ਫ਼ਾਰਸੀਆਂ ਘਰ ਗਾਲ਼ੇ

ਫ਼ਾਰਸੀਆਂ ਘਰ ਗਾਲ਼ੇ

ਹਰਫ਼ਾਂ ਦੇ ਆਰ ਪਾਰ/ ਵਰਿੰਦਰ ਵਾਲੀਆ

ਅਸਾਮ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਹੀਂ ਲੱਭ ਰਹੀਆਂ। ਕਰੀਬ ਦੋ ਸਦੀਆਂ ਪਹਿਲਾਂ (ਸੰਨ 1820) ਵਿੱਚ ਜਦੋਂ ਮਿਆਮੀ (ਬਰਮਾ) ਦੇ ਧਾੜਵੀਆਂ ਨੇ ਅਸਾਮ ’ਤੇ ਹਮਲਾ ਬੋਲਿਆ ਸੀ ਤਾਂ ਉੱਥੋਂ ਦੇ ਰਾਜਾ, ਚੰਦਰਕਾਂਤਾ ਸਿੰਘ ਨੇ ਸਾਂਝੇ ਪੰਜਾਬ ਦੇ ਆਪਣੇ ਹਮਰੁਤਬਾ ਮਹਾਰਾਜਾ ਰਣਜੀਤ ਸਿੰਘ ਤੋਂ ਇਮਦਾਦ ਮੰਗੀ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਚੈਤੰਨਿਆ ਸਿੰਘ ਦੀ ਅਗਵਾਈ ਵਿੱਚ 500 ਸਿੱਖ ਫ਼ੌਜੀਆਂ ਦਾ ਦਸਤਾ ਤੁਰੰਤ ਅਸਾਮ ਕੂਚ ਕਰ ਗਿਆ ਸੀ। ਅਜਿਹਾ ਕਰਕੇ ਪੰਜ ਦਰਿਆਵਾਂ ਦੇ ਮਹਾਰਾਜੇ ਨੇ ਦਰਿਆਦਿਲੀ ਦਾ ਸਬੂਤ ਦਿੱਤਾ ਸੀ। ਤਲੀਆਂ ’ਤੇ ਸਿਰ ਧਰ ਕੇ ਲੜਨ ਵਾਲੇ ਇਨ੍ਹਾਂ ਯੋਧਿਆਂ ਦੀ ਅਸਾਮ ਵਿੱਚ ਖ਼ੂਬ ਜੈ-ਜੈਕਾਰ ਹੋਈ ਅਤੇ ਉਨ੍ਹਾਂ ਆਪਣੀਆਂ ਜੜ੍ਹਾਂ ਓਥੇ ਹੀ ਲਗਾ ਲਈਆਂ। ਦਰਅਸਲ, ਇਹ ਵਰਤਾਰਾ ਪਿਓਂਦ (ਇੱਕ ਬੂਟੇ ਦਾ ਦੂਜੇ ਦੀ ਸ਼ਾਖ ’ਤੇ ਛੱਲਾ ਅੱਖ ਚੜ੍ਹਾਉਣਾ) ਲਗਾਉਣ ਵਰਗਾ ਸੀ। ਜੜ੍ਹਾਂ ਤਾਂ ਉਹ ਹਜ਼ਾਰਾਂ ਕਿਲੋਮੀਟਰ ਪਿੱਛੇ ਆਪਣੀ ਜਨਮ ਭੂਮੀ, ਪੰਜਾਬ ਵਿੱਚ ਛੱਡ ਗਏ ਸਨ। ਅਸਾਮ ਸਿੱਖ ਭਾਈਚਾਰੇ ਦੀ ਗਿਣਤੀ ਭਾਵੇਂ ਹੁਣ ਪੰਜਾਹ ਹਜ਼ਾਰ ਤੋਂ ਵਧ ਗਈ ਹੈ ਪਰ ਪਿਛਲੀਆਂ ਲਗਪਗ ਦੋ ਸਦੀਆਂ ਤੋਂ ਬਾਅਦ ਉਸ ਦੀ ਪਛਾਣ ਇੱਕ ਵੱਡਾ ਮਸਲਾ ਬਣ ਗਿਆ ਜਾਪਦਾ ਹੈ। ਉਨ੍ਹਾਂ ਦੇ ਵੱਡ-ਵਡੇਰੇ ਮਰਜ਼ੀ ਨਾਲ ਆਪਣੀ ਜਨਮ ਭੋਇੰ ਛੱਡ ਕੇ ਨਹੀਂ ਗਏ ਸਨ। ਉਹ ਨਿੱਜੀ ਗਰਜ਼ ਜਾਂ ਲੋਭ-ਲਾਲਚ ਕਰਕੇ ਨਹੀਂ ਸਗੋਂ ਗ਼ੈਰਾਂ ਖਾਤਰ ਆਪਣਾ ਲਹੂ ਡੋਲ੍ਹਣ ਗਏ ਸਨ। ਇਹ ਆਪਣਿਆਂ ਨਾਲ  ਤਿਣਕਾ ਤੋੜਨ ਵਾਲੀ ਗੱਲ ਨਹੀਂ ਸੀ ਕਿਉਂਕਿ ਉਨ੍ਹਾਂ ਦੀਆਂ ਅਸਲ ਜੜ੍ਹਾਂ ਤਾਂ ਪੰਜਾਬ ਵਿੱਚ ਹੀ ਸਨ। ਉਨ੍ਹਾਂ ਦੀਆਂ ਸਾਕ -ਸਕੀਰੀਆਂ ਇੱਥੇ ਸਨ, ਜਿਨ੍ਹਾਂ ਨਾਲ ਉਹ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਕਾਰਨ ਰਾਬਤਾ ਹੀ ਨਾ ਰੱਖ ਸਕੇ। ਆਵਾਜਾਈ, ਸੰਚਾਰ ਅਤੇ ਵਸੀਲਿਆਂ ਦੇ ਸੀਮਤ ਸਾਧਨ ਹੋਣ ਕਾਰਨ ਉਹ ਪੰਜਾਬ ਦੀ ਧਰਤੀ ’ਤੇ ਆਪਣੀਆਂ ਜੜ੍ਹਾਂ ਹਰੀਆਂ ਨਾ ਰੱਖ ਸਕੇ। ਜਦੋਂ 1991 ਵਿੱਚ ਡਾ.ਮਨਮੋਹਨ ਸਿੰਘ ਪਹਿਲੀ ਵਾਰ ਅਸਾਮ ਤੋਂ ਰਾਜ ਸਭਾ ਦੇ ਮੈਂਬਰ ਬਣੇ ਤਾਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਆਸ ਦੀ ਕਿਰਨ ਦਿਸੀ ਸੀ। ਅਸਾਮ ਤੋਂ ਸੰਨ 2007 ’ਚ ਚੌਥੀ ਵਾਰ ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਦੂਜੀ ਵਾਰ ਪ੍ਰਧਾਨ ਮੰਤਰੀ  ਬਣਨ ਦੇ ਬਾਵਜੂਦ ਉੱਥੋਂ ਦੇ ਸਿੱਖਾਂ ਨੂੰ ਆਪਣੀ ਪਛਾਣ ਸਥਾਪਤ ਕਰਨ ਲਈ ਅਜੇ ਵੀ ਭਟਕਣਾ ਪੈ ਰਿਹਾ ਹੈ। ਆਪਣੇ ਮੂਲ ਨੂੰ ਤਲਾਸ਼ਣ ਵਾਲੇ ਅਸਾਮ ਦੇ ਸਿੱਖਾਂ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਉਨ੍ਹਾਂ ਨੂੰ  ਹੁਣ ਪੰਜਾਬੀ ਵੀ ਬੋਲਣੀ ਨਹੀਂ ਆਉਂਦੀ। ਨਵੀਂ ਪੀੜ੍ਹੀ ਦੀ ਮਾਂ-ਬੋਲੀ ਅਸਾਮ ਦੀ ਮਿੱਟੀ ਦੀ ਭਾਸ਼ਾ ਹੈ। ਹਾਂ, ਕਈ ਸਿੱਖਾਂ ਨੇ ਗੁਰਮੁਖੀ ਜ਼ਰੂਰ ਸਿੱਖ ਲਈ ਹੈ ਤਾਂ ਜੋ ਉਹ ਗੁਰਬਾਣੀ ਨੂੰ ਮੂਲ ਲਿਪੀ ਵਿੱਚ ਪੜ੍ਹ ਸਕਣ। ਜੜ੍ਹਾਂ ਦਾ ਅਭਾਵ ਹੈ ਉੱਜੜ ਜਾਣਾ। ਜਿਸ ਅਸਥਾਨ ’ਤੇ ਕੋਈ ਜੜ੍ਹ ਹਰੀ ਨਾ ਰਹੇ, ਉਹ ਵੀਰਾਨ ਹੋ ਜਾਂਦੇ ਹਨ। ਗ਼ੈਰ-ਆਬਾਦ ਜਾਂ ਨਿਰਜਨ ਅਸਥਾਨ ’ਤੇ ਕੋਈ ਰਮਤਾ ਜੋਗੀ ਵੀ ਅਲਖ ਨਹੀਂ ਜਗਾਉਂਦਾ। ਜੇ ਭੁੱਲ-ਭੁਲੇਖੇ ਜਗਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਖ਼ੈਰ ਨਹੀਂ ਪੈਂਦੀ। ਸੰਨ 2009 ਵਿੱਚ ਅਸਾਮੀ ਸਿੱਖ ਭਾਈਚਾਰੇ ਦਾ ਵੱਡਾ ਜਥਾ ਪੰਜਾਬ ਵਿੱਚ ਪਹਿਲੀ ਵਾਰ ਆਪਣੀਆਂ ਜੜ੍ਹਾਂ ਲੱਭਣ ਆਇਆ ਸੀ, ਜੋ ਮਹਿਜ਼ ਤੀਰਥ ਯਾਤਰਾ ਬਣ ਕੇ ਰਹਿ ਗਈ ਸੀ। ਉਨ੍ਹਾਂ ਵਿੱਚੋਂ ਕਈ ਆਪਣੇ ਪੁਰਖਿਆਂ ਦੇ ਪਿੰਡ ਗਏ, ਜਿੱਥੇ ਜਾ ਕੇ ਉਨ੍ਹਾਂ ਨੂੰ ‘ਮਿੱਟੀ ਨਾ ਫਰੋਲ ਜੋਗੀਆ’ ਵਾਲਾ ਅਹਿਸਾਸ ਹੋਇਆ। ਨਿਰਾਸ਼ਾ ਪੱਲੇ ਬੰਨ੍ਹ ਕੇ ਉਹ ਆਪਣੇ ‘ਵਤਨ’ ਅਸਾਮ ਵਾਪਸ ਚਲੇ ਗਏ ਸਨ। ਅਸਾਮੀ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਯਾਤਰਾ ਹਨੇਰੇ ਵਿੱਚ ਤੀਰ ਚਲਾਉਣ ਵਰਗੀ ਸੀ ਕਿਉਂਕਿ ਉਨ੍ਹਾਂ ਨੂੰ ਇੱਥੇ ਪਛਾਣਨ ਵਾਲਾ ਕੋਈ ਨਹੀਂ ਸੀ ਰਹਿ ਗਿਆ। ਅਸਾਮੀ ਸਿੱਖ ਜ਼ਿਆਦਾਤਰ ਨਗਾਓਂ ਅਤੇ ਸੋਨਿਤਪੁਰ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ। ਮਿਹਨਤ-ਮੁਸ਼ੱਕਤ  ਤੋਂ ਬਾਅਦ ਕਈ ਸਿੱਖ ਪਿੰਡਾਂ ਦੇ ਸਰਪੰਚ ਵੀ ਬਣ ਗਏ ਹਨ, ਫਿਰ ਵੀ ਉਨ੍ਹਾਂ ਦੀ ਪਛਾਣ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਅਜਿਹੀ ਸਮੱਸਿਆ ਨਾਲ ਵਣਜਾਰੇ ਅਤੇ ਸਿਕਲੀਗਰ ਸਿੱਖਾਂ ਨੂੰ ਵੀ ਜੂਝਣਾ ਪੈ ਰਿਹਾ ਹੈ। ਇਹ ਸਿੱਖ ਗੁਰੂ ਗੋਬਿੰਦ ਸਿੰਘ ਨਾਲ ਦੱਖਣ ਦੀ ਯਾਤਰਾ ਵੇਲੇ ਨਾਲ ਗਏ ਸਨ। ਇਸ ਤੋਂ ਇਲਾਵਾ ਕਈ ਸਿੱਖ ਫ਼ੌਜੀ ਮਹਾਰਾਜਾ ਰਣਜੀਤ ਸਿੰਘ ਨੇ ਨਿਜ਼ਾਮ ਹੈਦਰਾਬਾਦ ਦੀ ਇਮਦਾਦ ’ਤੇ ਦੱਖਣ ਭੇਜੇ , ਜੋ ਓਥੇ ਹੀ ਵਸ ਗਏ। ਦੱਖਣੀ ਅਤੇ ਅਸਾਮੀ ਸਿੱਖਾਂ ਨੇ ਭਾਵੇਂ ਆਪਣੇ ਸਰੂਪ ਨੂੰ ਸਾਂਭ ਕੇ ਰੱਖਿਆ ਹੋਇਆ ਹੈ, ਫਿਰ ਵੀ ਉਹ ਆਪਣੇ ਪੁਰਖਿਆਂ ਦੀ ਭਾਸ਼ਾ ਤੋਂ ਦੂਰ ਜਾ ਰਹੇ ਹਨ। ਪੰਜਾਬ ਤੋਂ ਬਾਹਰਲੇ ਕਈ ਸੂਬਿਆਂ ਵਿੱਚ ਪਰਵਾਸ ਕਰ ਚੁੱਕੇ ਅਣਗਿਣਤ ਪੰਜਾਬੀ ਵੀ ਅਜਿਹੀ ਤਰਾਸਦੀ ਹੰਢਾ ਰਹੇ ਹਨ। ਸਮੇਂ ਨੇ ਪੰਜਾਬੀਆਂ ਨਾਲ ਕਦੇ ਇਨਸਾਫ਼ ਨਹੀਂ ਕੀਤਾ। ਪੰਜਾਬ ਦੀਆਂ ਭੂਗੋਲਿਕ ਵੰਡੀਆਂ ਤੋਂ ਇਲਾਵਾ ਇੱਥੋਂ ਦੀ ਭਾਸ਼ਾ ਨੂੰ ਫ਼ਿਰਕੂ ਰੰਗ ਦੇਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਹਨ। ਅਸਲੀਅਤ ਇਹ ਹੈ ਕਿ ਪੰਜਾਬੀ ਦੀ ਹੋਂਦ ਸਿੱਖ ਧਰਮ ਦੇ ਪੈਦਾ ਹੋਣ ਤੋਂ ਵੀ ਪਹਿਲਾਂ ਸੀ। ਸਾਂਝੇ ਪੰਜਾਬ ਦੀ ਬੋਲੀ ਵੀ ਸਾਂਝੀ ਹੈ। ਇਸ ਸਾਂਝ ਨੂੰ ਮੁੜ ਹੁਲਾਰਾ ਦੇਣ ਲਈ ਪਟਿਆਲੇ ਦੀ ਧਰਤੀ, ਜਿਸ ਨੂੰ ‘ਬਾਬਾ ਆਲਾ ਸਿੰਘ ਦਾ ਘਰ’ ਕਿਹਾ ਜਾਂਦਾ ਹੈ, ਤੋਂ ਮੁੜ ਕੋਸ਼ਿਸ਼ਾਂ  ਸ਼ੁਰੂ ਹੋਈਆਂ ਹਨ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਲਈ ਇਹ ਉਪਰਾਲਾ ਦੂਰਗਾਮੀ ਸਾਬਤ ਹੋਵੇਗਾ। ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਨੂੰ ਸਮਰਪਤ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਸੰਨ 1962 ਵਿੱਚ ਹੋਈ ਸੀ। ਹਿਬਰਿਉ ਤੋਂ ਬਾਅਦ ਦੁਨੀਆਂ ਦੀ ਇਹ ਪਹਿਲੀ ਯੂਨੀਵਰਸਿਟੀ ਹੈ ਜੋ ਭਾਸ਼ਾ ਦੇ ਨਾਂ ’ਤੇ ਹੋਂਦ ਵਿੱਚ ਆਈ ਹੈ। ਯੂਨੀਵਰਸਿਟੀ ਦੀ ਗੋਲਡਨ ਜੁਬਲੀ ਦੇ ਅਵਸਰ ’ਤੇ ਪੰਜਵੀਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਕਰ ਕੇ ਇਸ ਨੇ ਸਮੁੱਚੇ ਪੰਜਾਬੀਆਂ ਦੀ ਭਾਸ਼ਾਈ ਤੇ ਸਾਹਿਤਕ ਚੇਤਨਾ ਨੂੰ ਟੁੰਬਣ ਦਾ ਯਤਨ ਕੀਤਾ ਹੈ। ਪੰਜਾਬੀ ਭਾਈਚਾਰਾ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਦੁਨੀਆਂ ਦੇ ਤਕਰੀਬਨ 150 ਮੁਲਕਾਂ ਦਾ ਵਾਸੀ ਜਾਂ ਪਰਵਾਸੀ ਬਣ ਕੇ ਰਹਿ ਰਿਹਾ ਹੈ। ਵੰਡੀ ਹੋਈ ਪੰਜਾਬੀਅਤ ਦੀਆਂ ਸੀਮਾਵਾਂ ਅਤੇ ਸਮੱਸਿਆਵਾਂ ਵੱਖਰੀਆਂ-ਵੱਖਰੀਆਂ ਹਨ। ਇੱਕ ਧਿਰ ਵੱਲੋਂ ਗੁਰਮੁਖੀ ਲਿਪੀ ਪ੍ਰਚੱਲਤ ਹੋਣ ਦਾ ਜਵਾਬ ਦੂਜੀ ਧਿਰ ਵੱਲੋਂ ਸ਼ਾਹਮੁਖੀ ਲਿਪੀ ਵਿੱਚ ਮਿਲਿਆ ਸੀ।   