ਗ਼ਦਰ ਲਹਿਰ ਦਾ ਕਾਬੁਲ ਅੱਡਾ

ਸੁਭਾਸ਼ ਚੰਦਰ ਬੋਸ ਦਾ ਭੇਸ ਬਦਲ ਕੇ 1941 ਵਿਚ ਕਲਕੱਤਿਓਂ ਅਫ਼ਗ਼ਾਨਿਸਤਾਨ ਪਹੁੰਚਣਾ ਅਜਿਹੀ ਇਤਿਹਾਸਕ ਘਟਨਾ ਸੀ ਜਿਸ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਨਵਾਂ ਮੋੜ ਲਿਆਂਦਾ। ਇਸ ਯਾਤਰਾ ਵਿਚ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ। ‘ਕਿਰਤੀ’ ਅਤੇ ‘ਕਮਿਊਨਿਸਟ ਪਾਰਟੀ’ ਨਾਲ ਜੁੜੇ ਵੱਖ ਵੱਖ ਆਗੂਆਂ ਦੇ ਯਤਨਾਂ ਸਦਕਾ ਹੀ ਬੋਸ ਆਪਣੇ ਆਸ਼ੇ ਵਿਚ ਸਫ਼ਲ ਹੋ ਸਕੇ।

ਸੁਭਾਸ਼ ਚੰਦਰ ਬੋਸ

ਚਰੰਜੀ ਲਾਲ ਕੰਗਣੀਵਾਲ ਮਾਣਮੱਤਾ ਇਤਿਹਾਸ

ਭਾਰਤ ਦਾ ਅਫ਼ਗ਼ਾਨਿਸਤਾਨ ਨਾਲ ਪ੍ਰਾਚੀਨ ਕਾਲ ਤੋਂ ਰਿਸ਼ਤਾ ਹੈ। ਅਸ਼ੋਕ ਸਮਰਾਟ ਦੇ ਸਮੇਂ ਬੁੱਧ ਮੱਤ ਦਾ ਪ੍ਰਚਾਰ ਤੇਜ਼ੀ ਨਾਲ ਹੋਇਆ ਤਾਂ ਅਫ਼ਗ਼ਾਨਿਸਤਾਨ ਵੀ ਇਸ ਦੇ ਪ੍ਰਭਾਵ ਹੇਠ ਆਇਆ। ਦੋ ਹਜ਼ਾਰ ਸਾਲ ਪੁਰਾਣੇ ਮਹਾਤਮਾ ਬੁੱਧ ਦੇ ਬੁੱਤ ਇਸ ਦੇ ਸਬੂਤ ਸਨ ਜਿਨ੍ਹਾਂ ਨੂੰ ਤਾਲਿਬਾਨ ਨੇ ਕੀਤਾ। ਅਫ਼ਗ਼ਾਨਾਂ ਦੇ ਬਰਤਾਨਵੀ ਸਾਮਰਾਜ ਵਿਰੋਧੀ ਹੋਣ ਕਾਰਨ ਹਿੰਦੋਸਤਾਨੀ ਇਨਕਲਾਬੀ ਅਫ਼ਗ਼ਾਨਿਸਤਾਨ ਦੀ ਧਰਤੀ ਦੀ ਓਟ ਲੈਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਸਮੇਂ ਇਹ ਸਬੰਧ ਹੋਰ ਮਜ਼ਬੂਤ ਹੋਏ ਅਤੇ ਕਾਫ਼ੀ ਪੰਜਾਬੀ ਲੋਕ ਅਫ਼ਗ਼ਾਨਿਸਤਾਨ ਵਿਚ ਵਸ ਗਏ। ਕਾਬੁਲ ਸੂਬੇ ਵਿਚ ਲਾਲਪੁਰਾ, ਜਲਾਲਾਬਾਦ, ਢੱਕਾਂ ਤੇ ਸੁਲਤਾਨਪੁਰ ਆਦਿ ਉਨ੍ਹਾਂ ਨੇ ਆਪਣੇ ਪੁਸ਼ਤੈਨੀ ਪਿੰਡਾਂ ਦੇ ਨਾਂ ’ਤੇ ਵਸਾਏ ਸਨ। ਰੂਸ ਦੇ ਇਨਕਲਾਬ ਪਿੱਛੋਂ ਭਾਰਤ ਤੇ ਰੂਸ ਦੀਆਂ ਹੱਦਾਂ ਵਿਚਕਾਰ ਅਫ਼ਗ਼ਾਨਿਸਤਾਨ ਨਾਲ ਹਿੰਦੋਸਤਾਨ ਦੇ ਸਬੰਧ ਸੁਖਾਵੇਂ ਰਹੇ ਅਤੇ ਬਰਤਾਨਵੀ ਸਾਮਰਾਜ ਵਿਰੁੱਧ ਯੋਜਨਾਵਾਂ ਬਣਾਈਆਂ ਜਾਂਦੀਆਂ ਰਹੀਆਂ। 1857 ਦੇ ਗ਼ਦਰ ਦਾ ਬਾਗ਼ੀ ਤੁੱਲਾ ਰਾਮ ਗੁੜਗਾਉਂ ਜ਼ਿਲ੍ਹੇ ਦੇ ਰੇਵਾੜੀ ਦੀ ਇਕ ਵੱਡੀ ਜਾਗੀਰ ਦਾ ਮਾਲਕ ਸੀ। ਰਾਉ ਤੁੱਲਾ ਰਾਮ ਨੇ ਅੰਗਰੇਜ਼ਾਂ ਦੀ ਈਨ ਨਾ ਮੰਨੀ ਤੇ ਕਾਬੁਲ ਨੂੰ ਨਿਕਲ ਗਿਆ ਸੀ। ਕੂਕਾ ਲਹਿਰ ਦੇ ਭਾਈ ਬਿਸ਼ਨ ਸਿੰਘ, ਬਾਬਾ ਬੁੱਧ ਸਿੰਘ, ਭਾਈ ਕਾਨ੍ਹ ਸਿੰਘ ਅਤੇ ਭਾਈ ਗੁਰਚਰਨ ਸਿੰਘ ਨਾਮਧਾਰੀ ਵੀ ਕਾਬੁਲ ਪੁੱਜੇ। ਪਹਿਲੀ ਆਲਮੀ ਜੰਗ ਸਮੇਂ ਜਰਮਨੀ ਗ਼ਦਰ ਪਾਰਟੀ ਨਾਲ ਨਾਤਾ ਜੋੜਨਾ ਚਾਹੁੰਦਾ ਸੀ। ਗ਼ਦਰੀ ਦੇਸ਼ ਭਗਤ ਇਸ ਪੇਸ਼ਕਸ਼ ਨੂੰ ਆਪਣੇ ਉਦੇਸ਼ ਲਈ ਵਰਤਣਾ ਚਾਹੁੰਦੇ ਸਨ। ਬਰਲਿਨ ਕਮੇਟੀ ਇਸ ਦੁਵੱਲੇ ਮਕਸਦ ਦੀ ਪੈਦਾਵਾਰ ਸੀ। ਰਾਜਾ ਮੁਹਿੰਦਰ ਪ੍ਰਤਾਪ ਉੱਤਰ ਪ੍ਰਦੇਸ਼ ਦੀ ਇਕ ਛੋਟੀ ਰਿਆਸਤ ਦਾ ਵਾਰਿਸ ਅਤੇ ਅੰਗਰੇਜ਼ ਹਕੂਮਤ ਦਾ ਵਿਰੋਧੀ ਸੀ। ਇਸ ਸਮੇਂ ਜਰਮਨਾਂ ਨੇ ਮੁਹਿੰਦਰ ਪ੍ਰਤਾਪ ਨਾਲ ਸਬੰਧ ਜੋੜਿਆ ਅਤੇ ਉਸ ਦੀ ਅਗਵਾਈ ਵਿਚ ਜਰਮਨ ਮਿਸ਼ਨ ਕਾਬੁਲ ਭੇਜਿਆ ਜਿਸ ਵਿਚ ਹਿੰਦੋਸਤਾਨੀਆਂ ਤੋਂ ਇਲਾਵਾ ਅਫ਼ਗ਼ਾਨ, ਇਰਾਨੀ, ਤੁਰਕੀ, ਜਰਮਨ ਤੇ ਆਸਟਰੀਅਨ ਨੁਮਾਇੰਦੇ ਸ਼ਾਮਲ ਸਨ। ਇਸ ਮਿਸ਼ਨ ਨੂੰ ਅਰਬੀ, ਫ਼ਾਰਸੀ ਤੇ ਤੁਰਕੀ ਬੋਲੀ ਦੇ ਦੁਭਾਸ਼ੀਏ ਵਜੋਂ ਪ੍ਰੋਫ਼ੈਸਰ ਬਰਕਤ ਉੱਲਾ ਨੂੰ ਮੁਕੱਰਰ ਕੀਤਾ। ਉਹ ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਵੀ ਸੀ। ਇਹ ਮਿਸ਼ਨ ਬੜੀਆਂ

ਭਗਤ ਰਾਮ ਤਲਵਾਡ਼

ਔਕੜਾਂ ਨੂੰ ਪਾਰ ਕਰਕੇ ਛੇ ਮਹੀਨੇ ਵਿਚ ਕਾਬੁਲ ਪੁੱਜਾ ਸੀ। ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਹਬੀਬ ਉੱਲਾ ਜਰਮਨੀ ਤੇ ਬਰਤਾਨਵੀ ਦੋਵੇਂ ਬੇੜੀਆਂ ਦਾ ਸਵਾਰ ਸੀ, ਪਰ ਉੱਥੋਂ ਦਾ ਪ੍ਰਧਾਨ ਮੰਤਰੀ ਤੇ ਉਸ ਦਾ ਪੁੱਤਰ ਅਮਾਨੁੱਲਾ ਅੰਗਰੇਜ਼ਾਂ ਦੇ ਕੱਟੜ ਵਿਰੋਧੀ ਸਨ। ਮਿਸ਼ਨ ਦੇ ਹਿੰਦੋਸਤਾਨੀ ਮੈਂਬਰਾਂ ਨੇ ਸ਼ਾਹੀ ਖਾਨਦਾਨ ਦੇ ਅੰਗਰੇਜ਼ ਵਿਰੋਧੀ ਮੈਂਬਰਾਂ ਨਾਲ ਸਬੰਧ ਜੋੜ ਲਏ ਸਨ। ਅਮਰੀਕਾ ਵਿਚ ਗ਼ਦਰ ਪਾਰਟੀ ਬਣਨ ਤੋਂ ਪਹਿਲਾਂ ਸ. ਅਜੀਤ ਸਿੰਘ ਨੂੰ ਪਾਰਟੀ ਦੀ ਵਾਗਡੋਰ ਸੰਭਾਲਣ ਦੀ ਪੇਸ਼ਕਸ ਕੀਤੀ ਗਈ। ਉਸ ਨੇ ਚਿੱਠੀ ਲਿਖ ਕੇ ਸਲਾਹ ਦਿੱਤੀ ਕਿ ਅਮਰੀਕਾ ਵਿਚੋਂ ਇਨਕਲਾਬੀਆਂ ਨੂੰ ਕਾਬੁਲ ਭੇਜਿਆ ਜਾਏ। ਇਸੇ ਸੰਦਰਭ ’ਚ ‘ਗ਼ਦਰ’ ਅਖ਼ਬਾਰ ਵਿਚ ਇਕ ਲੇਖ ‘ਚਲੋ ਕਾਬੁਲ’ ਛਾਪ ਕੇ ਗ਼ਦਰੀਆਂ ਨੂੰ ਕਾਬੁਲ ਜਾਣ ਦੀ ਹਦਾਇਤ ਕੀਤੀ ਗਈ ਸੀ ਕਿਉਂਕਿ ਹਥਿਆਰਬੰਦ ਗ਼ਦਰ ਲਈ ਹਥਿਆਰਾਂ ਦੀ ਸਿਖਲਾਈ ਅਤੇ ਪ੍ਰਾਪਤੀ ਲਈ ਇਹ ਵਧੀਆ ਅੱਡਾ ਸੀ। ਗ਼ਦਰ ਪਾਰਟੀ ਦੀ ਅਸਫ਼ਲਤਾ ਪਿੱਛੋਂ ਕੁਝ ਗ਼ਦਰੀ ਡਾਕਟਰ ਮਥਰਾ ਸਿੰਘ, ਕਾਲਾ ਸਿੰਘ ਸੁਰਸਿੰਘੀਆ ਤੇ ਹਰਨਾਮ ਸਿੰਘ ਕਹੂਟਾ ਆਦਿ ਕਾਬੁਲ ਚਲੇ ਗਏ ਸਨ। ਪੰਜਾਬ ਤੋਂ ਖਿਲਾਫ਼ਤੀ ਹਿਜ਼ਰਤੀ ਵਿਦਿਆਰਥੀ ਮੌਲਾਨਾ ਅਬੈਦੁੱਲਾ ਸਿੰਧੀ ਦੀ ਅਗਵਾਈ ਹੇਠ ਕਾਬੁਲ ਪਹੁੰਚ ਗਏ। ਜਰਮਨ ਮਿਸ਼ਨ ਭਾਵੇਂ ਸਫ਼ਲ ਨਾ ਹੋਇਆ, ਪਰ ਮੌਲਵੀ ਬਰਕਤੁੱਲਾ ਦੀ ਅਗਵਾਈ ਹੇਠ ਗ਼ਦਰੀ ਖਿਲਾਫ਼ਤੀ ਤੇ ਬਰਲਿਨ ਕਮੇਟੀ ਦੇ ਮੈਂਬਰ ਇਕਜੁੱਟ ਹੋ ਗਏ। ਉਨ੍ਹਾਂ ਰਲ ਕੇ ਪਹਿਲੀ ਦਸੰਬਰ 1915 ਨੂੰ ਕਾਬੁਲ ਵਿਚ ਹਿੰਦੋਸਤਾਨ ਦੀ ਆਰਜ਼ੀ ਸਰਕਾਰ ਦਾ ਐਲਾਨ ਕਰ ਦਿੱਤਾ। ਰਾਜਾ ਮਹਿੰਦਰ ਪ੍ਰਤਾਪ ਪ੍ਰਧਾਨ, ਪ੍ਰੋ. ਬਰਕਤ ਉੱਲਾ ਪ੍ਰਧਾਨ ਮੰਤਰੀ, ਮੌਲਾਨਾ ਅਬੈਦੁੱਲਾ ਸਿੰਧੀ ਗ੍ਰਹਿ ਮੰਤਰੀ, ਚੰਪਾ ਕਰਨ ਵਿਦੇਸ਼ ਮੰਤਰੀ, ਮੌਲਵੀ ਬਸ਼ੀਰ ਰੱਖਿਆ ਮੰਤਰੀ ਅਤੇ ਡਾਕਟਰ ਮਥਰਾ ਸਿੰਘ, ਖੁਦਾਬਖਸ਼ ਤੇ ਮੁਹੰਮਦ ਅਲੀ ਨੂੰ ਵਜ਼ੀਰ ਬਣਾਇਆ ਗਿਆ। 1920 ਦੇ ਸ਼ੁਰੂ ’ਚ ਦਿੱਲੀ ਵਿਚ ਖਿਲਾਫ਼ਤ ਕਾਨਫਰੰਸ ਹੋਈ ਜਿਸ ਵਿਚ ਐਲਾਨ ਕਰਕੇ ਸਾਰੇ ਨੌਜਵਾਨ ਮੁਸਲਮਾਨਾਂ ਨੂੰ ਹਿਜ਼ਰਤ ਦਾ ਸੱਦਾ ਦਿੱਤਾ ਗਿਆ। ਇਸ ਦਾ ਹੁੰਗਾਰਾ ਭਰਦਿਆਂ ਸਿੰਧ, ਸਰਹੱਦੀ ਸੂਬਾ, ਪੰਜਾਬ ਤੇ ਹੋਰ ਸੂਬਿਆਂ ’ਚੋਂ ਹਜ਼ਾਰਾਂ ਦੀ ਤਾਦਾਦ ਵਿਚ ਔਰਤਾਂ, ਬੱਚੇ ਤੇ ਆਦਮੀ ਆਪਣੀ ਜ਼ਮੀਨ ਤੇ ਮਕਾਨ ਵੇਚ ਕੇ ਅਫ਼ਗ਼ਾਨਿਸਤਾਨ ਵੱਲ ਚੱਲ ਪਏ। ਇਹ ਅੰਗਰੇਜ਼ ਸਾਮਰਾਜ ਦੀ ਖਿਲਾਫ਼ਤ ਨੂੰ ਬਹਾਲ ਕਰਨ ਦਾ ਇਸਲਾਮ ਭਾਈਚਾਰੇ ਦਾ ਸਖ਼ਤ ਤੇ ਸ਼ਕਤੀਸ਼ਾਲੀ ਜ਼ਜ਼ਬਾ ਸੀ। ਇਨ੍ਹਾਂ ਵਿਚੋਂ ਹੀ ਨੌਜਵਾਨ ਵਿਦਿਆਰਥੀ ਸ਼ੌਕਤ ਉਸਮਾਨੀ, ਅਬਦੁਲ ਮਜੀਦ, ਫਿਰੋਜ਼ਦੀਨ ਮਨਸੂਰ, ਫਜ਼ਲ ਇਲਾਹੀ ਕੁਰਬਾਨ, ਅਲੀ ਅਹਿਮਦ, ਮੁਹੰਮਦ ਇਕਬਾਲ ਸ਼ੈਦਾਈ, ਜ਼ਫ਼ਰ ਹਸਨ ਤੇ ਮੁਹਮੰਦ ਅਲੀ ਆਦਿ ਉੱਥੇ ਪਹਿਲਾਂ ਹੀ ਪੁੱਜੇ ਹੋਏ ਮੌਲਵੀ ਬਰਕਤ ਉੱਲਾ, ਉਬੈਦੁਲਾ ਸਿੰਧੀ ਨੂੰ ਮਿਲ ਕੇ ਸੋਵੀਅਤ ਰੂਸ ਤੋਂ ਐਸੇ ਪ੍ਰਭਾਵਿਤ ਹੋਏ ਕਿ ਉਹ ਉਮਰ ਭਰ ਮਾਰਕਸੀ ਵਿਚਾਰਧਾਰਾ ਦੇ ਪਹਿਰੇਦਾਰ ਰਹੇ। ਅੰਡੇਮਾਨ ਜੇਲ੍ਹ ਦੇ ਗ਼ਦਰੀ ਕੈਦੀਆਂ ਨੂੰ 1920 ਵਿਚ ਹਿੰਦੋਸਤਾਨ ਦੀਆਂ ਜੇਲ੍ਹਾਂ ਵਿਚ ਭੇਜਣ ਦਾ ਫ਼ੈਸਲਾ ਹੋਇਆ। ਇਨ੍ਹਾਂ ਕੈਦੀਆਂ ਨੂੰ ਖ਼ਤਰਨਾਕ ਸਮਝਦਿਆਂ (ਮਦਰਾਸ ਦੀਆਂ ਜੇਲ੍ਹਾਂ ਛੱਡ ਕੇ) ਸਾਰੇ ਸੂਬਿਆਂ ਦੇ ਜੇਲ੍ਹ ਅਧਿਕਾਰੀਆਂ ਨੇ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਰਾਜਮੁੰਦਰੀ, ਵੈਲੂਰ ਤੇ ਕੋਇੰਬਟੂਰ ਦੀਆਂ ਜੇਲ੍ਹਾਂ ਵਿਚ ਗ਼ਦਰੀ ਕੈਦੀ ਬੇਚੈਨ ਸਨ ਕਿ ਇੱਥੋਂ ਨਿਕਲ ਕੇ ਆਜ਼ਾਦੀ ਲਈ ਕੁਝ ਕੀਤਾ ਜਾਵੇ। ਅਜਿਹੀ ਸੋਚ ਵਾਲੇ ਮਾਸਟਰ ਊਧਮ ਸਿੰਘ ਕਸੇਲ ਸਭ ਤੋਂ ਪਹਿਲਾਂ ਵੈਲੂਰ ਜੇਲ੍ਹ ਵਿਚੋਂ ਫਰਾਰ ਹੋ ਕੇ ਪੰਜਾਬ ਆਏ ਅਤੇ ਭਾਈ ਪਿਆਰਾ ਸਿੰਘ ਲੰਗੇਰੀ ਦੀ ਸਹਾਇਤਾ ਨਾਲ ਕਾਬੁਲ ਜਾਣ ਵਿਚ ਸਫ਼ਲ ਹੋਏ। ਇਸ ਤੋਂ ਪਹਿਲਾਂ ਮਾਸਟਰ ਮੋਤਾ ਸਿੰਘ ਪਤਾਰਾ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਤੋਂ ਦੋ ਦਿਨਾਂ ਬਾਅਦ ਕਾਬੁਲ ਪੁੱਜ ਗਏ ਸਨ। ਬਾਬਾ ਭਾਗ ਸਿੰਘ ਕਨੇਡੀਅਨ ਵੀ ਇਸੇ ਮਨੋਰਥ ਨਾਲ ਕਾਬੁਲ ਗਏ ਅਤੇ ਬਾਦਸ਼ਾਹ ਦੇ ਸ਼ਾਹੀ ਮਹਿਮਾਨ ਬਣ ਕੇ ਰਹੇ। ਮਾਸਟਰ ਊਧਮ ਸਿੰਘ ਨੇ ਅਫ਼ਗ਼ਾਨਿਸਤਾਨ ਅਤੇ ਤਾਜਿਕਸਤਾਨ ਦੀ ਸਰਹੱਦ ਉੱਪਰ ਹਿੰਦੂ-ਸਿੱਖਾਂ ਦੀ ਵਸੋਂ ਵਾਲੇ ਲਾਲਪੁਰ ਪਿੰਡ ਨੂੰ ਆਪਣਾ ਅੱਡਾ ਬਣਾਇਆ। ਉਨ੍ਹਾਂ ਨੇ ਚਾਰ ਸਾਲ ਦੇ ਪਰਵਾਸ ਦੌਰਾਨ ਭਿਅੰਕਰ ਹਾਲਾਤ ਵਿਚੋਂ ਲੰਘਦਿਆਂ ਅਜਿਹੀ ਲਹਿਰ ਪੈਦਾ ਕੀਤੀ ਕਿ ਉੱਥੋਂ ਦੇ ਹਿੰਦੂ ਸਿੱਖਾਂ ਦੇ ਹੀ ਨਹੀਂ ਸਗੋਂ ਹਰ ਅਫ਼ਗ਼ਾਨ ਬੱਚੇ-ਬੁੱਢੇ ਦੇ ਦਿਲਾਂ ਅੰਦਰ ਵੀ ਆਪਣੀ ਥਾਂ ਬਣਾ ਲਈ। ਉਨ੍ਹਾਂ ਨੇ 1923 ਵਿਚ ਜਲਾਲਾਬਾਦ ਦੇ ਨਜ਼ਦੀਕ ਸੁਲਤਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਸਿੱਧ ਸਥਾਨ ਚਸ਼ਮਾ ਸਾਹਿਬ (ਜਿੱਥੇ ਗੁਰੂ ਜੀ ਪਧਾਰੇ ਸਨ) ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਉੱਥੋਂ ਦੇ ਜਲ ਨੂੰ ਸਾਫ਼ ਕਰਵਾ ਕੇ ਵਰਤੋਂ ਵਿਚ ਲਿਆਂਦਾ। ਕਾਬੁਲ ਵਿਚ ਗੁਰਦੁਆਰੇ ਤੇ ਪ੍ਰਾਚੀਨ ਮੰਦਰ ਹਨ। ਗੁਰਦੁਆਰਾ ਕੋਠਾ ਸਾਹਿਬ ਤੇ ਗੋਰਖਨਾਥ ਦਾ ਮੱਠ ਉੱਥੋਂ ਦੇ ਪ੍ਰਸਿੱਧ ਅਸਥਾਨ ਹਨ। ਸਿੰਘ ਸਭਾ ਲਹਿਰ ਸਮੇਂ ਖੋਲ੍ਹੇ ਗਏ ਸਕੂਲ ਦੀ ਖਸਤਾ ਹਾਲਤ ਸੀ। ਇਸ ਦੀ ਮੁੜ-ਉਸਾਰੀ ਕਰਵਾ ਕੇ ਪੜ੍ਹਾਈ ਸ਼ੁਰੂ ਕਰਵਾਈ ਅਤੇ ਬੱਚਿਆਂ ਦੀਆਂ ਕਲਾਸਾਂ ਊਧਮ ਸਿੰਘ ਆਪ ਲਾਉਂਦੇ ਸਨ। ਉਨ੍ਹਾਂ ਦੇ ਹੁੰਦਿਆਂ ਸਿੱਖ ਮਿਸ਼ਨਰੀ ਸੁਸਾਇਟੀ ਵੱਲੋਂ ਤੇਜਾ ਸਿੰਘ ਸੁਤੰਤਰ ਤੇ ਭਾਈ ਹਜ਼ਾਰਾ ਸਿੰਘ ‘ਸਿੰਗਰ’ ਦੀ ਅਗਵਾਈ ਵਿਚ ਪ੍ਰਚਾਰਕ ਜਥਾ 1923 ਵਿਚ ਪੁੱਜਿਆ ਤਾਂ ਮਾਸਟਰ ਊਧਮ ਸਿੰਘ ਨੇ ਉਸ ਦਾ ਸਵਾਗਤ ਕਰਕੇ ਉਸ ਨੂੰ ਪ੍ਰਚਾਰ ਲਈ ਵਰਤੋਂ ਵਿਚ ਲਿਆਂਦਾ। ਇੱਥੋਂ ਹੀ ਤੁਰਕੀ ਦੇ ਦੂਤ ਕਮਾਲ ਪਾਸ਼ਾ ਨੇ ਤੇਜਾ ਸਿੰਘ ਸੁਤੰਤਰ ਨੂੰ ਫ਼ੌਜੀ ਸਿਖਲਾਈ ਦੀ ਮਨਜ਼ੂਰੀ ਦੇ ਕੇ ਤੁਰਕੀ ਭੇਜਿਆ। ਪੁਲੀਸ ਹਿਰਾਸਤ ਵਿਚੋਂ ਫਰਾਰ ਹੋ ਕੇ ਬਾਬਾ ਗੁਰਮੁਖ ਸਿੰਘ ਵੀ ਭਾਈ ਪਿਆਰਾ ਸਿੰਘ ਲੰਗੇਰੀ ਦੀ ਸਹਾਇਤਾ ਨਾਲ ਕਾਬੁਲ ਪੁੱਜੇ। ਮਾਸਟਰ ਊਧਮ ਸਿੰਘ ਤੇ ਗੁਰਮੁਖ ਸਿੰਘ ਦੋਵੇਂ ਗ਼ਦਰੀ ਦੇਸ਼ ਭਗਤਾਂ ਨੇ ਆਪਣੇ ਗੁਜ਼ਾਰੇ ਅਤੇ ਕੇਂਦਰ ਸਥਾਪਤ ਕਰਨ ਲਈ ਕਾਬੁਲ ਵਿਚ ਦੁਕਾਨ ਖੋਲ੍ਹ ਲਈ ਜਿਹੜੀ ਅਕਾਲੀ ਸਟੋਰ ਦੇ ਨਾਂ ਨਾਲ ਪ੍ਰਸਿੱਧ ਹੋਈ। ਇਨ੍ਹਾਂ ਦੇ ਅਣਥੱਕ ਯਤਨਾਂ ਨਾਲ ਇੰਡੀਅਨ ਨੈਸ਼ਨਲ ਕਲੱਬ ਦਾ ਗਠਨ ਹੋਇਆ ਜਿਸ ਵਿਚ ਭਾਈ ਈਸ਼ਰ ਸਿੰਘ ਢੱਕਾਂ, ਹਰਨਾਮ ਸਿੰਘ ਉਰਫ਼ ਨਮਈ ਸਿੰਘ, ਭਾਈ ਸਰੂਪ ਸਿੰਘ, ਨਿਹਾਲ ਸਿੰਘ, ਕੁਰਬਾਨ ਹੁਸੈਨ ਸ਼ਾਹ, ਰਹਿਮਤ ਉੱਲਾ ਹਮਾਯੂੰ, ਸਾਹਿਬ ਸਿੰਘ ਲਾਲਪੁਰਾ ਆਦਿ ਵੱਡੀ ਗਿਣਤੀ ਵਿਚ ਉੱਥੋਂ ਦੇ ਨਾਗਰਿਕ ਸ਼ਾਮਲ ਕੀਤੇ ਗਏ। ਇਹ ਸਾਧਾਰਨ ਗੱਲ ਨਹੀਂ ਕਿ ਅਫ਼ਗ਼ਾਨਿਸਤਾਨ ਦੇ ਕਮਾਂਡਰ-ਇਨ-ਚੀਫ਼ ਨਾਦਰ ਖਾਂ, ਉਸ ਦੇ ਭਰਾ ਅਤੇ ਕਾਬੁਲ ਦੇ ਗਵਰਨਰ ਸਰਦਾਰ ਅਲੀ ਅਹਿਮਦ ਖਾਂ ਨਾਲ ਉਨ੍ਹਾਂ ਦੇ ਏਨੇ ਗਹਿਰੇ ਸਬੰਧ ਸਨ ਕਿ ਕਮਾਲ ਪਾਸ਼ਾ ਨੇ 14 ਸਤੰਬਰ 1924 ਨੂੰ ਦੀਵਾਨ ਦਾ ਪ੍ਰਬੰਧ ਦੀਵਾਨੇ ਖ਼ਾਸ ਵਿਚ ਕਰਵਾਇਆ। ਇਸ ਦੀਵਾਨ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸਜਾ ਕੇ ਨਗਰ ਕੀਰਤਨ ਕੱਢ ਕੇ ਹਕੂਮਤ ਵੱਲੋਂ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਅਮਰੀਕਾ ਵਿਚ ਗ਼ਦਰ ਪਾਰਟੀ ਦੇ ਦੋ ਨੁਮਾਇੰਦੇ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਡੱਬਾ ਤੀਜੀ ਇੰਟਰਨੈਸ਼ਨਲ ਵਿਚ ਸ਼ਾਮਲ ਹੋਣ ਲਈ ਰੂਸੀ ਕਮਿਊਨਿਸਟ ਪਾਰਟੀ ਵੱਲੋਂ ਅਮਰੀਕਾ ਦੀ ਕਮਿਊਨਿਸਟ ਪਾਰਟੀ ਰਾਹੀਂ ਭੇਜੇ ਸੱਦੇ ’ਤੇ ਗਏ ਤਾਂ ਹਿੰਦੋਸਤਾਨ ਨੂੰ ਵਾਪਸ ਆਉਂਦਿਆਂ ਉਹ ਊਧਮ ਸਿੰਘ ਕਸੇਲ ਤੇ ਗੁਰਮੁਖ ਸਿੰਘ ਨਾਲ ਅਗਲੀ ਰਣਨੀਤੀ ਬਣਾਉਣ ਲਈ ਕਾਬੁਲ ਠਹਿਰੇ, ਪਰ ਊਧਮ ਸਿੰਘ ਕਸੇਲ ਗੁਪਤ ਰੂਪ ਵਿਚ ਪੰਜਾਬ ਆ ਚੁੱਕੇ ਸਨ। ਕਾਬੁਲ ਕੇਂਦਰ ’ਤੇ ਹੀ ‘ਕਿਰਤੀ’ ਰਸਾਲਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਜੋ ਸੋਵੀਅਤ ਰੂਸ ਦੀ ਤਰਜ਼ ’ਤੇ ਮੁਕੰਮਲ ਆਜ਼ਾਦੀ ਪ੍ਰਾਪਤ ਕਰਨ ਅਤੇ ਕਿਰਤੀ ਕਿਸਾਨਾਂ ਦੀ ਸਰਦਾਰੀ ਵਾਲੇ ਰਾਜ ਲਈ ਨਵੇਂ ਕਾਂਡ ਦੀ ਸ਼ੁਰੂਆਤ ਸੀ। ਇਸ ਉਦੇਸ਼ ਨਾਲ ਸਾਂ ਫਰਾਂਸਿਸਕੋ ਗ਼ਦਰੀ ਕੇਂਦਰ ਅਤੇ ਕਾਬੁਲ ਕੇਂਦਰ ਦੇ ਤਾਲਮੇਲ ਨਾਲ ਭਾਰਤ ਸਾਂਝੀਵਾਲ ਐਸੋਸੀਏਸ਼ਨ (ਹਿੰਦੋਸਤਾਨ ਕਮਿਊਨਿਸਟ ਪਾਰਟੀ) ਦਸੰਬਰ 1925 ਨੂੰ ਕਾਨਪੁਰ ਵਿਚ ਬਣਾਈ ਗਈ ਜਿਹੜੀ ਹਿੰਦੋਸਤਾਨ ਦੀ ਤਹਿਜ਼ੀਬ ਅਤੇ ਜ਼ਮੀਨੀ ਹਕੀਕਤਾਂ ’ਤੇ ਆਧਾਰਿਤ ਸੀ। ਯੁਗਾਂਤਰ ਆਸ਼ਰਮ ਦੀਆਂ ਹਦਾਇਤਾਂ ’ਤੇ ਮਾਸਕੋ ਵਿਚ ਸਿਖਲਾਈ ਦੇ ਸਿਲਸਿਲੇ ਵਿਚ ਈਸਟ ਅਫ਼ਰੀਕਾ, ਅਰਜਨਟੀਨਾ, ਪਨਾਮਾ ਆਦਿ ਤੋਂ ਜਾਣ ਵਾਲੇ ਗ਼ਦਰੀ ਸਿਖਿਆਰਥੀਆਂ ਲਈ ਮੁਲਕ ਪਰਤਣਾ ਬਹੁਤ ਕਠਿਨ ਸੀ। ਸਰਕਾਰੀ ਸਖ਼ਤੀ ਕਾਰਨ, ਪਾਸਪੋਰਟਾਂ ਤੋਂ ਬਿਨਾਂ ਉਨ੍ਹਾਂ ਨੂੰ ਸੰਘਣੇ ਜੰਗਲਾਂ, ਵਗਦੇ ਦਰਿਆਵਾਂ, ਪਰਬਤਾਂ ਨੂੰ ਪਾਰ ਕਰਨ ਲਈ ਜ਼ਿੰਦਗੀ ਦਾਅ ਉੱਤੇ ਲਾਉਣੀ ਪੈਂਦੀ ਸੀ। ਅਜਿਹਾ ਕਰਦਿਆਂ ਰਾਮ ਕਿਸ਼ਨ ‘ਨੈਸ਼ਨਲ’ ਨੂੰ ਆਮੂੰ ਦਰਿਆ ਵਿਚ ਆਪਣੀ ਜਾਨ ਗੁਆਉਣੀ ਪਈ ਜਦੋਂ ਉਹ ਸੁਭਾਸ਼ ਚੰਦਰ ਬੋਸ ਨੂੰ ਮਾਸਕੋ ਪਹੁੰਚਾਉਣ ਦਾ ਯਤਨ ਕਰ ਰਹੇ ਸਨ। ਸੁਭਾਸ਼ ਚੰਦਰ ਬੋਸ ਕਾਂਗਰਸ ਦੀ ਲੀਡਰਸ਼ਿਪ ਅਤੇ ਉਸ ਦੀਆਂ ਨੀਤੀਆਂ ਤੋਂ ਅਵਾਜ਼ਾਰ ਹੋ ਕੇ ਦੂਜੀ ਆਲਮੀ ਜੰਗ ਸਮੇਂ ਬਰਤਾਨਵੀ ਸਾਮਰਾਜ ਉੱਤੇ ਮਾਰੂ ਸੱਟ ਮਾਰਨ ਲਈ ਬਾਹਰੀ ਮਦਦ ਵਾਸਤੇ ਸੋਵੀਅਤ ਰੂਸ ਜਾਣ ਦਾ ਇਛੁੱਕ ਸੀ। ਸੁਭਾਸ਼ ਨੂੰ ਰੂਸ ਜਾਣ ਲਈ ਉਡੀਕ ਕਰਦਿਆਂ ਕਾਫ਼ੀ ਸਮਾਂ ਕਾਬੁਲ ਠਹਿਰਨਾ ਪਿਆ।

ਚਰੰਜੀ ਲਾਲ ਕੰਗਣੀਵਾਲ

ਕਾਬੁਲ ਅੱਡੇ ਬਾਰੇ ਖ਼ੁਫ਼ੀਆ ਵਿਭਾਗ ਦੇ ਡਾਇਰੈਕਟਰ ਨੇ ਲਿਖਿਆ: 1930 ਵਿਚ ਗ਼ਦਰ ਪਾਰਟੀ ਨੇ ਆਪਣਾ ਕੰਮ ਮੁੜ ਚਲਾਉਣ ਲਈ ਕਾਬੁਲ ਵਿਚ ਕੇਂਦਰ ਸਥਾਪਿਤ ਕੀਤਾ। ਗੁਰਮੁਖ ਸਿੰਘ, ਰਤਨ ਸਿੰਘ ਡੱਬਾ ਇਸ ਦੇ ਇੰਚਾਰਜ ਸਨ ਅਤੇ ਹਿੰਦੋਸਤਾਨ ਨੂੰ ਹਥਿਆਰ ਭੇਜਣ ਦੀ ਕੋਸ਼ਿਸ਼ ਕਰਦੇ। ਕਾਬੁਲ ਵਿਚ ਸੋਵੀਅਤ ਸਰਕਾਰ ਦੀ ਅਸੈਂਬਲੀ ਨਾਲ ਇਨ੍ਹਾਂ ਨੇ ਕਾਫ਼ੀ ਗਹਿਰੇ ਸਬੰਧ ਬਣਾ ਲਏ ਸਨ। ਰਤਨ ਸਿੰਘ ਨੂੰ 1931 ਅਤੇ ਗੁਰਮੁਖ ਸਿੰਘ ਨੂੰ 1932 ਵਿਚ ਵਾਪਸ ਭੇਜੇ ਜਾਣ ਤੋਂ ਬਾਅਦ ਗ਼ਦਰ ਪਾਰਟੀ ਦਾ ਕਾਰਜਭਾਰ ਈਸ਼ਰ ਸਿੰਘ ਉਰਫ਼ ਵਾਸਦੇਵ ਸਿੰਘ ਨੇ ਸੰਭਾਲਿਆ ਜਿਹੜਾ ਤੇਜਾ ਸਿੰਘ ਸੁਤੰਤਰ ਦੀ ਪਤਨੀ ਦਾ ਭਰਾ ਸੀ। ਵਾਸਦੇਵ ਸਿੰਘ ਮਾਸਕੋ ਯੂਨੀਵਰਸਿਟੀ ਵਿਚੋਂ ਸਿਖਲਾਈ ਲੈ ਕੇ ਆਇਆ ਸੀ। * * * ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਕਾਂਗਰਸ ਦੇ ਪ੍ਰਧਾਨ ਬਣਨ ਪਿੱਛੋਂ ਮਹਾਤਮਾ ਗਾਂਧੀ ਨਾਲ ਅਸੁਖਾਵੇਂ ਸਬੰਧਾਂ ਤੋਂ ਤੰਗ ਆ ਕੇ ਸੋਵੀਅਤ ਰੂਸ ਜਾਣ ਦਾ ਮਨ ਬਣਾਇਆ। ਉਨ੍ਹਾਂ ਦਾ ਵਿਚਾਰ ਸੀ ਕਿ ਸੋਵੀਅਤ ਰੂਸ ਆਪਣੀ ਨੀਤੀ ਅਤੇ ਗੁਆਂਢੀ ਹੋਣ ਕਰਕੇ ਸਾਡੀ ਆਜ਼ਾਦੀ ਦੀ ਲੜਾਈ ਵਿਚ ਸਹਾਈ ਹੋ ਸਕਦਾ ਹੈ। ਇਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਅੰਦਰ ਗਰਮ-ਦਲੀਆਂ ਅਤੇ ਨੌਜਵਾਨਾਂ ਦਾ ਕਾਫ਼ੀ ਜ਼ੋਰ ਸੀ। 1939 ਵਿਚ ਸੁਭਾਸ਼ ਚੰਦਰ ਬੋਸ ਦੂਜੀ ਵਾਰ ਕਾਂਗਰਸ ਦੇ ਪ੍ਰਧਾਨ ਬਣਨਾ ਚਾਹੁੰਦੇ ਸਨ, ਪਰ ਗਾਂਧੀ ਇਸ ਦੇ ਹੱਕ ’ਚ ਨਹੀਂ ਸਨ। ਮਹਾਤਮਾ ਗਾਂਧੀ ਨੇ ਬੋਸ ਦੇ ਮੁਕਾਬਲੇ ਪਹਿਲਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਫਿਰ ਪੰਡਿਤ ਜਵਾਹਰਲਾਲ ਨਹਿਰੂ ਨੂੰ ਇਸ ਅਹੁਦੇ ਦੀ ਪੇਸ਼ਕਸ਼ ਕੀਤੀ, ਪਰ ਦੋਵਾਂ ਨੇ ਇਨਕਾਰ ਕਰ ਦਿੱਤਾ। ਫਿਰ ਮਹਾਤਮਾ ਗਾਂਧੀ ਨੇ ਆਂਧਰਾ ਦੇ ਕਾਂਗਰਸੀ ਪਟਾਭੀ ਸੀਤਾਰਮੱਈਆ ਨੂੰ ਸੁਭਾਸ਼ ਦੇ ਮੁਕਾਬਲੇ ਲਈ ਤਿਆਰ ਕਰ ਲਿਆ। ਪਾਰਟੀ ਅੰਦਰ ਜਦੋਂ ਵੀ ਕੋਈ ਮਸਲਾ ਗੰਭੀਰ ਬਣ ਜਾਂਦਾ ਸੀ ਤਾਂ ਉਸ ਨੂੰ ਸਾਲਸਾਂ ਰਾਹੀਂ ਹੱਲ ਕਰ ਲਿਆ ਜਾਂਦਾ। ਸੁਭਾਸ਼ ਦੇ ਹੱਕ ਵਿਚ ਬੰਗਾਲ ਦੀ ਸੂਬਾ ਕਮੇਟੀ ਤੇ ਨੌਜਵਾਨ ਕੇਡਰ ਦੇ ਨਾਲ ਨਾਲ ਖੱਬੇ ਪੱਖੀ ਤੇ ਰਾਬਿੰਦਰਨਾਥ ਟੈਗੋਰ ਵੀ ਸਨ। ਟੈਗੋਰ ਨੇ ਮਹਾਤਮਾ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ ਕਿ ‘ਸੁਭਾਸ਼ ਚੰਦਰ ਬੋਸ ਨੂੰ ਪ੍ਰਧਾਨ ਬਣਾਇਆ ਜਾਵੇ ਕਿਉਂਕਿ ਲੰਮੇ ਅਰਸੇ ਤੋਂ ਮੇਰੇ ਪ੍ਰਦੇਸ਼ ਦਾ ਅਪਮਾਨ ਤੇ ਅਣਦੇਖੀ ਹੁੰਦੀ ਆ ਰਹੀ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਆਪਣੀ ਹੈਸੀਅਤ ਅਨੁਸਾਰ ਸੁਭਾਸ਼ ਦੀ ਪਿੱਠ ’ਤੇ ਰਹਾਂਗਾ।’ ਪਰ ਮਹਾਤਮਾ ਗਾਂਧੀ ਨੇ ਕੋਈ ਹੁੰਗਾਰਾ ਨਾ ਦਿੱਤਾ। ਇਹ ਹੈਰਾਨੀ ਦੀ ਗੱਲ ਸੀ ਕਿ ਟੈਗੋਰ ਨੇ ਪਹਿਲੀ ਵਾਰ ਕਾਂਗਰਸ ਦੇ ਅੰਦਰੂਨੀ ਮਸਲੇ ਵਿਚ ਦਖ਼ਲ ਦਿੱਤਾ ਸੀ। ਇਸ ਤੋਂ ਪਹਿਲਾਂ ਪ੍ਰਧਾਨ ਦੀ ਚੋਣ ਹਮੇਸ਼ਾਂ ਸਰਬਸੰਮਤੀ ਨਾਲ ਹੁੰਦੀ ਆਈ ਸੀ। ਮਹਾਤਮਾ ਗਾਂਧੀ ਦੀ ਅੜੀ ਕਾਰਨ ਬੋਸ ਦੀ ਪ੍ਰਧਾਨਗੀ ਲਈ ਪਹਿਲੀ ਵਾਰ ਵੋਟਾਂ ਰਾਹੀਂ ਚੋਣ ਹੋਈ। ਸੁਭਾਸ਼ ਦੇ ਹੱਕ ’ਚ 1580 ਅਤੇ ਸੀਤਾਰਮੱਈਆ ਨੂੰ 1380 ਵੋਟਾਂ ਪਈਆਂ। ਇਉਂ ਵੱਡੇ ਫ਼ਰਕ ਨਾਲ ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਮਹਾਤਮਾ ਗਾਂਧੀ ਨੇ ਇਸ ਨੂੰ ਆਪਣੀ ਹਾਰ ਅਤੇ ਸੁਭਾਸ਼ ਨੇ ਖੱਬੇ-ਪੱਖੀਆਂ ਦੀ ਜਿੱਤ ਸਮਝਿਆ। ਕਾਂਗਰਸ, ਸੁਭਾਸ਼ ਕਾਂਗਰਸ ਅਤੇ ਗਾਂਧੀ ਕਾਂਗਰਸ ਧੜਿਆਂ ਵਿਚ ਵੰਡੀ ਗਈ। ਮਹਾਤਮਾ ਗਾਂਧੀ ਨੇ ਗ਼ੈਰ-ਜਮਹੂਰੀ ਤਰੀਕੇ ਨਾਲ, ਕਾਂਗਰਸ ਦੀਆਂ ਰਵਾਇਤਾਂ ਅਤੇ ਨਿਯਮਾਂ ਦੇ ਵਿਰੁੱਧ ਹੋ ਕੇ ਸੁਭਾਸ਼ ਚੰਦਰ ਬੋਸ ਰਾਹੀਂ ਕਾਂਗਰਸ ਵਰਕਿੰਗ ਕਮੇਟੀ ਦੀ ਕੀਤੀ ਜਾਣ ਵਾਲੀ ਚੋਣ ਨਾ ਹੋਣ ਦਿੱਤੀ। ਮਹਾਤਮਾ ਗਾਂਧੀ ਦੇ ਇਸ ਰਵੱਈਏ ਤੋਂ ਤੰਗ ਆ ਕੇ ਬੋਸ ਨੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਕੇ ਫਾਰਵਰਡ ਬਲਾਕ ਨਾਂ ਦੀ ਪਾਰਟੀ ਬਣਾਈ ਤਾਂ ਜੋ ਨੌਜਵਾਨਾਂ, ਵੱਖ-ਵੱਖ ਪਾਰਟੀਆਂ ਅਤੇ ਸੰਸਥਾਵਾਂ ਨਾਲ ਮਿਲ ਕੇ ਆਜ਼ਾਦੀ ਅੰਦੋਲਨ ਨੂੰ ਗਤੀਸ਼ੀਲ ਬਣਾਇਆ ਜਾ ਸਕੇ। ਉਸ ਦਾ ਵਿਚਾਰ ਸੀ ਕਿ ਕਾਂਗਰਸੀ ਲੀਡਰਾਂ ਨੇ ਕਾਂਗਰਸ ਨੂੰ ਕੌਮੀ ਆਜ਼ਾਦੀ ਦੀ ਲੜਾਈ ਦਾ ਹਥਿਆਰ ਨਹੀਂ ਬਣਨ ਦੇਣਾ ਜਿਸ ਲਈ ਬਾਹਰੀ ਸਹਾਇਤਾ ਤੋਂ ਬਿਨਾਂ ਸਫ਼ਲਤਾ ਮੁਸ਼ਕਿਲ ਹੈ। ਇਸ ਵਿਚਾਰ ਨਾਲ ਉਸ ਨੇ ਰੂਸ ਜਾਣ ਅਤੇ ਉੱਥੋਂ ਦੀ ਕਮਿਊਨਿਸਟ ਪਾਰਟੀ ਦੀ ਸਹਾਇਤਾ ਲੈਣ ਦੀ ਖਾਹਿਸ਼ ਨਰੰਜਨ ਸਿੰਘ ਤਾਲਿਬ ਤੇ ਕਾਮਰੇਡ ਮੀਆਂ ਅਕਬਰ ਖਾਂ (ਪਿਸ਼ਾਵਰ ਬਾਲਸ਼ਵਿਕ ਸਾਜ਼ਿਸ਼ ਕੇਸ ਦਾ ਨਾਇਕ) ਕੋਲ ਜ਼ਾਹਰ ਕੀਤੀ। ਕਾਮਰੇਡ ਅੱਛਰ ਸਿੰਘ ਛੀਨਾ ਮਾਸਕੋ ਤੋਂ ਸਿਖਲਾਈ ਲੈ ਕੇ ਆਇਆ ਤੇ ਉਸ ਦਾ ਪੰਜਾਬ ਵਿਚ ਕਾਫ਼ੀ ਪ੍ਰਭਾਵ ਸੀ। ਮਾਰਚ 1938 ਵਿਚ ਅੰਮ੍ਰਿਤਸਰ ਦੇ ਪਿੰਡ ਫਤੇਵਾਲ ਵਿਚ ਕਾਂਗਰਸ ਦੇ ਜਲਸੇ ਮੌਕੇ ਦੋ ਬਦਮਾਸ਼ ਮਾਰੇ ਗਏ। ਪੰਜਾਬ ਸਰਕਾਰ ਉਨ੍ਹਾਂ ਕਤਲਾਂ ਦਾ ਕੇਸ ਛੀਨਾ ਦੇ ਸਿਰ ਪਾ ਕੇ ਜੇਲ੍ਹ ਵਿਚ ਸੁੱਟਣਾ ਚਾਹੁੰਦੀ ਸੀ। ਅੱਛਰ ਸਿੰਘ ਛੀਨਾ ਰੂਪੋਸ਼ ਹੋ ਕੇ ਬੰਗਾਲ ਪੁੱਜ ਗਏ ਜਿੱਥੇ ਨਰੰਜਨ ਸਿੰਘ ਤਾਲਿਬ ਰਾਹੀਂ ਉਨ੍ਹਾਂ ਦਾ ਸੁਭਾਸ਼ ਚੰਦਰ ਬੋਸ ਨਾਲ ਮੇਲ ਹੋਇਆ। ਸੁਭਾਸ਼ ਚੰਦਰ ਬੋਸ ਕਿਰਤੀ ਕਿਸਾਨ ਪਾਰਟੀ ਦੇ ਨਜ਼ਦੀਕ ਉਦੋਂ ਆਏ ਜਦੋਂ ਪੰਜਾਬ, ਦਿੱਲੀ ਵਿਚ ‘ਸਿਆਸੀ ਕੈਦੀਓਂ ਕੋ ਰਿਹਾਅ ਕਰੋ’ ਦੀ ਜੱਦੋਜਹਿਦ ਜ਼ੋਰਾਂ ’ਤੇ ਸੀ। ਪੰਜਾਬ ਦੀਆਂ ਜੇਲ੍ਹਾਂ ਵਿਚ ਕਿਰਤੀ ਕਾਰਕੁਨਾਂ ਤੇ ਆਗੂਆਂ ਨੂੰ ਬਾਗ਼ੀਆਨਾ ਭਾਸ਼ਣ, 144 ਤੋੜਨ ਦੇ ਦੋਸ਼ ਵਿਚ ਜਾਂ ਬਿਨਾਂ ਮੁਕੱਦਮਾ ਸ਼ਾਹੀ ਕੈਦੀ ਬਣਾ ਕੇ ਸਾਲਾਂ ਤੋਂ ਡੱਕਿਆ ਹੋਇਆ ਸੀ। ਅੰਡੇਮਾਨ ਜੇਲ੍ਹ ਵਿਚ ਬਾਬਾ ਗੁਰਮੁਖ ਸਿੰਘ ਤੇ ਕਾਮਰੇਡ ਧਨਵੰਤਰੀ ਜਿਹੇ ਅਨੇਕਾਂ ਇਨਕਲਾਬੀਆਂ ਨੂੰ ਸਜ਼ਾਵਾਂ ਪੂਰੀਆਂ ਕਰਨ ’ਤੇ ਵੀ ਰਿਹਾਅ ਨਹੀਂ ਸੀ ਕੀਤਾ ਜਾ ਰਿਹਾ। ਇਨ੍ਹਾਂ ਦੀਆਂ ਰਿਹਾਈਆਂ ਲਈ ਲਾਹੌਰ ਅਸੈਂਬਲੀ ਸਾਹਮਣੇ ਭੁੱਖ ਹੜਤਾਲ ਰੱਖੀ ਗਈ। ‘ਕੈਦੀਆਂ ਕੋ ਰਿਹਾਅ ਕਰੋ’ ਕਾਂਗਰਸ ਦੇ ਮੈਨੀਫੈਸਟੋ ਦੀ ਵੀ ਅਹਿਮ ਮੰਗ ਸੀ, ਪਰ ਚੋਣਾਂ ਜਿੱਤਣ ਪਿੱਛੋਂ ਸਿਆਸੀ ਕੈਦੀਆਂ ਦੀ ਰਿਹਾਈ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਅੰਡੇਮਾਨ ਜੇਲ੍ਹ ਵਿਚ ਕੈਦੀਆਂ ਨੇ ਭੁੱਖ ਹੜਤਾਲ ਕੀਤੀ ਹੋਈ ਸੀ। ਜਦੋਂ ਇਹ ਖ਼ਬਰ ਕਿਰਤੀ ਪਾਰਟੀ ਤੱਕ ਪੁੱਜੀ ਤਾਂ ਲਾਹੌਰ ਅਸੈਂਬਲੀ ਸਾਹਮਣੇ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ। ਸੁਭਾਸ਼ ਚੰਦਰ ਬੋਸ ਨੇ ਕਿਰਤੀ ਪਾਰਟੀ ਦੇ ਆਗੂਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ‘ਪੰਜਾਬ ਪੁਲਿਟੀਕਲ ਪਰਿਜ਼ਨਰਜ਼ ਡਿਫੈਂਸ ਕਮੇਟੀ’ ਦੇ ਸਕੱਤਰ ਡਾ. ਭਾਗ ਸਿੰਘ ਨੂੰ ਪੱਤਰ ਲਿਖਿਆ ਜਿਸ ਦੇ ਕੁਝ ਅੰਸ਼ ਇਉਂ ਹਨ: ਤੁਹਾਡੀ 18 ਜੁਲਾਈ 1937 ਦੀ ਚਿੱਠੀ ਲਈ ਮੈਂ ਧੰਨਵਾਦੀ ਹਾਂ। ਇਹ ਪੜ੍ਹ ਕੇ ਡਾਢੀ ਖ਼ੁਸ਼ੀ ਹੋਈ ਕਿ ਬਾਬੂ ਅਮਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਜਿਸ ਤੋਂ ਲੱਗਦਾ ਹੈ ਕਿ ਬਰਮਾ ਸਰਕਾਰ ਪੰਜ ਹਿੰਦੋਸਤਾਨੀ ਸੂਬਿਆਂ ਦੀਆਂ ਸਰਕਾਰਾਂ (ਜਿੱਥੇ ਗ਼ੈਰ-ਕਾਂਗਰਸੀ ਵਜ਼ਾਰਤਾਂ ਹਨ) ਤੋਂ ਵੱਧ ਜਮਹੂਰੀਅਤ ਪਸੰਦ ਹੈ। ਇਨ੍ਹਾਂ ਸੂਬਿਆਂ ਵਿਚ ਭਾਰੀ ਅੰਦੋਲਨ ਦੇ ਬਾਵਜੂਦ ਵਜ਼ੀਰਾਂ ਦੀ ਹੋਊ ਪਰ੍ਹੇ ਦੀ ਨੀਤੀ ਤੱਜੀ ਨਹੀਂ ਜਾ ਸਕੀ। ਅੰਡੇਮਾਨ ਵਿਚ 200 ਤੋਂ ਵੱਧ ਸਿਆਸੀ ਕੈਦੀਆਂ ਦੀ ਭੁੱਖ ਹੜਤਾਲ ਨੇ ਚਾਰੇ ਪਾਸੇ ਚਿੰਤਾ ਤੇ ਪ੍ਰੇਸ਼ਾਨੀ ਫੈਲਾ ਦਿੱਤੀ ਹੈ। ਰਾਇਜ਼ਾਦਾ ਹੰਸ ਰਾਜ ਐੱਮ.ਐੱਲ.ਏ. ਨੇ ਦੋ ਅਖ਼ਬਾਰੀ ਬਿਆਨਾਂ ਰਾਹੀਂ ਸੂਬਾਈ ਸਰਕਾਰਾਂ ਨੂੰ ਬੜੀ ਜਜ਼ਬਾਤੀ ਅਪੀਲ ਕੀਤੀ ਹੈ ਕਿ ਉਹ ਅੰਡੇਮਾਨ ਦੇ ਕੈਦੀਆਂ ਨੂੰ ਭਾਰਤੀ ਜੇਲ੍ਹਾਂ ਵਿਚ ਮੰਗਵਾ ਲੈਣ। ਇਹ ਨਿਗੂਣੀ ਜਿਹੀ ਮੰਗ ਹੈ ਕਿਉਂਕਿ ਇਸ ਵਿਚ ਨਾ ਤਾਂ ਉਨ੍ਹਾਂ ਦੀ ਰਿਹਾਈ ਦੀ ਮੰਗ ਹੈ ਅਤੇ ਨਾ ਹੀ ਸਜ਼ਾ ਖ਼ਤਮ ਕਰਨ ਦੀ। ਜੇ ਸੂਬਾਈ ਸਰਕਾਰਾਂ ਜਾਣ-ਬੁੱਝ ਕੇ ਬਦਲਾ ਲਊ ਨੀਤੀ ’ਤੇ ਨਾ ਚੱਲਣ ਤਾਂ ਮੈਨੂੰ ਕੋਈ ਕਾਰਨ ਵਿਖਾਈ ਨਹੀਂ ਦਿੰਦਾ ਕਿ ਇਹ ਨਿਗੂਣੀ ਜਿਹੀ ਗੱਲ ਤੁਰੰਤ ਕਿਉਂ ਨਾ ਮੰਨ ਲਈ ਜਾਏ। ਜੇ ਇਹ ਨਾ ਕੀਤਾ ਗਿਆ ਤਾਂ ਮੈਨੂੰ ਡਰ ਹੈ ਕਿ ਕਾਲੇ ਪਾਣੀ ਵਿਚ ਬਹੁਤ ਹੀ ਦੁਖਦਾਈ ਘਟਨਾਵਾਂ ਵਾਪਰ ਸਕਦੀਆਂ ਹਨ। ਮੈਂ ਉਨ੍ਹਾਂ ਹਿੰਦੋਸਤਾਨੀ ਵਜ਼ੀਰਾਂ ਦੇ ਮਨਾਂ ਦੀ ਗੱਲ ਸਮਝਣੋਂ ਅਸਮਰੱਥ ਹਾਂ ਜਿਹੜੇ ਸਿਆਸੀ ਕੈਦੀਆਂ ਦੀ ਰਿਹਾਈ ਦੇ ਵਿਰੁੱਧ ਹਨ। ... ਇਹ ਢੁੱਕਵਾਂ ਕਦਮ ਹੈ ਕਿ ਤੇਜਾ ਸਿੰਘ ਸੁਤੰਤਰ ਦੀ ਰਿਹਾਈ ਲਈ ਭਾਰੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਉਸ ਦਾ ਮੁਕੱਦਮਾ ਬਿਨਾਂ ਅਦਾਲਤੀ ਕਾਰਵਾਈ ਦੇ ਜੇਲ੍ਹ ਸੁੱਟਣ ਦਾ ਹੀ ਮੁੱਦਾ ਨਹੀਂ ਹੈ, ਇਹ ਤਾਂ ਵਿਧਾਇਕਾਂ ਦੇ ਹਿਰਾਸਤ ਵਿਚ ਨਾ ਲਏ ਜਾਣ ਦੇ ਹੱਕ ਦੀ ਵੀ ਉਲੰਘਣਾ ਹੈ। ਕਿਸੇ ਵੀ ਜਮਹੂਰੀ ਮੁਲਕ ਅੰਦਰ ਇਕ ਵਿਧਾਇਕ ਨੂੰ ਇਸ ਤਰ੍ਹਾਂ ਜੇਲ੍ਹ ਅੰਦਰ ਨਹੀਂ ਡੱਕਿਆ ਜਾ ਸਕਦਾ। ਇਹ ਗੱਲ ਤਰਜੀਹ ਦੀ ਮੰਗ ਕਰਦੀ ਹੈ ਕਿ ਤੁਹਾਡਾ ਪ੍ਰੋਗਰਾਮ ਉਨ੍ਹਾਂ ਸਾਰੇ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰੇ ਜੋ ਸਜ਼ਾਵਾਂ ਭੁਗਤ ਚੁੱਕੇ ਹਨ ਜਾਂ ਬਿਨਾਂ ਕਿਸੇ ਅਦਾਲਤੀ ਕਾਰਵਾਈ ਦੇ ਨਜ਼ਰਬੰਦ ਹਨ। ਸਾਨੂੰ ਉਨ੍ਹਾਂ ਮਾਮਲਿਆਂ ਨੂੰ ਹੱਥ ’ਚ ਲੈਣਾ ਚਾਹੀਦਾ ਹੈ ਜਿੱਥੇ ਕੈਦੀਆਂ ਨੂੰ ਹੱਦੋਂ ਵੱਧ ਕਸ਼ਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਮੈਨੂੰ ਦੱਸਿਆ ਗਿਆ ਹੈ ਕਿ ਸ੍ਰੀ ਰਾਮ ਕਿਸ਼ਨ ਜੋ ਨਜ਼ਰਬੰਦ ਤਪਦਿਕ ਦੇ ਮਰੀਜ਼ ਹਨ, ਉਨ੍ਹਾਂ ਨੂੰ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਭੱਤਾ ਮਿਲ ਰਿਹਾ ਹੈ ਜਿਸ ਦੇ ਉਹ ਕਾਨੂੰਨਨ ਹੱਕਦਾਰ ਹਨ। ਮੁੱਕਦੀ ਗੱਲ ਕਿ ਵਿਧਾਨ ਸਭਾਵਾਂ ਦੇ ਅੰਦਰ ਤੇ ਬਾਹਰ ਹੋ ਰਹੇ ਅੰਦੋਲਨਾਂ ਨੂੰ ਸਭ ਤੋਂ ਵੱਧ ਜ਼ੋਰ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਲਾਉਣਾ ਚਾਹੀਦਾ ਹੈ। ਤੁਹਾਡੇ ਇਸ ਔਖੇ ਕੰਮ ਵਿਚ ਦਿਲੋਂ ਹਮਦਰਦੀ ਨਾਲ। ਸ਼ੁਭ ਚਿੰਤਕ ਸੁਭਾਸ਼ ਚੰਦਰ ਬੋਸ (ਡਲਹੌਜ਼ੀ 3 ਅਗਸਤ 1937) ਕਾਮਰੇਡ ਮੀਆਂ ਅਕਬਰ ਖਾਂ ਰਾਹੀਂ ਸੁਭਾਸ਼ ਚੰਦਰ ਬੋਸ ਦਾ ਹਿੰਦੋਸਤਾਨ ਤੋਂ ਬਾਹਰ ਜਾਣ ਦਾ ਪ੍ਰੋਗਰਾਮ ਕਿਰਤੀ ਕਿਸਾਨ ਪਾਰਟੀ ਤੱਕ ਆਇਆ ਤਾਂ ਇਸ ਨੂੰ ਬਹੁਤ ਸੰਵੇਦਨਸ਼ੀਲ ਸਮਝ ਕੇ ਖ਼ੁਫ਼ੀਆ ਰੱਖਿਆ ਗਿਆ। ਆਗੂਆਂ ਦੀ ਖ਼ੁਫ਼ੀਆ ਮੀਟਿੰਗ, ਜਿਸ ਵਿਚ ਅੱਛਰ ਸਿੰਘ ਛੀਨਾ, ਕਾਮਰੇਡ ਬੂਝਾ ਸਿੰਘ, ਰਾਮ ਕਿਸ਼ਨ ਬੀ.