ਗ਼ਦਰ ਪਾਰਟੀ ਦੇ ਸਿਰਮੌਰ ਆਗੂ ਬਾਬਾ ਹਰਜਾਪ ਸਿੰਘ

ਗ਼ਦਰ ਪਾਰਟੀ ਦੇ ਸਿਰਮੌਰ ਆਗੂ ਬਾਬਾ ਹਰਜਾਪ ਸਿੰਘ

ਦੇਸ਼ ਦੀ ਆਜ਼ਾਦੀ ਲਈ ਹਜ਼ਾਰਾਂ ਹੀ ਦੇਸ਼ ਭਗਤਾਂ, ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ ਜੇਲ੍ਹਾਂ ਕੱਟੀਆਂ ਅਤੇ ਜੀਵਨ ਭਰ ਅਨੇਕਾਂ ਕਸ਼ਟ ਝੱਲੇ। ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾ ਨਾਂ ਗਦਰ ਪਾਰਟੀ ਦਾ ਆਉਂਦਾ ਹੈ। ਇਸ ਪਾਰਟੀ ਦੇ 21 ਸਿਰਕੱਢ ਆਗੂਆਂ ਨੂੰ ਫਾਂਸੀ ਦਿੱਤੀ ਗਈ ਅਤੇ 40 ਤੋਂ ਵੱਧ ਆਗੂਆਂ ਨੂੰ ਉਮਰ ਕੈਦ ਜਾਂ ਮਿਆਦੀ ਸਜ਼ਾ ਦਿੱਤੀ ਗਈ ਪਰ ਗਦਰੀ ਬਾਬਿਆਂ ਨੇ ਆਪਣੇ ਜੀਵਨ ਸੰਘਰਸ਼ ਕਾਰਨ ਅੰਗਰੇਜ਼ਾਂ ਦੀ ਦੇਸ਼-ਵਿਦੇਸ਼ਾਂ ਵਿੱਚ ਨੀਂਦ ਹਰਾਮ ਕਰ ਰੱਖੀ। ਬਾਕੀ ਗਦਰੀ ਬਾਬਿਆਂ ਦੇ ਜੀਵਨ ਵਾਂਗ ਬਾਬਾ ਹਰਜਾਪ ਸਿੰਘ ਦਾ ਜੀਵਨ ਵੀ ਵਿਲੱਖਣ ਰਿਹਾ। ਗਦਰੀ ਬਾਬਾ ਹਰਜਾਪ ਸਿੰਘ ਦਾ ਜਨਮ 26 ਮਈ 1892 ਵਿਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਵਿਚ ਕਰਤਾਰ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਪਿੰਡ ਦੇ ਹੀ ਵਰਨੈਕੂਲਰ ਮਿਡਲ ਸਕੂਲ ਤੋਂ ਅੱਠਵੀਂ ਜਮਾਤ ਦੀ ਪੜ੍ਹਾਈ ਕੀਤੀ ਪਰ ਉਨ੍ਹਾਂ ਦੀ ਰਾਜਨੀਤਿਕ ਬੁੱਧੀ ਬਹੁਤ ਹੀ ਪ੍ਰਬਲ ਤੇ ਤੀਖਣ ਹੋਣ ਕਾਰਨ ਉਨ੍ਹਾਂ ਦਾ ਧਿਆਨ ਦੇਸ਼ ਨੂੰ ਆਜ਼ਾਦ ਕਰਾਉਣ ਵੱਲ ਖਿਚਿਆ ਗਿਆ। ਉਹ ਘਰ ਦੀ ਗਰੀਬੀ ਅਤੇ ਭੁੱਖ ਨੂੰ ਦੂਰ ਕਰਨ ਦੇ ਇਰਾਦੇ ਨਾਲ 5 ਦਸੰਬਰ 1909 ਨੂੰ ਆਪਣੀ 17 ਸਾਲ ਦੀ ਉਮਰ ਵਿੱਚ ਆਪਣੀ ਪਤਨੀ ਨੂੰ ਛੱਡ ਅਮਰੀਕਾ ਚਲੇ ਗਏ। ਪਰ ਉਥੇ ਜਾ ਕੇ ਉਨ੍ਹਾਂ ਨੇ ਕਮਾਈ ਦਾ ਲਾਲਚ ਛੱਡ ਦੇਸ਼ ਭਗਤੀ ਦਾ ਰਾਹ ਫੜ ਲਿਆ ਅਤੇ ਬਹੁਤ ਸਾਰੇ ਹਿੰਦੁਸਤਾਨੀ ਦੇਸ਼ ਭਗਤਾਂ ਨਾਲ ਸੰਪਰਕ ਕਾਇਮ ਕਰ ਲਿਆ। ਉਹ ਸ਼ੁਰੂ ਵਿਚ ਗਦਰ ਪਾਰਟੀ ਦੇ ਸਧਾਰਨ ਮੈਂਬਰ ਬਣਨ ਤੋਂ ਲੈ ਕੇ ਪਾਰਟੀ ਦੇ ਐਗਜ਼ੈਕੇਟਿਵ ਬੋਰਡ ਦੇ ਮੈਂਬਰ ਅਤੇ ਪ੍ਰਧਾਨ ਤੱਕ ਬਣੇ। ਫਿਰ ਉਨ੍ਹਾਂ ਨੇ ਇਸ ਪਾਰਟੀ ਦੀਆਂ ਨੀਤੀਆਂ ਨੂੰ ਅਮਲੀ ਰੂਪ ਦੇਣ ਲਈ ਅਥਾਹ ਕੋਸ਼ਿਸ਼ਾਂ ਕੀਤੀਆਂ। ਗਦਰ ਪਾਰਟੀ ਸਿੱਧੇ ਸਾਧੇ ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਸਭਾ ਸੀ ਪਰ ਇਸ ਦੇ ਬਾਵਜੂਦ ਇਹ ਪਾਰਟੀ ਹਿੰਦੁਸਤਾਨ ਦੀ ਪਹਿਲੀ ਪਾਰਟੀ ਸੀ, ਜਿਸਦੇ ਸਬੰਧ ਕੋਮਨਟਰਨ ਨਾਲ ਪੈਦਾ ਹੋਏ। ਉਸ ਸਮੇਂ ਪੰਜਾਬ ਵਿੱਚ ਜੋ ਇਨਕਲਾਬੀ ਜਾਗਰੂਕਤਾ ਪੈਦਾ ਹੋਈ ਉਹ ਬਹੁਤ ਕਰਕੇ ਗਦਰ ਪਾਰਟੀ ਦੇ ਕਾਰਨ ਹੀ ਸੀ। 1919 ਵਿੱਚ ਬਾਬਾ ਹਰਜਾਪ ਸਿੰਘ ਗਦਰ ਆਸ਼ਰਮ ਵਿੱਚ ਰਹਿੰਦੇ ਸੀ ਅਤੇ ਉਨ੍ਹਾਂ ਦਾ ਸੰਪਰਕ ਦੂਜੇ ਗਦਰੀਆਂ ਨਾਲ ਹੋਇਆ, ਜਿਨ੍ਹਾਂ ਵਿੱਚ ਗਦਰੀ ਰਤਨ ਸਿੰਘ, ਗਦਰੀ ਜਗਤ ਸਿੰਘ ਅਤੇ ਨਿਧਾਨ ਸਿਘ ਦੇ ਨਾਂ ਪ੍ਰਮੁੱਖ ਸਨ। ਉਸ ਸਮੇਂ ਗਦਰ ਪਾਰਟੀ ਦੀ ਹੋਂਦ ਨੂੰ ਖਤਰੇ ਦੇ ਬੱਦਲ ਛਾਏ ਤਾਂ ਬਾਬਾ ਜੀ ਨੇ ਇਸ ਪਾਰਟੀ ਦੀ

