ਗ਼ਦਰੀ ਬਾਬਾ ਚੂਹੜ ਸਿੰਘ ਲੀਲ੍ਹ ਨੂੰ ਯਾਦ ਕਰਦਿਆਂ

ਗ਼ਦਰੀ ਬਾਬਾ ਚੂਹੜ ਸਿੰਘ ਲੀਲ੍ਹ ਨੂੰ ਯਾਦ ਕਰਦਿਆਂ

ਸਰਕਾਰਾਂ ਦੀ ਬੇਰੁਖ਼ੀ ਕਾਰਨ ਅਣਗੌਲਿਆ ਰਿਹਾ ਗ਼ਦਰੀ ਯੋਧਾ ਸੁਖਵਿੰਦਰ ਲੀਲ੍ਹ ਅੱਜ ਅਸੀਂ ਗ਼ਦਰ ਪਾਰਟੀ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਜਿਸ ਦੇ ਚਲਦੇ ਗ਼ਦਰੀ ਬਾਬਿਆਂ ਵੱਲੋਂ ਕੀਤੀਆਂ ਗਈਆਂ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਭਾਰਤ ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਅੰਗਰੇਜ਼ੀ ਹਕੂਮਤ ਖ਼ਿਲਾਫ਼ ਜੂਝਦੇ ਆਪਣੀ ਸਾਰੀ ਜ਼ਿੰਦਗੀ ਜੇਲ੍ਹਾਂ ਅੰਦਰ ਰਹਿ ਕੇ ਲੜਾਈਆਂ ਲੜਨ ਵਾਲੇ ਅਤੇ ਵਿਦੇਸ਼ਾਂ ਵਿੱਚ ਅੱਧ ਮੁੱਲ ’ਤੇ ਆਪਣੀਆਂ ਜਾਇਦਾਦਾਂ ਵੇਚ ਵੱਟ ਕੇ ਸਭ ਕੁਝ ਦੇਸ਼ ਕੌਮ ਦੇ ਲੇਖੇ ਲਗਾਉਣ ਵਾਲੇ ਗ਼ਦਰੀ ਬਾਬਿਆਂ ਵੱਲੋਂ ਕੀਤੀਆਂ ਗਈਆਂ ਅਥਾਹ ਕੁਰਬਾਨੀਆਂ ਨੂੰ ਰਹਿੰਦੀ ਦੁਨੀਆਂ ਤੱਕ ਦਿਲਾਂ ਦੀਆਂ ਗਹਿਰਾਈਆਂ ’ਚੋਂ ਸਦਾ ਚੇਤੇ ਕੀਤਾ ਜਾਂਦਾ ਰਹੇਗਾ ਅਤੇ ਸਰਕਾਰਾਂ ਵੱਲੋਂ ਅਪਣਾਈ ਸ਼ਹੀਦਾਂ ਪ੍ਰਤੀ ਬੇਰੁਖੀ ਨੂੰ ਨਿੰਦਿਆ ਜਾਵੇਗਾ। ਇਸੇ ਤਰ੍ਹਾਂ ਦੇ ਹੀ ਇਕ ਤਿਆਗੀ ਤੇ ਦ੍ਰਿੜ੍ਹ ਇਨਕਲਾਬੀ ਧਾਰਨਾ ਵਾਲੇ ਗ਼ਦਰੀ ਬਾਬਾ ਚੂਹੜ ਸਿੰਘ ਲੀਲ੍ਹ ਜਿਸ ਨੇ ਧਾਰਮਿਕ ਪਰਪੱਖਤਾ, ਪਰਉਪਕਾਰੀ ਤੇ ਸਿਰੜੀ ਦੇਸ਼ ਭਗਤ ਦਾ ਆਪਣਾ ਖ਼ਿਤਾਬ ਆਪਣੇ ਆਖਰੀ ਸਾਹਾਂ ਤੀਕਰ ‘ਪੁਰਜਾ ਪੁਰਜਾ ਕੱਟ ਮਰੇ’ ਅਨੁਸਾਰ ਬਣ ਚੁੱਕੇ ਪਿੰਜਰ ਰੂਪੀ ਸਰੀਰ ਨਾਲ ਨਿਭਾਇਆ। ਆਪ ਦਾ ਜਨਮ ਦਰਮਿਆਨੀ ਕਿਸਾਨੀ ਵਾਲੇ ਪਰਿਵਾਰ ਵਿੱਚ ਸ. ਬੂਟਾ ਸਿੰਘ ਦੇ ਘਰ ਪਿੰਡ ਲੀਲ੍ਹ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਕਿਸਾਨੀ ਪਿਛੋਕੜ ਕਾਰਨ ਪਿੰਡ ਖੇਤੀ ਦਾ ਕੰਮ ਕਰਦੇ ਕਰਦੇ ਅੰਗਰੇਜ਼ਾਂ ਦੇ ਰਸਾਲੇ ਵਿੱਚ ਨੌਕਰੀ ਵੀ ਕਰ ਲਈ, ਪਰ ਅਣਖੀ ਸੁਭਾਅ ਤੇ ਦੇਸ਼ ਸੇਵਾ ਦਾ ਜਜ਼ਬਾ ਬਹੁਤੀ ਦੇਰ ਗ਼ੁਲਾਮੀ ਨੂੰ ਸਹਾਰ ਨਾ ਸਕਿਆ। ਨੌਕਰੀ ਵਿਚਕਾਰ ਛੱਡ ਕੇ ਆਰਥਿਕ ਹਾਲਤ ਸੁਧਾਰਨ ਲਈ ਅਮਰੀਕਾ ਨੂੰ ਚਾਲੇ ਪਾ ਦਿੱਤੇ। ਉੱਥੇ ਰਹਿੰਦਿਆਂ ਹੀ ਆਪ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਆ ਗਏ ਅਤੇ ਉਥੇ ਹੀ ਗ਼ਦਰ ਪਾਰਟੀ ਦੀ ਹਰ ਸਰਗਰਮੀ ਵਿੱਚ ਖੁੱਲ੍ਹ ਕੇ ਹਿੱਸਾ ਲੈਣ ਲੱਗ ਪਏ। ਇਸ ਪਾਰਟੀ ਦਾ ਮੁੱਖ ਮਕਸਦ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਨੂੰ ਇਕ ਝੰਡੇ ਥੱਲੇ ਇਕੱਠਾ ਕਰਕੇ, ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਸੀ, ਨੂੰ ਆਪਣੇ ਦੇਸ਼ ਵਾਪਸ ਭੇਜਣਾ ਅਤੇ ਹਥਿਆਰਬੰਦ ਘੋਲ ਰਾਹੀਂ ਗ਼ਦਰ ਕਰਕੇ ਸਿਰਫ ਅੰਗਰੇਜ਼ਾਂ ਕੋਲੋਂ ਆਪਣਾ ਦੇਸ਼ ਆਜ਼ਾਦ ਕਰਵਾਉਣਾ ਹੀ ਨਹੀਂ ਸੀ, ਸਗੋਂ ਉਨ੍ਹਾਂ ਦਾ ਮਕਸਦ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇੱਥੇ ਊਚ-ਨੀਚ ਮੁਕਤ, ਲੁੱਟ-ਰਹਿਤ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਣਾ ਸੀ। ਉਨ੍ਹਾਂ ਦਾ ਸੁਪਨਾ ਅੱਜ ਵੀ ਅਧੂਰਾ ਪਿਆ ਸਾਡੇ ਲਈ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦਾ ਆ ਰਿਹਾ ਹੈ। ਬਾਬਾ ਜੀ ਨੇ ਵੀ ਆਪਣਾ ਸਭ ਕੁਝ ਤਿਆਗ ਕੇ 172 ਹੋਰ ਗ਼ਦਰੀਆਂ ਨਾਲ ਤੋਸਾ ਮਾਰੂ ਜਹਾਜ਼ ਰਾਹੀਂ ਦੇਸ਼ ਵਾਪਸ ਆਉਣ ਦਾ ਫੈਸਲਾ ਕਰ ਲਿਆ ਸੀ। ਇਹ ਜਹਾਜ਼ ਜਦ 29 ਅਕਤੂਬਰ 1914 ਨੂੰ ਕਲਕੱਤਾ ਦੀ ਬੰਦਰਗਾਹ ਉਪਰ ਪਹੁੰਚਿਆ ਤਾਂ ਲਗਭਗ ਸਾਰੇ ਹੀ ਮੁਸਾਫਰਾਂ ਨੂੰ ਅੰਗਰੇਜ਼ ਪੁਲੀਸ ਵੱਲੋਂ ਗ੍ਰਿਫਤਾਰ ਕਰਕੇ ਭੁੱਖਿਆਂ ਭਾਣਿਆਂ ਨੂੰ ਰਾਏਵਿੰਡ ਲੁਧਿਆਣਾ ਲੈ ਆਂਦਾ। ਇਸ ਤਰ੍ਹਾਂ ਕਈਆਂ ਨੂੰ ਪਿੰਡਾਂ ਦੀਆਂ ਜੂਹਾਂ ਅੰਦਰ ਕੈਦ ਕਰਨ ਦੇ ਹੁਕਮ ਸੁਣਾ ਦਿੱਤੇ ਗਏ, ਜਿਨ੍ਹਾਂ ਵਿੱਚ ਬਾਬਾ ਚੂਹੜ ਸਿੰਘ ਵੀ ਸਨ। ਹੁਣ ਬਾਬਾ ਜੀ ਨੂੰ ਦੇਸ਼ ਭਗਤੀ ਦੀ ਲਗਨ ਨੇ ਘਰ ਟਿਕ ਕੇ ਬੈਠਣ ਨਾ ਦਿੱਤਾ ਅਤੇ ਉਹ ਰੂਹ-ਪੋਸ਼ ਹੋ ਕੇ ਗ਼ਦਰ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਜਾਣ ਲੱਗ ਪਏ। ਨਵੰਬਰ 1914 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਲਾਡੋਵਾਲ ’ਚ ਹੋਈ ਮੀਟਿੰਗ ਦੌਰਾਨ ‘ਡਕੈਤੀ ਕਮਿਸ਼ਨ’ ਦੀ ਸਥਾਪਨਾ ਕਰਕੇ ਸਿਰਫ ਸਰਕਾਰੀ ਖਜ਼ਾਨਾ ਜਾਂ ਕੁਝ ਅਮੀਰ ਬੰਦਿਆਂ ਨੂੰ ਲੁੱਟਣ ਦੀ ਯੋਜਨਾ ਮੁਤਾਬਕ ਪਾਰਟੀ ਨੂੰ ਹਥਿਆਰਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਨੇ ਰਬੋਂ, ਝਨੇਰ, ਰਾਜੋਆਣਾ ਅਤੇ ਦੋਰਾਹਾ ਵਿੱਚ ਡਾਕਾ ਮਾਰਿਆ ਤੇ 3 ਫਰਵਰੀ ਰਾਹੋਂ ਉੱਚੀ ਲੁਧਿਆਣਾ ਵਿੱਚ ਡਾਕਾ ਮਾਰਿਆ ਗਿਆ ਸੀ। ਇਹ ਸਾਰਾ ਪੈਸਾ ਪਾਰਟੀ ਕੋਲ ਜਮ੍ਹਾਂ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਪਿੰਡਾਂ ਦੇ ਨਾ-ਸਮਝ ਬਹੁਗਿਣਤੀ ਲੋਕ ਗ਼ਦਰੀਆਂ ਨੂੰ ਡਾਕੂ ਵੀ ਕਹਿੰਦੇ ਰਹੇ ਹਨ। 