ਕਿਸੇ ਤੀਸਰੀ ਧਿਰ ਨੇ ਪੰਜਾਬੀ ਨੂੰ ਲਿਖਣ ਲਈ ਦੇਵਨਾਗਰੀ ਦਾ ਲਿਬਾਸ ਪਾਉਣ ਦੀ ਵਕਾਲਤ ਕੀਤੀ। ਪੰਜਾਬੀ ਭਾਸ਼ਾ ਦੀ ਇਹ ਬਦਕਿਸਮਤੀ ਹੀ ਸਮਝੋ ਕਿ ਇਸ ਨੂੰ ਬੋਲਣ ਅਤੇ ਲਿਖਣ ਵਾਲੇ ਵੰਡੇ ਗਏ। ਪੰਜਾਬ ਵਿੱਚੋਂ ਵੱਖ ਹੋਏ ਹਰਿਆਣੇ ਵਿੱਚ ਦੂਜੀ ਭਾਸ਼ਾ ਤੇਲਗੂ ਠੋਸਣ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਇੱਕ ਹੋਰ ਦਰਾੜ ਪੈ ਗਈ ਸੀ। ਕਈ ਵਰ੍ਹਿਆਂ ਬਾਅਦ ਹਰਿਆਣੇ ਦੇ ਸਮੁੱਚੇ ਭਾਈਚਾਰੇ ਨੇ ਆਪਣੀ ਮਾਂ-ਬੋਲੀ ਦੇ ਮਹੱਤਵ ਨੂੰ ਪਛਾਣਿਆ ਅਤੇ ਸਾਂਝੇ ਮੋਰਚੇ ਤੋਂ ਬਾਅਦ ਇਸ ਨੂੰ ਦੂਜਾ ਦਰਜਾ ਦਿਵਾਇਆ ਹੈ। ਹਰਿਆਣੇ ਦੇ ਪੰਜਾਬੀਆਂ ਵਾਂਗ ਦੂਜਿਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਪੰਜਾਬੀ ਕਿਸੇ ਇੱਕ ਫਿਰਕੇ ਦੀ ਬਜਾਏ ਸਮੁੱਚੇ ਪੰਜਾਬੀ ਭਾਈਚਾਰੇ ਦੀ ਬੋਲੀ ਹੈ ਜੋ ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਕਈ ਸਦੀਆਂ ਪਹਿਲਾਂ ਵੀ ਪ੍ਰਚੱਲਤ ਸੀ। ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਨੂੰ ਸੰਪਰਕ ਭਾਸ਼ਾ ਜਾਂ ਬੋਲੀ ਦੇ ਤੌਰ ’ਤੇ ਵਰਤਣ ਵਿੱਚ ਕੋਈ ਹਰਜ ਨਹੀਂ ਕਿਉਂਕਿ ਵਿਸ਼ਵੀਕਰਨ ਵਿੱਚ ਇਸ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਪਰ ਅਜਿਹਾ ਕਰਦਿਆਂ ਮਾਂ-ਬੋਲੀ ਦੀ ਕੁਰਬਾਨੀ ਦੇਣਾ ਬਹੁਤ ਵੱਡਾ ਗੁਨਾਹ ਹੋਵੇਗਾ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਵੀ ਰਾਜ ਭਾਸ਼ਾ ਪੰਜਾਬੀ ਦੀ ਬਜਾਏ ਫ਼ਾਰਸੀ ਸੀ ਜਿਸ ਕਰਕੇ ਮਾਂ-ਬੋਲੀ ਨੂੰ ਆਉਣ ਵਾਲੀਆਂ ਸਦੀਆਂ ਵਿੱਚ ਨੁਕਸਾਨ ਹੋਇਆ। ਦੂਜੇ ਪਾਸੇ ਲਛਮਣ ਸਿੰਘ ਗਿੱਲ ਵਰਗੇ ਮੁੱਖ ਮੰਤਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਜਿਸ ਨੇ ਪੰਜਾਬੀ ਭਾਸ਼ਾ ਐਕਟ ਬਣਾ ਕੇ ਮਾਂ-ਬੋਲੀ ਦਾ ਕਰਜ਼ ਉਤਾਰਿਆ। ਸੰਨ 2008 ਵਿੱਚ ਭਾਸ਼ਾ ਸੋਧ ਬਿੱਲ ਮੁੜ ਪਾਸ ਕੀਤਾ ਗਿਆ ਪਰ ਇਸ ਵਿੱਚ ਅਜਿਹੀਆਂ ਕਮੀਆਂ-ਪੇਸ਼ੀਆਂ ਰਹਿ ਗਈਆਂ ਹਨ ਜਿਸ ਕਰਕੇ ਪੰਜਾਬੀ ਨੂੰ ਸਹੀ ਮਾਅਨਿਆਂ ਵਿੱਚ ਸਰਕਾਰ ਦੀ ਭਾਸ਼ਾ ਬਣਨ ਵਿੱਚ ਅੜਚਣਾਂ ਪੈਦਾ ਹੋ ਰਹੀਆਂ ਹਨ। ਇਸ ਕਰਕੇ ਪੰਜਾਬੀ ਦਾ ਵਰਤਮਾਨ ਸੰਕਟਗ੍ਰਸਤ ਹੈ ਜਿਸ ਬਾਰੇ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ। ਜਿਸ ਭਾਸ਼ਾ ਨੇ ਸਦੀਆਂ ਤੋਂ ਗਿਆਨ-ਵਿਗਿਆਨ, ਦਰਸ਼ਨ ਅਤੇ ਭਾਸ਼ਾ-ਜਜ਼ਬਿਆਂ ਨੂੰ ਸਾਂਭ ਕੇ ਰੱਖਿਆ ਹੈ, ਉਸ ਨੂੰ ਮੌਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਪੰਜਾਬੀਆਂ ਨੂੰ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀ ਗ਼ੁਲਾਮ ਮਾਨਸਿਕਤਾ ਤੋਂ ਮੁਕਤ ਕਰਵਾਉਣ ਲਈ ਜਾਗੋ ਕੱਢਣ ਦੀ ਲੋੜ ਹੈ। ਫਿਰੋਜ਼ਦੀਨ ਸ਼ਰਫ ਦਾ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਨਿੱਘਾ ਪਿਆਰ ਅਤੇ ਮਾਣ ‘ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ’ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਆਪਣੀ ਬੋਲੀ ਨੂੰ ਤਿਲਾਂਜਲੀ ਦੇਣ ਵਾਲਿਆਂ ਦਾ ਹਸ਼ਰ ਆਬ ਕਹਿ ਕੇ ਪਾਣੀ ਮੰਗਣ ਵਾਲਿਆਂ ਦਾ ਹੁੰਦਾ ਹੈ ਜਿਹੜੇ ਤ੍ਰਿਹਾਏ ਮਰ ਜਾਂਦੇ ਹਨ: ਜੇ ਮੈਂ ਜਾਣਾ ਮੰਗੇ ਪਾਣੀ ਭਰ ਭਰ ਦਿਆਂ ਪਿਆਲੇ ਆਬ ਆਬ ਕਰ ਮੋਇਓਂ ਬੱਚੜਾ ਫ਼ਾਰਸੀਆਂ ਘਰ ਗਾਲ਼ੇ     *

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All