ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ

ਲਖਵੀਰ ਸਿੰਘ ਚੀਮਾ ਟੱਲੇਵਾਲ, 16 ਸਤੰਬਰ ਪਿੰਡ ਭੋਤਨਾ ਵਿਚ ਖ਼ੁਦਕੁਸ਼ੀ ਪੀੜਤ ਪਰਿਵਾਰ ਦੇ ਨੌਜਵਾਨ ਲਵਪ੍ਰੀਤ ਦੀ ਮੌਤ ਦੇ ਛੇ ਦਿਨ ਬਾਅਦ ਵੀ ਸੂਬਾ ਸਰਕਾਰ ਵਲੋਂ ਠੰਢੀ ਹਵਾ ਦਾ ਕੋਈ ਬੁੱਲ੍ਹਾ ਨਹੀਂ ਆਇਆ ਅਤੇ ਕਰਜ਼ਾ ਮੁਆਫ਼ੀ ਜਾਂ ਹੋਰ ਸਹਾਇਤਾ ਦਾ ਐਲਾਨ ਵੀ ਨਹੀਂ ਹੋਇਆ ਜਦੋਂਕਿ ਸਮਾਜ ਸੇਵੀ ਸੰਸਥਾਵਾਂ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਲੱਗੀਆਂ ਹਨ। ਲੁਧਿਆਣਾ ਦੀ ਇਕ ਸਮਾਜ ਸੇਵੀ ਸੰਸਥਾ ਨੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ। ਬੱਗਾ ਸਿੰਘ ਭੋਤਨਾ ਅਤੇ ਕਿਸਾਨ ਆਗੂ ਬਿੰਦਰ ਭੋਤਨਾ ਨੇ ਦੱਸਿਆ ਕਿ ਸਿੱਖ ਵੈੱਲਫ਼ੇਅਰ ਕੌਂਸਲ ਲੁਧਿਆਣਾ ਦੇ ਮੈਂਬਰਾਂ ਨੇ ਪੀੜਤ ਪਰਿਵਾਰ ਨੂੰ 50 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਸੰਸਥਾ ਦੇ ਆਗੂ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਅਤੇ ਖ਼ਬਰਾਂ ਰਾਹੀਂ ਇਸ ਪਰਿਵਾਰ ਬਾਰੇ ਪਤਾ ਲੱਗਿਆ, ਜਿਸ ਮਗਰੋਂ ਉਨ੍ਹਾਂ ਦੀ ਟੀਮ ਪਰਿਵਾਰ ਦੀ ਮਦਦ ਲਈ ਪੀੜਤ ਪਰਿਵਾਰ ਦੇ ਘਰ ਪੁੱਜੀ ਹੈ। ਕਰਜ਼ੇ ਕਾਰਨ ਪਰਿਵਾਰ ਦੇ ਪੰਜ ਜੀਆਂ ਵਲੋਂ ਖ਼ੁਦਕੁਸ਼ੀ ਕਰਨਾ ਦੁੱਖਦਾਈ ਹੈ। ਉਨ੍ਹਾਂ ਨੇ 50 ਹਜ਼ਾਰ ਦੀ ਰਾਸ਼ੀ ਦਾ ਚੈੱਕ ਪਰਿਵਾਰ ਨੂੰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਜੇ ਲਵਪ੍ਰੀਤ ਦੀ ਭੈਣ ਅੱਗੇ ਪੜ੍ਹਾਈ ਕਰਨਾ ਚਾਹੁੰਦੀ ਹੈ ਤਾਂ ਉਹ ਹਰ ਮਦਦ ਦੇਣਗੇ। ਲੜਕੀ ਦੇ ਵਿਆਹ ਲਈ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਦੀਆਂ ਹੋਰ ਦਾਨੀ ਸੰਸਥਾਵਾਂ ਅਤੇ ਪਰਵਾਸੀ ਪੰਜਾਬੀਆਂ ਨੂੰ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸੰਸਥਾ ਦੇ ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਬੀਰ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਜਗਜੀਤ ਸਿੰਘ, ਮੋਹਨ ਸਿੰਘ ਅਤੇ ਤਰਨਜੋਤ ਸਿੰਘ ਹਾਜ਼ਰ ਸਨ। ਉਨ੍ਹਾਂ ਸਰਕਾਰ ਤੋਂ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ ਪਰਿਵਾਰ ਦੀ ਲੜਕੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All