ਫ਼ਿਤਰਤ ਦਾ ਵਿਦਿਆਰਥੀ - ਮੋਹਨ ਭੰਡਾਰੀ

ਫ਼ਿਤਰਤ ਦਾ ਵਿਦਿਆਰਥੀ - ਮੋਹਨ ਭੰਡਾਰੀ

ਗੋਵਰਧਨ ਗੱਬੀ

ਸਾਹਿਤ ਅਕਾਦਮੀ ਐਵਾਰਡ ਜੇਤੂ  ਮੋਹਨ ਭੰਡਾਰੀ ਨਾਲ ਸਾਹਿਤ ਤੇ ਪੰਜਾਬੀ ਜ਼ੁਬਾਨ ਬਾਰੇ ਮੇਰੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਇਕ ਸਮਾਗਮ ਵਿਚ ਉਨ੍ਹਾਂ ਨਾਲ ਮੁਲਾਕਾਤ ਹੋਈ। ਪੇਸ਼ ਹਨ ਕੁਝ ਅੰਸ਼ ਉਨ੍ਹਾਂ ਦੀ ਜ਼ੁਬਾਨੀ: ਪਹਿਲੀ ਤਾਂ ਗੱਲ ਇਹ ਹੈ ਕਿ ਜ਼ਿੰਦਗੀ ਸ਼ੁਰੂ ਹੋਈ ਵੀ ਹੈ ਕਿ ਨਹੀਂ? ਜਦੋਂ ਬੰਦਾ ਕੋਈ ਲਿਖਣਾ ਸ਼ੁਰੂ ਕਰਦਾ ਹੈ ਨਾ, ਤਾਂ ਉਹ ਇਹ ਸੋਚ ਕੇ ਲਿਖਣਾ ਸ਼ੁਰੂ ਨਹੀਂ ਕਰਦਾ ਹੈ ਕਿ ਮੈਂ ਆਹ ਪਾਉਣਾ ਹੈ, ਅੰਦਰ ਜਜ਼ਬਾ ਹੁੰਦੈ, ਕੋਈ ਖਿਆਲ ਆਉਂਦਾ ਹੈ, ਕੋਈ ਘਟਨਾ ਵਾਪਰਦੀ ਹੈ ਤੇ ਓਸ ’ਤੇ ਬੰਦਾ ਕੁਮੈਂਟ ਦਿੰਦੈ। ਉਹਦੇ ਵਿਚ ਕੋਈ ਕੱਢਣ ਪਾਉਣ ਵਾਲੀ ਗੱਲ ਨਹੀਂ ਹੁੰਦੀ ਐ, ਉਸ ਵੇਲੇ ਤਾਂ ਐਸੀ ਕੋਈ ਗੱਲਬਾਤ ਨਹੀਂ ਹੁੰਦੀ, ਉਹ ਤਾਂ ਬਾਅਦ ਵਿਚ ਬੰਦਾ ਸੋਚਦੈ। ਜਿਵੇਂ ਇਕ ਬੰਦਾ ਕਹਿੰਦਾ ਕਿ ਆਹ ਇਨ੍ਹਾਂ ਦੀ ਪ੍ਰਾਪਤੀ ਹੈ। ਦੂਸਰਾ ਬੰਦਾ ਕਹਿੰਦਾ ਹੈ ਕਿ ਇਸ ਪ੍ਰਾਪਤੀ ਬਾਰੇ ਤਾਂ ਉਸ ਨੂੰ ਖੁਦ ਪਤਾ ਨਹੀਂ। ਉਹ ਕਹਿੰਦਾ ਹੈ ਕਿ ਮੈਨੂੰ ਇੰਨੇ ਪੁਰਸਕਾਰ, ਇਨਾਮ ਮਿਲੇ ...