‘ਸੂਰਜ ਦੀ ਅੱਖ’ ਦੇ ਅੱਥਰੂ : The Tribune India

‘ਸੂਰਜ ਦੀ ਅੱਖ’ ਦੇ ਅੱਥਰੂ

‘ਸੂਰਜ ਦੀ ਅੱਖ’ ਦੇ ਅੱਥਰੂ

10508CD _SURAJ_DI_AAKHਸੁਰਜੀਤ ਪਾਤਰ

ਸੋਸ਼ਲ ਮੀਡੀਆ ਨਾਲ ਬਹੁਤਾ ਨਾ ਜੁੜਿਆ ਹੋਣ ਕਾਰਨ ਮੈਨੂੰ ਜ਼ਰਾ ਦੇਰ ਨਾਲ ਪਤਾ ਲੱਗਾ ਕਿ ਬਲਦੇਵ ਸਿੰਘ ਦੇ ਨਾਵਲ ‘ਸੂਰਜ ਦੀ ਅੱਖ’ ਬਾਰੇ ਕਾਫ਼ੀ ਤਿੱਖੀ ਬਹਿਸ ਚੱਲ ਰਹੀ ਹੈ ਤੇ ਉਸ ਵਿੱਚ ਮੇਰਾ ਨਾਮ ਵੀ ਬੋਲਦਾ ਹੈ। ਬਲਦੇਵ ਸਿੰਘ ਬਹੁਤ ਮਿਹਨਤੀ ਤੇ ਸੂਝਵਾਨ ਸਾਹਿਤਕਾਰ ਹੈ। ‘ਸੜਕਨਾਮਾ’, ‘ਲਾਲ ਬੱਤੀ’, ‘ਅੰਨਦਾਤਾ’ ਤੇ ‘ਪੰਜਵਾਂ ਸਾਹਿਬਜ਼ਾਦਾ’ ਜਿਹੇ ਨਾਵਲਾਂ ਦਾ ਸਿਰਜਕ। ਨਿੱਘਾ ਦੋਸਤ, ਹਸਮੁਖ, ਸੁੱਘੜ ਇਨਸਾਨ। ਜਦੋਂ ਡਾ. ਕੇਵਲ ਧਾਲੀਵਾਲ ਨੇ ‘ਲਾਲ ਬੱਤੀ’ ਦਾ ਨਾਟਕੀ ਰੂਪ ਪੇਸ਼ ਕਰਨਾ ਸੀ ਤਾਂ ਮੈਂ ਉਸ ਲਈ ਗੀਤ ਲਿਖੇ ਸਨ ਤੇ ਮੇਰਾ ਇੱਕ ਗੀਤ ਮੇਰੇ ਮਨ ਵਿੱਚ ਬਲਦੇਵ ਦਾ ਨਾਵਲ ‘ਅੰਨਦਾਤਾ’ ਪੜ੍ਹਦਿਆਂ ਹੀ ਸ਼ੁਰੂ ਹੋਇਆ ਸੀ : ਕੀ ਪੁੱਛਦੇ ਓਂ ਹਾਲ ਪੰਜਾਬ ਦਾ ਉਹ ਸ਼ਰਫ਼ ਦੇ ਸੁਰਖ਼ ਗੁਲਾਬ ਦਾ ਉਸ ਅੱਧ ’ਚੋਂ ਟੁੱਟੇ ਗੀਤ ਦਾ ਉਸ ਵਿਛੜੀ ਹੋਈ ਰਬਾਬ ਦਾ ਏਥੇ ਕੁੱਖਾਂ ਹੋਈਆਂ ਕੱਚ ਦੀਆਂ ਏਥੇ ਬੱਚੀਆਂ ਮੁਸ਼ਕਲ ਬਚਦੀਆਂ ਜੋ ਬਚਣ ਉਹ ਅੱਗ ਵਿੱਚ ਮਚਦੀਆਂ ਜਿਉਂ ਟੁਕੜਾ ਹੋਏ ਕਬਾਬ ਦਾ ਕੁਝ ਦਿਨ ਪਹਿਲਾਂ ਮੈਨੂੰ ਇੱਕ ਪੱਤਰਕਾਰ ਦੋਸਤ ਦਾ ਫੋਨ ਆਇਆ : ‘ਸੂਰਜ ਦੀ ਅੱਖ’ ਨਾਵਲ ਬਾਰੇ ਕੀ ਕਹਿਣਾ ਚਾਹੋਗੇ ? ਮੈਂ ਕੁਝ ਕਹਿਣ ਜੋਗਾ ਨਹੀਂ ਸੀ ਕਿਉਂਕਿ ਮੈਂ ਓਦੋਂ ਅਜੇ ਨਾਵਲ ਪੜ੍ਹਿਆ ਨਹੀਂ ਸੀ। ਉਸ ਕੋਲੋਂ ਮੁਆਫ਼ੀ ਮੰਗੀ। ਆਪਣੇ ਅਗਿਆਨ ਉੱਤੇ ਸ਼ਰਮਿੰਦਗੀ ਹੋਈ। ਨਾਵਲ ਖ਼ਰੀਦਿਆ, ਪੜ੍ਹਿਆ। ਇਹ ਨਾਵਲ ਪੜ੍ਹਦਿਆਂ ਕਈ ਥਾਈਂ ਅੱਖਾਂ ਨਮ ਹੋਈਆਂ, ਕਈ ਥਾਈਂ ਨਮੋਸ਼ੀ ਹੋਈ, ਕਈ ਥਾਈਂ ਆਪਣੇ ਮਹਾਰਾਜੇ ਉੱਤੇ ਮਾਣ ਨਾਲ ਸਿਰ ਉੱਚਾ ਹੋਇਆ। ਬਹੁਤ ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਦੇ ਸਬੰਧ ਵਿੱਚ ਲਿਖੀ ਆਪਣੀ ਇੱਕ ਕਵਿਤਾ ਯਾਦ ਆਈ, ਜਿਸ ਦਾ ਇੱਕ ਹਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ: ਰਹੀ ਮਸ਼ਹੂਰ ਜੱਗ ਉੱਤੇ ਜਿਨ੍ਹਾਂ ਦੀ ਸਰਫ਼ਰੋਸ਼ੀ ਜਿਨ੍ਹਾਂ ਦੇ ਸੀਸ ’ਤੇ ਚੱਲਦੇ ਰਹੇ ਆਰੇ ਜਿਨ੍ਹਾਂ ਨੇ ਸੀ ਨਾ ਕੀਤੀ ਦਰਦ ਦੇ ਮਾਰੇ ਜੋ ਸੁੱਤੇ ਜੰਗਲਾਂ ਵਿੱਚ ਘੋੜਿਆਂ ਦੀ ਪਿੱਠ ਦੇ ਉੱਤੇ ਜਿਨ੍ਹਾਂ ਦੇ ਸਿਰਾਂ ’ਤੇ ਦਸਤਾਰਾਂ ਸਨ ਜਿਉਂ ਫੁੱਲ ਹੋਵਣ ਔੜ ਦੀ ਰੁੱਤੇ ਉਨ੍ਹਾਂ ਹੀ ਸਰਫ਼ਰੋਸ਼ਾਂ ’ਚੋਂ ਕਿਸੇ ਜਾਏ ਦੀ ਅੱਜ ਹੈ ਤਾਜਪੋਸ਼ੀ ਰਹੀ ਮਸ਼ਹੂਰ ਜੱਗ ਉੱਤੇ ਜਿਨ੍ਹਾਂ ਦੀ ਸਰਫ਼ਰੋਸ਼ੀ ਝੁਕਾ ਕੇ ਸਿਰ ਗੁਰੂ-ਦਰ ’ਤੇ ਕਿਹਾ ਉਸ ਨੇ : ਮੇਰੇ ਸਤਿਗੁਰ, ਮੇਰੇ ਰਹਿਬਰ, ਮੇਰੇ ਮੁਰਸ਼ਿਦ ਇਹ ਮੇਰਾ ਤਾਜ ਕੀ ਹੈ ਤੇਰੀ ਦਹਿਲੀਜ਼ ਉਤਲੀ ਧੂੜ ਦੇ ਕੁਝ ਕਿਣਕਿਆਂ ਦੀ ਮੇਰੇ ਮੱਥੇ ਦੇ ਮੁੜ੍ਹਕੇ ’ਤੇ ਬੁਣੀ ਬੁਣਤੀ। ਹੇ ਸੱਚੇ ਪਾਤਸ਼ਾਹ ਵਰ ਦੇ ਜਿਵੇਂ ਤੇਰੇ ਪਵਿੱਤਰ ਗ੍ਰੰਥ ਅੰਦਰ ਰਲ਼ ਕੇ ਬੈਠੇ ਨੇ ਫ਼ਰੀਦ, ਕਬੀਰ, ਰਾਮਾਨੰਦ ਸੈਨ, ਰਵਿਦਾਸ, ਪਰਮਾਨੰਦ ਧੰਨਾ, ਨਾਮਦੇਵ, ਜੈਦੇਵ ਤੇ ਕਿੰਨੇ ਹੋਰ ਇਨ੍ਹਾਂ ਸੰਗ ਇਵੇਂ ਮੇਰੀ ਵਜ਼ਾਰਤ ਵਿੱਚ ਇਕੱਠੇ ਦਿਸਣ ਸਭ ਈਮਾਨ ਵਾਲੇ ਵੀ ਮਜੀਦ ਕੁਰਾਨ ਵਾਲੇ ਵੀ ਕ੍ਰਿਸ਼ਨ ਭਗਵਾਨ ਵਾਲੇ ਵੀ ਸਲੀਬ ਨਿਸ਼ਾਨ ਵਾਲੇ ਵੀ ਕੇਸ ਕਿਰਪਾਨ ਵਾਲੇ ਵੀ... surjeet_patarਇਸ ਨਾਵਲ ਦੇ 558 ਸਫ਼ੇ ਉੱਤੇ ਬਲਦੇਵ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਵਿੱਚ ਲਾਰਡ ਆਕਲੈਂਡ ਦੀ ਭੈਣ ਐਮਿਲੀ ਦਾ ਕਥਨ ਕੋਟ ਕਰਦਾ ਹੈ : ‘‘ਰਣਜੀਤ ਸਿੰਘ ਨੇ ਆਪਣੇ ਆਪ ਨੂੰ ਇੱਕ ਮਹਾਨ ਬਾਦਸ਼ਾਹ ਬਣਾ ਲਿਆ ਹੈ। ਉਸ ਨੇ ਬਹੁਤ ਸਾਰੇ ਮਹਾਂਬਲੀ ਦੁਸ਼ਮਣਾਂ ਨੂੰ ਜਿੱਤਿਆ ਹੈ। ਉਸ ਦੀ ਸਰਕਾਰ ਬੇਹੱਦ ਨਿਆਂਕਾਰ ਹੈ। ਉਸ ਨੇ ਇੱਕ ਵੱਡੀ ਸ਼ਕਤੀਸ਼ਾਲੀ ਸੈਨਾ ਨੂੰ ਨਿਯਮਬੱਧ ਕੀਤਾ ਹੈ। ਉਹ ਕਦੀ ਕਿਸੇ ਦੀ ਜਾਨ ਨਹੀਂ ਲੈਂਦਾ। ਇੱਕ ਖ਼ੁਦਮੁਖ਼ਤਾਰ ਹਾਕਮ ਵਿੱਚ ਇੰਨੇ ਗੁਣਾਂ ਦਾ ਹੋਣਾ ਅਚੰਭੇ ਦੀ ਗੱਲ ਹੈ ਅਤੇ ਸਭ ਤੋਂ ਵੱਧ ਉਸ ਦੀ ਪਰਜਾ ਉਸ ਨੂੰ ਅਤਿਅੰਤ ਪਿਆਰ ਕਰਦੀ ਹੈ। ਆਪਣੇ ਨਾਵਲ ਦੇ ਪੰਨਾ 492 ’ਤੇ ਬਲਦੇਵ ਸਿੰਘ, ਬੁਖ਼ਾਰੇ ਦੀ ਯਾਤਰਾ ਦੇ ਲੇਖਕ ਇੱਕ ਵਿਦੇਸ਼ੀ ਸੈਲਾਨੀ ਨੂੰ ਕੋਟ ਕਰਦਾ ਹੈ ਜਿਹੜਾ ਮਹਾਰਾਜਾ ਬਾਰੇ ਲਿਖਦਾ ਹੈ ‘‘ਮੈਂ ਕਦੇ ਵੀ ਏਸ਼ੀਆ ਦੇ ਕਿਸੇ ਵਾਸੀ ਦਾ ਏਨਾ ਚੰਗਾ ਪ੍ਰਭਾਵ ਲੈ ਕੇ ਵਿਦਾ ਨਹੀਂ ਹੋਇਆ। ਰਣਜੀਤ ਸਿੰਘ ਬਿਨਾਂ ਕਿਸੇ ਵਿੱਦਿਆ ਦੇ, ਬਿਨਾਂ ਕਿਸੇ ਦੀ ਅਗਵਾਈ ਦੇ, ਆਪਣੇ ਰਾਜੇ ਦੇ ਸਾਰੇ ਕਾਰ-ਵਿਹਾਰ ਅਸੀਮ ਤਾਕਤ ਨਾਲ ਕਰਦਾ ਹੈ, ਪਰ ਉਹ ਆਪਣੀ ਤਾਕਤ ਦੀ ਵਰਤੋਂ ਬੇਹੱਦ ਧਿਆਨ ਨਾਲ ਕਰਦਾ ਹੈ। ਪੂਰਬੀ ਰਾਜਿਆਂ  ਵਿੱਚ ਉਹ ਇੱਕ ਅਨੋਖੀ ਅਤੇ ਨਿਵੇਕਲੀ ਮਿਸਾਲ ਹੈ।’’ 