ਗ਼ਦਰੀ ਸ਼ਹੀਦ ਪੰਡਤ ਕਾਂਸ਼ੀ ਰਾਮ

ਗ਼ਦਰੀ ਸ਼ਹੀਦ ਪੰਡਤ ਕਾਂਸ਼ੀ ਰਾਮ

ਗੁਰਚਰਨ ਸਿੰਘ ਬਿੰਦਰਾ

ਪੰਡਤ ਕਾਂਸ਼ੀ ਰਾਮ ਦਾ ਜਨਮ 13 ਅਕਤੂਬਰ 1882 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ (ਜੋ ਉਸ ਵੇਲੇ ਅੰਬਾਲਾ ਜ਼ਿਲ੍ਹੇ ਵਿੱਚ ਸੀ) ਮੜੋਲੀ ਕਲਾਂ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਪੰਡਤ ਗੰਗਾ ਰਾਮ ਜੋਸ਼ੀ ਸੀ। ਪੰਡਤ ਗੰਗਾ ਰਾਮ ਦਾ ਪਰਿਵਾਰ ਖ਼ੁਸ਼ਹਾਲ ਪਰਿਵਾਰ ਸੀ ਜਿਸ ਦਾ ਇਲਾਕੇ ਵਿੱਚ ਚੰਗਾ ਰਸੂਖ ਸੀ। ਕਾਂਸ਼ੀ ਰਾਮ ਨੇ ਪ੍ਰਾਇਮਰੀ ਤਕ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਕੀਤੀ ਅਤੇ ਦਸਵੀਂ ਪਟਿਆਲਾ ਦੇ ਸਕੂਲ ਤੋਂ। ਕਾਂਸ਼ੀ ਰਾਮ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੇ ‘ਤਾਰ ਭੇਜਣ’ ਦਾ ਕੋਰਸ ਕੀਤਾ ਅਤੇ ਅੰਬਾਲਾ ਵਿੱਚ ਤਾਰ-ਬਾਬੂ ਲੱਗ ਗਿਆ। ਉਸ ਨੂੰ 30 ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ। ਉਸ ਸਮੇਂ ਇੰਨੀ ਤਨਖ਼ਾਹ ਵਾਲਾ ਉਪਰਲੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਸੀ। ਕਾਂਸ਼ੀ ਰਾਮ ਦੀ ਸ਼ਾਦੀ ਸਕੂਲ ’ਚ ਪੜ੍ਹਦਿਆਂ ਕਰ ਦਿੱਤੀ ਗਈ ਸੀ। ਗੰਗਾ ਰਾਮ ਦੇ ਚਾਰ ਪੁੱਤਰਾਂ ਵਿੱਚੋਂ ਕਾਂਸ਼ੀ ਰਾਮ ਸਭ ਤੋਂ ਵੱਡਾ ਸੀ ਅਤੇ ਪਿਤਾ ਨੂੰ ਉਸ ਤੋਂ ਬੜੀਆਂ ਆਸਾਂ ਸਨ। 30-35 ਰੁਪਏ ਮਹੀਨਾ ਤਨਖ਼ਾਹ ਪਰਿਵਾਰ ਲਈ ਕਾਫ਼ੀ ਸੀ ਪਰ ਕਾਂਸ਼ੀ ਰਾਮ ਨੇ ਕੁਝ ਲੋਕਾਂ ਤੋਂ ਸੁਣਿਆ ਸੀ ਕਿ ਅਮਰੀਕਾ ਜਾ ਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਇਸ ਲਈ ਉਹਨੇ ਅਮਰੀਕਾ ਜਾਣ ਬਾਰੇ ਆਪਣੇ ਪਿਤਾ ਨੂੰ ਕਿਹਾ। ਪੰਡਤ ਜੀ ਇਹ ਸੁਣ ਕੇ ਅੱਗ-ਬਗੂਲਾ ਹੋ ਗਏ। ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਪੰਡਤਾਂ ਦਾ ਮੁੰਡਾ ਸਮੁੰਦਰ ਪਾਰ ਕਰੇਗਾ ਇਹ ‘ਪਾਪ’ ਹੈ ਮੈਂ ਅਜਿਹਾ ਨਹੀਂ ਹੋਣ ਦੇਣਾ। ਲੇਕਿਨ ਕਾਂਸ਼ੀ ਰਾਮ ਵੀ ਹੱਠੀ ਸੀ ਅਤੇ ਉਸ ਦੇ ਹੱਠ ਅੱਗੇ ਪਿਤਾ ਨੂੰ ਝੁਕਣਾ ਪਿਆ। ਕਾਂਸ਼ੀ ਰਾਮ ਦੇ ਤਿੰਨ ਛੋਟੇ ਭਰਾ ਸਨ ਬੰਸੀ ਰਾਮ, ਮਥੁਰਾ ਦਾਸ ਅਤੇ ਦੇਸ ਰਾਜ। ਮੜੋਲੀ ਵਿੱਚ ਰਹਿੰਦੇ ਪੰਡਤ ਬੰਸੀ ਲਾਲ ਤੋਂ ਉਨ੍ਹਾਂ ਦੇ ਅਮਰੀਕਾ ਜਾਣ ਬਾਰੇ ਪਤਾ ਲੱਗਿਆ ਕਿ ਪਰਿਵਾਰ ਉਨ੍ਹਾਂ ਨੂੰ ਸਰਹੰਦ ਰੇਲਵੇ ਸਟੇਸ਼ਨ ’ਤੇ ਰੇਲ ਚੜ੍ਹਾ ਆਇਆ ਸੀ। ਉਹ ਮਲਾਇਆ-ਚੀਨ ਹੁੰਦਾ ਅਮਰੀਕਾ ਪੁੱਜ ਗਿਆ। ਪੰਜਾਬ ਦੇ ਕਈ ਹੋਰ ਨੌਜਵਾਨ ਵੀ ਰੁਜ਼ਗਾਰ ਲਈ ਅਮਰੀਕਾ ਪੁੱਜੇ ਹੋਏ ਸਨ। ਕਾਂਸ਼ੀ ਰਾਮ ਨੂੰ ਪੜ੍ਹਿਆ-ਲਿਖਿਆ ਹੋਣ ਕਾਰਨ ਚੰਗੀ ਨੌਕਰੀ ਮਿਲ ਗਈ। ਸੰਨ 1903 ਵਿੱਚ ਉਸ ਨੂੰ ਬਾਰੂਦ ਦੀ ਇੱਕ ਫੈਕਟਰੀ ਵਿੱਚ ਦੋ ਸੌ ਰੁਪਏ ਮਹੀਨੇ ਦੀ ਤਨਖ਼ਾਹ ’ਤੇ ਨੌਕਰੀ ਮਿਲੀ ਸੀ। ਕਾਂਸ਼ੀ ਰਾਮ ਨੌਕਰੀ ਦੀ ਥਾਂ ਹੋਰ ਕੰਮ ਕਰਨਾ ਚਾਹੁੰਦਾ ਸੀ। ਉਹ ਇਹ ਨੌਕਰੀ ਛੱਡ ਕੇ ਲੱਕੜੀ ਦੇ ਇੱਕ ਕਾਰਖਾਨੇ ਵਿੱਚ ਲੇਬਰ ਭਰਤੀ ਕਰਵਾਉਣ ਦੀ ਠੇਕੇਦਾਰੀ ਕਰਨ ਲੱਗਾ। ਇਸ ਕਾਰਖਾਨੇ ਤੋਂ ਉਸ ਨੇ ਚੰਗਾ ਪੈਸਾ ਕਮਾਇਆ। ਉਸ ਦੀ ਗਿਣਤੀ ਅਮੀਰ ਹਿੰਦੁਸਤਾਨੀਆਂ ਵਿੱਚ ਹੋਣ ਲੱਗੀ। ਹਿੰਦੁਸਤਾਨੀ ਭਾਈਚਾਰੇ ਵਿੱਚ ਉਸ ਦੀ ਚੰਗੀ ਇੱਜ਼ਤ ਸੀ। ਹਿੰਦੁਸਤਾਨੀ ਕਾਮਿਆਂ ਦੀ ਭਲਾਈ ਲਈ ਉਹ ਹਰ ਸੰਭਵ ਸਹਾਇਤਾ ਕਰਦਾ। ਕਾਂਸ਼ੀ ਰਾਮ ਭਾਵੇਂ ਆਰਥਿਕ ਪੱਖੋਂ ਚੰਗਾ ਤਗੜਾ ਸੀ ਪਰ ਹਿੰਦੁਸਤਾਨੀਆਂ ਨਾਲ ਹੁੰਦੇ ਨਸਲੀ ਵਿਤਕਰੇ ਉਹਨੂੰ ਬੇਚੈਨ ਕਰ ਦਿੰਦੇ। ਭਾਈਚਾਰੇ ਦੀ ਮੱਦਦ ਦੇ ਖੇਤਰ ਵਿੱਚ ਕੰਮ ਕਰਦਿਆਂ ਉਹਦੀ ਸੋਹਣ ਸਿੰਘ ਭਕਨਾ ਨਾਲ ਮੁਲਾਕਾਤ ਹੋਈ ਅਤੇ ਉਹ ਦੋਵੇਂ ਦੋਸਤ ਬਣ ਗਏ। ਗੋਰਿਆਂ ਦੀ ਨਸਲੀ ਘਿਰਣਾ ਦੇ ਸਨਮੁੱਖ ਹੋ ਕੇ ਇਨ੍ਹਾਂ ਨੂੰ ਆਜ਼ਾਦੀ ਦੀ ਅਹਿਮੀਅਤ ਦਾ ਅਹਿਸਾਸ ਹੋਇਆ। ਇੱਕ ਅਜਿਹੇ ਵਾਕਿਆ ਦਾ ਜ਼ਿਕਰ ਬਾਬਾ ਸੋਹਣ ਸਿੰਘ ਭਕਨਾ ਆਪਣੀ ਲੇਖਣੀ ਵਿੱਚ ਇਸ ਪ੍ਰਕਾਰ ਕਰਦੇ ਹਨ: ਇੱਕ ਵਾਰੀ ਸਾਡੀ ਮਿੱਲ ਖਲੋ ਗਈ। ਮੈਂ ਤੇ ਮੇਰਾ ਦੋਸਤ, ਇੱਕ ਹੋਰ ਮਿੱਲ ਵਿੱਚ ਕੰਮ ਪੁੱਛਣ ਗਏ ਅਤੇ ਦਫ਼ਤਰ ਵਿੱਚ ਜਾ ਕੇ ਮਿੱਲ ਸੁਪਰਡੈਂਟ ਨੂੰ ਕੰਮ ਲਈ ਪੁੱਛਿਆ। ਉਸ ਨੇ ਬੜੇ ਆਦਰ ਨਾਲ ਕੁਰਸੀਆਂ ’ਤੇ ਬੈਠਣ ਲਈ ਕਿਹਾ। ਅਸੀਂ ਬੈਠ ਗਏ ਤੇ ਕੰਮ ਬਾਰੇ ਪੁੱਛਿਆ। ਉਸ ਨੇ ਜਵਾਬ ਦਿੱਤਾ, ‘‘ਕੰਮ ਤਾਂ ਹੈ ਪਰ ਤੁਹਾਡੇ ਲਈ ਨਹੀਂ।’’ ਅਸਾਂ ਪੁੱਛਿਆ, ‘‘ਕਿਉਂ?’’ ਉਸ ਨੇ ਜਵਾਬ ਦਿੱਤਾ, ‘‘ਮੇਰਾ ਦਿਲ ਤਾਂ ਚਾਹੁੰਦਾ ਹੈ ਕਿ ਮੈਨੂੰ ਤੁਹਾਨੂੰ ਗੋਲੀ ਮਾਰ ਦਿਆਂ!’’ ਅਸੀਂ ਹੈਰਾਨੀ ਨਾਲ ਪੁੱਛਿਆ, ‘‘ਅਸਾਂ ਕੀ ਪਾਪ ਕੀਤਾ ਹੈ?’’ ਉਸ ਨੇ ਸਵਾਲ ਕੀਤਾ, ‘‘ਤੁਹਾਡੀ ਆਬਾਦੀ ਕਿੰਨੀ ਹੈ?’’ ਅਸੀਂ ਕਿਹਾ, ‘‘30 ਕਰੋੜ।’’ ਉਹ ਕਹਿਣ ਲੱਗਿਆ, ‘‘ਇਹ 30 ਕਰੋੜ ਭੇਡਾਂ ਹਨ ਜਾਂ ਆਦਮੀ?’’ ਅਸੀਂ ਕਿਹਾ, ‘‘ਆਦਮੀ।’’ ਉਸ ਕਿਹਾ, ‘‘ਜੇ ਤੁਸੀਂ ਤੀਹ ਕਰੋੜ ਆਦਮੀ ਹੁੰਦੇ ਤਾਂ ਗ਼ੁਲਾਮ ਕਿਸ ਤਰ੍ਹਾਂ ਰਹਿੰਦੇ। ਜਾਓ ਮੈਂ ਤੁਹਾਨੂੰ ਦੋਵਾਂ ਨੂੰ ਇੱਕ-ਇੱਕ ਬੰਦੂਕ ਦਿੰਦਾ ਹਾਂ ਪਹਿਲਾਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਓ। ਆਜ਼ਾਦ ਕਰਵਾ ਕੇ ਜਦ ਤੁਸੀਂ ਆਓਗੇ ਤਾਂ ਮੈਂ ਸਭ ਤੋਂ ਅੱਗੇ ਹੋ ਕੇ ਤੁਹਾਨੂੰ ਜੀ ਆਇਆਂ ਨੂੰ ਕਹਾਂਗਾ।’’ ਅਸੀਂ ਸ਼ਰਮਿੰਦਾ ਹੋ ਕੇ ਵਾਪਸ ਆ ਗਏ। ਇਸ ਤਰ੍ਹਾਂ ਦੀਆਂ ਕਈ ਹੋਰ ਹੀਣਭਾਵੀ ਘਟਨਾਵਾਂ ਨੇ ਹਿੰਦੁਸਤਾਨੀ ਕਾਮਿਆਂ ਨੂੰ ਆਪਣੇ ਮੁਲਕ ਦੀ ਗ਼ੁਲਾਮੀ ਪ੍ਰਤੀ ਸਚੇਤ ਕੀਤਾ। ਇਸ ਸੋਚ ਨੂੰ ਅਮਲੀਜਾਮਾ ਪਹਿਨਾਉਣ ਲਈ ਉਨ੍ਹਾਂ ਨੇ ਇੱਕ ਸੰਸਥਾ ਬਣਾਉਣ ਬਾਰੇ ਸੋਚਿਆ। ਇਸ ਦੀ ਪੂਰਤੀ ਲਈ ਸਿਆਟਲ ਅਤੇ ਵੈਨਕੂਵਰ ਦੇ ਇਲਾਕਿਆਂ ਦੇ ਬੰਦੇ ਪੋਰਟਲੈਂਡ ਵਿਖੇ ਇਕੱਠੇ ਹੋਏ। ਖੁੱਲ੍ਹੇ ਵਿਚਾਰ-ਵਟਾਂਦਰੇ ਪਿੱਛੋਂ ਇੱਕ ਸੁਸਾਇਟੀ ਬਣਾਉਣ ਦਾ ਮਤਾ ਪਾਸ ਹੋਇਆ ਜਿਸ ਦਾ ਨਾਂ ‘ਹਿੰਦੁਸਤਾਨ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ’ ਰੱਖਿਆ ਗਿਆ। ਸੋਹਨ ਸਿੰਘ ਭਕਨਾ ਪ੍ਰਧਾਨ, ਜੀ.ਡੀ. ਕੁਮਾਰ ਮੁੱਖ ਸਕੱਤਰ ਅਤੇ ਪੰਡਤ ਕਾਂਸ਼ੀ ਰਾਮ ਖਜ਼ਾਨਚੀ ਸਰਬਸੰਮਤੀ ਨਾਲ ਚੁਣੇ ਗਏ। ਗ਼ਦਰੀਆਂ ਨੂੰ ਇਲਮ ਸੀ ਕਿ ਅਮਰੀਕਾ, ਕੈਨੇਡਾ ਵਿੱਚ ਰਹਿ ਕੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਤੋਂ ਨਹੀਂ ਕੱਢਿਆ ਜਾ ਸਕਦਾ। ਇਸ ਲਈ ਦੇਸ਼ ਵਿੱਚ ਆ ਕੇ ਉਹ ਲੜਾਈ ਲੜਨਾ ਚਾਹੁੰਦੇ ਸਨ। ਸੋਹਨ ਸਿੰਘ ਭਕਨਾ, ਪੰਡਤ ਕਾਂਸ਼ੀ ਰਾਮ ਅਤੇ ਦੂਜੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਇਸ ਲਹਿਰ ਦੇ ਮੈਂਬਰ ਭਰਤੀ ਕੀਤੇ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਟਰੇਨਿੰਗ ਦਿੱਤੀ ਗਈ ਜਿਨ੍ਹਾਂ ਨੇ ਭਾਰਤ ਆ ਕੇ ਆਜ਼ਾਦੀ ਦੀ ਲੜਾਈ ਲੜਨੀ ਸੀ ਤੇ ਆਜ਼ਾਦੀ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਹਿੰਦੁਸਤਾਨ ਪੁੱਜਣ ਵਿੱਚ ਕਈ ਮੁਸ਼ਕਿਲਾਂ ਸਨ। ਇੱਕ ਜਹਾਜ਼ ਵਿੱਚ 20 ਤੋਂ ਵੱਧ ਹਿੰਦੁਸਤਾਨੀ ਮੁਲਕ ਨਹੀਂ ਆ ਸਕਦੇ ਸੀ। ਇਸ ਲਈ ਵੀਹ-ਵੀਹ ਦੇ ਟੋਲੇ ਹਿੰਦੁਸਤਾਨ ਆਉਣ ਲਈ ਤਿਆਰ ਕੀਤੇ ਗਏ। ਤਿੰਨ ਜਹਾਜ਼ ਕੋਰੀਆ, ਤੋਸਾਮਾਰੂ ਤੇ ਮਸ਼ੀਆ ਅਗਸਤ 1914 ਵਿੱਚ ਹਿੰਦੁਸਤਾਨ ਲਈ ਚੱਲੇ ਜੋ ਅਕਤੂਬਰ ਵਿੱਚ ਇੱਥੇ ਪੁੱਜੇ। ਅੰਗਰੇਜ਼ ਸਰਕਾਰ ਨੇ ਸੋਹਨ ਸਿੰਘ ਭਕਨਾ ਨੂੰ ਪੁੱਜਦਿਆਂ ਹੀ ਗ੍ਰਿਫ਼ਤਾਰ ਕਰ ਲਿਆ। ਕਾਂਸ਼ੀ ਰਾਮ ਅਤੇ ਹੋਰ ਸਾਥੀ ਪੁਲੀਸ ਹੱਥ ਨਹੀਂ ਆਏ ਅਤੇ ਕਿਸੇ ਤਰ੍ਹਾਂ ਪੰਜਾਬ ਪੁੱਜ ਗਏ ਅਤੇ ਰੂਪੋਸ਼ ਹੋ ਕੇ ਆਪਣਾ ਕੰਮ ਕਰਨ ਲੱਗ ਪਏ। ਕਾਂਸ਼ੀ ਰਾਮ ਤੇ ਕਰਤਾਰ ਸਿੰਘ ਸਰਾਭਾ ਲੁਧਿਆਣੇ ਵਿੱਚ ਸਰਗਰਮ ਹੋ ਗਏ। ਹਥਿਆਰਾਂ ਦੀ ਖ਼ਰੀਦ ਲਈ ਮੋਗੇ ਦਾ ਖ਼ਜ਼ਾਨਾ ਲੁੱਟਣ ਦੀ ਯੋਜਨਾ ਬਣਾਈ ਗਈ। ਪੰਦਰਾਂ ਸਾਥੀਆਂ ਨਾਲ ਟਾਂਗੇ ’ਤੇ ਸਵਾਰ ਹੋ ਕੇ ਇਹ ਜਥਾ ਜਾ ਰਿਹਾ ਸੀ ਕਿ ਰਸਤੇ ਵਿੱਚ ਪੁਲੀਸ ਨਾਲ ਟੱਕਰ ਹੋ ਗਈ, ਜਿਸ ਵਿੱਚ ਇੱਕ ਪੁਲੀਸ ਸਿਪਾਹੀ ਅਤੇ ਇੱਕ ਜੈਲਦਾਰ ਮਾਰਿਆ ਗਿਆ। 27 ਨਵੰਬਰ 1914 ਨੂੰ ਕਾਂਸ਼ੀ ਰਾਮ ਤੇ ਉਸ ਦੇ ਕੁਝ ਸਾਥੀ ਫੜੇ ਗਏ। ਲਾਹੌਰ ਵਿੱਚ ਮੁਕੱਦਮਾ ਚਲਿਆ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। 27 ਮਾਰਚ 1915  ਨੂੰ ਇਹ ਅਣਖੀਲਾ ਯੋਧਾ ਤੇ ਪਹਿਲਾ ਗ਼ਦਰੀ ਸ਼ਹੀਦ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਜਿੰਦ ਆਜ਼ਾਦੀ ਦੇ ਲੇਖੇ ਲਾ ਗਿਆ।

* ਮੋਬਾਈਲ: 98881-95132

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All