ਕੀ ਇਹ ਸਚਮੁੱਚ ਪ੍ਰਾਪਤੀ ਹੈ? ਸਾਹਿਤ ਦਾ ਉਦੇਸ਼ ਇਹ ਥੋੜ੍ਹੀ ਹੁੰਦੈ ਕਿ ਮੈਂ ਫਲਾਣਾ ਇਨਾਮ ਪਾਉਣਾ ਜਾਂ ਢਿਮਕਾਉਣਾ ਸਨਮਾਨ ਲੈਣੈ। ਮੈਨੂੰ ਗਿਲਾ ਸ਼ਿਕਵਾ ਤਾਂ ਬਿਲਕੁਲ ਹੀ ਨਹੀਂ ਹੈ। ਉਸ ਵੇਲੇ ਤਾਂ ਉਹ ਵੇਲਾ ਸੀ, ਜਦੋਂ ਕੰਮ ਸ਼ੁਰੂ ਕੀਤਾ ਸੀ, ਉਸ ਵੇਲੇ ਜਿਹੜੀ ਗੱਲ ਗੌਲਦੀ ਸੀ, ਮੈਂ ਲਿਖ ਦਿੰਦਾ ਸੀ। ਜਿਹੜੀ ਕਿਸੇ ਨੇ ਕੋਈ ਰਾਏ ਦਿੱਤੀ, ਉਹੀ ਮੰਨ ਲਈ... ਉਸ ਵੇਲੇ ਮੇਰੇ ਲਈ ਤਾਂ ਇਹੀ ਕਾਫੀ ਸੀ ਕਿ ਮੇਰੀ ਕਹੀ ਗੱਲ ਦਾ ਕਿਸੇ ਨੇ ਨੋਟਿਸ ਲਿਐ। ਭੂਸ਼ਨ ਨੇ ਵੀ ਲਿਆ ਸੀ- ਮੋਹਨ ਭੰਡਾਰੀ ਇਕ ਪਿੰਡ ਦਾ ਨਾਂਅ ਹੈ, ਸਿਰਜਣਾ ਵਿਚ ਛਪੀ ਸੀ। ਇਕ ਹੋਰ ਗੱਲ ਵੀ ਲੋਕੀਂ ਹੁਣ ਤਕ ਯਾਦ ਕਰਦੇ ਨੇ... ਉਹ ਹੈ ਕਿ ਭੂਸ਼ਨ ਕਹਿੰਦਾ ਹੈ ਕਿ ਤੁਸੀਂ ਸੀ.ਪੀ.ਐਮ. ਵਿਚ ਹੋ ਜਾਂ ਸੀ.ਪੀ.ਆਈ. ਵਿਚ? ਮੇਰੇ ਕੋਲੋਂ ਇਹਦਾ ਜਵਾਬ ਇਹ ਕਹਾਇਆ ਗਿਐ ਕਿ ਮੈਂ ਡੀ.ਪੀ.ਆਈ. ਵਿਚ ਹਾਂ।

ਜਿਊਂਦਾ ਜੀਅ ਜਿਹੜਾ ਵੀ ਕੋਈ ਹੈ ਨਾ ਉਸ ਨੇ ਕਿਸੇ ਨਾ ਕਿਸੇ ਚੀਜ਼ ’ਤੇ ਕੋਈ ਕੁਮੈਂਟ ਦੇਣਾ ਹੀ ਦੇਣਾ ਹੁੰਦੈ। ਕੋਈ ਇਨਫਰਮੇਸ਼ਨ ਲੈਣੀ ਤੇ ਕੋਈ ਦੇਣੀ ਹੁੰਦੀ ਐ। ਸਾਹਿਤ ਸੂਚਨਾ ਲੈਣ ਦੇਣ ਵਾਲੀ ਗੱਲ ਹੀ ਹੁੰਦੀ ਹੈ। ਉਸ ਵੇਲੇ ਤਾਂ ਦਿਮਾਗ ਵਿਚ ਕੋਈ ਸੋਚ ਨਹੀਂ ਸੀ ਇਸ ਤਰ੍ਹਾਂ ਦੀ। ਸੰਨ 1953 ਵਿਚ ਨੌਵੀਂ ਜਮਾਤ ਵਿਚ ਪੜ੍ਹਦਿਆਂ ਮੈਂ ਪਹਿਲੀ ਕਹਾਣੀ ਲਿਖੀ ਸੀ। ਪਾਕਿਸਤਾਨ ਅਜੇ ਬਣਿਆ ਹੀ ਸੀ। ਇਧਰ ਵਾਲੇ ਉਧਰ ਚਲੇ ਗਏ ਤੇ ਉਧਰ ਵਾਲੇ ਇਧਰ ਆ ਗਏ ਸਨ। ਉਨ੍ਹਾਂ ਦੀ ਕੁੜੀ ਜਵਾਨ ਸੀ। ਸਾਡੇ ਪਿੰਡ ਦਾ ਮੁੰਡਾ ਜਵਾਨ ਸੀ। ਉਨ੍ਹਾਂ ਵਿਚ ਦੀ ਨੇੜਤਾ ਹੋ ਗਈ। ਇਹ ਪਿਆਰ ਮੁਹੱਬਤ ਦੀਆਂ ਗੱਲਾਂ ਕੋਈ ਨਵੀਆਂ ਨਹੀਂ ਸਨ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਕੀਤਾ, ਉਸ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਸੀ। ਉਹ ਡਰਦੇ ਵੀ ਨਹੀਂ ਸਨ ਕਿਸੇ ਤੋਂ। ਇਕ ਦੂਸਰੇ ਨੂੰ ਚਿੱਠੀਆਂ ਵੀ ਬਹੁਤ ਲਿਖਦੇ ਸਨ। ਉਨ੍ਹੀਂ ਦਿਨੀਂ ਜਿਸ ਕਾਲਜ ਵਿਚ ਮੈਂ ਪੜ੍ਹਦਾ ਸੀ, ਉਨ੍ਹਾਂ ਦੀ ਮੈਗਜ਼ੀਨ ਨਿਕਲਣੀ ਸੀ। ਉਨ੍ਹਾਂ ਮੈਨੂੰ ਕਹਾਣੀ ਲਿਖਣ ਲਈ ਕਿਹਾ ਤੇ ਮੈਂ ਉਸ ਮੁੰਡੇ ਤੇ ਕੁੜੀ ਦੇ ਇਸ਼ਕ ਬਾਰੇ ਕਹਾਣੀ ਲਿਖ ਦਿੱਤੀ ਤੇ ਮੈਂ ਲੇਖਕ ਬਣ ਗਿਆ। ਅਸਲ ਵਿਚ ਮੇਰਾ ਪ੍ਰਵੇਸ਼ ਮੁਹੱਬਤ ਰਾਹੀਂ ਹੋਇਆ ਸਾਹਿਤ ਦੇ ਵਿਚ। ਮੁਹੱਬਤ ਤਾਂ ਜਿਹੜੀ ਹੈਗੀ ਨਾ ਸੋਚ ਸਮਝ ਕਿ ਥੋੜੋ੍ਹ ਕੀਤੀ ਜਾਂਦੀ ਐ... ਇਹ ਤਾਂ ਹੋ ਜਾਂਦੀ ਐ... ਹੋਰ ਕੋਈ ਮਤਲਬ ਨਹੀਂ ਸੋਚਦਾ ਹੈ... ਸਮਝਦਾ ਐ... ਕਿ ਇਹ ਕਿਵੇਂ ਕਰਦੇ ਨੇ... ਪਰ ਉਹ ਤਾਂ ਕੁਝ ਨਹੀਂ ਸੋਚਦੇ ਸਨ...ਉਹ ਤਾਂ ਪਾਗਲ ਹੋਏ ਸੀ ਇਕ ਦੂਸਰੇ ਪਿੱਛੇ। ਦੋਨਾਂ ਦੇ ਘਰਾਂ ਵਿਚ ਰਫਲਾਂ ਸਨ...ਅਸੀਂ ਤਾਂ ਸੋਚਦੇ ਸਾਂ ਕਿਤੇ ਕੁੜੀ ਦੇ ਭਰਾ ਤੇ ਮੁੰਡੇ ਦੇ ਭਰਾ ਰਫਲਾਂ ਕੱਢ ਕੇ ਮਾਰਨਗੇ ਇਕ ਦੂਸਰੇ ਨੂੰ। ਬੰਦਾ ਸੋਚਦੈ, ਮੈਂ ਅਮਰ ਹੋ ਜਾਵਾਂ... ਜਿਊਂਦੇ ਜੀ ਤਾਂ ਬੰਦਾ ਪਤਾ ਨਹੀਂ ਕਿੰਨੀਆਂ ਗੱਲਾਂ ਸੋਚਦਾ ਐ... ਉਹਨੂੰ ਉਹ ਮੁਹੱਬਤ ਕਰਦੀ ਸੀ... ਮੁੰਡੇ ਵੀ ਦੇਖਦੇ ਸਨ...ਕੁੜੀਆਂ ਵੇਖਦੀਆਂ ਸਨ...ਸਾਡੇ ਲਈ ਤਾਂ ਅਚੰਭਾ ਸੀ...ਅਸੀਂ ਤਾਂ ਕਹਿੰਦੇ ਸੀ ਕਿ ਮੁਹੱਬਤ ਹੋਵੇ ਤਾਂ ਇਸ ਤਰ੍ਹਾਂ ਦੀ ਹੋਵੇ...। ਹਰ ਬੰਦਾ ਆਪਣਾ ਰਾਹ ਆਪ ਬਣਾਉਂਦਾ ਹੈ... ਦੁਨੀਆਂ ਨੇ ਮੇਰੇ ਸੁਨੇਹੇ ’ਤੇ ਨਹੀਂ ਚਲਣਾ... ਮੈਂ ਜਿੰਨਾ ਮਰਜ਼ੀ ਪ੍ਰਵਚਨ ਦੇ ਲਵਾਂ... ਬੰਦਾ ਸਿੱਖਣਾ ਚਾਹੁੰਦਾ ਹੈ...ਇਹ ਨਹੀਂ ਸੋਚਦਾ ਛੋਟਾ ਜਾਂ ਵੱਡਾ ਹੈ... ਉਹ ਇਹ ਦੇਖਦਾ ਹੈ ਏਹਦੇ ਵਿਚ ਵੱਖਰੀ ਗੱਲ ਹੈ ਕਿ ਇਸ ਵਿਚ ਨਵੀਂ ਗੱਲ ਕੀ ਹੈ... ਇਹਦੇ ਕੋਲੋਂ ਮੈਂ ਕੀ ਸਿੱਖ ਸਕਦਾਂ...ਮੈਂ ਹੁਣ ਵੀ ਸਿੱਖਦਾਂ... ਮੈਂ ਸਮਝਦਾ ਹਾਂ ਕਿ ਸਭ ਤੋਂ ਵੱਡੀ ਗੱਲ ਹੈ...ਲੇਖਕ ਵਾਸਤੇ ਹੋਰ ਵੀ ਚੰਗੀ ਗੱਲ ਹੈ ਕਿ ਉਹ ਜਗਿਆਸੂ ਹੋਵੇ...। ਪੰਜਾਬੀ ਦਾ ਕੁਝ ਨਹੀਂ ਵਿਗੜਨਾ। ਕੋਈ ਜਿੰਨਾ ਮਰਜ਼ੀ ਜ਼ੋਰ ਲਗਾ ਲਏ। ਪੰਜਾਬੀ ਉਸ ਵੇਲੇ ਵੀ ਆਪਣੀ ਥਾਂ ’ਤੇ ਖੜ੍ਹੀ ਸੀ। ਚਿੰਤਾ ਦੀ ਕੋਈ ਗੱਲ ਨਹੀਂ। ਜਦੋਂ ਕਿਸੇ ਲੇਖਕ ਨੇ ਪੈਦਾ ਹੋਣਾ ਹੈ ਨਾ ਉਸ ਨੇ ਸਾਨੂੰ ਪੁੱਛ ਕੇ ਨਹੀਂ ਹੋਣਾ। ਜਿਵੇਂ ਬੂਟਾ ਪੈਦਾ ਹੋ ਜਾਂਦੈ ਜ਼ਰਖੇ ਦੀ ਧਰਤੀ ਵਿਚ ਉਵੇਂ ਹੀ ਲੇਖਕ ਪੈਦਾ ਹੋ ਜਾਂਦੈ। ਜੇ ਪਿਛਲੇ ਸਾਲਾਂ ਵਿਚ ਕੋਈ ਲੇਖਕ ਪੈਦਾ ਨਹੀਂ ਹੋਇਐ ਤਾਂ ਇਹਦੇ ਬਾਰੇ ਚਿੰਤਾ ਕਰਨ ਦੀ ਕੋਈ  ਗੱਲ ਨਹੀਂ। ਸਾਹਿਤ ਲਈ ਕੋਈ ਪੀਰੀਅਡ ਤੈਅ ਨਹੀਂ ਹੁੰਦਾ। ਹੋ ਸਕਦੈ ਆਉਣ ਵਾਲੇ ਸਮੇਂ ਵਿਚ ਸਾਡੇ ਕੋਲੋਂ ਵੀ ਵੱਧ ਲਗਨ ਵਾਲੇ ਲੇਖਕ ਪੈਦਾ ਹੋ ਜਾਣ। ਲੇਖਕ ਪੈਦਾ ਹੋਣ ਦਾ ਕੋਈ ਸਮਾਂ ਨਿਸ਼ਚਿਤ ਥੋੜ੍ਹਾ ਹੁੰਦੈ। ਜਿਉਂ ਜਿਉਂ ਬੰਦਾ ਸਿਆਣਾ ਹੁੰਦਾ ਜਾਂਦੈ... ਉਹਦੀਆਂ  ਕਹਾਣੀਆਂ ਹਲਕੀਆਂ ਹੁੰਦੀਆਂ ਜਾਂਦੀਆਂ ਨੇ। ਅਸੀਂ ਕਮਜ਼ੋਰ ਹੋ ਗਏ... ਸਾਡੇ ਸਰੀਰ ਵੀ ਕਮਜ਼ੋਰ ਤੇ ਕਹਾਣੀਆਂ ਵੀ। ਇਹ ਤਾਂ ਚੱਲੀ ਜਾਂਦੈ। ਅਜੇ ਅੰਤਮ ਇੱਛਾ ਦਾ ਸਮਾਂ ਆਇਆ ਨਹੀਂ ਅਸਲ ਵਿਚ। ਉਸ ਵੇਲੇ ਤਕ ਉਡੀਕੋ। ਮੌਤ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਮੌਤ ਬਾਰੇ ਕੋਈ ਵੀ ਆਖਰੀ ਰਾਇ ਨਹੀਂ ਦੇ ਸਕਦਾ। ਜੇ ਕੋਈ ਦਏ ਤਾਂ ਇਹ ਬਹੁਤ ਵੱਡੀ ਬੇਵਕੂਫੀ ਹੈ। ਅੱਡੀਆਂ ਰਗੜ ਕੇ ਮੈਂ ਨਹੀਂ ਮਰਨਾ ਚਾਹੁੰਦਾ। ਮੈਂ ਤਾਂ ਚਾਹੁੰਦਾ ਹਾਂ ਕਿ ਮੇਰੀ ਮੌਤ ਝਟਕੇ ਨਾਲ ਹੀ ਹੋ ਜਾਏ। ਬਸ ਬੰਦਾ ਹੱਸਦਾ ਖੇਡਦਾ ਘਰ ਜਾਏ। ਥੋੜ੍ਹੀ ਦੇਰ ਬਾਅਦ ਹੀ ਖਬਰ ਫੈਲ ਜਾਏ ਕਿ ਭੰਡਾਰੀ ਤੁਰ ਗਿਐ। ਬਸ ਸੁਆਦ ਜਿਹਾ ਆ ਜਾਏ ਮਰਨ ਦਾ। ਇਕ ਪੈਰ ਘਰ ਦੇ ਅੰਦਰ ਤੇ ਇਕ ਬਾਹਰ ਹੋਵੇ ਤੇ ਬੰਦਾ ਫੁਰਰਰਰ...। ਹਰ ਇਨਸਾਨ ਦੀ ਫਿਤਰਤ ਹੁੰਦੀ ਹੈ। ਕਿਸੇ ਨੂੰ ਕੋਈ ਬੰਦਾ ਲੇਖਕ ਨਹੀਂ ਬਣਾ ਸਕਦਾ। ਹਾਂ, ਜ਼ਰੂਰ ਹੈ ਕਿ ਠੁੰਮਣਾ ਜਿਹਾ ਤਾਂ ਮਿਲ ਜਾਂਦਾ ਹੈ। ਹੌਸਲਾ ਜਿਹਾ ਵੱਧ ਜਾਂਦੈ ਕਿ ਮੇਰੀ ਤਾਰੀਫ ਕੀਤੀ ਹੈ ਪਰ ਆਲੋਚਨਾ ਸਹਿਣੀ ਵੀ ਸਿੱਖਣੀ ਚਾਹੀਦੀ ਐ...। ਲੇਕਿਨ, ਬੰਦਾ ਆਪਣੇ ਆਪ ਹੀ ਬਣਦਾ ਹੈ। ਉਹਦੇ ਅੰਦਰ ਹੀ ਕੋਈ ਚੀਜ਼ ਪੈਦਾ ਹੁੰਦੀ ਹੈ। ਇਹਦੇ ਬਾਰੇ ਕੁਛ ਨਿਸ਼ਚਿਤ ਜਿਹੇ ਘੜੇ ਘੜਾਏ ਫਾਰਮੂਲੇ ਨਹੀਂ ਹੁੰਦੇ ਨਾ ਲਿਖਣ ਦੇ ਤੇ ਨਾ ਲੇਖਕ ਪੈਦਾ ਹੋਣ ਦੇ। ਦਾਰੂ ਨਾਲ ਲੇਖਕ ਨੂੰ ਜੋੜਨਾ ਹੀ ਨਹੀਂ ਚਾਹੀਦਾ। ਜਾਂ ਹੋਰ ਐਬਾਂ ਨਾਲ, ਜਿਹੜੇ ਲੋਕਾਂ ਵਿਚ ਹੋਣਗੇ। ਇਹ ਵੀ ਐਬ ਹੈ ਕਿ ਬੰਦਾ ਰੱਬ ਨਾਲ ਜੁੜ ਜਾਂਦੈ। ਪ੍ਰਾਰਥਨਾ ਕਰਦੈ ਸਵੇਰੇ ਉਠ ਕੇ। ਬਾਗਾਂ ਵਿਚ ਜਾਂਦੈ। ਫੁੱਲਾਂ ਨੂੰ ਵੇਖਦਾ ਹੈ। ਖੁਸ਼ਬੂ ਮਾਣਦੈ। ਮੈਂ ਭੋਰਾ ਵੀ ਸੰਤੁਸ਼ਟ ਨਹੀਂ ਹਾਂ। ਗੱਲ ਹੈ ਕਿ ਇਹ ਤਾਂ ਪ੍ਰੋਸੈੱਸ ਦਾ ਨਾਂ ਹੈ। ਕਦੇ ਮਾੜਾ ਲਿਖ ਹੁੰਦਾ ਹੈ ਕਦੇ ਚੰਗਾ... ਆਖਰੀ ਦਮ ਤਕ ਤੁਹਾਡੇ ਹੱਥ ਵਿਚ ਕਲਮ ਹੋਵੇ... ਇਹ ਕਾਰਜ ਕਰਦੇ ਰਹੋ... ਕੁਮੈਂਟ ਦਿੰਦੇ ਰਹੋ... ਇਹ ਗੱਲ ਕਦੇ ਮੁੱਕਣੀ ਨਹੀਂ ਚਾਹੀਦੀ... ਚੱਲਦੀ ਰਹਿਣੀ ਚਾਹੀਦੀ ਹੈ... ਇਸ ਦੇ ਵਿਚ ਕੱਢਣ ਤੇ ਪਾਉਣ ਵਾਲੀ ਕੋਈ ਗੱਲ ਨਹੀਂ, ਜਿਵੇਂ ਮੈਂ ਪਹਿਲਾਂ ਵੀ ਕਿਹੈ...। ਇੰਨੀ ਗੱਲ ਜ਼ਰੂਰ ਹੈ ਕਿ ਮੇਰਾ ਦਿਮਾਗ ਅਜੇ ਹਿੱਲਿਆ ਨਹੀਂ... ਕੰਮ ਕਰਦਾ ਹੈ... ਫਰਜ਼ ਕੀਤਾ ਜੇ ਉਸ ਤਰ੍ਹਾਂ ਦਾ ਸਮਾਂ ਵੀ ਆਇਆ ਦੇਖ ਲਵਾਂਗੇ... ਬੰਦਾ ਉਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਸਕਦੈ... ਪਰ ਅੱਜ ਦੇ ਸਮੇਂ ਤਕ ਦੋਸਤੀਆਂ ਵਧੀਆਂ ਹੀ ਵਧੀਆਂ ਨੇ... ਮੈਨੂੰ ਪਿਆਰ ਮੁਹੱਬਤ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ... ਬਹੁਤ ਵੱਡਾ ਪਰਿਵਾਰ ਹੈ ਮੇਰਾ ਸਾਹਿਤ ਵਿਚ... ਉਨ੍ਹਾਂ ਦੀਆਂ ਵੱਖਰੀਆਂ-ਵੱਖਰੀਆਂ ਰਾਵ੍ਹਾਂ ਨੇ... ਗੱਲ ਇਹ ਹੈ ਕਿ ਬੰਦੇ ਦੀ ਫਿਤਰਤ ਨੂੰ ਸਮਝਣਾ ਚਾਹੀਦੈ... ਮੈਂ ਇਹ ਸਮਝਦਾ ਹਾਂ ਕਿ ਮੈਂ ਬੰਦੇ ਦੀ ਫਿਤਰਤ ਦਾ ਵਿਦਿਆਰਥੀ ਹਾਂ। ਹਾਂ, ਇਹ ਠੀਕ ਹੈ ਕੁਝ ਸਮੇਂ ਐਸੇ ਜ਼ਰੂਰ ਆਉਂਦੇ ਨੇ ਕਿ ਬੰਦਾ ਥੋੜ੍ਹੀ ਦੇਰ ਲਈ ਰੁਕ ਜਾਂਦੈ... ਸਲੋਅ ਹੋ ਜਾਂਦੈ... ਲੇਕਿਨ ਉਹਦੇ ਅੰਦਰ ਕੋਈ ਨਾ ਕੋਈ ਪ੍ਰੋਸੈੱਸ ਚੱਲਦੀ ਰਹਿੰਦੀ ਹੈ... ਪਹਿਲਾਂ ਪਹਿਲਾਂ ਮੈਂ ਖੁਦ ਕਹਿੰਦਾ ਰਿਹਾਂ ਕਿ ਉਸ ਦੀ ਕਹਾਣੀ ਵਿਚ ਰੈਪੀਟੀਸ਼ਨ ਹੈ.. ਪਰ ਜੇਕਰ ਥੋੜ੍ਹਾ ਜਿਹਾ ਗੰਭੀਰ ਹੋ ਕੇ ਸੋਚੋ ਤਾਂ ਅਸੀਂ ਕਹਿਨੇ ਆਂ, ਬਈ ਉਸ ਦੀਆਂ ਕਹਾਣੀਆਂ ਵਿਚ ਡਾਇਮੈਂਸ਼ਨਜ਼ ਬਹੁਤ ਆ ਗਈਆਂ ਸਨ... ਉਹਦਾ ਪਹਿਲੂ ਬਣ ਰਿਹਾ ਹੈ... ਇੱਕੋ ਸ਼ਖਸੀਅਤ ਦੇ ਕਿਤਨੇ ਸਾਰੇ ਪਹਿਲੂ ਹੋ ਸਕਦੇ ਹਨ... ਲੇਕਿਨ ਜਿਊਂਦੇ ਜੀਅ ਤੋਂ ਕਦੇ ਮਾਯੂਸ ਨਾ ਹੋਵੋ...।’’

ਮੋਬਾਈਲ:  94171-73700

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All