ਜ਼ਿੱਦ

ਹਰਵਿੰਦਰ ਸਿੰਘ ‘ਰੋਡੇ’ ਮਨੁੱਖੀ ਵਿਹਾਰ

ਕੁੱਜੇ ਵਿਚ ਹਾਥੀ ਪਾਇਆ ਨਹੀਂ ਜਾ ਸਕਦਾ, ਪਰ ਇਸ ਲਈ ਜ਼ਿੱਦ ਕੀਤੀ ਜਾ ਸਕਦੀ ਹੈ। ਜ਼ਿੱਦ ਜੰਗ ਨਾਲੋਂ ਵੀ ਭੈੜਾ ਵਤੀਰਾ ਹੈ। ਜੰਗ ਬਿਗਾਨਿਆਂ ਨਾਲ ਲੜੀ ਜਾਂਦੀ ਹੈ, ਪਰ ਜ਼ਿੱਦ ਆਪਣਿਆਂ ਨਾਲ ਕੀਤੀ ਜਾਂਦੀ ਹੈ। ਜ਼ਿੱਦ ਵਿਚ ਦੋਵੇਂ ਧਿਰਾਂ ਹਾਰਦੀਆਂ ਹੀ ਹਨ, ਜਿੱਤਦਾ ਕੋਈ ਵੀ ਨਹੀਂ। ਜ਼ਿੱਦ ਕਰਕੇ ਖ਼ਰੀਦੀ ਗਈ ਚੀਜ਼ ਮਹਿਜ਼ ਪੈਸੇ ਹੀ ਬਰਬਾਦ ਕਰਦੀ ਹੈ, ਸਹੂਲਤਾਂ ਨਹੀਂ ਦਿੰਦੀ। ਜ਼ਿੱਦ ਕਰਕੇ ਖ਼ਰੀਦੀ ਜਾਣ ਵਾਲੀ ਚੀਜ਼ ਵਿਚ ਕਾਹਲ ਹੁੰਦੀ ਹੈ ਅਤੇ ਕਾਹਲ ਵਿਚ ਖ਼ਰੀਦੀ ਜਾਣ ਵਾਲੀ ਵਸਤੂ ਹੰਢਣਸਾਰ ਨਹੀਂ ਹੋਵੇਗੀ। ਮਾਪੇ ਬੱਚਿਆਂ ਦੀ ਛੋਟੀ-ਛੋਟੀ ਜ਼ਿੱਦ ਨੂੰ ਸਿੱਧੇ-ਅਸਿੱਧੇ ਰੂਪ ਵਿਚ ਪੂਰਾ ਕਰਦੇ ਹਨ। ਬੱਚਿਆਂ ਤੇ ਮਾਪਿਆਂ ਦਾ ਇਹੀ ਸੁਭਾਅ ਕਈ ਵਾਰੀ ਵਿਕਰਾਲ ਰੂਪ ਵੀ ਧਾਰਨ ਕਰ ਜਾਂਦਾ ਹੈ। ਬੱਚਾ ਆਪਣੀ ਕਿਸੇ ਵੀ ਜ਼ਿੱਦ ਨੂੰ ਪੁਗਾਏ ਜਾਣ ਤੋਂ ਬਾਅਦ ਆਪਣੇ-ਆਪ ਨੂੰ ਜੇਤੂ ਜਰਨੈਲ ਸਮਝਦਾ ਹੈ। ਇਕ ਜ਼ਿੱਦ ਪੂਰੀ ਹੋਣ ਤੋਂ ਬਾਅਦ ਉਹਦੇ ਮਨ ਵਿਚ ਨਵੀਂ ਜ਼ਿੱਦ ਪੈਦਾ ਹੋ ਜਾਂਦੀ ਹੈ। ਜਿਉਂ-ਜਿਉਂ ਬੱਚੇ ਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਤਿਉਂ-ਤਿਉਂ ਉਸ ਦੀ ਜ਼ਿੱਦ ਵੀ ਵੱਡੀ ਹੁੰਦੀ ਜਾਂਦੀ ਹੈ। ਛੋਟੇ ਹੁੰਦਿਆਂ ਮੇਲੇ ਵਿਚੋਂ ਕਾਰ ਖ਼ਰੀਦਣ ਦੀ ਜ਼ਿੱਦ ਕਰਨ ਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਬਾਰਾਂ-ਚੌਦਾਂ ਸਾਲ ਦੀ ਉਮਰ ਵਿਚ ਵੱਡਾ ਮੋਬਾਈਲ ਲੈਣ ਦੀ ਜ਼ਿੱਦ ਕਰਦਾ ਹੈ। ਫਿਰ ਜਦ ਸਤਾਰਵੇਂ-ਅਠਾਰਵੇਂ ਸਾਲ ਵਿਚ ਪ੍ਰਵੇਸ਼ ਕਰਦਾ ਹੈ ਤਾਂ ਮੋਟਰਸਾਈਕਲ ਲੈਣ ਦੀ ਜ਼ਿੱਦ ਕਰਦਾ ਹੈ। ਉਸ ਦਾ ਸੁਭਾਅ ਪਹਿਲਾਂ ਤੋਂ ਹੀ ਆਪਣੀ ਜ਼ਿੱਦ ਨੂੰ ਹਰ ਹਾਲਤ ਵਿਚ ਪੁਗਾਉਣ ਦਾ ਬਣ ਗਿਆ ਹੁੰਦਾ ਹੈ। ਇਸ ਲਈ ਕਈ ਵਾਰੀ ਮਾਪਿਆਂ ਤੋਂ ਮਜ਼ਬੂਰੀਵੱਸ ਕਿਸੇ ਗੱਲ ਨੂੰ ਪੂਰਾ ਨਾ ਕੀਤੇ ਜਾਣ ਦੇ ਖ਼ਤਰਨਾਕ ਸਿੱਟੇ ਵੀ ਨਿਕਲਦੇ ਹਨ। ਜਿਨ੍ਹਾਂ ਨੌਜਵਾਨਾਂ ਦੀ ਬਾਲ ਅਵਸਥਾ ਵਿਚ ਹਰ ਜ਼ਿੱਦ ਪੁਗਾਈ ਜਾਂਦੀ ਰਹੀ ਹੋਵੇ, ਅਕਸਰ ਹੀ ਜਵਾਨੀ ਵਿਚ ਆਪਣੀ ਕੋਈ ਜ਼ਿੱਦ ਪੂਰੀ ਨਾ ਕਰਨ ਦੀ ਸੂਰਤ ਵਿਚ ਕੋਈ ਜ਼ਹਿਰੀਲੀ ਦਵਾਈ ਪੀ ਲੈਣ ਜਾਂ ਕਿਸੇ ਹੋਰ ਢੰਗ ਨਾਲ ਜਾਣ-ਬੁੱਝ ਕੇ ਜਾਨੋਂ ਮਰਦੇ ਜਾਂ ਇਉਂ ਕਰਨ ਦੀਆਂ ਧਮਕੀਆਂ ਆਪਣੇ ਮਾਪਿਆਂ ਨੂੰ ਦਿੰਦੇ ਹਨ। ਜ਼ਿੱਦ ਕਰ ਰਿਹਾ ਮਨੁੱਖ ਆਪਣਾ-ਆਪ ਸਹੀ ਹੋਣ ਦਾ ਦਾਅਵਾ ਕਰ ਰਿਹਾ ਹੁੰਦਾ ਹੈ। ਅਜਿਹਾ ਵਿਅਕਤੀ ਕਦੇ ਵੀ ਸਾਹਮਣੇ ਵਾਲੇ ਵਿਅਕਤੀ ਦੀ ਜਗ੍ਹਾ ਖੜ੍ਹ ਕੇ ਉਸ ਦੇ ਨਜ਼ਰੀਏ ਨਾਲ ਨਹੀਂ ਵੇਖਦਾ। ਬਿਲਕੁਲ ਉਵੇਂ, ਜਿਵੇਂ ਧਰਤ ’ਤੇ ਲਿਖੇ ਗਣਿਤ ਦੇ ਅੱਖਰ ਛੇ ਜਾਂ ਨੌਂ ਦੇ ਖੁੱਲ੍ਹੇ ਸਿਰੇ ’ਤੇ ਖੜ੍ਹੇ ਵਿਅਕਤੀ ਨੂੰ ਉਹੀ ਅੱਖਰ ਨੌਂ ਜਾਪ ਰਿਹਾ ਹੁੰਦਾ ਹੈ ਜਦੋਂਕਿ ਬੰਦ ਪਾਸੇ ਵੱਲ ਖੜ੍ਹੇ ਵਿਅਕਤੀ ਨੂੰ ਉਹੀ ਅੱਖਰ ਛੇ ਪ੍ਰਤੀਤ ਹੁੰਦਾ ਹੈ। ਸਹੀ ਦੋਵੇਂ ਹੁੰਦੇ ਹਨ, ਪਰ ਜ਼ਿੱਦ ਕਾਰਨ ਦੋਵੇਂ ਹੀ ਇਕ ਦੂਜੇ ਨੂੰ ਗ਼ਲਤ ਠਹਿਰਾ ਰਹੇ ਹੁੰਦੇ ਹਨ। ਭਰਮ ਤਾਂ ਹੀ ਮਿਟ ਸਕਦਾ ਹੈ ਜੇਕਰ ਉਹ ਇਕ-ਦੂਜੇ ਦੀ ਥਾਂ ਗ੍ਰਹਿਣ ਕਰਕੇ ਵੇਖਣ। ਕਈ ਵਿਅਕਤੀ ਖਾਣਾ ਖਾਣ ਦੀ ਜ਼ਿੱਦ ਕਰਦੇ ਹਨ। ਅਜਿਹੀ ਜ਼ਿੱਦ ਵਾਲੇ ਵਿਅਕਤੀ ਇਕ ਦੂਜੇ ਨਾਲ ਜ਼ਿੱਦ ਵਿਚ ਵੱਧ ਖਾਣ ਦੀਆਂ ਸ਼ਰਤਾਂ ਲਾਉਂਦੇ ਹਨ। ਜ਼ਿੱਦ ਕਰਕੇ ਖਾਧਾ ਗਿਆ ਭੋਜਨ ਸਿਹਤ ਲਈ ਲਾਭਕਾਰੀ ਹੋਣ ਦੀ ਬਜਾਏ ਹਾਨੀਕਾਰਕ ਹੁੰਦਾ ਹੈ। ਜ਼ਿੱਦੀ ਮਨੁੱਖ ਭੁੱਖ ਤੋਂ ਬਗ਼ੈਰ ਭੋਜਨ ਖਾਂਦਾ ਹੈ। ਜ਼ਿੱਦ ਕਰਦੇ ਵਕਤ ਸਾਡੇ ਸਰੀਰ ਵਿਚ ਭੋਜਨ ਪਚਾਉਣ ਵਾਲੇ ਐਨਜ਼ਾਈਮ ਤਿਆਰ ਨਹੀਂ ਹੁੰਦੇ ਕਿਉਂਕਿ ਸਾਡਾ ਮਕਸਦ ਸਿਰਫ਼ ਖਾਣਾ ਹੁੰਦਾ ਹੈ ਨਾ ਕਿ ਪਚਾਉਣਾ। ਸਰੀਰ ਉਵੇਂ ਹੀ ਕੰਮ ਕਰਦਾ ਹੈ ਜਿਵੇਂ ਸਾਡਾ ਦਿਮਾਗ਼ ਸੰਕੇਤ ਦਿੰਦਾ ਹੈ। ਭੋਜਨ ਨਾ ਪਚਣ ਦਾ ਮੁੱਖ ਕਾਰਨ ਹੀ ਇਹ ਹੁੰਦਾ ਹੈ ਕਿ ਜ਼ਿੱਦ ਭੋਜਨ ਖਾਣ ਦੀ ਕੀਤੀ ਗਈ ਹੁੰਦੀ ਹੈ ਨਾ ਕਿ ਭੋਜਨ ਪਚਾਉਣ ਦੀ। ਜ਼ਿੱਦ ਕਰਨ ਨਾਲ ਸਮਾਂ ਤੇ ਊਰਜਾ ਦੋਵੇਂ ਬਰਬਾਦ ਹੁੰਦੇ ਹਨ। ਤੰਗ ਪੁਲ ’ਤੇ ਆਹਮੋ-ਸਾਹਮਣੇ ਆ ਰਹੀਆਂ ਗੱਡੀਆਂ ਇਕੋ ਵੇਲੇ ਪੁਲ ਨੂੰ ਪਾਰ ਨਹੀਂ ਕਰ ਸਕਦੀਆਂ। ਜੇਕਰ ਦੋਵੇਂ ਇਕ-ਦੂਜੇ ਤੋਂ ਪਹਿਲਾਂ ਲੰਘਣ ਦੀ ਜ਼ਿੱਦ ਕਰਨ ਤਾਂ ਦੋਵਾਂ ਦੀ ਜਾਨ ਜੋਖ਼ਿਮ ਵਿਚ ਪੈ ਸਕਦੀ ਹੈ। ਇਕ ਵਿਅਕਤੀ ਰਾਹ ਛੱਡ ਕੇ ਦੂਜੇ ਨੂੰ ਪਹਿਲਾਂ ਲੰਘ ਜਾਣ ਦੇਵੇ ਤਾਂ ਇਸ ਨਾਲ ਉਨ੍ਹਾਂ ਦੋਹਾਂ ਦਾ ਸਮਾਂ ਵੀ ਬਚੇਗਾ ਤੇ ਊਰਜਾ ਵੀ। ਜ਼ਿੱਦ ਨਾਲ ਦੋਹਾਂ ਧਿਰਾਂ ਵਿਚ ਆਪਸੀ ਦਰਾੜ ਹੀ ਪੈਦਾ ਹੁੰਦੀ ਹੈ, ਕੰਮ ਕਿਸੇ ਦਾ ਵੀ ਸਿਰੇ ਨਹੀਂ ਚੜ੍ਹਦਾ। ਇਕ ਵਾਰੀ ਕਿਸੇ ਔਰਤ ਦੀ ਦੂਰ ਦੀ ਰਿਸ਼ਤੇਦਾਰੀ ਵਿਚ ਵਿਆਹ ਸੀ। ਉਸ ਦੇ ਪਤੀ ਨੇ ਉਸ ਨੂੰ ਜਾਗੋ ’ਤੇ ਇਕੱਲਿਆਂ ਚਲੀ ਜਾਣ ਦੀ ਗੱਲ ਕਹੀ। ਸ਼ਾਇਰ ਸੁਭਾਅ ਦੇ ਪਤੀ ਨੇ ਰਾਤ ਨੂੰ ਕਿਸੇ ਮੁਸ਼ਾਇਰੇ ਵਿਚ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਪਤਨੀ ਦੀ ਜ਼ਿੱਦ ਸੀ ਕਿ ਤੁਹਾਡਾ ਜਾਗੋ ਵਿਚ ਹੋਣਾ ਜ਼ਿਆਦਾ ਲਾਜ਼ਮੀ ਹੈ। ਪਤੀ ਦੀ ਜ਼ਿੱਦ ਸੀ ਕਿ ਮੇਰਾ ਮੁਸ਼ਾਇਰੇ ਵਿਚ ਜਾਣਾ ਲਾਜ਼ਮੀ ਹੈ, ਉੱਥੇ ਵੱਡੇ-ਵੱਡੇ ਸ਼ਾਇਰ ਆਉਣੇ ਹਨ। ਦੋਵੇਂ ਆਪਣੀ-ਆਪਣੀ ਜ਼ਿੱਦ ’ਤੇ ਅੜੇ ਰਹੇ। ਨਾ ਪਤੀ ਤੋਂ ਮੁਸ਼ਾਇਰੇ ਵਿਚ ਜਾਇਆ ਗਿਆ ਤੇ ਨਾ ਪਤਨੀ ਤੋਂ ਜਾਗੋ ’ਤੇ। ਜ਼ਿੱਦ ਮਨੁੱਖ ਨੂੰ ਗੁੱਸੇਖੋਰ ਬਣਾਉਂਦੀ ਹੈ। ਜ਼ਿੱਦ ਕਰਨੀ ਹੋਛੇਪਣ ਦੀ ਨਿਸ਼ਾਨੀ ਹੁੰਦੀ ਹੈ। ਵੈਸ਼ਨੋ ਵਿਆਹਾਂ ਵਿਚ ਸ਼ਰਾਬ ਪੀਣ ਦੀ ਜ਼ਿੱਦ ਕਰਨ ਵਾਲੇ ਵਿਅਕਤੀ ਅਸਲ ਵਿਚ ਖ਼ੁਸ਼ੀ ਦੇ ਸਮਾਗਮ ਨੂੰ ਗ਼ਮੀ ਵਿਚ ਬਦਲਣ ਦੀ ਜ਼ਿੱਦ ਕਰ ਰਹੇ ਹੁੰਦੇ ਹਨ। ਜ਼ਿੱਦ ਕਰਦੇ ਵਕਤ ਮਨੁੱਖ ਇਸ ਦੇ ਭਿਆਨਕ ਨਤੀਜਿਆਂ ਤੋਂ ਅਚੇਤ ਹੁੰਦਾ ਹੈ। ਜਮਾਤ ਵਿਚ ਟੈਸਟ ਨਾ ਦੇਣ ਦੀ ਜ਼ਿੱਦ ਕਰਨ ਵਾਲੇ ਬੱਚਿਆਂ ਨੂੰ ਇਮਤਿਹਾਨਾਂ ਵੇਲੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿੱਦ ਮਾਨਸਿਕ ਸੰਤੁਲਨ ਵਿਚ ਵਿਗਾੜ ਪੈਦਾ ਕਰਦੀ ਹੈ। ਇਹ ਨਵੀਆਂ ਮੁਸੀਬਤਾਂ ਸਹੇੜਦੀ ਤੇ ਨਵੇਂ ਦੁੱਖਾਂ ਨੂੰ ਜਨਮ ਦਿੰਦੀ ਹੈ। ਇਕ ਲੜਕੀ ਦੀ ਜ਼ਿੱਦ ਸੀ ਕਿ ਉਹ ਆਪਣੇ ਪ੍ਰੇਮੀ ਨਾਲ ਹੀ ਵਿਆਹ ਕਰਵਾਏਗੀ। ਮਾਪਿਆਂ ਦੀ ਜ਼ਿੱਦ ਸੀ ਕਿ ਉਹ ਉਹਦੇ ਪ੍ਰੇਮੀ ਨਾਲ ਵਿਆਹ ਨਹੀਂ ਹੋਣ ਦੇਣਗੇ। ਇਸੇ ਕਸ਼ਮਕਸ਼ ਵਿਚ ਲੜਕੀ ਨੇ ਭੱਜ ਜਾਣ ਦੀ ਸੋਚੀ। ਜਦੋਂ ਤਕ ਉਹਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਵੇਲਾ ਬੀਤ ਚੁੱਕਿਆ ਸੀ। ਘਰ ਜਾਣ ਬਾਰੇ ਉਹ ਸੋਚ ਵੀ ਨਹੀਂ ਸਕਦੀ ਸੀ, ਮਾਨਸਿਕ ਸੰਤੁਲਨ ਇੱਥੋਂ ਤਕ ਵਿਗੜ ਗਿਆ ਕਿ ਉਹਨੇ ਖ਼ੁਦਕੁਸ਼ੀ ਕਰ ਲਈ। ਨਾ ਆਪਣੇ ਪ੍ਰੇਮੀ ਨਾਲ ਰਹਿ ਸਕੀ ਤੇ ਨਾ ਪਰਿਵਾਰ ਨਾਲ ਅਤੇ ਫਿਰ ਵੀ ਆਪਣੇ ਪਰਿਵਾਰ ਤੇ ਪ੍ਰੇਮੀ ਦੋਹਾਂ ਲਈ ਨਵੀਆਂ ਸਮੱਸਿਆਵਾਂ ਉਪਜਾ ਗਈ। ਸਾਨੂੰ ਸਾਡੀ ਜ਼ਿੱਦ ਪੁੱਗਣ ਵਿਚ ਅੜਿੱਕਾ ਬਣਨ ਵਾਲਾ ਵਿਅਕਤੀ ਆਪਣਾ ਹੁੰਦਾ ਹੋਇਆ ਵੀ ਬੇਗਾਨਾ ਤੇ ਬੁਰਾ ਲੱਗਣ ਲੱਗਦਾ ਹੈ। ਬੱਚੇ ਦਾ ਸਭ ਤੋਂ ਜ਼ਿਆਦਾ ਪਿਆਰ ਆਪਣੀ ਮਾਂ ਨਾਲ ਹੁੰਦਾ ਹੈ, ਪਰ ਜੇਕਰ ਮਾਂ ਬੱਚੇ ਦੀ ਜ਼ਿੱਦ ਨਾ ਪੁੱਗਣ ਦੇਵੇ ਤਾਂ ਬੁਰੀ ਲੱਗਣ ਲੱਗਦੀ ਹੈ। ਇਕ ਵਾਰੀ ਅੱਗ ਕੋਲ ਬੈਠਾ ਬੱਚਾ ਅੱਗ ਦੇ ਭਬੂਕਿਆਂ, ਇਸ ਦੇ ਤੇਜ ਪ੍ਰਤਾਪ ਤੋਂ ਬੜਾ ਪ੍ਰਭਾਵਿਤ ਹੋ ਰਿਹਾ ਸੀ। ਉਹ ਵਾਰ-ਵਾਰ ਅੱਗ ਵਿਚ ਹੱਥ ਪਾ ਕੇ ਅੱਗ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਮਾਂ ਵਾਰ-ਵਾਰ ਉਹਨੂੰ ਰੋਕ ਰਹੀ ਸੀ ਤਾਂ ਬੱਚੇ ਨੇ ਸੋਚਿਆ ਕਿ ਮਾਂ ਉਹਦੀ ਸਭ ਤੋਂ ਵੱਡੀ ਦੁਸ਼ਮਣ ਹੈ ਜੋ ਉਹਨੂੰ ਏਨੇ ਸੋਹਣੇ ਰੰਗਾਂ ਵਾਲੀ ਅੱਗ ਨੂੰ ਹੱਥ ਨਹੀਂ ਲਾਉਣ ਦਿੰਦੀ। ਪਰ ਮਾਂ ਅੱਗ ਦੇ ਸੁਭਾਅ ਤੋਂ ਜਾਣੂ ਸੀ, ਉਹਨੂੰ ਪਤਾ ਸੀ ਜੇਕਰ ਬੱਚੇ ਨੇ ਅੱਗ ਵਿਚ ਹੱਥ ਪਾਇਆ ਤਾਂ ਹੱਥ ਸੜ ਜਾਵੇਗਾ। ਜ਼ਿੱਦ ਦੇ ਬੁਰੇ ਨਤੀਜਿਆਂ ਤੋਂ ਬਚਣ ਲਈ ਸਾਨੂੰ ਹਮੇਸ਼ਾ ਠਰ੍ਹੰਮੇ ਤੋਂ ਕੰਮ ਲੈਣਾ ਚਾਹੀਦਾ ਹੈ। ਸਾਹਮਣੇ ਵਾਲੇ ਵਿਅਕਤੀ ਦੇ ਨਜ਼ਰੀਏ ਨੂੰ ਸਮਝ ਕੇ ਜ਼ਿੱਦ ਦਾ ਹੱਲ ਬੜੇ ਸੌਖਿਆਂ ਹੀ ਕੀਤਾ ਜਾ ਸਕਦਾ ਹੈ। ਜੇਕਰ ਕਰਨੀ ਹੀ ਹੈ ਤਾਂ ਇਮਤਿਹਾਨਾਂ ਵਿਚੋਂ ਚੰਗੇ ਨੰਬਰ ਲੈਣ ਅਤੇ ਮਿਹਨਤ ਮੁਸ਼ੱਕਤ ਨਾਲ ਜ਼ਿੰਦਗੀ ਵਿਚ ਨਵੀਆਂ ਮੰਜ਼ਿਲਾਂ ਨੂੰ ਸਰ ਕਰਨ ਦੀ ਜ਼ਿੱਦ ਕਰੋ।

ਸੰਪਰਕ: 98889-79308

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All