480 ਸਫ਼ੇ ’ਤੇ ਬਲਦੇਵ ਸਿੰਘ ਲਿਖਦਾ ਹੈ ‘‘ਵਿਦੇਸ਼ਾਂ ਦੇ ਰਾਜੇ ਮਹਾਰਾਜੇ ਖ਼ਾਲਸਾ ਰਾਜ ਦੀਆਂ ਗੱਲਾਂ ਜਾਣ ਕੇ ਹੈਰਾਨ ਰਹਿ ਜਾਂਦੇ...। ਪੰਜਾਬ ਉੱਪਰ ਇੱਕ ਅਜਿਹਾ ਬਾਦਸ਼ਾਹ ਰਾਜ ਕਰਦਾ ਹੈ, ਜਿੱਥੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਨੂੰ ਇੱਕੋ ਜਿਹਾ ਮਾਣ ਹਾਸਲ ਹੈ। ਬਿਨਾਂ ਜਾਤ-ਪਾਤ ਅਤੇ ਬਿਨਾਂ ਜਮਾਤ ਦੇ ਖ਼ਾਲਸਾ ਰਾਜ ਵਿੱਚ ਸ਼ਖ਼ਸ ਦੀ ਲਿਆਕਤ ਦੇਖੀ ਜਾਂਦੀ ਹੈ।’’ ਸਫ਼ਾ 329 ’ਤੇ ਬਲਦੇਵ ਸਿੰਘ ਦਾ ਦੋਸਤ ਡਾ. ਕੌਤਕੀ ਕਹਿੰਦਾ ਹੈ : ‘‘ਰਣਜੀਤ ਸਿੰਘ  ਦੇ ਰਾਜ ਵਿੱਚ ਹਰ ਧਰਮ ਨੂੰ  ਮੰਨਣ ਦੀ ਪੂਰੀ ਆਜ਼ਾਦੀ ਸੀ। ਨਾਜ਼ਿਮਾਂ, ਦੀਵਾਨਾਂ, ਕੋਤਵਾਲਾਂ, ਥਾਣੇਦਾਰਾਂ, ਕਾਰਦਾਰਾਂ, ਕਾਨੂੰਗੋਆਂ, ਪਟਵਾਰੀਆਂ ਤੇ ਕਾਜ਼ੀਆਂ ਦੁਆਰਾ ਚਲਾਈ ਜਾ ਰਹੀ ਸਮਾਜਿਕ ਵਿਵਸਥਾ ਵਿੱਚ ਕਿਸੇ ਨਾਲ ਧੱਕਾ ਨਹੀਂ ਸੀ ਕੀਤਾ ਜਾਂਦਾ।’’ ਤੇ ਫਿਰ ਸਫ਼ਾ 332 ’ਤੇ ਕੌਤਕੀ ਕਹਿੰਦਾ ਹੈ: ‘‘ਪੂਰੇ ਚਾਲੀ ਸਾਲ ਮਾਈਨੌਰਿਟੀ ਰਾਜ ਕਰਦੀ ਰਹੀ। ਇਹ ਅਚੰਭਾ ਨਹੀਂ? ਇਹ ਰਣਜੀਤ ਸਿੰਘ ਦੀ ਸ਼ਖ਼ਸੀਅਤ ਹੀ ਸੀ ਕਿ ਅਜਿਹਾ ਹੋਇਆ। ਇੱਕ ਵੀ ਅਜਿਹੀ ਘਟਨਾ ਨਹੀਂ ਹੋਈ ਕਿ ਮੁਸਲਮਾਨਾਂ ਨੇ ਕਿਹਾ ਹੋਵੇ ਸਾਨੂੰ ਸਿੱਖ ਮਹਾਰਾਜਾ ਮਨਜ਼ੂਰ ਨਹੀਂ।’’ ਬਲਦੇਵ ਸਿੰਘ ਨੇ ਮਹਾਰਾਜੇ ਦੀ ਅਜ਼ਮਤ ਨੂੰ ਮਹਿਸੂਸ ਕੀਤਾ ਹੈ ਤੇ ਕਰਵਾਇਆ ਵੀ ਹੈ। ਪਰ ਰਣਜੀਤ ਸਿੰਘ ਦਾ ਹਰਮ, ਉਸ ਦੀਆਂ ਰਾਣੀਆਂ, ਰਖੇਲਾਂ, ਦਾਸੀਆਂ...। ਇੱਥੇ ਕੁਝ ਕਹਿਣ ਲੱਗਿਆਂ ਮੈਂ ਰੁਕ ਜਾਂਦਾ ਹਾਂ ਤੇ ਮੈਨੂੰ ਆਪਣਾ ਇੱਕ ਸ਼ੇਅਰ ਯਾਦ ਆਉਂਦਾ ਹੈ: ਕਿੰਨਾ ਭੁੱਖਾ ਹੈ ਅਸਲ ਵਿੱਚ ਬੰਦਾ ਰਾਜਿਆਂ ਦੇ ਕੋਈ ਹਰਮ ਦੇਖੇ। ਸਮਰਾਟ ਅਸ਼ੋਕ (ਅਸ਼ੋਕਾ  ਦਿ ਗ੍ਰੇਟ) ਯਾਦ ਆਉਂਦਾ ਹੈ, ਜਿਸ ਬਾਰੇ ਅਸ਼ੋਕਾਵਦਾਨ ਵਿੱਚ ਲਿਖਿਆ ਹੈ ਕਿ ਉਸ ਦੀਆਂ ਪੰਜ ਰਾਣੀਆਂ ਤੇ 500 ਰਖੇਲਾਂ ਸਨ ਤੇ ਇਹ ਵੀ ਕਿ ਉਸ ਨੇ ਕਿਸੇ ਗੱਲੋਂ ਨਾਰਾਜ਼ ਹੋ ਕੇ ਆਪਣੀਆਂ ਪੰਜ ਸੌ ਰਖੇਲਾਂ ਨੂੰ ਜਿਉਂਦੀਆਂ ਜਲਾ ਦਿੱਤਾ ਸੀ। ਹੋਰ ਸਮਰਾਟਾਂ ਤੇ ਬਾਦਸ਼ਾਹਾਂ ਦੀ ਤਾਂ ਗੱਲ ਹੀ ਛੱਡੋ। ਆਪਣੇ ਐਬ ਅਤੇ ਖੋਟ ਯਾਦ ਆਉਂਦੇ ਹਨ। ਉਰਦੂ ਸ਼ਾਇਰ ਸ਼ਕੇਬ ਜਲਾਲੀ ਦਾ ਇੱਕ ਸ਼ੇਅਰ ਯਾਦ ਆਉਂਦਾ ਹੈ : ਤੂ ਜੋ ਇਸ ਰਾਹ ਸੇ ਗੁਜ਼ਰਾ ਹੋਤਾ ਤੇਰਾ ਮਲਬੂਸ ਭੀ ਕਾਲਾ ਹੋਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਵਾਕ ‘ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਏਹੀ’ ਦੀ ਲੋਏ ਆਪਣੇ ਪਿਆਰੇ ਦੋਸਤ, ਕਲਾ ਸਾਧਕ ਤੇ ਪ੍ਰਤਿਭਾਸ਼ੀਲ ਨਾਵਲਕਾਰ ਬਲਦੇਵ ਸਿੰਘ ਨੂੰ ਵੀ ਇਹ ਸਲਾਹ ਦਿੰਦਾ ਹਾਂ ਕਿ ਆਪਣੇ ਕਿਰਦਾਰਾਂ ਦੇ ਐਬਾਂ ਅਤੇ ਖੋਟਾਂ ਦਾ ਜ਼ਿਕਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਜਿਵੇਂ ਉਹ ਆਪਣੇ ਹੀ ਐਬ ਤੇ ਖੋਟ ਹੋਣ। ਇਤਿਹਾਸਕ ਤੱਥਾਂ ਦੀ ਸੱਚਾਈ ਤਾਂ ਇਤਿਹਾਸਕਾਰ ਹੀ ਪਰਖ ਸਕਦੇ ਹਨ। ਪਰ ਤੱਥ ਜਦੋਂ ਇਤਿਹਾਸ ਪੁਸਤਕ ਤੋਂ ਨਾਵਲ ਜਾਂ ਫ਼ਿਲਮ ਵਿੱਚ ਆਉਂਦੇ ਹਨ ਤਾਂ ਉਹ ਕਈ ਗੁਣਾਂ ਐਂਪਲੀਫਾਈ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਦੇ ਚਿਤਰਣ ਲਈ ਕਲਾਮਈ ਸੰਜਮ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਖ਼ਾਸ ਕਰ ਜਦੋਂ ਸਾਡਾ ਕਿਰਦਾਰ ਉਹ ਹਸਤੀ ਹੋਵੇ, ਜਿਹੜਾ ਸਿੱਖ ਮਨ ਵਿੱਚ ਹੀ ਨਹੀਂ, ਸਾਰੇ ਪੰਜਾਬੀਆਂ ਦੀ ਲੋਕ-ਯਾਦ ਵਿੱਚ ਤੇ ਲੋਕ-ਮਨ ਵਿੱਚ ਪਿਆਰਾ ਬਣ ਕੇ ਵਸਿਆ ਹੋਵੇ। ਅਨੇਕ ਪੰਜਾਬੀ ਦੰਦ-ਕਥਾਵਾਂ ਇਸ ਦੀ ਗਵਾਹੀ ਦਿੰਦੀਆਂ ਹਨ। ਮੈਨੂੰ ਇਸ ਨਾਵਲ ਵਿੱਚ ਉਸ ਕਲਾਮਈ ਸੰਜਮ ਅਤੇ ਸ਼ਾਇਸਤਗੀ ਦੀ ਘਾਟ ਮਹਿਸੂਸ ਹੋਈ ਹੈ। ਅਖ਼ੀਰ ਵਿੱਚ ਇਸੇ ਨਾਵਲ ਵਿੱਚੋਂ ਅਜਿਹੀਆਂ ਦੋ ਘਟਨਾਵਾਂ ਉਧ੍ਰਿਤ ਕਰਨੀਆਂ ਚਾਹੁੰਦਾ ਹਾਂ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਨਾਲ ਮੇਰੀ ਸਾਂਝ ਪੁਆਈ। ਮੇਰੀਆਂ ਅੱਖਾਂ ਵਿੱਚੋਂ ਅੱਥਰੂ ਸਿੰਮ ਆਏ : ਇੱਕ ਦਿਨ ਕਸ਼ਮੀਰ ਦੇ ਮਾਮਲਿਆਂ ਦਾ ਪ੍ਰਬੰਧਕ ਜਮਾਦਾਰ ਖੁਸ਼ਹਾਲ ਸਿੰਘ ਕਸ਼ਮੀਰੀਆਂ ਕੋਲੋਂ ਆਸ ਨਾਲੋਂ ਵੀ ਵੱਧ ਕਰ ਉਗਰਾਹ ਕੇ ਲੈ ਆਇਆ। ਰਣਜੀਤ ਸਿੰਘ ਨੂੰ ਇਹ ਵੀ ਜਾਣਕਾਰੀ ਸੀ ਕਿ ਕਸ਼ਮੀਰ ਵਿੱਚ ਪਿਛਲੇ ਦਿਨੀਂ ਭੁਚਾਲ ਆ ਗਿਆ ਸੀ, ਬਿਮਾਰੀ ਫੈਲ ਗਈ ਸੀ, ਕਾਲ ਪੈ ਗਿਆ ਸੀ। ਮਹਾਰਾਜ ਨੇ ਪੁੱਛਿਆ: ਕਸ਼ਮੀਰੀਆਂ ਨੇ ਆਪਣੀ ਮਰਜ਼ੀ ਨਾਲ ਹੀ ਲਗਾਨ ਦੇ ਦਿੱਤਾ ਕਿ ਕਾਫ਼ੀ ਸਖ਼ਤੀ ਕਰਨੀ ਪਈ? ਖੁਸ਼ਹਾਲ ਸਿੰਘ ਕਹਿਣ ਲੱਗਾ: ਮਹਾਰਾਜ, ਸਿੱਧੀ ਉਂਗਲ ਨਾਲ ਘੀ ਨਹੀਂ ਨਿਕਲਦਾ। ਜਮਾਦਾਰ ਖੁਸ਼ਹਾਲ ਸਿੰਘ ਨੇ ਸ਼ੇਰ ਦੀ ਦਹਾੜ ਸੁਣੀ: ‘‘ਖ਼ਾਮੋਸ਼ ਬਦਬਖ਼ਤ।’’ ਮਹਾਰਾਜ ਦੇ ਆਦੇਸ਼ ’ਤੇ ਫ਼ੌਰਨ ਪ੍ਰਬੰਧ ਕੀਤਾ ਗਿਆ। ਕਣਕ, ਦਾਲਾਂ, ਗੁੜ, ਕੰਬਲ, ਰੁਪਏ ਕਸ਼ਮੀਰ ਪਹੁੰਚਾਏ ਗਏ।’’ ਇੱਕ ਵਾਰ ਸ਼ਿਕਾਰ ਖੇਡਣ ਗਏ ਤਾਂ ਇੱਕ ਘੋੜਸਵਾਰ ਨੇ ਦੱਸਿਆ ਕਿ ਇੱਕ ਸ਼ੇਰਨੀ ਦਾ ਬੱਚਾ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ। ਮਹਾਰਾਜਾ ਰਣਜੀਤ ਸਿੰਘ ਉਸ ਸ਼ੇਰਨੀ ਦੇ ਬੱਚੇ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਕੇ ਪਲੋਸਦਾ ਹੈ ਤੇ ਕਹਿੰਦਾ ਹੈ: ‘‘ਹਰ ਬੱਚਾ ਮਾਸੂਮ ਹੁੰਦਾ ਹੈ, ਇਸ ਤਰ੍ਹਾਂ ਤੇ ਵੱਡਾ ਹੋ ਕੇ ਖ਼ੂੰਖ਼ਾਰ ਬਣ ਜਾਂਦਾ ਹੈ... ਸਾਡੀ ਤਰ੍ਹਾਂ...। ਇਸ ਨੂੰ ਅਸੀਂ ਲਾਹੌਰ ਕਿਲੇ ਵਿੱਚ ਪਾਲਤੂ ਸ਼ੇਰ ਬਣਾਵਾਂਗੇ।’’ ਉਸ ਰਾਤ ਉਹ ਜੰਗਲ ਵਿੱਚ ਲਾਏ ਤੰਬੂਆਂ ਵਿੱਚ ਹੀ ਸੁੱਤੇ। ਅੱਧੀ ਰਾਤ ਵੇਲੇ ਜੰਗਲ ਇੱਕ ਦਮ ਸ਼ਾਂਤ ਸੀ। ਤੰਬੂਆਂ ਦੇ ਲਾਗਿਓਂ ਹੀ ਕਿਸੇ ਦੇ ਰੋਣ ਦੀ ਆਵਾਜ਼ ਆਈ। ਰਣਜੀਤ ਸਿੰਘ ਦੀ ਅੱਖ ਖੁੱਲ੍ਹ ਗਈ। ਕਿਸੇ ਜਾਨਵਰ ਦੀ ਆਵਾਜ਼ ਜਾਪਦੀ ਸੀ। ਸਿਪਾਹੀਆਂ ਨੂੰ ਦੇਖਣ ਲਈ ਭੇਜਿਆ। ਉਨ੍ਹਾਂ ਦੇਖਿਆ ਭਟਕੀ ਹੋਈ ਇੱਕ ਸ਼ੇਰਨੀ ਸੀ ਏਧਰ- ਓਧਰ ਬੇਚੈਨ ਘੁੰਮਦੀ। ਉਸ ਦੇ ਮੂੰਹ ਵਿੱਚੋਂ ਹੀ ਅਜੀਬ ਰੋਂਦੀਆਂ ਆਵਾਜ਼ਾਂ ਨਿਕਲ ਰਹੀਆਂ ਸਨ। ਮਾਹਿਰ ਸ਼ਿਕਾਰੀ ਝੱਟ ਸਮਝ ਗਏ। ਇੱਕ ਸੈਨਿਕ ਕਹਿਣ ਲੱਗਾ: ‘‘ਮਹਾਰਾਜ, ਜਿਹੜਾ ਬੱਚਾ ਆਪਾਂ ਕੱਲ੍ਹ ਪਕੜਿਆ ਸੀ , ਇਹ ਰੋਂਦੀ ਆਵਾਜ਼ ਉਸ ਬੱਚੇ ਦੀ ਮਾਂ ਦੀ ਹੈ।’’ ‘‘ਇਸ ਬੱਚੇ ਦੀ ਮਾਂ?’’ ਰਣਜੀਤ ਸਿੰਘ ਦੇ ਮੂੰਹੋਂ ਨਿਕਲਿਆ। ‘‘ਹਾਂ ਮਹਾਰਾਜ ਏਧਰ-ਓਧਰ ਭਟਕ ਰਹੀ ਤੇ ਕੁਰਲਾ ਰਹੀ ਹੈ।’’ ‘‘ਆਖ਼ਰ ਮਾਂ ਹੈ ਨਾ, ਬੱਚੇ ਲਈ ਤੜਪ ਰਹੀ ਹੈ।’’ ਰਣਜੀਤ ਸਿੰਘ ਨੇ ਜਿਵੇਂ ਆਪਣੇ ਅੰਦਰਲੇ ਨੂੰ ਕਿਹਾ। ਸੈਨਿਕ ਨੇ ਕਿਹਾ: ‘‘ਮਹਾਰਾਜ ਖਿਮਾ ਕਰਨਾ ਇਹ ਮੌਕਾ ਹੈ। ਮਾਂ ਬੱਚੇ ਕੋਲ ਆਵੇਗੀ ਤਾਂ ਅਸੀਂ ਉਸਨੂੰ ਵੀ ਕਾਬੂ ਕਰ ਲਵਾਂਗੇ।’’ ਰਣਜੀਤ ਸਿੰਘ ਨੇ ਕ੍ਰੋਧਿਤ ਨਜ਼ਰਾਂ ਨਾਲ ਇਸ ਤਰ੍ਹਾਂ ਸੈਨਿਕ ਵੱਲ ਦੇਖਿਆ ਕਿ ਡਰ ਨਾਲ ਉਸ ਦਾ ਚਿਹਰਾ ਫੱਕ ਹੋ ਗਿਆ। ਰਣਜੀਤ ਸਿੰਘ ਨੇ ਕਿਹਾ ‘‘ਬੱਚੇ ਨੂੰ ਲੈ ਜਾਓ ਤੇ ਇਸ ਦੀ ਮਾਂ ਕੋਲ ਲਿਜਾ ਕੇ ਛੱਡ ਦਿਓ।’’ ਇਹ ਘਟਨਾ ਮਹਾਰਾਜਾ ਰਣਜੀਤ ਸਿੰਘ ਦੀ ਅੰਤਰ-ਆਤਮਾ ਦੀ ਝਾਤ ਵੀ ਪਵਾਉਂਦੀ ਹੈ ਤੇ ਇਉਂ ਵੀ ਲੱਗਦਾ ਹੈ ਜਿਵੇਂ ਇਹ ਦਲੀਪ ਅਤੇ ਜਿੰਦਾ ਦੇ ਵਿਛੋੜੇ ਦੀ  ਕਥਾ ਦਾ ਅਗਾਊਂ ਸੁਪਨਾ ਜਾਂ ਪਰਛਾਵਾਂ ਹੋਵੇ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਮੁੱਖ ਖ਼ਬਰਾਂ

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਨਵੀਂ ਸੰਸਦੀ ਇਮਾਰਤ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀ’ ਪਲ: ਮੋਦੀ

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੇਸ

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੇਸ

ਦਿੱਲੀ ਪੁਲੀਸ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਖਾਲੀ ਕਰਵਾਈ

ਪਹਿਲਵਾਨਾਂ ਦੀ ਹਮਾਇਤ ’ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ

ਪਹਿਲਵਾਨਾਂ ਦੀ ਹਮਾਇਤ ’ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ

ਗਾਜ਼ੀਪੁਰ ਬਾਰਡਰ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤਾ ਧਰਨਾ

ਸ਼ਹਿਰ

View All