ਗ਼ਦਰ ਲਹਿਰ ਦਾ ਲਾਸਾਨੀ ਚਿੰਤਕ ਗਿਆਨੀ ਭਗਵਾਨ ਸਿੰਘ

ਗ਼ਦਰ ਲਹਿਰ ਦਾ ਲਾਸਾਨੀ ਚਿੰਤਕ ਗਿਆਨੀ ਭਗਵਾਨ ਸਿੰਘ

ਸੁੁਖਦੇਵ ਸਿੰਘ ਸੋਹਲ (ਪ੍ਰੋ.)*

ਗ਼ਦਰ ਲਹਿਰ ਨਾ ਸਿਰਫ਼ ਰਾਜਨੀਤਕ ਸਗੋਂ ਸਾਹਿਤਕ ਅਤੇ ਸੱਭਿਆਚਾਰਕ ਲਹਿਰ ਵੀ ਸੀ। ਇਸ ਦੀ ਝਲਕ ਗ਼ਦਰ ਦੇ ਰਚੇ ਸਾਹਿਤ ਵਿੱਚੋਂ ਵੇਖਣ ਨੂੰ ਮਿਲਦੀ ਹੈ। ਭਾਈ ਭਗਵਾਨ ਸਿੰਘ ਗਿਆਨੀ ਅਾਪਣੀਆਂ ਕਵਿਤਾਵਾਂ ਕਰਕੇ ਇਸ ਲਹਿਰ ਦੇ ਚਿੰਤਕ ਦੇ ਰੂਪ ਵਿੱਚ ਉਭਰੇ। ਭਾਈ ਭਗਵਾਨ ਸਿੰਘ ਗਿਆਨੀ ਦਾ ਜਨਮ 27 ਜੁਲਾਈ 1884 ਨੂੰ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ ਪਿੰਡ ਵੜਿੰਗ, ਨੇੜੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ) ਵਿੱਚ ਹੋਇਆ। ੳੁਨ੍ਹਾਂ ਦੇ ਵਡੇਰੇ ਕਸ਼ਮੀਰੀ ਬ੍ਰਾਹਮਣ ਸਨ, ਜੋ 17ਵੀਂ ਸਦੀ ਵਿੱਚ ਪੰਜਾਬ ਆ ਕੇ ਵੱਸੇ ਸਨ। ੳੁਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਸਕੂਲ ਵਿੱਚੋਂ ਘੱਟ ਤੇ ਘਰ ਵਿੱਚ ਆਪਣੇ ਪਿਤਾ ਅਤੇ ਦਾਦੇ ਕੋਲੋਂ ਜ਼ਿਆਦਾ ਪ੍ਰਾਪਤ ਕੀਤੀ। ੳੁਨ੍ਹਾਂ ਦੀ ਸਿੱਖ ਸਾਹਿਤ ਅਤੇ ਇਤਿਹਾਸ ਵਿੱਚ ਖ਼ਾਸ ਮੁਹਾਰਤ ਸੀ। ਬਚਪਨ ਵਿੱਚ ੳੁਨ੍ਹਾਂ ਦਾ ਜ਼ਿਆਦਾ ਧਿਆਨ ਕੁਸ਼ਤੀ ਵੱਲ ਰਹਿੰਦਾ ਸੀ। ਭਲਵਾਨੀ ਕਸ਼ਟਾਂ ਕਾਰਨ ੳੁਨ੍ਹਾਂ ਨੇ ਵਿੱਦਿਆ ਪ੍ਰਾਪਤੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਗੁਜਰਾਂਵਾਲਾ ਉਪਦੇਸ਼ਕ ਕਾਲਜ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਉਨ੍ਹਾਂ ਨੇ ਬੁੱਧੀਵਾਨੀ, ਵਿਦਵਾਨੀ ਅਤੇ ਗਿਆਨੀ ਪਾਸ ਕੀਤੀ। 25 ਦਸੰਬਰ 1905 ਨੂੰ ੳੁਨ੍ਹਾਂ ਦਾ ਵਿਆਹ ਮਾਇਆ ਦੇਵੀ ਜੋ ਕਿ ਬਾਲ ਵਿਧਵਾ ਸੀ, ਨਾਲ ਹੋਇਆ। 1906 ਵਿੱਚ ੳੁਹ ਉਪਦੇਸ਼ਕ ਕਾਲਜ ਵਿੱਚ ਹੀ ਪ੍ਰੋਫ਼ੈਸਰ ਨਿਯੁਕਤ ਹੋ ਗਏ ਅਤੇ ਕੁਝ ਸਮੇਂ ਬਾਅਦ ਗੋਜ਼ਰਾ ਖ਼ਾਲਸਾ ਦੀਵਾਨ ਕਮੇਟੀ ਅਧੀਨ ਸਿੱਖ ਧਰਮ ਦੇ ਪ੍ਰਚਾਰ ਲਈ ਸਥਾਈ ਲੈਕਚਰਾਰ ਸਥਾਪਿਤ ਹੋਏ। ਪੰਜਾਬ ਵਿੱਚ 20ਵੀਂ ਸਦੀ ਦੇ ਸ਼ੁਰੂ ਵਿਚ ਲਗਾਨ ਵਧਣ ਕਰਕੇ ਰਾਜਨੀਤਕ ਚੇਤਨਾ ਫੈਲ ਰਹੀ ਸੀ। ਭਾਈ ਭਗਵਾਨ ਸਿੰਘ ਗਿਆਨੀ ਨੇ ਸਿਆਸੀ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ। ਸਾਲ 1907 ਰੋਹ ਭਰਿਆ ਸੀ ਕਿਉਂਕਿ ‘ਪੱਗੜੀ ਸੰਭਾਲ ਜੱਟਾ’ ਲਹਿਰ ਜ਼ੋਰਾਂ ’ਤੇ ਸੀ। ਤਰਨਤਾਰਨ ਦੇ ਗੁਰਦੁਆਰੇ ਦੀ ਪਰਿਕਰਮਾ ਵਿੱਚ ੳੁਨ੍ਹਾਂ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸਰਦਾਰ ਅਜੀਤ ਸਿੰਘ ਵੀ ਬੋਲੇ। ਪੁਲੀਸ ਕੋਲੋਂ ਬਚਦੇ ਬਚਾੳੁਂਦੇ ੳੁਹ ਸਰਦਾਰ ਅਜੀਤ ਸਿੰਘ ਨਾਲ ਅੰਮ੍ਰਿਤਸਰ ਆ ਗਏ। ੳੁਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਗਏ ਸਨ। ੳੁਨ੍ਹਾਂ ਨੇ 1908 ਵਿੱਚ ਫ਼ਰਜ਼ੀ ਨਾਂ ਹੇਠ ਡਸਕਾ ਜ਼ਿਲ੍ਹਾ ਸਿਆਲਕੋਟ ਵਿੱਚ ਇੱਕ ਸਾਲ ਨੌਕਰੀ ਕੀਤੀ। ਇਸੇ ਤਰ੍ਹਾਂ ਇੱਕ ਫ਼ਰਜ਼ੀ ਨਾਂ ਹੇਠ 1909 ਵਿੱਚ ੳੁਹ ਪਹਿਲਾਂ ਦਿੱਲੀ ਅਤੇ ਫੇਰ ਕਲਕੱਤੇ ਚਲੇ ਗਏ। ਇੱਥੋਂ ੳੁਨ੍ਹਾਂ ਦਾ ਧਿਆਨ ਵਿਦੇਸ਼ ਵੱਲ ਹੋ ਗਿਆ ਤੇ ਇੱਕ ਚੀਨੀ ਜਹਾਜ਼ ਰਾਹੀਂ ਪੀਨਾਂਗ ਤੇ ਫਿਰ ਬੈਂਕਾਕ, ਸਮਾਟਰਾ, ਬੋਰਨਿਊ, ਮਲਾਇਆ ਅਤੇ ਸਿੰਗਾਪੁਰ ਪਹੁੰਚੇ। ਭਾਈ ਭਗਵਾਨ ਸਿੰਘ ਫ਼ਰਜ਼ੀ ਨਾਂ ਨੱਥਾ ਸਿੰਘ ਅਧੀਨ 7 ਜੂਨ 1913 ਨੂੰ ਵੈਨਕੂਵਰ (ਬੀ.ਸੀ.) ਕੈਨੇਡਾ ਪਹੁੰਚੇ। ਇੱਥੇ ਯੂਨਾਈਟਿਡ ਇੰਡੀਆ ਲੀਗ ਸੁਰਜੀਤ ਕੀਤੀ। ਭਾਈ ਭਗਵਾਨ ਸਿੰਘ ਨੂੰ ਨਕਲੀ ਨਾਂ ਹੇਠ ਕੈਨੇਡਾ ਆਉਣ ਦੇ ਜੁਰਮ ਵਿੱਚ ਫੜ ਲਿਆ ਗਿਆ। ਜ਼ਮਾਨਤ ’ਤੇ ਰਿਹਾਈ ਹੋਈ। ਨਵੰਬਰ 18-19, 1913 ਨੂੰ ੳੁਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ੳੁਨ੍ਹਾਂ ਨੂੰ ਜ਼ਬਰਦਸਤੀ ਇੱਕ ਕਿਸ਼ਤੀ ਵਿੱਚ ਸੁਟ ਦਿੱਤਾ ਗਿਆ। ਲਾਹੌਰ ਸਾਜ਼ਿਸ਼ ਕੇਸ (ਦੂਜਾ) ਵਿੱਚ ਇਹ ਮੰਨਿਆ ਗਿਆ ਕਿ ਭਾਈ ਭਗਵਾਨ ਸਿੰਘ ਨਵੰਬਰ 1913 ਵਿੱਚ ‘ਭੜਕਾੳੂ’ ਕ੍ਰਾਂਤੀਕਾਰੀ ਸੀ। ਭਾਈ ਭਗਵਾਨ ਸਿੰਘ ਜਪਾਨ ਪਹੁੰਚਣ ਵਿੱਚ ਕਾਮਯਾਬ ਹੋ ਗਏ ਅਤੇ ਆਪਣੇ ਭਾਵਾਂ ਨੂੰ ਕਵਿਤਾ ਦੇ ਰੂਪ ਵਿੱਚ ਕਲਮਬੱਧ ਕੀਤਾ: ਮੈਨੂੰ ਜ਼ਾਲਮਾਂ ਬੰਨ੍ਹਿਆ ਜ਼ਬਰਦਸਤੀ, ਕੋਈ ਨਹੀਂ ਕਸੂਰ ਰਵਾਲ ਮੇਰਾ। ਮਾਤਾ ਹਿੰਦ ਦੀ ਗੋਦ ਦਾ ਦੁੱਧ ਪੀਤਾ, ਇੱਜ਼ਤ ਉਸਦੀ ਵੱਲ ਖ਼ਿਆਲ ਮੇਰਾ। ਖ਼ਾਤਰ ਹਿੰਦ ਦੀ ਜਿੰਦ ਭੀ ਵਾਰ ਦੇਣੀ, ਜੇਕਰ ਸਮਝਿਆ ਨੇਕ ਖ਼ਿਆਲ ਮੇਰਾ। ਜਪਾਨ ਵਿੱਚ ਉਹ ਚੀਨੀ ਨੇਤਾ ਸਨ ਯਤ ਸੇਨ ਨੂੰ ਮੌਲਵੀ ਬਰਕਤੁੱਲਾ ਨਾਲ ਮਿਲੇ। ਇੱਥੋਂ ੳੁਨ੍ਹਾਂ ਨੇ 9 ਮਾਰਚ 1914 ਨੂੰ ਜਰਮਨੀ ਲਈ ਕੂਚ ਕੀਤਾ ਪਰ ਅੰਗਰੇਜ਼ੀ ਹੱਥਾਂ ਵਿੱਚ ਆਉਣ ਦੇ ਡਰੋਂ ਵਾਪਸ ਜਪਾਨ ਆਉਣਾ ਪਿਆ। ਇੱਥੋਂ ਹੀ ੳੁਹ ਮੌਲਵੀ ਬਰਕਤੁੱਲਾ ਨਾਲ 23 ਮਈ 1914 ਨੂੰ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਚਲੇ ਗਏ। ਇਸ ਸਮੇਂ ਗ਼ਦਰ ਅਖ਼ਬਾਰ ਦੇ ਐਡੀਟਰ ਰਾਮ ਚੰਦਰ ਪਸ਼ੌਰੀ ਸਨ। ਗ਼ਦਰ ਪਾਰਟੀ ਦਾ ਪ੍ਰਬੰਧ ਜਥੇਬੰਦਕ ਸੀ। ਜੂਨ 1914 ਨੂੰ ੳੁਨ੍ਹਾਂ ਨੂੰ ਗ਼ਦਰ ਪਾਰਟੀ ਦਾ ਸਰਬਸੰਮਤੀ ਨਾਲ ਦੂਜਾ ਪ੍ਰਧਾਨ ਬਣਾ ਦਿੱਤਾ ਗਿਆ ਅਤੇ ਮੌਲਵੀ ਬਰਕਤੁੱਲਾ ਨੂੰ ਮੀਤ ਪ੍ਰਧਾਨ। ਇਸ ਤਰ੍ਹਾਂ ਪੰਡਤ, ਮੌਲਵੀ ਅਤੇ ਭਾਈ ਇਕੱਠੇ ਹੋ ਕੇ ਗ਼ਦਰ ਦਾ ਝੰਡਾ ਹੋਰ ਉੱਚਾ ਕਰਨ ਵਿੱਚ ਲਗ ਪਏ। ਅਜਿਹੇ ਸਮੇਂ ਮਤਭੇਦ ਉਭਰਨੇ ਲਾਜ਼ਮੀ ਸਨ। ਪਹਿਲਾ ਮਤਭੇਦ ਸਟਾਕਟਨ ਦੇ ਖ਼ਾਲਸਾ ਦੀਵਾਨ ਨਾਲ ਸਾਹਮਣੇ ਆਇਆ। ਦੋਸ਼ ਲੱਗਾ ਕਿ ਗ਼ਦਰ ਦਾ ਰੁਝਾਨ ਗਰਮਦਲੀ ਵੱਲ ਮੁੜ ਰਿਹਾ ਹੈ ਅਤੇ ਇਸ ਮਜ਼੍ਹਬੀ ਵੰਡ ਵਿੱਚ ਸਿੱਖਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਅਗਸਤ 1914  ਨੂੰ ਪਹਿਲਾ ਵਿਸ਼ਵ ਯੁਧ ਸ਼ੁਰੂ ਹੋ ਗਿਆ। ਭਾਈ ਭਗਵਾਨ ਸਿੰਘ ਮੁਤਾਬਿਕ ਲੜਾਈ ਦੀ ਆਸ 1920 ਨੂੰ ਕੀਤੀ ਜਾ ਰਹੀ ਸੀ। ਇਸ ਦੇ ਮੁਤਾਬਿਕ ਗ਼ਦਰ ਦੀ ਜਥੇਬੰਦਕ ਵਿਉਂਤ ਕੀਤੀ ਜਾਣੀ ਸੀ। ਗ਼ਦਰ ਕਮਿਸ਼ਨ ਜਿਸ ਵਿੱਚ ਪੰਡਤ ਰਾਮ ਚੰਦਰ, ਭਾਈ ਭਗਵਾਨ ਸਿੰਘ ਅਤੇ ਮੌਲਵੀ ਬਰਕਤੁੱਲਾ ਸਨ, ਨੇ ਫ਼ੈਸਲਾ ਲਿਆ ਕਿ ਗ਼ਦਰ ਨੂੰ ਅਮਲੀ ਜਾਮਾ ਪਹਨਾਇਆ ਜਾਵੇ। ਭਾਈ ਭਗਵਾਨ ਸਿੰਘ ਨੂੰ ‘ਐਲਾਨ-ਏ-ਜੰਗ’ ਲਿਖਣ ਦਾ ਕੰਮ ਸੌਂਪਿਆ ਗਿਆ। ਅੰਗਰੇਜ਼ਾਂ ਨਾਲ ਜੰਗ ਕਰਨ ਲਈ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਨੂੰ ਚੁਣਿਆ ਗਿਆ। ਫ਼ੌਜ ਵਿੱਚ ਭਰਤੀ ਅਤੇ ਹਥਿਆਰਬੰਦ ਹੋਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਇਸ ਪ੍ਰਚਾਰ ਸਦਕਾ ਕਰੀਬ 10,000 ਭਾਰਤੀ ਵਾਪਸ ਆਏ। ਭਾਈ ਭਗਵਾਨ ਸਿੰਘ ਅਖ਼ੀਰਲੇ ਹਫ਼ਤੇ ਅਕਤੂਬਰ 1914 ਵਿੱਚ ਪ੍ਰਚਾਰ ਅਤੇ ਜੰਗੀ ਤਿਆਰੀ ਲਈ ਅਮਰੀਕਾ ਤੋਂ ਜਪਾਨ ਪਹੁੰਚ ਗਏ। ਜਪਾਨ ਤੋਂ ਬਾਅਦ ਫਿਲਪੀਨ ਵਿੱਚ ਫ਼ਰਜ਼ੀ ਨਾਂ ਜੇ. ਅਮਰ ਹੇਠ ਕੰਮ ਕੀਤਾ। ਇਸ ਪਿੱਛੋਂ ਮਨੀਲਾ ਹੁੰਦੇ ਹੋਏ ਵਾਪਿਸ ਜਪਾਨ ਆਏ, ਜਿੱਥੇ ਉਨ੍ਹਾਂ ਦੀ ਸਤੰਬਰ 1915 ਵਿੱਚ ਰਾਸ ਬਿਹਾਰੀ ਬੋਸ ਨਾਲ ਮੁਲਾਕਾਤ ਹੋਈ। ਇਸੇ ਸਮੇਂ ੳੁਨ੍ਹਾਂ ਨੇ ‘ਜੰਗ ਅੌਰ ਆਜ਼ਾਦੀ’ ਨਾਂ ਦਾ 50 ਪੰਨਿਆਂ ਦਾ ਕਿਤਾਬਚਾ ਲਿਖਿਆ। ਚੀਨ ਵਿੱਚ 9 ਮਹੀਨੇ ਰਹਿਣ ਪਿੱਛੋਂ ੳੁਹ ਸ਼ੰਘਾਈ ਸ਼ਹਿਰ ਪਹੁੰਚੇ। ਇੱਥੋਂ ਮਈ 1916 ਨੂੰ ਵਾਪਸ ਦੱਖਣੀ ਅਮਰੀਕਾ ਆਉਣ ਵਿੱਚ ਸਫ਼ਲ ਹੋਏ। ਇਸੇ ਸਮੇਂ ੳੁਨ੍ਹਾਂ ਨੂੰ ਅਮਰੀਕਾ ਵਿੱਚ ਗ਼ਦਰ ਸਬੰਧੀ ਕੁਝ ਸ਼ੱਕੀ ਰਿਪੋਰਟਾਂ ਮਿਲੀਆਂ। ਪਨਾਮਾ ਤੋਂ 11 ਅਕਤੂਬਰ 1916 ਨੂੰ ਕਾਨੂੰਨੀ ਤੌਰ ’ਤੇ ਨਿੳੂਯਾਰਕ ਆ ਗਏ। ਅਮਰੀਕਾ ਪਹੁੰਚ ਕੇ ੳੁਨ੍ਹਾਂ ਨੇ ਗ਼ਦਰ ਪਾਰਟੀ ਦਾ ਢਾਂਚਾ ਠੀਕ ਕਰਨ ਵੱਲ ਧਿਆਨ ਦਿੱਤਾ। 7 ਅਪਰੈਲ 1917 ਨੂੰ ਅਮਰੀਕਾ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋ ਗਿਆ। ਭਾਈ ਭਗਵਾਨ ਸਿੰਘ ਅਤੇ 18 ਸਾਥੀਆਂ ਨੂੰ 18 ਅਪਰੈਲ 1917 ਨੂੰ ਫੜ ਲਿਆ ਗਿਆ। 25 ਹਜ਼ਾਰ ਡਾਲਰ ਦੇਣ ਪਿੱਛੋਂ ੳੁਨ੍ਹਾਂ ਦੀ ਰਿਹਾਈ ਹੋਈ। 30 ਅਪਰੈਲ 1918 ਨੂੰ ਦੋ ਸਾਲ ਦੀ ਕੈਦ ਸੁਣਾਈ ਗਈ। 1949 ਵਿੱਚ ੳੁਨ੍ਹਾਂ ਨੇ ਇੱਕ ਪੰਜਾਬੀ ਰਸਾਲਾ ‘ਨਵਾਂ ਯੁੱਗ’ ਕੱਢਿਆ, ਜਿਹੜਾ ਗ਼ਦਰ ਪਰਚੇ ਦੀ ਲਗਾਤਾਰਤਾ ਹੀ ਸੀ। ੳੁਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ। 8 ਸੰਤਬਰ 1962 ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ੳੁਨ੍ਹਾਂ ਦਾ ਦੇਹਾਂਤ ਹੋ ਗਿਆ।

*ਪ੍ਰੋਫ਼ੈਸਰ, ਚੇਅਰ ਫਾਰ ਸਟੱਡੀ ਆਫ਼ ਦਿ ਗ਼ਦਰ ਮੂਵਮੈਂਟ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸੰਪਰਕ: 94173-14345

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All