ਗ਼ਦਰੀ ਸੱਜਣ ਸਿੰਘ ਨਾਰੰਗਵਾਲ

ਜਸਦੇਵ ਸਿੰਘ ਲਲਤੋਂ

ਸੱਜਣ ਸਿੰਘ ਦਾ ਜਨਮ 1898 ’ਚ ਪਿਤਾ ਮੀਹਾਂ ਸਿੰਘ ਦੇ ਘਰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਨੂੰ ਮੁੱਢਲੀ ਵਿਦਿਆ ਲਈ ਪਿੰਡ ਦੇ ਪ੍ਰਾਇਮਰੀ ਸਕੂਲ ਲਾਇਆ ਗਿਆ। ਹੁਸ਼ਿਆਰ ਹੋਣ ਕਾਰਨ ਪੰਜਵੀਂ ਤੋਂ ਲਗਾਤਾਰ ਵਜੀਫਾ ਮਿਲਣ ਲੱਗ ਪਿਆ। ਬਾਅਦ ਵਿੱਚ ਉਹ ਵਰਨੈਕੂਲਰ ਮਿਡਲ ਸਕੂਲ ਗੁੱਜਰਵਾਲ ਤੇ 1912 ਤੋਂ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ’ਚ ਪੜ੍ਹਨ ਲੱਗੇ। ਜੂਨੀਅਰ ਸੀਨੀਅਰ ਪਾਸ ਕਰਕੇ 1914 ’ਚ ਨੌਂਵੀ ਜਮਾਤ ’ਚ ਦਾਖਲ ਹੋ ਗਏ। ਇਸੇ ਸਮੇਂ ਦੌਰਾਨ ਪਹਿਲੀ ਸਾਮਰਾਜੀ ਸੰਸਾਰ ਜੰਗ ਛਿੜ ਪਈ। ਅਮਰੀਕਾ ’ਚ ਬਣੀ ਗ਼ਦਰ ਪਾਰਟੀ ਨੇ ਸਮਝ ਬਣਾਈ ਕਿ ਬਰਤਾਨਵੀ ਫ਼ੌਜਾਂ ਭਾਰੀ ਗਿਣਤੀ ’ਚ ਬਾਹਰ ਜੰਗੀ ਮੋਰਚੇ ’ਤੇ ਗਈਆਂ ਹੋਣ ਕਾਰਨ ਹਿੰਦ ’ਚੋਂ ਇਨ੍ਹਾਂ ਦਾ ਜ਼ੋਰ ਕਾਫੀ ਘੱਟ ਜਾਵੇਗਾ। ਇਸ ਲਈ ਫ਼ੈਸਲਾ ਕੀਤਾ ਕਿ ਹਿੰਦ ਜਾ ਕੇ ਦੇਸੀ ਫ਼ੌਜੀਆਂ ਤੇ ਆਮ ਲੋਕਾਂ ਨੂੰ ਨਾਲ ਜੋੜ ਕੇ ਹਥਿਆਰਬੰਦ ਗ਼ਦਰ ਰਾਹੀਂ ਫਰੰਗੀ ਰਾਜ ਦਾ ਤਖਤਾ ਪਲਟਿਆ ਜਾਵੇ। ਸਮੁੰਦਰੀ ਜਹਾਜ਼ਾਂ ਰਾਹੀਂ 8 ਹਜ਼ਾਰ ਦੇ ਕਰੀਬ ਗ਼ਦਰੀ ਯੋਧੇ ਭਾਰਤ ਪੁੱਜੇ। ਸਕੂਲ ਪੜ੍ਹਦੇ ਸੱਜਣ ਸਿੰਘ, ਬਾਹਰੋਂ ਆਏ ਗ਼ਦਰੀਆਂ– ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ, ਹਰਨਾਮ ਸਿੰਘ ਟੁੰਡੀਲਾਟ ਦੇ ਸੰਪਰਕ ’ਚ ਆ ਗਏ। ‘ਗ਼ਦਰ’ ਅਖਬਾਰ ਦੇ ਲੇਖਾਂ ਤੇ ‘ਗ਼ਦਰ ਦੀ ਗੂੰਜ’ ਦੀਆਂ ਕਵਿਤਾਵਾਂ ਨੇ ਉਨ੍ਹਾਂ ਦੇ ਹਿਰਦੇ ਅੰਦਰ ਗੋਰੀ ਹਕੂਮਤ ਵਿਰੁੱਧ ਨਫਰਤ ਦੇ ਭਾਂਬੜ ਬਾਲ ਦਿੱਤੇ ਤੇ ਦੇਸ਼ ਦੀ ਆਜ਼ਾਦੀ ਦੀ ਲਾਟ ਉੱਚੀ ਕਰ ਦਿੱਤੀ। ਪੜ੍ਹਾਈ ਵਿੱਚੇ ਛੱਡ ਕੇ ਉਹ ਗ਼ਦਰ ਲਹਿਰ ’ਚ ਦਿਨ ਰਾਤ ਕੰਮ ਕਰਨ ਲੱਗੇ। ਗ਼ਦਰ ਦੀ ਤਾਰੀਖ ਪਹਿਲਾਂ 21 ਫਰਵਰੀ ਫਿਰ 19 ਫਰਵਰੀ 1914 ਮਿਥੀ ਗਈ। ਉਨ੍ਹਾਂ ਦੀ ਡਿਊਟੀ ਗ਼ਦਰ ਦੀ ਤਿਆਰੀ ਲਈ ਮੀਆਂਮੀਰ ਛਾਉਣੀ (ਨੇੜੇ ਲਾਹੌਰ) ਲੱਗੀ। ਗ਼ਦਰ ਦੇ ਵੱਡੇ ਮੁਖਬਰ ਕਿਰਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਸੱਜਣ ਸਿੰਘ ਨੇ ਬੁਝਿਆ ਸੀ ਤੇ ਪਾਰਟੀ ਦੇ ਉਤਲੇ ਆਗੂਆਂ ਨੂੰ ਤੁਰੰਤ ਦੱਸ ਦਿੱਤਾ ਸੀ। ਆਗੂਆਂ ਨੇ ਸੱਜਣ ਸਿੰਘ ਦੀ ਡਿਊਟੀ ਲਾਈ ਕਿ ਉਹ ਕਿਰਪਾਲ ਸਿੰਘ ਨੂੰ ਸੁਰਸਿੰਘ ਪਿੰਡ ਲੈ ਜਾਵੇ, ਉਥੇ ਗ਼ਦਰ ਦੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਖਤਮ ਕਰ ਦੇਵੇ ਤੇ ਉਥੋਂ ਵੱਧ ਤੋਂ ਵੱਧ ਬੰਦੇ ਲੈ ਕੇ ਮੀਆਂਮੀਰ ਛਾਉਣੀ ਪੁੱਜੇ। ਦੂਜੇ ਪਾਸੇ ਕਿਰਪਾਲ ਸਿੰਘ ਨੂੰ ਵੀ ਗ਼ਦਰੀ ਵਿਓਂਤ ਦਾ ਸ਼ੱਕ ਪੈ ਗਿਆ ਸੀ। ਉਸ ਨੇ 7 ਆਗੂ ਪੁਲੀਸ ਨੂੰ ਫੜਾ ਦਿੱਤੇ, ਪਰ ਸੱਜਣ ਸਿੰਘ ਹੁਸ਼ਿਆਰੀ ਨਾਲ ਬਚ ਨਿਕਲਿਆ। 19 ਫਰਵਰੀ ਦੀ ਸੂਚਨਾ ਵੀ ਦੁਸ਼ਮਣ ਨੂੰ ਮਿਲ ਗਈ ਤੇ ਸਿੱਟੇ ਵਜੋਂ ਗ਼ਦਰ ਵਕਤੀ ਤੌਰ ’ਤੇ ਅਸਫ਼ਲ ਹੋ ਗਿਆ। ਫੜੋ-ਫੜੀ ਦੇ ਦੌਰ ’ਚ ਸੈਂਕੜੇ ਗ਼ਦਰੀ ਫੜੇ ਗਏ। ਸੱਜਣ ਸਿੰਘ ਸਿਰਮੌਰ ਇਨਕਲਾਬੀ ਆਗੂ ਰਾਸ ਬਿਹਾਰੀ ਬੋਸ ਦਾ ਵਿਸ਼ਵਾਸ ਪਾਤਰ ਸੀ। ਉਸ ਨੇ ਉਨ੍ਹਾਂ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਤੇ ਲਾਹੌਰ ’ਚੋਂ ਬਾਹਰ ਨਿਕਲਣ ਲਈ ਬਣਦੀ ਸਹਾਇਤਾ ਕੀਤੀ। ਸੱਜਣ ਸਿੰਘ ਸ਼ਾਹਦਰੇ ਤੋਂ ਗੱਡੀ ਚੜ੍ਹ ਕੇ ਲਾਇਲਪੁਰ ਵੱਲ ਚਲਾ ਗਿਆ। ਪਹਿਲਾਂ ਅੰਗਰੇਜ਼ ਭਗਤ ‘ਸਰਦਾਰ ਬਹਾਦਰ’ (ਗੱਜਣ ਸਿੰਘ ਨਾਰੰਗਵਾਲ) ਨੇ ਸੱਜਣ ਸਿੰਘ ਨੂੰ ਲੁਧਿਆਣੇ ਫੜਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ, ਪਰ ਸਫ਼ਲ ਨਾ ਹੋਇਆ। ਬਾਅਦ ਵਿੱਚ ਗੱਜਣ ਸਿੰਘ ਦੇ ਭਰਾ ਨੰਬਰਦਾਰ ਕਰਮ ਸਿੰਘ ਨੇ ਬਾਰ ਵਿਚ (ਚੱਕ ਨੰ: 530 ਨਾਰੰਗਵਾਲ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ)

ਜਸਦੇਵ ਸਿੰਘ ਲਲਤੋਂ

ਸੱਜਣ ਸਿੰਘ ਨੂੰ ਫੜਾਉਣ ਲਈ ਕਈ ਹੱਲੇ ਕੀਤੇ, ਪਰ ਫੇਲ੍ਹ ਰਹੇ। ਅੰਤ ਵਿੱਚ ਉਸ ਨੇ ਸੱਜਣ ਸਿੰਘ ਦੇ ਘਰਦਿਆਂ ਨੂੰ ਗੁਮਰਾਹ ਕਰ ਕੇ, 19 ਜੂਨ ਨੂੰ ਲਾਇਲਪੁਰ ਪੁਲੀਸ ਕੋਲ ਪੇਸ਼ ਕਰਵਾ ਦਿੱਤਾ। ਨੰਬਰਦਾਰ ਤੇ ਪੁਲੀਸ ਨੇ ਉਨ੍ਹਾਂ ਨੂੰ ਵਾਅਦਾ ਮੁਆਫ ਗਵਾਹ ਬਣਾਉਣ ਲਈ ਪੂਰਾ ਜ਼ੋਰ ਲਾਇਆ ਪਰ ਉਹ ਆਪਣੇ ਇਮਾਨ ’ਤੇ ਡਟੇ ਰਹੇ। ਲਾਹੌਰ ਸਪਲੀਮੈਂਟਰੀ ਸਾਜਿਸ਼ ਕੇਸ (ਦੂਜਾ ਕੇਸ) ਦੇ 100 ਦੇ ਕਰੀਬ ਬੰਦਿਆਂ ’ਚੋਂ ਸਿਰਫ ਸੱਜਣ ਸਿੰਘ ਦੇ ਬੇੜੀ ਲਗੀ ਹੋਣ ਕਾਰਨ ਵਾਅਦਾ ਮੁਆਫ ਵਸਾਵਾ ਸਿੰਘ ਲਹੁਕੇ ਨੇ ਆਸਾਨੀ ਨਾਲ ਪਛਾਣ ਕਰ ਲਈ। 3 ਜੱਜਾਂ ਨੇ ਕਿਹਾ, ‘‘ਇਹ ਮੁਜਰਿਮ ਬੇਹੱਦ ਖਤਰਨਾਕ, ਪਛਤਾਵਾ ਰਹਿਤ, ਦੂਜਾ ਕਰਤਾਰ ਸਿੰਘ ਸਰਾਭਾ ਹੀ ਹੈ। ਰਾਸ ਬਿਹਾਰੀ ਬੋਸ ਦੇ ਕਰੀਬੀ ਹੋਣਾ ਇਸ ਦੀ ਪੁਸ਼ਟੀ ਹੈ। ਫਾਂਸੀ ਦਾ ਹੱਕਦਾਰ ਹੈ, ਲੇਕਿਨ ਨਾਬਲਗ ਹੋਣ ਕਰਕੇ ਉਮਰ ਕੈਦ, ਜਾਇਦਾਦ ਜਬਤੀ ਤੇ ਕਾਲੇ ਪਾਣੀ ਭੇਜਣ ਦੀ ਸਜ਼ਾ ਦਫਾ 121/131 ਅਧੀਨ ਕੀਤੀ ਜਾਂਦੀ ਹੈ।’’ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਗ਼ਦਰੀ ਸੂਰਮਿਆਂ ਨੇ ਜਿਵੇਂ ਕਾਲੇ ਪਾਣੀ ਦੇ ਕੁੰਭੀ ਨਰਕ ’ਚ ਜਿੰਨੇ ਅਸਿਹ ਤੇ ਅਕਿਹ ਜ਼ੁਲਮਾਂ ਦਾ ਜਾਨਾਂ ਵਾਰ ਕੇ ਅਤੇ ਪਿੰਡਿਆਂ ’ਤੇ ਝੱਲ ਕੇ ਜਿਵੇਂ ਮਿਸਾਲੀ ਟਾਕਰਾ ਕੀਤਾ, ਉਸ ਦੇ ਸਿੱਟੇ ਵਜੋਂ ਕਾਲੇ ਪਾਣੀ ਦੇ ਕਮਿਸ਼ਨਰ ਨੇ ਹੋਰ ਰਾਜਸੀ ਕੈਦੀ ਲੈਣ ਤੋਂ ਹੱਥ ਖੜੇ ਕਰ ਦਿੱਤੇ। ਸੋ ਸੱਜਣ ਸਿੰਘ ਨੂੰ 30-3-1916 ਨੂੰ ਰਾਵਲਪਿੰਡੀ ਜੇਲ੍ਹ ਭੇਜਿਆ ਗਿਆ। ਚੱਕੀ ਪੀਸਣ, ਕਾਗਜ ਘੋਟਣ ਵਰਗੀਆਂ ਬਾਮੁਸ਼ੱਕਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਤੇ ਫਾਂਸੀ ਕੋਠੀ ’ਚ ਬੰਦ ਰੱਖਿਆ ਜਾਂਦਾ ਰਿਹਾ। ਕਰੀਬ 16 ਮਹੀਨੇ ਪਿਛੋਂ ਅਗਸਤ 1917 ਨੂੰ ਹਜ਼ਾਰੀ ਬਾਗ ਜੇਲ੍ਹ ’ਚ ਭੇਜਿਆ ਗਿਆ। ਭਾਈ ਰਣਧੀਰ ਸਿੰਘ ਦੀ ਸੰਗਤ ਹੋਣ ਕਰਕੇ, ਸੱਜਣ ਸਿੰਘ ਸਮੇਤ ਬਹੁਤੇ ਰਾਜਸੀ ਕੈਦੀ ਜ਼ਿਆਦਾ ਸਮਾਂ ਗੁਰਬਾਣੀ ਪੜ੍ਹਦੇ, ਕੀਰਤਨ ਕਰਦੇ ਤੇ ਧਾਰਮਿਕ ਵਿਚਾਰਾਂ ਕਰਦੇ। ਜੇਲ੍ਹ ਸਖ਼ਤੀਆਂ ਵਿਰੁੱਧ ਕਈ ਵਾਰ ਭੁੱਖ ਹੜਤਾਲਾਂ ਵੀ ਕੀਤੀਆਂ ਗਈਆਂ ਤੇ ਪ੍ਰਾਪਤੀਆਂ ਵੀ ਹੁੰਦੀਆਂ ਰਹੀਆਂ। 8-9 ਮਾਰਚ 1918 ਦੀ ਰਾਤ ਨੂੰ ਉੱਚੀ-ਉੱਚੀ ਪਾਠ ਕਰਦੇ, ਜੇਲ੍ਹ ਕੰਧਾਂ ’ਚ ਪਾੜ ਲਾਉਣ ਲਈ ਚੱਲਦੀਆਂ ਸੱਬਲਾਂ ਦਾ ਸ਼ੋਰ ਦੱਬਦੇ ਹੋਏ, ਦੋ ਪਹਿਰੇਦਾਰਾਂ ਨੂੰ ਕਾਬੂ ਕਰਕੇ, ਚਾਬੀਆਂ ਨਾਲ ਬਾਰਕਾਂ ਖੋਲ੍ਹ ਕੇ ਕੈਦੀ ਬਾਹਰ ਕੱਢਦੇ ਹੋਏ, ਅੰਦਰਲੇ ਗਾਰਡਾਂ ਨੂੰ ਬੰਬ ਸੁੱਟ ਕੇ ਉਡਾਉਣ ਦੀਆਂ ਧਮਕੀਆਂ ਦੇ ਕੇ, ਜੇਲ੍ਹ ਅਲਾਰਮ ਵੱਜਣ ਦੇ ਬਾਵਜੂਦ 18-18 ਫੁੱਟ ਉੱਚੀਆਂ ਕੰਧਾਂ ਟੱਪ ਕੇ, ਬਾਹਰਲੀਆਂ ਗਾਰਡਾਂ ਦੀਆਂ ਡਾਂਗਾਂ ਖੋਹ ਕੇ ਮੁਕਾਬਲਾ ਕਰਦੇ ਹੋਏ, 18 ਸੂਰਮੇ ਜੇਲ੍ਹ ’ਚੋਂ ਫਰਾਰ ਹੋ ਗਏ। 7 ਜਣੇ ਜ਼ਿਆਦਾ ਜ਼ਖਮੀ ਹੋਣ ਕਰਕੇ ਰਾਹ ’ਚ ਛੱਡਣੇ ਪਏ, ਪਰ ਸੱਜਣ ਸਿੰਘ ਸਮੇਤ 11 ਗ਼ਦਰੀ ਕਈ ਦਿਨ ਜੰਗਲਾਂ ’ਚ ਭਾਰੀ ਮੁਸਬੀਤਾਂ ਕੱਟਦੇ ਹੋਏ, ਭੁੱਖ ਪਿਆਸ ਨੂੰ ਝਲਦੇ ਹੋਏ, ਸੱਪਾਂ ਸ਼ੇਰਾਂ ਤੋਂ ਬਚਦੇ ਹੋਏ, ਸੋਨ ਦਰਿਆ ਨੂੰ ਪਾਰ ਕਰਦੇ ਹੋਏ, ਬਾਹਰਲੇ ਗਲਤ ਬੰਦੇ ਸਮਝ ਕੇ ਸਥਾਨਕ ਲੋਕਾਂ ਦੀ ਵੱਡੀ ਵਾਹਰ ਦੇ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਸਾਸਾਰਾਮ ਹਸਪਤਾਲ ਪਹੁੰਚੇ। 4 ਅਪਰੈਲ 1918 ਨੂੰ ਗ੍ਰਿਫਤਾਰੀ ਪਾ ਕੇ ਮੁੜ ਹਜ਼ਾਰੀ ਬਾਗ ’ਚ ਡੱਕਿਆ ਗਿਆ ਤੇ ਕੋਠੀ ਬੰਦ ਕੀਤਾ ਗਿਆ। ਜੇਲ੍ਹ ਤੋੜਨ ਦਾ ਨਵਾਂ ਮੁਕੱਦਮਾ ਚੱਲਿਆ, ਦੋ ਸਾਲ ਦੀ ਹੋਰ ਸਜ਼ਾ ਸੁਣਾਈ ਗਈ ਤੇ ਪੈਰੀਂ ਬੇੜੀ ਲਾਈ ਗਈ। ਇੱਥੇ ਸੱਜਣ ਸਿੰਘ ਦੀ ਉਂਗਲੀ ਕੱਟੇ ਜਾਣ ਕਾਰਨ ਪਲਮ ਦੌੜ ਜਾਣ ਕਰਕੇ ਪੂਰੀ ਬਾਂਹ ਕੱਟਣ ਲਈ ਡਾਕਟਰੀ ਟੀਮ ਪੁੱਜ ਚੁੱਕੀ ਸੀ। ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ, ‘‘ਕਲੋਰੋਫਾਰਮ ਸੁੰਘਾਉਣ ਦੀ ਕੋਈ ਲੋੜ ਨਹੀਂ। ਬਾਂਹ ਚੀਰ ਦਿਓ, ਜੇ ਭੋਰਾ ਵੀ ਜ੍ਹਿਮਕਿਆ ਤਾਂ ਦੱਸਣਾ।’’ ਇਹ ਉਨ੍ਹਾਂ ਦੇ ਸਿਦਕ ਦਾ ਸਿਖਰ ਸੀ। ਕੁੱਝ ਦੇਰ ਬਾਅਦ ਉਨ੍ਹਾਂ ਨੂੰ ਇਥੋਂ ਤਰਿਚੀ (ਤਰਿਚਨਾਪਲੀ) ਜੇਲ੍ਹ ਮਦਰਾਸ ਵਿੱਚ ਭੇਜਿਆ ਗਿਆ। ਇਥੇ ਵੀ ਉਨ੍ਹਾਂ ਨੇ ਗੁਰਬਾਣੀ ਦੇ ਪਾਠ ਅਤੇ ਜੇਲ੍ਹੀ ਹਾਲਾਤ ਨੂੰ ਬਦਲਣ ਲਈ ਭੁੱਖ ਹੜਤਾਲੀ ਘੋਲ ਜਾਰੀ ਰਖੇ। ਇਸ ਤੋਂ ਬਾਅਦ ਉਨ੍ਹਾਂ ਦੀ ਬਦਲੀ ਅਕੋਲਾ (ਮੱਧ ਪ੍ਰਦੇਸ਼) ਜੇਲ੍ਹ ਦੀ ਕੀਤੀ ਗਈ। ਜਦੋਂ ਰੇਲ ਗੱਡੀ ਮਨਮਾਡ ਤੋਂ ਚਾਲੀਸ ਗਾਉਂ ਹੁੰਦੀ ਅਕੋਲਾ ਜਾ ਰਹੀ ਸੀ ਤਾਂ ਨਾਲ ਦੇ ਸਾਥੀ ਭਾਈ ਗੁਰਮੁੱਖ ਸਿੰਘ ਲਲਤੋਂ ਨੇ ਚੱਲਦੀ ਗੱਡੀ ’ਚੋਂ ਛਾਲਾਂ ਮਾਰ ਦਿੱਤੀਆਂ। ਭਾਈ ਸੱਜਣ ਸਿੰਘ ਅਕੋਲਾ ਪੁੱਜ ਗਏ, ਜਿੱਥੇ ਥੋੜੀ ਦੇਰ ਪਿੱਛੋਂ ਪਾਲਾ ਸਿੰਘ ਢੁਡੀਕੇ ਆਣ ਪਹੁੰਚੇ। ਜੂਨ 1923 ’ਚ ਰਿਹਾਈ ਮਗਰੋਂ ਉਹ ਨਾਰੰਗਵਾਲ ਚਲੇ ਗਏ। ਉਨ੍ਹਾਂ ਦੇ ਮਾਤਾ-ਪਿਤਾ ਪਿਛੋਂ ਵਿਛੋੜਾ ਦੇ ਚੁੱਕੇ ਸਨ। ਵਰਨਣਯੋਗ ਹੈ ਕਿ ਗੋਰੀ ਹਕੂਮਤ ਨੇ ਗ਼ਦਰ ਮੌਕੇ ਗਦਾਰੀ ਕਰਨ ਵਾਲੇ ਮੁਖਬਰ ਕਿਰਪਾਲ ਨੂੰ ਪੁਲੀਸ ਇੰਸਪੈਕਟਰ ਬਣਾ ਕੇ ਮੁਰੱਬਾ ਅਲਾਟ ਕਰ ਦਿੱਤਾ ਸੀ। ਦੂਜੇ ਪਾਸੇ ਸੱਜਣ ਸਿੰਘ ਦੀ ਰਿਹਾਈ ਮਗਰੋਂ, ਇੱਕ ਦਿਨ ਗ਼ਦਰ ਪਾਰਟੀ ਦੇ ਸੂਰਮਿਆਂ ਨੇ ਗਦਾਰ ਕਿਰਪਾਲ ਨੂੰ ਸਦਾ ਲਈ ਗੱਡੀ ਚਾੜ੍ਹ ਕੇ ਸਾਬਤ ਕਰ ਦਿੱਤਾ ਕਿ ਕ੍ਰਾਂਤੀਕਾਰੀ ਲੋਕ-ਲਹਿਰਾਂ ਦੇ ਹੱਥ ਬਹੁਤ ਲੰਮੇ ਹੁੰਦੇ ਹਨ ਤੇ ਦੇਸ਼ ਦੇ ਗਦਾਰਾਂ ਨੂੰ ਆਖਰ ਕੀਤੀ ਦਾ ਫਲ ਲਾਜ਼ਮੀ ਭੁਗਤਣਾ ਪੈਂਦਾ ਹੈ। ਭਾਈ ਸੱਜਣ ਸਿੰਘ ਨੂੰ ਜਨਵਰੀ 1929 ਤੱਕ ਅੰਗਰੇਜ਼ ਹਕੂਮਤ ਨੇ ਪਿੰਡ ’ਚ ਨਜ਼ਰਬੰਦ ਰੱਖਿਆ। 1934 ਦੀ ਆਈਬੀ ਦੀ ਰਿਪੋਰਟ ’ਚ ਦਰਜ ਸੀ ਕਿ ਉਹ ਖ਼ਤਰਨਾਕ ਵਿਅਕਤੀਆਂ ਨਾਲ ਸਬੰਧਤ ਹਨ। ਸਿੱਟੇ ਵਜੋਂ ਗੋਰੀ ਸਰਕਾਰ ਉਨ੍ਹਾਂ ’ਤੇ ਗੁਪਤ ਨਜ਼ਰਸਾਨੀ ਰੱਖਦੀ ਰਹੀ। 1942 ਤੱਕ ਉਨ੍ਹਾਂ ਨੇ ਮੈਟ੍ਰਿਕ, ਗਿਆਨੀ ਤੇ ਟੀਚਰ ਟਰੇਨਿੰਗ ਦੀ ਪੜ੍ਹਾਈ ਪੂਰੀ ਕੀਤੀ। ਮਹਾਨ ਗ਼ਦਰੀ ਯੋਧੇ ਬਾਬਾ ਸੱਜਣ ਸਿੰਘ ਧਾਰਮਿਕ ਲੀਹ ਵਾਲਾ, ਚੜ੍ਹਦੀ ਕਲਾ ਵਾਲਾ, ਲੋਕ ਪੱਖੀ ਤੇ ਦੇਸ਼ ਭਗਤ ਜੀਵਨ ਜਿਉਂਦੇ ਹੋਏ, 16-11-1981 ਨੂੰ ਦੇਸ਼ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਵੱਲੋਂ ਦੇਸ਼ ਲਈ ਕੀਤੇ ਭਾਰੀ ਤਿਆਗ, ਲਾਮਿਸਾਲ ਕੁਰਬਾਨੀਆਂ, ਗ਼ਦਰ ਪਾਰਟੀ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਉਨ੍ਹਾਂ ਦੇ ਅਸਲੀ ਵਾਰਸਾਂ ਲਈ ਉਤਸ਼ਾਹ, ਜੋਸ਼, ਪ੍ਰੇਰਨਾ ਤੇ ਸਿੱਖਿਆ ਦਾ ਸਰੋਤ ਬਣੀਆਂ ਰਹਿਣਗੀਆਂ।

ਸੰਪਰਕ: 0161-2805677

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All