ਫ਼ਿਲਮੀ ਦੁਨੀਆਂ ਦੇ ਸਟਾਰ ਲੇਖਕ ਗੁਲਸ਼ਨ ਨੰਦਾ ਨੂੰ ਯਾਦ ਕਰਦਿਆਂ

ਫ਼ਿਲਮੀ ਦੁਨੀਆਂ ਦੇ ਸਟਾਰ ਲੇਖਕ ਗੁਲਸ਼ਨ ਨੰਦਾ ਨੂੰ ਯਾਦ ਕਰਦਿਆਂ

ਇੱਕ ਕਹਾਣੀਕਾਰ ਦੇ ਰੂਪ ਵਿੱਚ ਗੁਲਸ਼ਨ ਨੰਦਾ ਦਾ ਨਾਂ ਫ਼ਿਲਮੀ ਦੁਨੀਆਂ ਵਿੱਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਕਹਾਣੀ ਲਿਖਣ ਵਿੱਚ ਜੋ ਮੁਹਾਰਤ ਗੁਲਸ਼ਨ ਨੰਦਾ ਨੂੰ ਹਾਸਲ ਸੀ, ਉਹ ਤਜਰਬਾ ਕਿਸੇ ਹੋਰ ਕੋਲ ਨਹੀਂ ਸੀ। ਉਸ ਦੇ ਚਵੱਨੀ ਛਾਪ ਮੰਨੇ ਜਾਂਦੇ ਨਾਵਲ ਕੁੜੀਆਂ-ਮੁੰਡਿਆਂ ਦੀ ਪਹਿਲੀ ਪਸੰਦ ਬਣੇ। ਉਸ ਨੇ ਆਪਣੇ ਨਵੀਂ ਕਿਸਮ ਦੇ ਪਾਠਕਾਂ ਦੀ ਰਗ ਪਛਾਣ ਲਈ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਆਧਾਰ ਬਣਾ ਕੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ। ਨੰਦਾ ਦੀ ਲੋਕਪ੍ਰਿਅਤਾ ਨੇ ਫ਼ਿਲਮੀ ਦੁਨੀਆਂ ਤਕ ਹਿਲਾ ਦਿੱਤੀ ਕਿਉਂਕਿ ਲੋਕਾਂ ਦੀ ਦਿਲਚਸਪੀ ਫ਼ਿਲਮਾਂ ਵੱਲੋਂ ਘਟ ਕੇ ਉਸ ਦੇ ਨਾਵਲਾਂ ਵਿੱਚ ਵਧ ਰਹੀ ਸੀ। ਲੋਕ ਜੈਮਿਨੀ ਏ. ਵੀ. ਐੱਮ. ਵਰਗੀਆਂ ਸੰਸਥਾਵਾਂ ਵੱਲੋਂ ਬਣਾਈਆਂ ਜਾ ਰਹੀਆਂ ਠੋਸ ਪਰਿਵਾਰ ਤੇ ਪਰੰਪਰਾਵਾਦੀ ਫ਼ਿਲਮਾਂ ਤੋਂ ਉਕਤਾ ਰਹੇ ਸਨ। ਅਜਿਹੀ ਹਾਲਤ ਵਿੱਚ ਫ਼ਿਲਮਕਾਰ ਪੰਨਾ ਲਾਲ ਮਹੇਸ਼ਵਰੀ (ਨਾਨਕ ਨਾਮ ਜਹਾਜ਼ ਹੈ ਫੇਮ) ਨੇ ਪਹਿਲ ਕੀਤੀ ਅਤੇ ਗੁਲਸ਼ਨ ਨੰਦਾ ਦੇ ਨਾਵਲ ‘ਮਾਧਵੀ’ ਦੇ ਅਧਿਕਾਰ ਖ਼ਰੀਦ ਕੇ ‘ਕਾਜਲ’ ਵਰਗੀ ਸੁਪਰਹਿੱਟ ਫ਼ਿਲਮ ਬਣਾਈ। ਇਸ ਤੋਂ ਬਾਅਦ ਤਾਂ ਜਿਵੇਂ ਸੁਪਰਹਿੱਟ ਫ਼ਿਲਮਾਂ ਦੀ ਝੜੀ ਹੀ ਲੱਗ ਗਈ। ਸਾਵਨ ਕੀ ਘਟਾ, ਪੱਥਰ ਕੇ ਸਨਮ, ਨੀਲਕਮਲ, ਝੀਲ ਕੇ ਉਸ ਪਾਰ, ਕਟੀ ਪਤੰਗ, ਨਯਾ ਜ਼ਮਾਨਾ, ਜੁਗਨੂੰ, ਆਜ਼ਾਦ, ਦਾਗ਼, ਸ਼ਰਮੀਲੀ ਮਹਿਬੂਬਾ, ਖਿਲੌਨਾ, ਜੋਸ਼ੀਲਾ, ਬੜਾ ਦਿਲਵਾਲਾ, ਦੋ ਪ੍ਰੇਮੀ, ਬਿੰਦੀਆ ਚਮਕੇਗੀ, ਬਾਦਲ, ਨਜ਼ਰਾਨਾ, ਮੈਂ ਆਵਾਰਾ ਹੂੰ ਅਤੇ ਹੋਰ ਕਈ ਫ਼ਿਲਮਾਂ ਮਾਰਕੀਟ ਵਿੱਚ ਆਈਆਂ ਤੇ ਚੰਗੀ ਕਮਾਈ ਕੀਤੀ। ਗੁਲਸ਼ਨ ਨੰਦਾ ਨੇ ਆਪਣੇ ਜੀਵਨ ਵਿੱਚ ਕੇਵਲ 47 ਨਾਵਲ ਲਿਖੇ। ਕੁਝ ਨਾਵਲ ਫ਼ਿਲਮ ਬਣਨ ਤੋਂ ਬਾਅਦ ਨਵੇਂ ਨਾਂ ਨਾਲ ਵੀ ਪ੍ਰਕਾਸ਼ਤ ਹੋਏ। ਕੁਝ ਮੁਨਾਫ਼ਾਖ਼ੋਰ

ਪ੍ਰਕਾਸ਼ਕਾਂ ਨੇ ਗੁਲਸ਼ਨ ਨੰਦਾ ਦੇ ਨਾਵਲਾਂ ਦੀ ਗਿਣਤੀ ਚਲਾਕੀ ਨਾਲ 50 ਬਣਾ ਕੇ ‘ਲਕਸ਼ਮਣ ਰੇਖਾ’ ਨਾਵਲ ਨੂੰ ਗੋਲਡਨ ਜੁਬਲੀ ਨਾਵਲ ਦੱਸਿਆ। ਇਸੇ ਨਾਵਲ ’ਤੇ ਅਧਾਰਿਤ ਫ਼ਿਲਮ ‘ਨਜ਼ਰਾਨਾ’ ਗੁਲਸ਼ਨ ਨੰਦਾ ਦੀ ਆਖਰੀ ਫ਼ਿਲਮ ਸੀ। ਇਹ ਫ਼ਿਲਮ 1987 ਵਿੱਚ ਆਈ ਸੀ। ਗੁਲਸ਼ਨ ਨੰਦਾ ਦੇ ਨਾਵਲਾਂ ਅਤੇ ਫ਼ਿਲਮਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਨ੍ਹਾਂ ਦਾ ਸਿਰਲੇਖ ਹੁੰਦੇ ਸਨ, ਜਿਵੇਂ ਪੱਥਰ ਕੇ ਸਨਮ, ਨੀਲਕਮਲ, ਨੀਲ ਕੰਠ, ਕਟੀ ਪਤੰਗ, ਖਿਲੌਨਾ, ਮੈਲੀ ਚਾਂਦਨੀ, ਘਾਟ ਕਾ ਪੱਥਰ, ਪਿਆਸਾ ਸਾਵਨ, ਸਾਂਵਲੀ ਰਾਤ, ਸ਼ੀਸ਼ੇ ਕੀ ਦੀਵਾਰ, ਭੰਵਰ, ਟੂਟੇ ਪੰਖ, ਕਾਂਚ ਕੀ ਚੂੜੀਆਂ ਆਦਿ। ਅਜਿਹੇ ਸਿਰਲੇਖ ਆਪਣੇ-ਆਪ ਵਿੱਚ ਸਸਪੈਂਸ ਬਣ ਜਾਂਦੇ ਸਨ ਕਿ ਆਖਰ ਇਸ ਦਾ ਕਹਾਣੀ ਵਿੱਚ ਮਤਲਬ ਕੀ ਨਿਕਲੇਗਾ? ਮਰਹੂਮ ਫ਼ਿਲਮਕਾਰ ਯਸ਼ ਚੋਪੜਾ ਚਾਹੇ ‘ਵਕਤ’ ਅਤੇ ‘ਧਰਮ ਪੁੱਤਰ’ ਵਰਗੀਆਂ ਫ਼ਿਲਮਾਂ ਨਿਰਦੇਸ਼ਤ ਕਰ ਚੁੱਕਿਆ ਸੀ ਪਰ ਉਸ ਨੂੰ ਸਹੀ ਪਛਾਣ ਗੁਲਸ਼ਨ ਨੰਦਾ ਦੇ ਨਾਵਲਾਂ ’ਤੇ ਬਣੀਆਂ ਫ਼ਿਲਮਾਂ ‘ਦਾਗ਼’ ਅਤੇ ‘ਜੋਸ਼ੀਲਾ’ ਰਾਹੀਂ ਹੀ ਮਿਲੀ ਸੀ। ਗੁਲਸ਼ਨ ਨੰਦਾ ਨੇ ਹਿੰਦੁਸਤਾਨ ਦੇ ਨਾਰੀ ਪਾਤਰਾਂ ਨੂੰ ਨਵੇਂ ਸਮੀਕਰਨ ਦਿੱਤੇ। ਉਸ ਨੇ ਨਾਰੀ ਨੂੰ ਕੁਦਰਤ ਦਾ ਅਨਮੋਲ ਤੋਹਫ਼ਾ ਦੱਸਦੇ ਹੋਏ ਉਸ ਨੂੰ ਕੁਦਰਤ ਦੀ ਸ਼ਬਦਾਵਲੀ ਵਿੱਚ ਫਿੱਟ ਕੀਤਾ। ਇੱਕ ਨਮੂਨੇ ਵਜੋਂ ਚਾਂਦਨੀ ਸ਼ਬਦ ਆਪਣੇ-ਆਪ ਵਿੱਚ ਕਿੰਨੀ ਪਵਿੱਤਰਤਾ ਰੱਖਦਾ ਹੈ ਪਰ ਗੁਲਸ਼ਨ ਨੰਦਾ ਨੇ ਨਾਂ ਦਿੱਤਾ ‘ਮੈਲੀ ਚਾਂਦਨੀ’। ਔਰਤ ਦੇ ਅਰਮਾਨਾਂ ਨੂੰ ਉਡਾਨ ਦੇਣੀ ਉਸ ਨੂੰ ਭਲੀਭਾਂਤ ਆਉਂਦੀ ਸੀ।  ਫ਼ਿਲਮ ‘ਝੀਲ ਕੇ ਉਸ ਪਾਰ’ ਵਿੱਚ ਅੰਨ੍ਹੀ ਮੁਮਤਾਜ਼ ਇੱਕ ਰਾਜਕੁਮਾਰ ਧਰਮਿੰਦਰ ਦੇ ਦਿਲ ਦੀ ਰਾਣੀ ਬਣਦੀ ਹੈ। ਇਸ ਕਹਾਣੀ ਨੂੰ ਕਿੰਨੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਸੀ ਨੰਦਾ ਨੇ। ਉਸ ਦੇ ਨਾਵਲਾਂ ਦੀ ਜੋ ਮੁੱਖ ਟੈਗਲਾਈਨ ਹੁੰਦੀ ਸੀ ਕਿ ਇੱਕ ਛੋਟੀ ਜਿਹੀ ਗ਼ਲਤਫਹਿਮੀ ਇਨਸਾਨ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਤੇ ਅਗਲਾ ਜਨਮ ਤਕ ਪ੍ਰਭਾਵਿਤ ਕਰ ਸਕਦੀ ਹੈ। ਇਸੇ ਲਈ ‘ਮਹਿਬੂਬਾ’ ਅਤੇ ‘ਨੀਲਕਮਲ’ ਦੀ ਕਹਾਣੀ ਦੋ ਜਨਮਾਂ ਤਕ ਚੱਲਦੀ ਹੈ। ਫ਼ਿਲਮ ‘ਦਾਗ’ ਵਿੱਚ ਰਾਜੇਸ਼ ਖੰਨਾ, ਰਾਖੀ ਨਾਲ ਸਿਰਫ਼ ਸਮਝੌਤੇ ਦਾ ਵਿਆਹ ਕਰਦਾ ਹੈ। ਕਈ ਸਾਲ ਬੀਤ ਜਾਂਦੇ ਹਨ। ਰਾਜੇਸ਼ ਖੰਨਾ ਦੀ ਪਹਿਲੀ ਪਤਨੀ ਸ਼ਰਮੀਲਾ ਟੈਗੋਰ ਵਾਪਸ ਆ ਜਾਂਦੀ ਹੈ ਤਾਂ ਰਾਜੇਸ਼ ਵੱਲੋਂ ਸ਼ਰਮੀਲਾ ਨੂੰ ਪਿਆਰ ਕਰਦੇ ਹੋਏ ਦੇਖ ਕੇ ਰਾਖੀ ਕਿਵੇਂ ਦਲੇਰੀ ਵਿਖਾ ਕੇ ਆਪਣੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ ਕਿ ‘ਮੇਰੇ ਕੋਲ ਅਜਿਹਾ ਕੀ ਨਹੀਂ ਜੋ ਉਸ ਕੋਲ ਹੈ’। ਇਸ ਹਾਲਤ ਵਿੱਚ ਨੰਦਾ ਨੇ ਬੇਹੱਦ ਖ਼ੂਬਸੂਰਤੀ ਨਾਲ ਔਰਤ ਦੀਆਂ ਅੰਦਰੂਨੀ ਭਾਵਨਾਵਾਂ ਪ੍ਰਗਟ ਕਰਦੇ ਹੋਏ ਰਿਸ਼ਤਿਆਂ ਦੀ ਮਰਿਯਾਦਾ ਵੀ ਬਣਾਈ ਰੱਖੀ ਹੈ। ਫ਼ਿਲਮ ‘ਕਟੀ ਪਤੰਗ’ ਵਿੱਚ ਗੁਲਸ਼ਨ ਨੰਦਾ ਨੇ ਵਿਧਵਾ ਵਿਆਹ ਦੀ ਸਮੱਸਿਆ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਸੀ। ਫ਼ਿਲਮ ਦੀ ਹੀਰੋਇਨ ਆਸ਼ਾ ਪਾਰਖ ਕੁਆਰੀ ਵਿਧਵਾ ਬਣ ਜਾਂਦੀ ਹੈ। ਕਹਾਣੀ, ਮਨੋਰੰਜਨ, ਸਮਾਜ ਸੁਧਾਰ ਤਿੰਨਾਂ ਹੀ ਚੀਜ਼ਾਂ ਦਾ ਸੰਗਮ ਗੁਲਸ਼ਨ ਨੰਦਾ ਦੀ ਇੱਕ ਹੋਰ ਖ਼ੂਬੀ ਸੀ। ਇਸ ਫ਼ਿਲਮ ਨੇ ਖ਼ਲਨਾਇਕ ਬਿੰਦੂ ਨੂੰ ਵੀ ਨਵੀਂ ਪਛਾਣ ਦਿੱਤੀ। ਗੁਲਸ਼ਨ ਨੰਦਾ ਦੇ ਪਿਛੋਕੜ ਬਾਰੇ ਜ਼ਿਆਦਾ ਤਾਂ ਨਹੀਂ ਪਤਾ ਲੱਗਦਾ ਪਰ ਲੇਖਕ ਬਣਨ ਤੋਂ ਪਹਿਲਾਂ ਇਹ ਦਿੱਲੀ ਵਿਖੇ ਇੱਕ ਐਨਕਾਂ ਦੀ ਦੁਕਾਨ ’ਤੇ ਕੰਮ ਕਰਦਾ ਸੀ। ਇਹ ਇਲਾਕਾ ਪ੍ਰਕਾਸ਼ਕਾਂ ਦੇ ਗੁਆਂਢ ਵਿੱਚ ਸੀ। ਇੱਥੇ ਹੀ ਚਵੱਨੀ ਛਾਪ ਪਾਕਟ ਬੁੱਕਸ ਲਿਖ ਕੇ ਇਹ ਲੇਖਕ ਮੁੰਬਈ ਦੀ ਫ਼ਿਲਮੀ ਦੁਨੀਆਂ ਵਿੱਚ ਪਹੁੰਚ ਕੇ ‘ਸ਼ੀਸ਼ ਮਹਿਲ’ ਨਾਮੀਂ ਇਮਾਰਤ ਦਾ ਮਾਲਕ ਬਣਿਆ। ਉਂਜ ਉਹ ਉਰਦੂ ਦਾ ਲੇਖਕ ਸੀ ਅਤੇ ਉਸ ਦੀਆਂ ਲਿਖਤਾਂ ਨੂੰ ਉਸ ਦਾ ਇੱਕ ਰਿਸ਼ਤੇਦਾਰ ਹਿੰਦੀ ਵਿੱਚ ਅਨੁਵਾਦ ਕਰਦਾ ਸੀ। ਗੁਲਸ਼ਨ ਨੰਦਾ ਨੇ ਜੋ ਲਿਖਿਆ, ਉਹ ਆਮ ਜ਼ਿੰਦਗੀ ਵਿੱਚ ਸੰਭਵ ਨਹੀਂ ਪਰ ਉਸ ਨੂੰ ਪੇਸ਼ ਕਰਨ ਦਾ ਢੰਗ ਅਜਿਹਾ ਆਉਂਦਾ ਸੀ ਕਿ ਉੇਸ ਦਾ ਲਿਖਿਆ ਸੱਚ ਲੱਗਦਾ ਸੀ। ਉਸ ਦੇ ਕੁਝ ਨਾਵਲਾਂ ਦੇ ਆਡੀਓ ਸੰਸਕਰਣ ਵੀ ਜਾਰੀ ਹੋਏ। - ਦੀਪਕ ਕੁਮਾਰ ਗਰਗ ਸੰਪਰਕ: 098720-25607

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All