ਏ. ਅਤੇ ਡਾਕਟਰ ਭਾਗ ਸਿੰਘ ਸ਼ਾਮਲ ਸਨ, ਨੇ ਫ਼ੈਸਲਾ ਕਰਕੇ ਪਾਰਟੀ ਦੀ ਹਾਈਕਮਾਂਡ ਨੂੰ ਰਾਜ਼ੀ ਕਰ ਲਿਆ ਕਿ ਸੁਭਾਸ਼ ਚੰਦਰ ਬੋਸ ਦੀ ਰੂਸ ਜਾਣ ਵਿਚ ਮਦਦ ਕੀਤੀ ਜਾਵੇ। ਸੁਭਾਸ਼ ਚੰਦਰ ਜਿਹਾ ਕੌਮੀ ਆਗੂ ਸੋਵੀਅਤ ਤੇ ਕਮਿਊਨਿਸਟ ਪੱਖੀ ਪੈਂਤੜਾ ਲੈ ਲਵੇ ਤਾਂ ਆਜ਼ਾਦੀ ਦੀ ਲੜਾਈ ਨੂੰ ਇਨਕਲਾਬੀ ਪੱਖ ਤੋਂ ਬਹੁਤ ਫ਼ਾਇਦਾ ਹੋ ਸਕਦਾ ਹੈ। ਪੰਜਾਬ ਤੋਂ ਅਫ਼ਗ਼ਾਨਿਸਤਾਨ ਲਿਜਾਣ ਦੀ ਜ਼ਿੰਮੇਵਾਰੀ ਭਗਤ ਰਾਮ ਤਲਵਾੜ ਦੀ ਲਾਈ ਗਈ ਕਿ ਉਹ ਕਾਬੁਲ ਵਿਚ ਮਾਸਕੋ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਯੋਜਨਾ ਨੂੰ ਪੂਰਾ ਕਰੇ। ਇਸ ਦੇ ਨਾਲ ਹੀ ਕਾਮਰੇਡ ਅੱਛਰ ਸਿੰਘ ਛੀਨਾ ਤੇ ਰਾਮ ਕਿਸ਼ਨ ਬੀ.ਏ. ਨੂੰ ਸੁਭਾਸ਼ ਚੰਦਰ ਬੋਸ ਦੇ ਮਾਸਕੋ ਪੁੱਜਣ ਤੱਕ ਨਿਗਰਾਨੀ ਰੱਖਣ ਲਈ ਤਿਆਰ ਕੀਤਾ ਗਿਆ। ਸੋਵੀਅਤ ਅਧਿਕਾਰੀ ਨਾਲ ਗੱਲਬਾਤ ਕਰਨ ਲਈ ਕਾਮਰੇਡ ਹਰਮਿੰਦਰ ਸਿੰਘ ਸੋਢੀ ਨੂੰ ਮੁਕੱਰਰ ਕੀਤਾ ਗਿਆ ਸੀ। ਸੁਭਾਸ਼ ਚੰਦਰ ਬੋਸ ਭੇਸ ਬਦਲ ਕੇ 16 ਜਨਵਰੀ 1941 ਨੂੰ ਘਰੋਂ ਤੁਰ ਪਏ ਅਤੇ ਦਿੱਲੀ ਹੁੰਦੇ ਹੋਏ 19 ਜਨਵਰੀ ਸ਼ਾਮ ਨੂੰ ਪਿਸ਼ਾਵਰ ਪੁੱਜੇ। ਉੱਥੋਂ ਉਹ ਪਠਾਨੀ ਲਿਬਾਸ ਵਿਚ ਜ਼ਿਆਊਦੀਨ ਦੇ ਨਾਂ ’ਤੇ ਕਾਬੁਲ ਜਾਣ ਲਈ ਤਿਆਰ ਹੋਏ। ਭਗਤ ਰਾਮ ਨੇ ਆਪਣਾ ਨਾਂ ਰਹਿਮਤ ਖਾਂ ਰੱਖ ਕੇ ਨਾਟਕੀ ਅੰਦਾਜ਼ ’ਚ ਦਿਖਾਇਆ ਕਿ ਉਹ ਗੂੰਗੇ ਚਾਚੇ ਜ਼ਿਆਊਦੀਨ (ਸੁਭਾਸ਼ ਚੰਦਰ ਬੋਸ) ਨੂੰ ਇਲਾਜ ਲਈ ਕਾਬੁਲ ਲਿਜਾ ਰਿਹਾ ਹੈ। ਪਿਸ਼ਾਵਰ ਤੋਂ ਬਹੁਤਾ ਸਫ਼ਰ ਉਨ੍ਹਾਂ ਨੇ ਪੈਦਲ ਕੀਤਾ ਅਤੇ 27 ਜਨਵਰੀ ਨੂੰ ਉਹ ਕਾਬੁਲ ਪੁੱਜੇ। ਹਾਲਾਤ ਨਾਸਾਜ਼ ਹੋਣ ਕਾਰਨ ਮਾਸਕੋ ਅਧਿਕਾਰੀਆਂ ਨਾਲ ਤਾਲਮੇਲ ਨਾ ਹੋਣ ਕਾਰਨ ਭਗਤ ਰਾਮ ਇਟਲੀ ਦੇ ਰਾਜਦੂਤ ਰਾਹੀਂ ਸੁਭਾਸ਼ ਚੰਦਰ ਬੋਸ ਨੂੰ ਜਰਮਨੀ ਭਿਜਵਾਉਣ ’ਚ ਕਾਮਯਾਬ ਹੋ ਗਿਆ। ਇਸੇ ਸਿਲਸਿਲੇ ਵਿਚ ਰਾਮ ਚੰਦਰ ਬੀ.ਏ. ਆਮੂੰ ਦਰਿਆ ਪਾਰ ਕਰਦਿਆਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਕੇ ਸ਼ਹੀਦ ਹੋ ਗਿਆ। ਖਿਆਲ ਕੀਤਾ ਜਾਂਦਾ ਹੈ ਕਿ ਜੇ ਹਰਿਮੰਦਰ ਸਿੰਘ ਸੋਢੀ ਠੀਕ ਸਮੇਂ ਕਾਬੁਲ ਪੁੱਜ ਜਾਂਦਾ ਤਾਂ ਸੁਭਾਸ਼ ਚੰਦਰ ਬੋਸ ਮਾਸਕੋ ਪੁੱਜ ਜਾਂਦੇ। ਸੁਭਾਸ਼ ਚੰਦਰ ਬੋਸ ਵੱਲੋਂ ਸ਼ਰਤ ਚੰਦਰ ਬੋਸ ਅਤੇ ਸਰਦੂਲ ਸਿੰਘ ਕਵੀਸ਼ਰ ਦੇ ਨਾਂ ਲਿਖੇ ਦੋ ਖ਼ਤ ਵਾਪਸੀ ’ਤੇ ਭਗਤ ਰਾਮ ਤਲਵਾੜ ਆਪਣੇ ਨਾਲ ਲਿਆਇਆ। ਸੁਭਾਸ਼ ਚੰਦਰ ਦੇ ਭੇਜੇ ਹੋਏ ਪੰਜ ਸੌ ਪੌਂਡ (ਸੋਨੇ ਦੇ ਸਿੱਕੇ) ਪਿੱਛੋਂ ਕੋਟ ਸੌਂਧੇ (ਹੁਣ ਪਾਕਿਸਤਾਨ ਵਿਚ) ਦੇ ਜਗੀਰ ਸਿੰਘ ਕੋਲੋਂ ਫੜੇ ਗਏ ਸਨ। ਦੋ ਜੁਲਾਈ 1943 ਨੂੰ ਸੁਭਾਸ਼ ਚੰਦਰ ਬੋਸ ਨੂੰ ਜਰਮਨੀ ਤੋਂ ਸਿੰਗਾਪੁਰ ਬੁਲਾਇਆ ਗਿਆ ਅਤੇ ਹਵਾਈ ਅੱਡੇ ਉੱਪਰ ਆਜ਼ਾਦ ਹਿੰਦ ਫ਼ੌਜ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਆਜ਼ਾਦ ਹਿੰਦ ਫ਼ੌਜ ਦੀ ਕਮਾਂਡ ਬੋਸ ਦੇ ਹੱਥ ਆਉਣ ਨਾਲ ਫ਼ੌਜ ਵਿਚ ਜੋਸ਼ ਪੈਦਾ ਹੋ ਗਿਆ ਸੀ। ਇਸ ਤਰ੍ਹਾਂ ਉਹ ਆਈ.ਆਈ.ਐੱਫ. ਤੇ ਆਈ.ਐੱਨ.ਏ. ਦੇ ਰਹਿਬਰ ਬਣੇ ਅਤੇ 1945 ਵਿਚ ਕਮਾਂਡਰੀ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All