ਹਿੰਦੋਸਤਾਨ ਗਦਰ ਪਾਰਟੀ ਦਾ ਹੈਡਕੁਆਰਟਰ।

ਅਗਵਾਈ ਕੀਤੀ ਅਤੇ ਇਸ ਨੂੰ ਫਿਰ ਉਚਾਈਆਂ ਤੱਕ ਪਹੁੰਚਾਇਆ। 1923 ਵਿਚ ਉਹ ਗਦਰ ਆਸ਼ਰਮ ਨੂੰ ਉਚਾਈਆਂ ਵੱਲ ਲਿਜਾਣ ਲਈ ਪ੍ਰਮੁੱਖ ਭੂਮਿਕਾ ਨਿਭਾਅ ਰਹੇ ਸਨ। 1926 ਵਿੱਚ ਉਨ੍ਹਾਂ ਨੂੰ ਗਦਰ ਪਾਰਟੀ ਵੱਲੋਂ ਪੰਜ ਮੈਂਬਰੀ ਜਥੇ ਦੀ ਅਗਵਾਈ ਕਰਕੇ ਮਾਸਕੋ ਭੇਜਿਆ ਗਿਆ। ਇਸ ਜਥੇ ਵਿੱਚ ਕਪੂਰਥਲਾ ਰਿਆਸਤ ਦੇ ਪਿੰਡ ਧੂਤ ਦੇ ਕਰਮ ਸਿੰਘ ਧੂਤ ਵੀ ਪ੍ਰਮੁੱਖ ਸਨ। ਇਸ ਜਥੇ ਦਾ ਕੰਮ ਕੋਮਨਟਰਨ ਨਾਲ ਗੱਲਬਾਤ ਕਰਨਾ ਸੀ। ਉਨ੍ਹਾਂ ਨੇ ਉਥੇ ਰਹਿੰਦਿਆਂ ਨਾ ਕੇਵਲ ਮਾਰਕਸਵਾਦ ਦਾ ਅਧਿਐਨ ਕੀਤਾ ਸਗੋਂ ਰੂਸ ਦੇ ਨਵੇਂ ਪ੍ਰਬੰਧ ਜਿਨ੍ਹਾਂ ਵਿੱਚ ਪੰਚਾਇਤੀ ਖੇਤੀ ਵੀ ਸ਼ਾਮਲ ਸੀ, ਬਾਰੇ ਜਾਣਿਆ। 1927 ਵਿਚ ਬਾਬਾ ਹਰਜਾਪ ਸਿੰਘ ਨੇ ਗਦਰ-ਕਮਿਊਨਿਸਟ ਲਹਿਰ ਵਿੱਚ ਅਹਿਮ ਰੋਲ ਅਦਾ ਕੀਤਾ, ਜਿਸ ਦਾ ਮੁੱਖ ਦਫਤਰ ਉਸ ਸਮੇਂ ਹੈਂਡਕੋ ਵਿਚ ਸੀ, ਜਿੱਥੇ ਉਹ ਪ੍ਰਸਿਧ ਕਮਿਊਨਿਸਟ ਐੱਮਐੱਨ ਰਾਓ ਨੂੰ ਮਿਲੇ। 1927 ਵਿਚ ਅੰਮ੍ਰਿਤਸਰ ਵਿਖੇ ‘ਕਿਰਤੀ’ ਦੇ ਮੁੱਖ ਸੰਪਾਦਕ ਨੂੰ ਲੇਖ ਭੇਜਦੇ ਰਹੇ। 1928 ਵਿੱਚ ਉਹ ਮਾਸਕੋ ਤੋਂ ਗਦਰੀ ਕਰਮ ਸਿੰਘ ਧੂਤ ਦੇ ਸਾਥ ਨਾਲ ਅਫਗਾਨਿਸਤਾਨ ਰਾਹੀਂ ਭਾਰਤ ਲਈ ਚੱਲ ਪਏ ਅਤੇ ਉਹ ਹੈਦਰ ਅਲੀ ਦੇ ਨਾਂ ਨਾਲ ਜਰਮਨ ਪਾਸਪੋਰਟ ਤੋਂ ਯਾਤਰਾ ਕਰ ਰਹੇ ਸਨ, ਜਿਹੜਾ ਕਿ ਉਨ੍ਹਾਂ ਲਈ ਚਟੋਪਾਧਿਆ ਜੀ ਨੇ ਬਣਵਾਇਆ ਸੀ ਪਰ ਉਹ ਅਫਗਾਨ ਬਾਰਡਰ ਤੋਂ ਫੜੇ ਗਏ ਅਤੇ ਜਲਦੀ ਹੀ ਜਮਾਨਤ ’ਤੇ ਰਿਹਾ ਹੋ ਗਏ। ਮਾਰਚ 1930 ਵਿਚ ਉਹ ਲਾਲਪੁਰਾ ਪਹੁੰਚ ਗਏ। 1930 ਵਿੱਚ ਹੀ ਉਹ ਪਿੰਡਾਂ ਵਿੱਚ ਕਿਰਤੀ ਪਾਰਟੀ ਲਈ ਸਰਗਰਮੀਆਂ ਕਰਦੇ ਰਹੇ ਅਤੇ ਨੌਜਵਾਨਾਂ ਨੂੰ ਭਰਤੀ ਕਰਕੇ ਹਥਿਆਰਬੰਦ ਯੁੱਧ ਲਈ ਮਿਲਟਰੀ ਟ੍ਰੇਨਿੰਗ ਲਈ ਰੂਸ ਭੇਜਣ ਦਾ ਉਪਰਾਲਾ ਕਰਦੇ ਰਹੇ। ਉਹ 14 ਅਪਰੈਲ 1931 ਨੂੰ ਆਪਣੇ ਪਿੰਡ ਤੋਂ ਗ੍ਰਿਫਤਾਰ ਹੋ ਗਏ ਅਤੇ ਉਨ੍ਹਾਂ ਨੂੰ ਮਿੰਟਗੁਮਰੀ ਜੇਲ੍ਹ ਵਿੱਚ ਭੇਜ ਦਿੱਤਾ। ਉਨਾਂ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿਛੇ ਕੱਟੇ। ਫਿਰ 1936-37 ਵਿਚ ਉਹ ਅਸੈਂਬਲੀ ਦੇ ਬਿਨਾਂ ਮੁਕਾਬਲਾ ਮੈਂਬਰ ਚੁਣੇ ਗਏ। ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਜਾ ਕੇ ਕਿਸੇ ਖੇਤਾਂ ਵਿਚ ਹੱਲ ਵਾਹੁੰਦੇ ਰਹੇ ਪਰ ਵਡੇਰੀ ਉਮਰ ਕਰਕੇ ਬਿਮਾਰੀ ਦੀ ਹਾਲਤ ਕਾਰਨ ਪਿੰਡ ਵਾਪਸ ਆ ਗਏ ਅਤੇ 1971 ਈ: ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਬੇਟੀ ਗੁਰਮੀਤ ਕੌਰ ਧਾਮੀ ਕੋਲ ਲੰਡਨ ਜਾਣਾ ਪਿਆ ਅਤੇ ਆਖਰੀ ਦਮ ਤੱਕ ਉਥੇ ਹੀ ਰਹੇ। ਬਹਾਦਰ ਸਿੰਘ ਗੋਸਲ , ਸੰਪਰਕ: 98764-52223

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All