਨਾਲ ਕਰਨ ਵਾਲੀ ਕਾਨਾ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਮੁਲਾਕਾਤ ਵੀ ਕਰਨੀ ਪਵੇ ਤਾਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦਾ ਪੁਲੰਦਾ ਪਹਿਲਾਂ ਤਿਆਰ ਕਰਦੀ ਹੈ। ਰੇਖਾ-ਚਿੱਤਰ ਲਿਖਣ ਵੇਲੇ ਚੇਤੇ ਵਿੱਚ ਵਸੇ ਨੁਕਤਿਆਂ ਨੂੰ ਉਂਗਲਾਂ ਦੇ ਪੋਟਿਆਂ ਉੱਤੇ ਲਾਹ ਲੈਂਦੀ ਹੈ। ਮੈਂ ਉਸ ਨੂੰ ਸਵੈ-ਸੇਵੀ ਸੰਸਥਾਵਾਂ ਦੀ ਸਕੱਤਰੀ ਕਰਦਿਆਂ ਵੀ ਤੱਕਿਆ ਹੈ ਤੇ ਖਜ਼ਾਨਚੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਵੀ। ਉਹ ਮੱਥੇ ਵੱਟ ਨਹੀਂ ਪਾਉਂਦੀ। ਇਹ ਗੁਣ ਉਸ ਦੀਆਂ ਲਿਖਤਾਂ ਵਿੱਚ ਵੀ ਹੈ। ਉਹ ਬੀਤੇ ਤੇ ਵਰਤਮਾਨ ਦੀ ਕੜਵਾਹਟ ਨੂੰ ਪਿਛੋਕੜ ਦੀ ਮਿੱਠਤ ਨਾਲ ਰਲਾ ਕੇ ਅੱਗੇ ਦੀ ਸੋਚਣ ਲੱਗ ਜਾਂਦੀ ਹੈ। ਖੱਟੇ-ਮਿੱਠੇ ਨੂੰ ਉਲੰਘਦੀ ਤੇ ਕੌੜੇ-ਕੁਸੈਲੇ ਨੂੰ ਛਲਾਂਗ ਮਾਰ ਕੇ ਪਾਰ ਕਰਦੀ। ਕਾਨਾ ਨੇ ਗੁਰਬਖਸ਼ ਸਿੰਘ ਦੇ ਪ੍ਰਚਾਰੇ ਸਾਂਵੇਂ ਪੱਧਰੇ ਜੀਵਨ ਤੋਂ ਵੱਖਰਾ ਰਾਹ ਉਲੀਕਿਆ ਹੈ। ੲਿਹ ਨੁਕਤੇ ਜਾਂ ਟਿੱਪਣੀਆਂ ਕਾਨਾ ਸਿੰਘ ਦੇ ਰੇਖਾ ਚਿੱਤਰਾਂ ਬਾਰੇ ਹਨ ਜਿਹੜੇ 1999 ਵਿੱਚ ‘ਰੂਹ ਦਾ ਅਨੁਵਾਦ’ ਨਾਂ ਦੀ ਪੁਸਤਕ ਵਿੱਚ ਛਪੇ, ਫਿਰ ਨਵੇਂ ਚਿੱਤਰਾਂ ਤੇ ਪੁਰਾਣਿਆਂ ਦੇ ਨਵੇਂ ਨਾਵਾਂ ਨਾਲ ‘ਉਕਾਬ ਦੀ ਅੱਖ’ ਨਾਂ ਦੀ ਪੁਸਤਕ ਵਿੱਚ। ਉਨ੍ਹਾਂ ਦੇ ਸਿਰਲੇਖ ਪੜ੍ਹਿਦਆਂ ਹੀ ਪਤਾ ਲੱਗ ਜਾਂਦਾ ਹੈ ਕਿ ਸਬੰਧਿਤ ਵਿਅਕਤੀ ਦਾ ਸੁਭਾਅ ਕਿਹੋ ਜਿਹਾ ਹੋਵੇਗਾ। ਇਨ੍ਹਾਂ ਵਿੱਚ ਪ੍ਰੇਮ ਪ੍ਰਕਾਸ਼- ਕਹਾਣੀ ਦਾ ਗੋਰਖਧੰਦਾ ਹੈ, ਤਾਰਾ ਸਿੰਘ ਕਾਮਲ- ਰੂਹ ਦਾ ਅਨੁਵਾਦ, ਮੋਹਨ ਭੰਡਾਰੀ- ਥੋੜ੍ਹੇ ਚੌਲ ਵੱਡਾ ਭੰਡਾਰਾ, ਸੁਕੀਰਤ- ਖਾਨਦਾਨੀ ਸ਼ਬਦਘਾੜਾ, ਜੋਗਾ ਸਿੰਘ- ਐਤਵਾਰੀ ਮਲੰਗ, ਸੰਤੋਖ ਸਿੰਘ ਧੀਰ- ਜੰਗਲ ਵਿੱਚ ਬੈਠਾ ਰਿਖੀਸ਼ਰ ਤੇ ਹਰੀਸ਼ ਜੈਨ- ਉਕਾਬ ਦੀ ਅੱਖ। ਜੇ ਕਾਨਾ ਸਿੰਘ ਬਾਰੇ ਹੋਰ ਜਾਣਨਾ ਹੋਵੇ ਤਾਂ ਉਸ ਦੀ ਪੁਸਤਕ ‘ਚਿੱਤ ਚੇਤਾ’ ਪੜ੍ਹਨੀ ਪਵੇਗੀ। ਉਸ ਦੇ ਚਿੱਤ ਵਿੱਚ ਵਸੇ ਚੇਤਿਆਂ ਦਾ ਸੰਗ੍ਰਹਿ। ਪਾਠਕਾਂ ਨੇ ਇਨ੍ਹਾਂ ਨੂੰ ਉਸ ਦੀ ਸਵੈ-ਜੀਵਨੀ ਵੀ ਆਖਿਆ ਹੈ। ਇਹ ਉਸ ਦੇ ਮਿਤੀਬੱਧ ਜੀਵਨ ਦੀ ਬਾਤ ਪਾਉਣ ਨਾ ਪਾਉਣ, ਉਸ ਦੇ ਵਿਅਕਤਿਤਵ ਦਾ ਦਰਪਨ ਜ਼ਰੂਰ ਹਨ। ਉਸ ਦਾ ਪੋਠੋਹਾਰ ਵਿਚਲਾ ਬਚਪਨ, ਫ਼ਰੀਦਕੋਟ ਤੇ ਦਿੱਲੀ ਵਿਚਲੀ ਜਵਾਨੀ ਅਤੇ ਮੁੰਬਈ ਤੇ ਚੰਡੀਗੜ੍ਹ ਵਿਚਲੇ ਵਿਹਾਰਕ ਜੀਵਨ ਦਾ ਸਾਰ। ਉਸ ਦੇ ਜ਼ੌਕ, ਸ਼ੌਕ, ਸੱਧਰਾਂ, ਪ੍ਰਾਪਤੀਆਂ ਤੇ ਰਹਿੰਦੇ ਜੀਵਨ ਦੀਆਂ ਉਮੰਗਾਂ। ਚੰਗੀ ਗੱਲ ਇਹ ਹੈ ਕਿ ਕੁੜੱਤਣ ਕੋਈ ਨਹੀਂ। ਜੇ ਹੈ ਵੀ ਤਾਂ ਉਸ ਦੇ ਕਹਿਣ ਦਾ ਢੰਗ ਇਸ ਨੂੰ ਕੱਢ ਮਾਰਦਾ ਹੈ। ਉਹ ਇੱਕ ਸੁਬਕ, ਸਰਲ ਤੇ ਬੇਬਾਕ ਜੀਊੜਾ ਹੈ। ਕਾਨਾ ਸਿੰਘ ਨੇ ਆਪਣੇ ਜੀਵਨ ਵਿੱਚ ਕਦੀ ਖੜੋਤ ਨਹੀਂ ਆਉਣ ਦਿੱਤੀ। ਜੀਵਨ ਵਿੱਚ ਲੰਮੇਰੇ ਸਾਥ ਦੀ ਘਾਟ ਨੂੰ ਵੀ ਘਾਟ ਕਰਕੇ ਨਹੀਂ ਜਾਣਿਆ। ਟੋਟੇ-ਟੋਟੇ ਵਿੱਦਿਆ ਪ੍ਰਾਪਤੀ ਤੇ ਕੁੱਲ-ਵਕਤੀ ਰੋਜ਼ੀ ਰੋਟੀ ਦੀ ਘਾਟ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਹੋਮਿਓਪੈਥੀ ਦੀ ਡਾਕਟਰ, ਨੁਮਾਇਸ਼ਗਾਹਾਂ ਦੀ ਰਿਸੈਪਸ਼ਨਿਸਟ, ਯੋਗ ਆਸਣਾਂ ਦੀ ਉਸਤਾਨੀ, ਬੀਮਾ ਕੰਪਨੀਆਂ ਦੀ ਮੁਲਾਜ਼ਮ, ਸ਼ਿੰਗਾਰਕਰਤਾ ਤੇ ਅਦਾਕਾਰਾ ਕਾਨਾ ਸਿੰਘ ਘਰ ਵਿੱਚ ਤੇ ਘਰੋਂ ਬਾਹਰ ਰਾਹ ਜਾਂਦਿਆਂ ਨੂੰ ਵਿੱਦਿਆ ਵਰਤਾ ਸਕਦੀ ਹੈ ਤੇ ਘਰ ਆਇਆਂ ਨੂੰ ਭਾਂਤ ਸੁਭਾਂਤਾ ਭੋਜਨ। ਉਸ ਦੇ ਚੇਤੇ ਵਿੱਚ ਵੇਖੇ ਸੁਣੇ, ਫੁੱਲ, ਜੀਵ-ਜੰਤੂ ਤੇ ਪਸ਼ੂ-ਪੰਛੀ ਹੀ ਨਹੀਂ, ਬੱਕਰੀ ਤੇ ਮੱਝ ਦੇ ਦੁੱਧ ਦੀਆਂ ਧਾਰਾਂ ਵੀ ਹਨ। ਮਾਂ ਦੀ ਮਮਤਾ ਤੇ ਦਾਦੀ ਦੀਆਂ ਲੋਰੀਆਂ। ਸੜਦੀ-ਬਲਦੀ ਰੇਤ ਅਤੇ ਉੱਚੇ-ਨੀਵੇਂ ਕੰਧਾਂ-ਕੋਠੇ ਟੱਪਦਾ ਉਸ ਦਾ ਚੇਤਾ ਬੇਤਰਤੀਬਾ ਹੋ ਕੇ ਵੀ ਬੱਝਵਾਂ ਪ੍ਰਭਾਵ ਪਾਉਂਦਾ ਹੈ। ਉਸ ਦੇ ਚੇਤਿਆਂ ਵਿੱਚ ਦੇਸ਼-ਵੰਡ ਦਾ ਉਜਾੜਾ, ਇੰਦਰਾ ਕਤਲ ਤੋਂ ਉਪਜੀਆਂ ਪੰਜਾਬੀ ਭਾਈਚਾਰੇ ਦੀਆਂ ਤਰੇੜਾਂ ਤੇ ਪੰਜਾਬ ਦੇ ਕਾਲੇ ਦਿਨਾਂ ਦਾ ਵਰਣਨ ਪਾਠਕ ਦੇ ਆਪਣੇ ਮਨ ਵਿੱਚ ਵਸੇ ਹੋਏ ਸਦਾਚਾਰ ਤੇ ਸਭਿਆਚਾਰ ਦੇ ਵਰਕੇ ਫਰੋਲਣ ਦੀ ਸਮਰੱਥਾ ਰੱਖਦਾ ਹੈ। ‘ਚਿੱਤ-ਚੇਤਾ’ ਦਾ ਪ੍ਰਭਾਵ ਬੱਝਵਾਂ, ਬੇਬਾਕ ਤੇ ਭਰਵਾਂ ਹੈ। ਨੰਗੀ ਧੁੱਪ ਵਿੱਚ ਨੰਗੇ ਪੈਰੀਂ ਡੰਡੀਓ ਡੰਡੀ ਤੁਰਨ ਵਾਲਾ, ਪਰ ਟੱਪਰੀਵਾਸਾਂ ਦੀ ਜੂਨ ਤੋਂ ਹਟਵਾਂ। ਕੁੜੱਤਣਹੀਣ। ਮੁਸ ਮੁਸ ਕਰਦਾ। ਉਹ ਹਰ ਕਿਸੇ ਨਾਲ ਇਸੇ ਤਰ੍ਹਾਂ ਵਿਚਰਦੀ ਹੈ। ਮੁੰਬਈ ਵਾਲੇ ਸਾਹਿਰ ਲੁਧਿਆਣਵੀ, ਰਾਜਿੰਦਰ ਸਿੰਘ ਬੇਦੀ, ਰਾਜਿੰਦਰ ਕੌਰ, ਕੁਲਦੀਪ ਬੱਗਾ ਜਾਂ ਦਿੱਲੀ ਤੇ ਚੰਡੀਗੜ੍ਹ ਦੇ ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਤਾਰਾ ਸਿੰਘ ਕਾਮਲ, ਮੋਹਨ ਭੰਡਾਰੀ, ਨ੍ਰਿਪਿੰਦਰ ਤੇ ਰਮਾ ਰਤਨ ਕਿਸੇ ਨਾਲ ਵੀ। ਹਰ ਕਿਸੇ ਨੂੰ ਕੁਝ ਨਾ ਕੁਝ ਦੇਣ ਤੇ ਹਰ ਕਿਸੇ ਤੋਂ ਕੁਝ ਨਾ ਕੁਝ ਲੈਣ ਵਾਲੀ। ਆਪਣਾ ਨੁਕਤਾ ਸਪਸ਼ਟ ਕਰਨ ਲਈ ਬਲਵੰਤ ਗਾਰਗੀ ਬਾਰੇ ਹੋਈ ਇੱਕ ਮਿਲਣੀ ਦਾ ਸਾਰ ਪੇਸ਼ ਕਰਨਾ ਚਾਹਵਾਂਗਾ। ਨਵੀਂ ਦਿੱਲੀ ਦੇ ਲਾ ਬੋਹੀਮ ਕੌਫੀ ਹਾਊਸ ਵਿੱਚ ਮੋਟੇ ਨਕਸ਼, ਛੋਟੇ ਕੱਦ, ਕਰੜੇ ਜੁੱਸੇ, ਪਰ ਕੁੜੀਆਂ ਵਰਗੇ ਹਾਵ-ਭਾਵ ਵਰਤ ਕੇ ਦੋ ਸਜੀਆਂ-ਧਜੀਆਂ ਫੈਸ਼ਨਦਾਰ ਕੁੜੀਆਂ ਨੂੰ ਕੁਝ ਸਮਝਾ ਰਿਹਾ ਗਾਰਗੀ ਉਸ ਦੇ ਮਨ ਵਿੱਚ ਵਸ ਜਾਂਦਾ ਹੈ। ਕੁੜੀਆਂ ਸੁਹਣੀਆਂ ਰੰਗੀਨ ਤੇ ਮੌਡ ਸਨ। ਸਿਰਾਂ ਉੱਤੇ ਉਲਝੇ ਵਾਲਾਂ ਪਫ, ਕਾਲੀ ਪੈਨਸਲ ਨਾਲ ਗੂੜ੍ਹੇ ਕੀਤੇ ਕਮਾਨੀਦਾਰ ਭਰਵੱਟੇ, ਮਸਕਾਰੇ ਨਾਲ ਕਾਲੀਆਂ ਕੀਤੀਆਂ ਅੱਖਾਂ ਦੀਆਂ ਗੰਨੀਆਂ, ਸੁਰਖੀ ਰੱਤੇ ਹੋਠਾਂ ਉੱਤੇ ਸੁਰਖੀ ਰੱਤੀਆਂ ਅੱਖੀਆਂ ’ਤੇ ਦੇਸ਼ ਨੂੰ ਨਵੀਂ-ਨਵੀਂ ਆਜ਼ਾਦੀ ਮਿਲਣ ਦਾ ਪ੍ਰਭਾਵ ਪਾਉਂਦੀਆਂ ਇਨ੍ਹਾਂ ਕੁੜੀਆਂ ਦੇ ਵੱਡੇ ਨਹੁੰਆਂ ਵਿੱਚ ਟੁੰਗੀਆਂ ਸਿਰਗਟਾਂ ਦੇ ਟਾਰੇ ਕਾਨਾ ਨੂੰ ਆਪਣੀ ਸਾੜ੍ਹੀ, ਕੋਟ ਤੇ ਪਰਸ ਬਹੁਤ ਫਿੱਕੇ ਲੱਗੇ ਸਨ। ਉਸ ਦੇ ਲਿਖਣ ਅਨੁਸਾਰ ਉਹ ਕੁੜੀਆਂ ਸ਼ਾਇਦ ਗਾਰਗੀ ਦੇ ਹੋਣ ਵਾਲੇ ਨਾਟਕ ਦੀਆਂ ਪਾਤਰ ਸਨ। ਉਸ ਤੋਂ ਪਿੱਛੋਂ ਉਸ ਦੇ ਘਰ ਪਹਿਲੀ ਮਿਲਣੀ ਵਿੱਚ ਹੀ ਜਦੋਂ ਕਾਨਾ ਨੇ ਗਾਰਗੀ ਤੋਂ ਉਸ ਦੀ ਅਸਲੀ ਦੋਸਤ ਦਾ ਨਾਂ ਪੁੱਛਿਆ ਤਾਂ ਉਸ ਨੇ ਮੋਟੇ ਨਕਸ਼, ਖੁੱਲ੍ਹੇ ਵਾਲ ਤੇ ਚਿੱਟੇ ਦੰਦਾਂ ਵਾਲੀ ਅਚਲਾ ਸਚਦੇਵ ਦਾ ਨਾਂ ਲਿਆ। ਇਪਟਾ ਦੀ ਸਾਂਝ ਵਾਲੀ ਅਚਲਾ ਦਾ। ਇੱਕੋ-ਇੱਕੋ ਅਚਲਾ ਦਾ। ਕਾਨਾ ਸਿੰਘ ਦੇ ਸ਼ਬਦਾਂ ਵਿੱਚ ਉਸ ਤੋਂ ਪਿੱਛੋਂ ਪਤਾ ਨਹੀਂ ਕਿਉਂ ਉਹਨੂੰ ਹਮੇਸ਼ਾਂ ਇਹੀਓ ਮਹਿਸੂਸ ਹੁੰਦਾ ਰਿਹਾ ਕਿ ਗਾਰਗੀ ਦੀਆਂ ਨਾਇਕਾਵਾਂ ਮੋਟੇ ਨਕਸ਼ਾਂ ਤੇ ਚਿੱਟੇ ਦੰਦਾਂ ਵਾਲੀਆਂ ਹੁੰਦੀਆਂ ਹੋਣਗੀਆਂ। ਜੀਉਂਦੀਆਂ ਲਾਟਾਂ ਤੇ ਬਲਦੀਆਂ ਮਸ਼ਾਲਾਂ। ਇਹ ਤੇ ਇਹੋ ਜਿਹੀਆਂ ਵੀਹ ਸੌ ਗੱਲਾਂ ਵਾਲਾ ਕਾਨਾ ਦਾ ਬਲਵੰਤ ਗਾਰਗੀ ਵਾਲਾ ਲੇਖ ਉਸ ਦਾ ਇੱਕ ਰੰਗ ਹੈ। ਆਪਣੇ ਮਨਭਾਉਂਦੇ ਵਿਦਿਆਰਥੀ ਸ਼ਾਮ ਬਾਰੇ ਲਿਖਦਿਆਂ ਉਸ ਦਾ ਇਹ ਰੰਗ ਨਵਾਂ ਰੂਪ ਧਾਰ ਲੈਂਦਾ ਹੈ। ਉਹ ਪਹਿਲਾਂ ਤਾਂ ਸ਼ਾਮ ਨੂੰ ਘਰਾਂ ਦੀ ਸਫ਼ਾਈ ਕਰਨ ਪਿੱਛੋਂ ਸਾਫ਼-ਸੁਥਰੀ ਵਰਦੀ ਵਿੱਚ ਸਕੂਲ ਆਉਂਦਾ ਦਿਖਾਉਂਦੀ ਹੈ। ਨਹੁੰ ਕੱਟੇ ਹੋਏ, ਦੰਦ ਸਾਫ਼, ਪਟੇ ਤੇਲ ਲਾ ਕੇ ਕੰਘੀ ਕੀਤੇ। ਸ਼ਾਹ ਕਾਲਾ ਤੇ ਤਿੱਖੇ ਨੈਣ-ਨਕਸ਼ਾਂ ਵਾਲਾ ਜਮਾਤ ਦਾ ਮਨੀਟਰ। ਜੇ ਦਲਿਤ ਸੀ ਤਾਂ ਕੀ ਹੋਇਆ। ਤੇ ਫੇਰ ਜਦੋਂ ਉਸ ਹੀ ਸ਼ਕਲ ਦੀ ਇੱਕ ਹੋਰ ਅਧਿਆਪਕਾ ਉਸ ਦੇ ਹੱਥੀਂ ਆਈ ਚਾਹ ਪੀਣ ਉੱਤੇ ਬੁੱਲ੍ਹ ਟੇਰ ਕੇ ਆਪਣਾ ਮੂੰਹ ਦੂਜੇ ਪਾਸੇ ਕਰ ਲੈਂਦੀ ਹੈ ਤਾਂ ਸ਼ਾਮ ਨੂੰ ਇੰਨਾ ਪਿਆਰਾ ਬੱਚਾ ਕਹਿਣ ਵਾਲੀ ਕਾਨਾ ਸਿੰਘ ਉਸ ਅਧਿਆਪਕਾ ਤੋਂ ਸੀਨੀਅਰ ਹੋਣ ਦੇ ਬਾਵਜੂਦ ਉਸ ਨੂੰ ਡਾਂਟਣ ਤੋਂ ਝਿਜਕ ਜਾਂਦੀ ਹੈ। ਫੇਰ ਦੋ ਸਾਲ ਉਹ ਆਪਣੇ ਸ਼ਾਮ ਨਾਲ ਅੱਖਾਂ ਨਹੀਂ ਮਿਲਾ ਸਕਦੀ। ਸ਼ਾਇਦ ਉਸ ਨੂੰ ਇਹ ਝਿਜਕ ਤੋੜਨ ਲਈ ਕੋਈ ਨੁਕਤਾ ਹੀ ਨਹੀਂ ਲੱਭਦਾ। ਫੇਰ ਜਦ ਪੰਜਵੀਂ ਜਮਾਤ ਦਾ ਨਤੀਜਾ ਨਿਕਲਣ ’ਤੇ ਸ਼ਾਮ ਅੱਵਲ ਆਇਆ ਤਾਂ ਉਸ ਨੂੰ ਵਿਹੰਦੇ ਸਾਰ ਕਾਨਾ ਨੇ ਸ਼ਾਮ ਦੀ ਗੱਲ੍ਹ ’ਤੇ ਚੁਟਕੀ ਲਈ ਤੇ ਉਸ ਨੂੰ ਮਿਠਾਈ ਦੀ ਮੰਗ ਪਾਈ। ਉਹ ਲੱਡੂ ਕੀ ਲਿਆਇਆ, ਕਾਨਾ ਸਿੰਘ ਨੇ ਅੱਧਾ ਲੱਡੂ ਉਸ ਨੂੰ ਖੁਆ ਕੇ ਅੱਧਾ ਆਪਣੇ ਮੂੰਹ ਵਿੱਚ ਪਾ ਲਿਆ ਤੇ ਦੋਵਾਂ ਦੀਆਂ ਅੱਖਾਂ ਭਰ ਆਈਆਂ। ਲੇਖਿਕਾ ਇਸ ਘਟਨਾ ਨੂੰ ਦੋ-ਤਿੰਨ ਵਰ੍ਹਿਆਂ ਦੇ ਗੁਨਾਹ ਦੇ ਅਹਿਸਾਸ ਤੋਂ ਮੁਕਤ ਹੋਣ ਦਾ ਇੱਕ ਤਰਲਾ ਮਾਤਰ ਕਹਿੰਦੀ ਹੈ। ਫਿਰ ਵੀ ਉਸ ਦੀ ਉਦੋਂ ਤਕ ਤਸੱਲੀ ਨਹੀਂ ਹੁੰਦੀ ਜਦੋਂ ਤਕ ਅੰਤ ਉੱਤੇ ਇਹ ਨਹੀਂ ਲਿਖ ਲੈਂਦੀ, ‘ਪਰ ਕੀ ਏਨੀ ਹੀ ਸੌਖੀ ਹੈ ਮੁਕਤੀ?’ ਪੋਠੋਹਾਰ ਦੀ ਪ੍ਰਤੀਨਿਧਤਾ ਕਰਨ ਵਾਲੀ ਕਾਨਾ ਸਿੰਘ ਓਧਰਲੇ ਪੰਜਾਬ ਵਿੱਚ ਵੀ ਇੰਨੇ ਹੀ ਪਿਆਰ ਨਾਲ ਪੜ੍ਹੀ ਜਾਂਦੀ ਹੈ ਜਿੰਨਾ ਮੋਹਨ ਸਿੰਘ ਮਾਹਿਰ ਤੇ ਕਰਤਾਰ ਸਿੰਘ ਦੁੱਗਲ। ਕਾਨਾ ਦੀ ਰਚਨਾ, ਕਵਿਤਾ ਹੋਵੇ ਜਾਂ ਵਾਰਤਕ, ਟੁਕੜਿਆਂ ਵਿੱਚ ਪੜ੍ਹਨ ਵਾਲੀ ਨਹੀਂ। ਮੈਨੂੰ ਉਸ ਦੀ ਵਾਰਤਕ ਵਿੱਚੋਂ ਟੁਕੜੇ ਲੱਭਦਿਆਂ ਬੜੀ ਅੌਖ ਆਈ ਹੈ, ਪਰ ਮੈਂ ਉਸ ਦੀ ਕਵਿਤਾ ਨਾਲ ਇਹ ਦੁਰਵਿਵਹਾਰ ਨਹੀਂ ਕਰਨਾ ਚਾਹੁੰਦਾ। ‘ਕੁੜੀ ਪੋਠੋਹਾਰ ਨੀ’ ਦਾ ਇੱਕ ਅੰਸ਼: ਹੁਸਨਾਂ ਨੀ ਰਾਣੀ ਹਾਂ ਮੈਂ ਨੱਢੀ ਪੋਠੋਹਾਰ ਨੀ ਸੁਹਣੀ ਤੈ ਸਿਆਣੀ ਹਾਂ ਮੈਂ ਨੱਢੀ ਪੋਠੋਹਾਰ ਨੀ। ਵੱਡੀ ਥਈ ਖਾਈ ਖਾਈ ਗਰੀ ਤੈ ਛੁਹਾਰੇ ਉੱਚੀ ਥਈ ਘਿੰਨੀ ਘਿੰਨੀ ਪੀਂਘਾਂ ਨੇ ਹੁਲਾਰੇ ਪੀਢੀ ਥਈ ਕੁੱਦੀ ਕੁੱਦੀ ਢੱਕੀਆਂ ਤੈ ਕੱਸੀਆਂ ਕੂਲੀ ਥਈ ਪੀ ਪੀ ਦੁੱਧ ਮੱਖਣ ਤੈ ਲੱਸੀਆਂ ਜੰਡੀਆਂ ਤੈ ਚੜ੍ਹੀ ਚੜ੍ਹੀ ਬੇਰੀਆਂ ਉਲਾਰ੍ਹਨੀ ਹੁਸਨਾਂ ਨੀ ਰਾਣੀ ਹਾਂ ਮੈਂ ਨੱਢੀ ਪੋਠੋਹਾਰ ਨੀ। ਕਾਨਾ ਦਾ ਜੀਵਨ ਉਥਲ-ਪੁਥਲ ਦਾ ਜੀਵਨ ਹੈ। ਉਸ ਦਾ ਵਿਆਹੁਤਾ ਜੀਵਨ ਵੀ ਸੁਖਾਵਾਂ ਨਹੀਂ ਸੀ। ਪੰਜ ਦਹਾਕੇ ਵਿੱਚੋਂ ਲਗਪਗ ਅੱਧਾ ਸਮਾਂ ਉਹ ਆਪਣੇ ਪਤੀ ਮਨਜੀਤ ਸਿੰਘ ਅਨੰਤ ਨਾਲੋਂ ਵੱਖਰੀ ਰਹੀ। ਉਹ ਮੁੰਬਈ ਵਿਖੇ ਡਾਕਟਰੀ ਦੀ ਪ੍ਰੈਕਟਿਸ ਕਰਦਾ ਰਿਹਾ ਤੇ ਇਹ ਮੁਹਾਲੀ ਆ ਕੇ ਨਿੱਕੇ-ਮੋਟੇ ਸ਼ੌਕ ਪਾਲਦੀ ਰਹੀ। ਵੱਡਾ ਬੇਟਾ ਧਵਨਦੀਪ ਸਿੰਘ ਆਪਣੇ ਪਿਤਾ ਕੋਲ ਮੁੰਬਈ ਤੇ ਛੋਟਾ ਹਰਦੀਪ ਸਿੰਘ ਇੱਥੇ ਇਹਦੇ ਕੋਲ। ਇਸ ਵਿਗੜੇ-ਤਿਗੜੇ ਜੀਵਨ ਦਾ ਬਹੁਤਾ ਅਸਰ ਵੱਡੇ ਧਵਨਜੀਤ (ਸੰਨੀ) ਉੱਤੇ ਪਿਆ। ਉਹ ਇੱਕ ਪੜਾਅ ਉੱਤੇ ਭਿੰਡਰਾਂਵਾਲੇ ਦਾ ਚੇਲਾ ਵੀ ਰਿਹਾ ਤੇ ਫਿਰ ਸਾਧ ਬਣ ਕੇ ਆਨੰਦਪੁਰ ਸਾਹਿਬ ਵੀ। ਛੋਟਾ ਹਰਦੀਪ (ਦੀਪੀ) ਜਿਹੜਾ ਦੁਬਈ ਵਿੱਚ ਚੰਗੀ ਨੌਕਰੀ ’ਤੇ ਹੈ। ਮਾਂ ਕੋਲ ਟਿਕ ਕੇ ਪੜ੍ਹਿਆ। ਕਾਨਾ ਸਿੰਘ ਨੇ ਉਸ ਦੀ ਸ਼ਾਦੀ ਮੁਹਾਲੀ ਰਹਿੰਦਿਆਂ ਕੀਤੀ ਜਿਸ ਵਿੱਚ ਉਸ ਦੀ ਜਾਣ-ਪਛਾਣ ਵਾਲੇ ਕਈ ਪੰਜਾਬੀ ਸਾਹਿਤਕਾਰ ਸ਼ਾਮਲ ਹੋਏ। ਪਿਤਾ ਨੂੰ ਵਿਆਹ ਵਿੱਚ ਆਉਣ ਦਾ ਸੱਦਾ ਦੇਣ ਦੀਪੀ ਮੁੰਬਈ ਗਿਆ, ਪਰ ਉਹ ਨਹੀਂ ਆਇਆ। ਕਿਸੇ ਕਾਰਨ ਅੱਜ ਦੇ ਦਿਨ ਦੀਪੀ ਦੀ ਪਤਨੀ ਮੁੰਬਈ ਰਹਿੰਦੀ ਹੈ ਤੇ ਦੀਪੀ ਆਪਣੀ ਬੇਟੀ ਜ਼ਾਵੀਆ ਨਾਲ ਦੁਬਈ। ਕਾਨਾ ਸਿੰਘ ਲਈ ਇਹ ਸਭ ਕਿਹੋ ਜਿਹਾ ਹੋਵੇਗਾ ਇਸ ਦਾ ਅਨੁਮਾਨ ਲਾਉਣਾ ਅੌਖਾ ਨਹੀਂ। ਜੀਵਨ ਵਚਿੱਤਰ ਵੀ ਹੈ ਤੇ ਰਸਿਕ ਵੀ। ਗੁਜਰਖਾਨ (ਪਾਕਿਸਤਾਨ) ਤੋਂ ਮੁੰਬਈ, ਦਿੱਲੀ ਤੇ ਮੁਹਾਲੀ। ਨਾਨਾ-ਨਾਨੀ ਤੇ ਮਾਂ ਨਾਲ ਅਤੀਤ ਦੀਆਂ ਬਾਤਾਂ। 1880 ਦੇ ਨੇੜੇ-ਤੇੜੇ ਜਨਮੀ 1980 ਵਿੱਚ ਗੁਜ਼ਰੀ ਦਾਦੀ ਦਾ ਸਾਥ। ਉਸ ਦਾਦੀ ਦਾ ਜਿਹੜੀ 1946 ਦੀ ਅੱਗਜ਼ਨੀ ਸਮੇਂ ਦੂਰ ਨੇੜੇ ਤੋਂ ਗੁਜਰਖਾਨ ਵਿੱਚ ਪਨਾਹ ਲੈਣ ਆਏ ਰਿਸ਼ਤੇਦਾਰਾਂ ਤੇ ਮਿੱਤਰ ਪਿਆਰਿਆਂ ਨੂੰ ਸੰਭਾਲਦੇ ਸਮੇਂ ਸਭ ਨੂੰ ਹੌਸਲਾ ਦਿੰਦੀ ਸੀ, ‘ਰਾਜ ਬਦਲਦੇ ਹੀ ਆਏ ਨੁ। ਕਦੀ ਪਰਜਾ ਵੀ ਬਦਲੀ। ਸਭ ਠੀਕ ਹੋ ਜਾਸੀ।’ ਤੇ ਫਿਰ ਸੰਨ ਸੰਤਾਲੀ ਦੇ ਉਜਾੜੇ ਪਿੱਛੋਂ ਏਧਰ ਆ ਕੇ ਕਾਨਾ ਦਾ ਆਪਣੇ ਪਾਲ ਵੀਰੇ ਨਾਲ ਸ਼ਿਕੰਜਵੀਂ ਵੇਚ ਕੇ ਇੱਕ ਆਨਾ ਅਤੇ ਜਾਮਣਾਂ ਵੇਚ ਕੇ ਦੁਆਨੀ ਕਮਾਉਣਾ। ਓਸ ਹੀ ਵੀਰੇ ਦਾ ਗਲੀ-ਗਲੀ ਵਿੱਚ ਸਾਬਣ ਵੇਚਣਾ, ਤੰਦੂਰ ’ਤੇ ਦਿਹਾੜੀਆਂ ਕਰਨਾ, ਰੇਹੜੀ ਲਾ ਕੇ ਬਨੈਣਾਂ ਵੇਚਣਾ। ਮਾਪਿਆਂ ਦੇ ਸ਼ਾਹਦਰਾ ਦਿੱਲੀ ਵਿੱਚ ਆ ਵਸਣ ਤੇ ਕਾਨਾ ਦਾ ਮੈਟਰਿਕ ਪਾਸ ਕਰਕੇ ਦਰਿਆਗੰਜ ਤੋਂ ਟੀਚਰ ਟਰੇਨਿੰਗ ਲੈਣਾ ਤੇ ਸ਼ਾਹਦਰਾ ਵਿਖੇ ਅਧਿਆਪਕਾ ਲੱਗਣਾ। ਸਿਲਾਈ-ਕਢਾਈ, ਪੌਟਰੀ ਪੇਂਟਿੰਗ, ਹੋਮਿਓਪੈਥੀ, ਯੋਗਾਸਾਧਨ, ਬਿਊਟੀ ਪਾਰਲਰ ਤੇ ਹੋਰ ਕਈ ਕੁਝ। ਅੰਤਰਰਾਸ਼ਟਰੀ ਵਪਾਰ ਮੇਲੇ ਉੱਤੇ ਪਾਰਟ-ਟਾਈਮ ਰਿਸੈਪਸ਼ਨਿਸਟ ਸਮੇਤ। ਉਸ ਨੂੰ ਸਭ ਤੋਂ ਵੱਧ ਸੰਤੁਸ਼ਟੀ ਸਾਹਿਤਕ ਰਚਨਾਕਾਰੀ ਨੇ ਦਿੱਤੀ ਹੈ। ਕਵਿਤਾ, ਕਹਾਣੀ, ਯਾਦਾਂ, ਯਾਤਰਾ ਤੇ ਸਾਹਿਤਕ ਮਿਲਣੀਆਂ ਨੇ। ਉਸ ਨੂੰ ਹਰ ਰਚਨਾ ਦਾ ਯੋਗ ਹੁੰਗਾਰਾ ਮਿਲਿਆ, ਪਰ ਟੁੱਟਵਾਂ ਤੇ ਟਾਵਾਂ-ਟਾਵਾਂ। ਉਸ ਦੀਆਂ ਕਹਾਣੀਆਂ ‘ਖੁਸ਼ਬੂ’ ਤੇ ‘ਮਾਰੀਆ’ ਬਹੁਤ ਸਲਾਹੀਆਂ ਗਈਆਂ। ‘ਮੁਹਾਲੀ ਟੂ ਮਾਸਕੋ’ ਸਫ਼ਰਨਾਮਾ ਹਿੰਦੀ ਤੇ ਮਰਾਠੀ ਵਿੱਚ ਵੀ ਪ੍ਰਕਾਸ਼ਿਤ ਹੋਇਆ। ਕਹਾਣੀ ‘ਝੂੰਗਾ’ ਦਾ ਕੇਵਲ ਧਾਲੀਵਾਲ ਨੇ ਨਾਟਕੀਕਰਨ ਕੀਤਾ ਜਿਹੜਾ ਵਾਰ-ਵਾਰ ਖੇਡਿਆ ਗਿਆ। ‘ਖੁਸ਼ਬੂ’ ਦੂਰਦਰਸ਼ਨ ਦਿੱਲੀ ਵੱਲੋਂ ਫ਼ਿਲਮਾਈ ਗਈ ਜਿਹੜੀ 2005 ਤੋਂ ਹੁਣ ਤਕ ਕਈ ਵਾਰ ਦੁਹਰਾਈ ਜਾ ਚੁੱਕੀ ਹੈ। ਬਾਲ ਸਾਹਿਤ ਦੀਆਂ ਸੱਤ ਰਚਨਾਵਾਂ ਵਿੱਚੋਂ ‘ਬੀਮਾਰੀ ਦੀ ਭਾਲ’ ਤੇ ‘ਕੁਕੜੂੰ ਘੜੂੰ’ ਵੀ ਬਹੁਤ ਮਕਬੂਲ ਹੋਈਆਂ। ਇਲੈਕਟ੍ਰਾਨਿਕ ਮੀਡੀਆ ਆਕਾਸ਼ਵਾਣੀ ਤੇ ਦੂਰਦਰਸ਼ਨ ਵਿਖੇ ਹੋਏ ਰੂਬਰੂ ਤੇ ਕਵਿਤਾ-ਕਹਾਣੀ ਪਾਠ ਉਸ ਨੂੰ ਯੂ.ਕੇ., ਸਪੇਨ, ਅਮਰੀਕਾ ਤੇ ਆਸਟਰੇਲੀਆ ਤਕ ਉਡਾ ਕੇ ਲਿਜਾ ਚੁੱਕੇ ਹਨ। ਉਸ ਦੀਆਂ ਕਵਿਤਾਵਾਂ ਦਾ ਪੋਠੋਹਾਰੀ ਰੰਗ ਉਸ ਨੂੰ ਇੱਕ ਵਾਰੀ ਪਾਕਿਸਤਾਨ ਤੇ ਅਨੇਕ ਵਾਰ ਹਰਿਆਣਾ ਤੇ ਪੰਜਾਬ ਦੇ ਕੌਮੀ ਮੁਸ਼ਾਇਰਿਆਂ ਵਿੱਚ ਸ਼ਿਰਕਤ ਕਰਨ ਲਈ ਖਿੱਚਦਾ ਰਿਹਾ ਹੈ। 2004 ਦੀ ਮਹਿਫਿਲ-ਏ-ਮੁਸ਼ਾਇਰਾ ਗੁਜਰਾਂਵਾਲਾ ਉਸ ਨੂੰ ਕਾਨਾ ਪੋਠੋਹਾਰਨ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ। ਉਸ ਨੂੰ ਪੰਜਾਬੀ ਅਕਾਡਮੀ ਲੁਧਿਆਣਾ ਵੱਲੋਂ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ ਮਿਲ ਚੁੱਕਾ ਹੈ ਤੇ ਦਿੱਲੀ ਦੀ ਸਾਹਿਤ ਸਭਿਆਚਾਰ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ। ਨਿੱਕੇ-ਮੋਟੇ ਸਨਮਾਨ ਦੇਣ ਵਾਲੀਆਂ ਸੰਸਥਾਵਾਂ ਨੇ ਉਸ ਨੂੰ ਸਨਮਾਨਿਤ ਕਰਕੇ ਆਪਣੇ-ਆਪ ਨੂੰ ਸਨਮਾਨਿਤ ਕੀਤਾ ਹੈ। ਦੂਰੋਂ-ਨੇੜਿਓਂ ਆਏ ਕਵਿਤਾ ਪਾਠ ਦੇ ਸੱਦੇ ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਵਡੇਰੇ ਸਨਮਾਨ ਦੀ ਹੱਕਦਾਰ ਹੈ। ਪਰ ਕਾਨਾ ਦੀ ਖ਼ੂਬੀ ਇਹ ਹੈ ਕਿ ਉਹ ਏਦਾਂ ਨਹੀਂ ਸੋਚਦੀ। ਉਹ ਜਿਵੇਂ ਕਿਵੇਂ ਵੀ ਖ਼ੁਸ਼ ਹੈ। ਅੰਤ ਵਿੱਚ ਉਸ ਦੇ ਘਰ ਵਿੱਚ ਕੰਮ ਕਰਨ ਵਾਲੀ ਬਬੀਤਾ ਦੀ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ। ਬਬੀਤਾ ਸਦਾ ਮਰਦਾਂ ਵਾਂਗ ਗੱਲਾਂ ਕਰਦੀ ਹੈ, ‘ਮੈਂ ਆ ਗਿਆ। ਮੈਂ ਜਾਂਦਾ ਹਾਂ। ਮੈਂ ਕੱਲ੍ਹ ਨਹੀਂ ਆਵਾਂਗਾ।’ ਰੋਅਬ ਨਾਲ। ਇੱਕ ਦਿਨ ਜਦੋਂ ਲਾਬੀ ਵਿੱਚ ਪੋਚਾ ਮਾਰਦੀ ਕੁਰਸੀ ਨੂੰ ਉਹ ਇੰਨੇ ਜ਼ੋਰ ਨਾਲ ਧਕਦੀ ਹੈ ਕਿ ਕੁਰਸੀ ਫਰਿੱਜ ਦੇ ਕੋਨੇ ਵਿੱਚ ਵੱਜ ਕੇ ਰੰਗ ਹੀ ਨਹੀਂ ਲਾਹੁੰਦੀ, ਵੱਡੀ ਝਰੀਟ ਵੀ ਪਾ ਦਿੰਦੀ ਹੈ ਤਾਂ ਕਾਨਾ ਨੂੰ ਗੁੱਸਾ ਆ ਜਾਂਦਾ ਹੈ। ਉਹ ਬਬੀਤਾ ਨੂੰ ਉੱਚੀ ਬੋਲਦੀ ਹੈ ਤਾਂ ਬਬੀਤਾ ਦਾ ਉੱਤਰ ਉਸ ਤੋਂ ਵੀ ਤਿੱਖਾ ਹੈ। ‘ਰਾਤ ਕੀ ਖਾਧਾ ਸੀ ਤੁਸਾਂ ਜੋ ਗਰਜਣ ਲਈ ਏਨੀ ਸ਼ਕਤੀ ਆ ਗਈ।’  ਕਾਨਾ ਨੂੰ ਚਾਹੀਦਾ ਹੈ ਕਿ ਬਬੀਤਾ ਤੋਂ ਕੁਝ ਸਬਕ ਸਿੱਖੇ। ਥੋੜ੍ਹਾ ਬਹੁਤ ਰੋਅਬ ਦਿਖਾਵੇ। ਹੁਣ ਉਸ ਦੀ ੳੁਮਰਾ ਹੋਊ ਪਰੇ ਕਰਨ ਵਾਲੀ ਨਹੀਂ। ਕੁਝ ਸਥਿਤੀਆਂ ਵਿੱਚ ਸਨਮਾਨ ਕਰਨ ਵਾਲੇ ਵੀ ਹੁਲਾਰਾ ਦਿੱਤਿਆਂ ਹੀ ਜਾਗਦੇ ਹਨ। ਉਸ ਨੂੰ ਚਾਹੁਣ ਵਾਲੇ ਤਾਂ ਉਸ ਦੀ ਬੋਲ ਬਾਣੀ, ਜੀਵਨ ਸ਼ੈਲੀ ਤੇ ਨਿਸ਼ੰਗ ਲੇਖਣੀ ਨਾਲ ਹੀ ਸੰਤੁਸ਼ਟ ਹਨ। ਜੇ ਨਹੀਂ ਤਾਂ ਮਿਰਜ਼ਾ ਗ਼ਾਲਿਬ ਦਾ ਸ਼ਿਅਰ ਵੀ ਗੁਣਗੁਣਾ ਸਕਦੇ ਹਨ: ਹਾਂ, ਵੁਹ ਨਹੀਂ ਖ਼ੁਦਾਪ੍ਰਸਤ, ਜਾਓ ਵੁਹ ਬੇਵਫ਼ਾ ਸਹੀ ਜਿਸਕੋ ਹੋ ਦੀਨ ਓ ਦਿਲ ਅਜ਼ੀਜ਼, ਉਸਕੀ ਗਲੀ ਮੇਂ ਜਾਏਂ ਕਿਉਂ। ਕਾਨਾ ਨਿਸ਼ਚਿੰਤ ਹੈ! ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ!!

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All