3 ਫਰਵਰੀ 1915 ਨੂੰ ਬਾਬਾ ਜੀ ਭਾਈ ਗਾਂਧਾ ਸਿੰਘ ਨੂੰ ਨਾਲ ਲੈ ਕੇ ਇਕ ਮਾਈ ਕੋਲੋਂ ਲੁੱਟਿਆ ਗਿਆ ਮਾਲ ਵਾਪਸ ਵੀ ਕਰਕੇ ਆਏ ਸਨ ਕਿਉਂਕਿ ਉਸ ਮਾਈ ਨੂੰ ਪੈਸੇ ਦੀ ਵਧ ਲੋੜ ਸੀ। ਇਸ ਐਕਸ਼ਨ ਤੋਂ ਬਾਅਦ ਜਦ ਉਹ ਪਿੰਡ ਪਹੁੰਚੇ ਤਾਂ ਪਿੰਡ ਲੀਲ੍ਹ ਦੇ ਇਕ ਮੁਖ਼ਬਰ ਨੇ ਸੀ.ਆਈ.ਡੀ. ਕਰਕੇ ਬਾਬਾ ਜੀ ਨੂੰ ਫੜਵਾ ਦਿੱਤਾ। ਆਪ ਉੱਪਰ ਲਾਹੌਰ ਸਾਜ਼ਿਸ਼ ਅਧੀਨ ਕੇਸ ਚਲਾ ਕੇ ਕਾਲੇ ਪਾਣੀ, ਜਾਇਦਾਦ ਜ਼ਬਤ ਦਾ ਫੈਸਲਾ ਸੁਣਾ ਦਿੱਤਾ ਗਿਆ। ਅੰਡੇਮਾਨ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਉੱਪਰ ਅਣ-ਮਨੁੱਖੀ ਤਸੀਹੇ ਦੇ ਧੱਕੇ ਨਾਲ ਕੈਦੀ ਦੀ ਸਮਰੱਥਾ ਦੇ ਉਲਟ ਕੰਮ ਕਰਵਾਇਆ ਜਾਂਦਾ ਸੀ, ਕੈਦੀਆਂ ਉੱਪਰ ਠੰਡਾ ਪਾਣੀ ਪਾ ਕੇ, ਠੰਡੇ ਪਾਣੀ ਵਿੱਚ ਗੋਤੇ ਲਗਾਏ ਜਾਂਦੇ ਸਨ। ਜਿਸ ਨੂੰ ਬਾਬਾ ਜੀ ਬਰਦਾਸ਼ਤ ਨਾ ਕਰ ਸਕੇ ਤੇ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲੈਣ ਲਈ ਹਰ ਜ਼ੁਲਮ ਖ਼ਿਲਾਫ਼ ਪਹਿਲੀ ਆਵਾਜ਼ ਭੁੱਖ ਹੜਤਾਲ ਦੇ ਰੂਪ ਵਿੱਚ 2 ਅਕਤੂਬਰ 1917 ਨੂੰ ਉਠਾਈ ਗਈ। ਬਾਅਦ ਵਿੱਚ ਜੇਲ੍ਹ ਅੰਦਰ ਕੋਈ ਵੀ ਕੰਮ ਨਾ ਕਰਨ ਦੀ ਹੜਤਾਲ ਕਰ ਦਿੱਤੀ ਗਈ। ਇਨ੍ਹਾਂ ਹੜਤਾਲਾਂ ਨੇ ਅੰਗਰੇਜ਼ਾਂ ਨੂੰ ਇੰਨੀ ਕੁ ਮਤ ਦੇ ਦਿੱਤੀ ਕਿ ਉਹ ਕਿਸੇ ਕੈਦੀ ਨੂੰ ਕੋਈ ਵੀ ਸਜ਼ਾ ਦੇਣ ਤੋਂ ਪਹਿਲਾਂ ਸੌ ਵਾਰੀ ਸੋਚਦੇ। ਇਸ ਤਰ੍ਹਾਂ ਬਾਬਾ ਜੀ ਨੇ ਅੰਡੇਮਾਨ ਜੇਲ੍ਹਾਂ ਅੰਦਰ ਇਸ ਵਹਿਸ਼ੀ ਮਾਹੌਲ ਨੂੰ ਠੱਲ੍ਹ ਪਾ ਦਿੱਤੀ ਤੇ ਅੰਗਰੇਜ਼ਾਂ ਨੂੰ ਇਕ ਜੇਲ੍ਹ ਸੁਧਾਰ ਕਮੇਟੀ ਬਣਾਉਣੀ ਪਈ। ਨਤੀਜੇ ਵਜੋਂ ਕਾਫੀ ਕੈਦੀਆਂ ਨੂੰ ਅੰਡੇਮਾਨ ਜੇਲ੍ਹਾਂ ’ਚੋਂ ਤਬਦੀਲ ਕਰਕੇ ਭਾਰਤੀ ਜੇਲ੍ਹਾਂ ਵਿੱਚ ਲੈ ਕੇ ਆਉਣਾ ਪਿਆ। ਬਾਬਾ ਜੀ ਤੇ ਬਾਬਾ ਜਵਾਲਾ ਸਿੰਘ ਨੂੰ ਵੀ ਮਦਰਾਸ ਦੀ ਕੋਇੰਬਟੂਰ ਜੇਲ੍ਹ ਵਿੱਚ ਭੇਜ ਦਿੱਤਾ। ਇੱਥੇ ਵੀ ਮੋਪਲਾ ਸੱਤਿਆਗ੍ਰਹਿ ਦੇ ਬੱਚੇ, ਬੁੱਢਿਆਂ ਅਤੇ ਔਰਤਾਂ ਨੂੰ ਭੁੱਖੇ-ਪਿਆਸੇ ਰੱਖ ਕੇ ਛੋਟੀਆਂ-ਛੋਟੀਆਂ ਕਾਲ-ਕੋਠੜੀਆਂ ਵਿੱਚ ਤੂੜੀ ਵਾਂਗ ਤੂੜਿਆ ਜਾਂਦਾ ਤੇ ਦਮ ਘੁੱਟਣ ਨਾਲ ਬਹੁਤ ਸਾਰੇ ਬੱਚੇ, ਬੁੱਢੇ ਮਰ ਚੁੱਕੇ ਤੇ ਮਰ ਰਹੇ ਸਨ। ਆਪ ਦੀ ਪਰਉਪਕਾਰੀ ਦਾ ਸਬੂਤ ਇੱਥੇ ਉਦੋਂ ਮਿਲਦਾ ਜਦ ਆਪ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ ਆਪਣੇ ਹਿੱਸੇ ਦਾ ਖਾਣਾ ਵੀ ਉਨ੍ਹਾਂ ਬੱਚਿਆਂ ਵਿੱਚ ਵੰਡ ਦਿੰਦੇ। ਇਕ ਦਿਨ ਜੇਲ੍ਹ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਣ ’ਤੇ ਜਵਾਲਾ ਸਿੰਘ ਨੂੰ ਜਦ 30 ਬੈਂਤਾਂ ਦੀ ਸਜ਼ਾ ਦਿੱਤੀ ਤਾਂ ਆਪ ਵੀ ਭੱਜ ਕੇ ਅੱਗੇ ਹੋ ਗਏ ਤੇ ਲਲਕਾਰਨ ਲੱਗੇ ਕਿ ਮੈਨੂੰ ਵੀ ਇਹੀ ਸਜ਼ਾ ਦਿੱਤੀ ਜਾਵੇ , ਮੈਂ ਵੀ ਆਪਣੇ ਹਿੱਸੇ ਦਾ ਖਾਣਾ ਬੱਚਿਆਂ ਨੂੰ ਦਿੱਤਾ ਹੈ। ਇਸ ਤਰਾਂ ਜੇਲ੍ਹ ਅੰਦਰ ਹੰਗਾਮਾ ਮੱਚ ਗਿਆ ਤੇ ਬਾਬਾ ਜੀ ਨੇ ਰੋਸ ਵਿੱਚ ਫਿਰ ਹੜਤਾਲ ਕਰ ਦਿੱਤੀ। ਜੇਲ੍ਹ ਦਾ ਮਾਹੌਲ ਖਰਾਬ ਹੋਣ ਦੇ ਡਰੋਂ ਇਨ੍ਹਾਂ ਦੋਹਾਂ ਕੈਦੀਆਂ ਨੂੰ 24 ਨਵੰਬਰ 1922 ਨੂੰ ਭੰਡਾਰਾ ਜੇਲ੍ਹ ਬਦਲ ਦਿੱਤਾ ਗਿਆ। ਜਿੱਥੇ ਵੀ ਬਾਬਾ ਜੀ ਜੇਲ੍ਹ ਅੰਦਰ ਰਹੇ ਉਨ੍ਹਾਂ ਕੈਦੀਆਂ ਉਪਰ ਹੋ ਰਹੇ ਹਰ ਤਰ੍ਹਾਂ ਦੇ ਜ਼ੁਲਮ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਉਠਾਈ ਜਿਸ ਕਾਰਨ ਬਾਬਾ ਜੀ ਦੇ ਪੂਰੇ ਦੇਸ਼ ਭਰ ਵਿੱਚ ਚਰਚੇ ਹੋਣ ਲੱਗ ਪਏ। ਕਈ ਜੇਲ੍ਹ ਅਧਿਕਾਰੀ ਤਾਂ ਬਾਬਾ ਜੀ ਦਾ ਕਾਫੀ ਸਤਿਕਾਰ ਵੀ ਕਰਨ ਲੱਗ ਪਏ ਸਨ। ਜਦ ਬਾਬਾ ਚੂਹੜ ਸਿੰਘ ਨੂੰ ਲਾਹੌਰ ਜੇਲ੍ਹ ਵਿੱਚ ਲਿਆਂਦਾ ਤਾਂ ਇੱਥੇ ਹੀ ਆਪ ਦੀ ਮੁਲਾਕਾਤ ਭਾਈ ਰਣਧੀਰ ਸਿੰਘ ਅਤੇ ਸ਼ਹੀਦ ਭਗਤ ਸਿੰਘ ਨਾਲ ਹੋਈ। ਉਸ ਸਮੇਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ 14 ਨੰਬਰ ਕੋਠੜੀ ਵਿੱਚ ਮੌਤ ਦੀ ਸਜ਼ਾ ਭੁਗਤ ਰਹੇ ਸਨ। ਇੱਥੇ ਹੀ ਭਗਤ ਸਿੰਘ ਨੇ ਮਾਰਕਸ ਦਾ ਕਮਿਊਨਿਸਟ ਮੈਨੀਫੈਸਟੋ, ਲੈਨਿਨ ਦੀ ਜੀਵਨੀ ਆਦਿ ਕਿਤਾਬਾਂ ਦਾ ਅਧਿਐਨ ਕੀਤਾ। ਭਗਤ ਸਿੰਘ ਬਾਬਾ ਜੀ ਦੇ ਕੰਮਾਂ ਤੋਂ ਕਾਫੀ ਪ੍ਰਭਾਵਤ ਹੋਣ ਕਾਰਨ ਲੰਮਾ ਸਮਾਂ ਉਨ੍ਹਾਂ ਨਾਲ ਬੈਠ ਕੇ ਇਨਕਲਾਬੀ ਵਿਚਾਰਧਾਰਾ ਦੀ ਮਜ਼ਬੂਤੀ ਅਤੇ ਕਾਂਗਰਸ ਦੀ ਕਮਜ਼ੋਰ ਸੁਧਾਰਵਾਦੀ ਨੀਤੀ ਉੱਪਰ ਗੱਲਾਂ ਕਰਦੇ ਰਹਿੰਦੇ ਸਨ ਅਤੇ ਬਾਬਾ ਜੀ ਭਗਤ ਸਿੰਘ ਨੂੰ ਇਹੀ ਕਹਿੰਦੇ ‘ਬਈ ਤੂੰ ਬਿਲਕੁਲ ਠੀਕ ਕਹਿ ਰਿਹਾ ਹੈਂ, ਇੱਥੇ ਬਰਾਬਰਤਾ ਵਾਲਾ ਰਾਜ ਹੀ ਲਿਆਉਣਾ ਪੈਣਾ ਤਾਂ ਕਿਤੇ ਜਾ ਕੇ ਆਪਣੇ ਦੇਸ਼ ਦਾ ਭਲਾ ਹੋ ਸਕੇਗਾ’। ਬਾਬਾ ਜੀ ਦਾ ਸੰਘਰਸ਼ ਜਾਰੀ ਰਿਹਾ। ਫਰਵਰੀ 1932 ਫਿਰ ਕੈਦੀਆਂ ਉਪਰ ਜ਼ੁਲਮ ਵਧ ਗਏ ਤੇ ਬਾਬਾ ਜੀ ਨੇ ਕਮਜ਼ੋਰ ਸਰੀਰ ਦੇ ਬਾਵਜੂਦ 82 ਦਿਨ ਦੀ ਭੁੱਖ ਹੜਤਾਲ ਕਰ ਦਿੱਤੀ ਤੇ ਹੁਣ ਬਾਬਾ ਜੀ ਅੰਦਰ ਨੌਜਵਾਨ ਸ਼ਹੀਦ ਭਗਤ ਸਿੰਘ ਵੀ ਬੋਲਣ ਲੱਗ ਪਿਆ ਸੀ ਜੋ ਅੰਗਰੇਜ਼ੀ ਹਕੂਮਤ ਨੂੰ ਚੁੱਬਣ ਲੱਗਾ। ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਇਹ ਬਾਬਾ ਜਿਉਂਦਾ ਘਰ ਜਾਵੇ ਇਸੇ ਲਈ ਤਾਂ ਬਾਬਾ ਜੀ ਦੀ ਸਜ਼ਾ ਪੂਰੀ ਹੋ ਜਾਣ ਬਾਅਦ ਵੀ ਰਿਹਾਅ ਨਾ ਕੀਤਾ ਗਿਆ। ਦੂਸਰੇ ਪਾਸੇ ਬਾਬਾ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿੱਚ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਗਿਆ ਸੀ। ਜੇਲ੍ਹ ਅੰਦਰ ਬਾਬਾ ਜੀ ਦੇ ਰੋਸ ਵਜੋਂ ਲਗਾਤਾਰ ਭੁੱਖ ਹੜਤਾਲ ਜਾਰੀ ਰੱਖਣ ਕਾਰਨ ਸਰੀਰ ਪਿੰਜਰ ਦਾ ਰੂਪ ਧਾਰ ਚੁੱਕਾ ਸੀ ਜਿਸ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਬਾਬਾ ਜੀ ਦੀਆਂ ਸਾਰੀਆਂ ਮੰਗਾਂ ਮੰਨਦੇ ਹੋਏ ਰਿਹਾਅ ਕਰ ਦਿੱਤਾ। ਘਰ ਆ ਕੇ ਆਪ ਦੇ ਇਲਾਜ ਲਈ ਕਾਫੀ ਭੱਜ-ਨੱਠ ਕੀਤੀ ਗਈ, ਪਰ ਕਮਜ਼ੋਰੀ ਜ਼ਿਆਦਾ ਹੋਣ ਕਾਰਨ ਅੰਤ 9 ਸਤੰਬਰ 1933 ਨੂੰ ਆਜ਼ਾਦੀ ਦਾ ਇਹ ਯੋਧਾ ਅਧੂਰਾ ਸੁਪਨਾ ਲੈ ਕੇ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ। ਹੁਣ ਪਿੰਡ ਵੱਲੋਂ ਗ਼ਦਰੀ ਬਾਬਾ ਚੂਹੜ ਸਿੰਘ ਯਾਦਗਾਰੀ ਕਮੇਟੀ ਬਣਾਈ ਹੋਈ ਹੈ। ਇਸ ਕਮੇਟੀ ਵੱਲੋਂ ਬਾਬਾ ਜੀ ਦੀ ਬਰਸੀ ਮੌਕੇ ਹਰ ਸਾਲ ਸਮਾਗਮ ਕੀਤਾ ਜਾਂਦਾ ਹੈ। ਪਰ ਇਹ ਬਾਬਾ ਜੀ ਦੇ ਕੀਤੇ ਕੰਮਾਂ ਸਾਹਮਣੇ ਕੁਝ ਵੀ ਨਹੀਂ ਹਨ। ਜਿੰਨੀ ਦੇਰ ਕੋਈ ਐਨ.ਆਰ.ਆਈ. ਭਰਾ ਬਾਂਹ ਨਹੀਂ ਫੜਦਾ ਓਨੀ ਦੇਰ ਬਾਬਾ ਜੀ ਦੀ ਸਹੀ ਤੇ ਢੁੱਕਵੀਂ ਯਾਦਗਾਰ ਬਣਨ ਦੀ ਆਸ ਹੀ ਕੀਤੀ ਜਾ ਸਕਦੀ ਹੈ।  ਸੰਪਰਕ: 98888-14227

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All