ਹੌਟਮੇਲ ਦਾ ਖੋਜੀ ਸਬੀਰ ਭਾਟੀਆ

ਬਲਰਾਜ ਸਿੰਘ ਸਿੱਧੂ

ਸਿਰਮੌਰ ਪੰਜਾਬੀ

ਸਬੀਰ ਭਾਟੀਆ ਉਨ੍ਹਾਂ ਗਿਣਤੀ ਦੇ ਪੰਜਾਬੀ ਉੱਦਮੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਸੂਚਨਾ ਤਕਨੀਕ ਵਿੱਚ ਕ੍ਰਾਂਤੀ ਲਿਆ ਦਿੱਤੀ। ਉਸ ਨੇ ਘੋਗੇ ਦੀ ਚਾਲ ਚੱਲਣ ਵਾਲੀ ਈ ਮੇਲ ਨੂੰ ਬਿਜਲੀ ਦੀ ਗਤੀ ਨਾਲ ਚੱਲਣ ਵਾਲੀ ਮੁਫ਼ਤ ਸਹੂਲਤ ਵਿੱਚ ਬਦਲ ਦਿੱਤਾ। ਹੁਣ ਉਪਭੋਗਤਾ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਆਪਣੀ ਈ ਮੇਲ ਚੈੱਕ ਕਰ ਸਕਦਾ ਹੈ। ਸਬੀਰ ਭਾਟੀਆ ਦਾ ਜਨਮ 30 ਦਸੰਬਰ 1968 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਬਲਦੇਵ ਭਾਟੀਆ ਤੇ ਮਾਤਾ ਦਾ ਨਾਮ ਦਮਨ ਭਾਟੀਆ ਹੈ। ਉਸ ਦੇ ਪਿਤਾ ਫ਼ੌਜ ਵਿੱਚ ਉੱਚ ਅਹੁਦੇ 'ਤੇ ਸਨ ਅਤੇ ਮਾਤਾ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਅਧਿਕਾਰੀ ਸੀ। ਉਸ ਦੀ ਇੱਕ ਛੋਟੀ ਭੈੇਣ ਸਮੀਨਾ ਹੈ। 2008 ਵਿੱਚ ਸ਼ਬੀਰ ਦੀ ਸ਼ਾਦੀ ਤਾਨੀਆ ਸ਼ਰਮਾ ਨਾਲ ਹੋਈ ਸੀ, ਪਰ ਕਿਸੇ ਕਾਰਨ 2013 ਵਿੱਚ ਤਲਾਕ ਹੋ ਗਿਆ। ਪਿਤਾ ਫ਼ੌਜ ਵਿੱਚ ਹੋਣ ਕਾਰਨ ਉਸ ਦੀ ਪੜ੍ਹਾਈ ਕਈ ਥਾਵਾਂ 'ਤੇ ਹੋਈ। ਉਸ ਨੇ ਬਿਸ਼ਪ ਕਾਟਨ ਸਕੂਲ ਪੁਣੇ ਅਤੇ ਸੇਂਟ ਜੋਸਫ ਕਾਲਜ ਬੰਗਲੁਰੂ ਤੋਂ ਵਿੱਦਿਆ ਪ੍ਰਾਪਤ ਕੀਤੀ। ਸਕੂਲੀ ਪੜ੍ਹਾਈ ਮੁਕੰਮਲ ਕਰ ਕੇ ਉਸ ਨੇ ਬਿਟਸ, ਪਿਲਾਨੀ ਵਜੋਂ ਮਸ਼ਹੂਰ ਬਿਰਲਾ ਇੰਸਟੀਚਿਊਟ ਆਫ ਟੈਕਨੋਲੌਜੀ ਵਿੱਚ ਦਾਖ਼ਲਾ ਲੈ ਲਿਆ। ਉਸ ਨੇ 1988 ਵਿੱਚ ਪਿਲਾਨੀ ਪੜ੍ਹਦੇ ਸਮੇਂ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੌਜੀ ਅਮਰੀਕਾ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਵਜ਼ੀਫ਼ਾ ਮੁਕਾਬਲੇ 'ਕਾਲ ਟੈੱਕ' ਵਿੱਚ ਭਾਗ ਲਿਆ। ਇਸ ਵਿੱਚ ਪਾਸ ਹੋਣ ਲਈ ਲਾਜ਼ਮੀ 62 ਫ਼ੀਸਦੀ ਨੰਬਰ ਲੈਣ ਵਾਲਾ ਉਹ ਵਿਸ਼ਵ ਦਾ ਇੱਕੋ ਇੱਕ ਵਿਦਿਆਰਥੀ ਸੀ। 1988 ਵਿੱਚ 19 ਸਾਲਾ ਸਬੀਰ ਭਾਟੀਆ ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਗਿਆ। ਇੱਥੇ ਆਉਣ ਸਮੇਂ ਉਸ ਦੀ ਜੇਬ ਵਿੱਚ ਸਿਰਫ਼ 250 ਡਾਲਰ ਸਨ। ਉਸ ਨੇ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੌਜੀ ਤੋਂ ਬੀ.ਐੱਸਸੀ. ਆਨਰਜ਼ ਕਰਨ ਮਗਰੋਂ ਸਟੈਨਫਰਡ ਯੂਨੀਵਰਸਿਟੀ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਵਿੱਚ ਐੱਮ.ਐੱਸਸੀ. ਕੀਤੀ। ਸਬੀਰ ਭਾਟੀਆ ਵਿਸ਼ਵ ਪ੍ਰਸਿੱਧ ਕੰਪਨੀ ਐਪਲ ਦੇ ਸੰਸਥਾਪਕ ਸਟੀਵ ਜੌਬਸ ਨੂੰ ਆਪਣਾ ਆਦਰਸ਼ ਮੰਨਦਾ ਹੈ। ਇਸ ਲਈ ਉਸ ਨੇ ਪੀਐੱਚ.ਡੀ. ਵਿੱਚੇ ਛੱਡ ਦਿੱਤੀ ਅਤੇ ਐਪਲ ਵਿੱਚ ਬਤੌਰ ਸਿਸਟਮ ਇੰਟੇਗਰੇਟਰ ਨੌਕਰੀ ਸ਼ੁਰੂ ਕੀਤੀ। ਉਸ ਨੇ ਕੁਝ ਚਿਰ ਇੱਕ ਨਵੀਂ ਕੰਪਨੀ ਫਾਇਰ ਪਾਵਰ ਸਿਸਟਮਜ਼ ਲਈ ਵੀ ਕੰਮ ਕੀਤਾ ਜੋ ਕੰਪਿਊਟਰ ਦੇ ਪ੍ਰੋਸੈਸਰ ਬਣਾਉਂਦੀ ਸੀ। ਇਨ੍ਹਾਂ ਦਿਨਾਂ ਵਿੱਚ ਹੀ ਭਾਟੀਆ ਦੇ ਸਟੈਨਫਰਡ ਯੂਨੀਵਰਸਿਟੀ ਦੇ ਸਾਥੀਆਂ ਡੈਵਿਡ ਫਿਲੋ ਤੇ ਜੈਰੀ ਯਾਂਗ ਨੇ ਯਾਹੂ ਡੌਟ ਕੌਮ ਦੀ ਖੋਜ ਕੀਤੀ। ਇਸ ਤੋਂ ਭਾਟੀਆ ਨੂੰ ਬੜਾ ਉਤਸ਼ਾਹ ਮਿਲਿਆ। ਉਸ ਨੇ ਐਪਲ ਦੀ ਨੌਕਰੀ ਵੇਲੇ ਦੇ ਆਪਣੇ ਦੋਸਤ ਜੈਕ ਸਮਿੱਥ ਨਾਲ ਮਿਲ ਕੇ ਜਾਵਾ ਸੌਫਟ ਨਾਮੀ ਸੌਫਟਵੇਅਰ ਕੰਪਨੀ ਬਣਾ ਲਈ। ਇੱਕ ਦਿਨ ਕਾਰ ਰਾਹੀਂ ਘਰ ਜਾਂਦੇ ਸਮੇਂ ਜੈਕ ਦੇ ਦਿਮਾਗ਼ ਵਿੱਚ ਹੌਟਮੇਲ ਦਾ ਵਿਚਾਰ ਆਇਆ। ਉਸ ਨੇ ਕਾਰ ਫੋਨ ਰਾਹੀਂ ਸਬੀਰ ਭਾਟੀਆ ਨਾਲ ਇਸ ਸਬੰਧੀ ਗੱਲ ਕਰਨੀ ਚਾਹੀ ਤਾਂ ਸੁਣਦੇ ਸਾਰ ਉਹ ਸਭ ਸਮਝ ਗਿਆ। ਉਸ ਨੇ ਜੈਕ ਨੂੰ ਤੁਰੰਤ ਫੋਨ ਬੰਦ ਕਰ ਕੇ ਘਰ ਜਾ ਕੇ ਕਿਸੇ ਸੁਰੱਖਿਅਤ ਲਾਈਨ ਤੋਂ ਫੋਨ ਕਰਨ ਲਈ ਕਿਹਾ ਤਾਂ ਜੋ ਕੋਈ ਹੋਰ ਇਹ ਨੁਕਤਾ ਚੋਰੀ ਨਾ ਕਰ ਲਵੇ। ਭਾਟੀਆ ਇਹ ਨੁਕਤਾ ਲੈ ਕੇ ਕਈ ਪੂੰਜੀਪਤੀਆਂ ਕੋਲ ਗਿਆ, ਪਰ ਇਨ੍ਹਾਂ ਦੋਵਾਂ ਦੀ ਮਹਿਜ਼ 27 ਸਾਲ ਉਮਰ ਦੇ ਮੱਦੇਨਜ਼ਰ ਕੋਈ ਵੀ ਨਿਵੇਸ਼ ਕਰਨ ਲਈ ਤਿਆਰ ਨਾ ਹੋਇਆ। ਬੜੀ ਮੁਸ਼ਕਿਲ ਨਾਲ ਡਰੇਪਰ ਫਿਸ਼ਰ ਜੁਰਵੈਟਸਨ ਫਰਮ ਦਾ ਚੇਅਰਮੈਨ ਸਟੀਵ ਜੁਰਵੈਟਸਨ 15 ਫ਼ੀਸਦੀ ਭਾਈਵਾਲੀ 'ਤੇ ਤਿੰਨ ਲੱਖ ਡਾਲਰ ਦੇਣ ਲਈ ਤਿਆਰ ਹੋਇਆ। ਚਾਰ ਜੁਲਾਈ 1996 ਨੂੰ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਸਬੀਰ ਭਾਟੀਆ ਅਤੇ ਜੈਕ ਸਮਿੱਥ ਨੇ ਹੌਟਮੇਲ ਦੁਨੀਆਂ ਸਾਹਮਣੇ ਪੇਸ਼ ਕੀਤੀ। ਦਿਨਾਂ ਵਿੱਚ ਹੀ ਉਨ੍ਹਾਂ ਦੀ ਬੱਲੇ ਬੱਲੇ ਹੋ ਗਈ। ਸਬੀਰ ਭਾਟੀਆ ਇੱਕ ਅਣਜਾਣ ਵਿਅਕਤੀ ਤੋਂ ਵਿਸ਼ਵ ਪ੍ਰਸਿੱਧ ਸ਼ਖ਼ਸੀਅਤ ਬਣ ਗਿਆ। ਉਸ ਨੇ 1997 ਵਿੱਚ ਕਾਫ਼ੀ ਸੌਦੇਬਾਜ਼ੀ ਤੋਂ ਬਾਅਦ ਹੌਟਮੇਲ, ਮਾਈਕਰੋਸੌਫਟ ਕੰਪਨੀ ਨੂੰ ਚਾਲੀ ਕਰੋੜ ਡਾਲਰ ਭਾਵ ਤਕਰੀਬਨ 24 ਅਰਬ ਰੁਪਏ ਵਿੱਚ ਵੇਚ ਦਿੱਤੀ। ਇਸ ਸੌਦਾ ਸਿਰੇ ਚਾੜ੍ਹਨ ਲਈ ਮਾਈਕਰੋਸੌਫਟ ਦੇ ਬਾਨੀ ਬਿਲ ਗੇਟਸ ਨੂੰ ਆਪ ਸਬੀਰ ਭਾਟੀਆ ਨਾਲ ਗੱਲ ਕਰਨੀ ਪਈ। ਉਸ ਸਮੇਂ ਇਹ ਕਿਸੇ ਪੰਜਾਬੀ ਭਾਰਤੀ ਵੱਲੋਂ ਸੌਫਟਵੇਅਰ ਦੇ ਖੇਤਰ ਵਿੱਚ ਕੀਤਾ ਗਿਆ ਸਭ ਤੋਂ ਮਹਿੰਗਾ ਸੌਦਾ ਸੀ। ਇਸ ਵੇਲੇ ਵਿਸ਼ਵ ਵਿੱਚ ਹੌਟਮੇਲ 37 ਕਰੋੜ ਦੇ ਲਗਪਗ ਉਪਭੋਗਤਾਵਾਂ ਨਾਲ ਦੂਜੇ ਨੰਬਰ 'ਤੇ ਹੈ, ਸਿਰਫ਼ ਜੀ-ਮੇਲ ਹੀ ਲਗਪਗ 43 ਕਰੋੜ ਗਾਹਕਾਂ ਨਾਲ ਇਸ ਤੋਂ ਅੱਗੇ ਹੈ। 2012 ਵਿੱਚ ਮਾਈਕਰੋਸੌਫਟ ਨੇ ਹੌਟਮੇਲ ਨੂੰ ਆਊਟਲੁੱਕ ਡੌਟ ਕੌਮ ਦੇ ਨਾਮ ਹੇਠ ਕਈ ਨਵੀਆਂ ਵਿਸ਼ੇਸ਼ਤਾਵਾਂ ਨਾਲ ਦੁਬਾਰਾ ਲਾਂਚ ਕੀਤਾ ਹੈ। ਹੌਟਮੇਲ ਵੇਚਣ ਤੋਂ ਬਾਅਦ ਸਬੀਰ ਭਾਟੀਆ ਨੇ ਮਾਰਚ 1999 ਤੱਕ ਮਾਈਕਰੋਸੌਫਟ ਵਿੱਚ ਨੌਕਰੀ ਕੀਤੀ, ਪਰ ਬਾਅਦ ਵਿੱਚ ਅਸਤੀਫ਼ਾ ਦੇ ਕੇ ਨਵੀਂ ਈ-ਕਾਮਰਸ ਕੰਪਨੀ ਆਰਜ਼ੂ ਡੌਟ ਕੌਮ ਸ਼ੁਰੂ ਕਰ ਲਈ। ਇਸ ਕੰਪਨੀ ਦਾ ਮੁੱਖ ਕੰਮ ਕਾਰਪੋਰੇਸ਼ਨਾਂ ਦੀ ਉਤਪਾਦਕਤਾ ਨੂੰ ਸੁਧਾਰਨ ਵਿੱਚ ਮਦਦ ਕਰਨਾ ਸੀ, ਪਰ 2001 ਵਿੱਚ ਸੌਫਟਵੇਅਰ ਕੰਪਨੀਆਂ ਵਿੱਚ ਮੰਦਾ ਆਉਣ ਕਾਰਨ ਇਹ ਪ੍ਰੋਜੈਕਟ ਨਾਕਾਮ ਹੋ ਗਿਆ। 2003 ਵਿੱਚ ਸਬੀਰ ਨੇ ਇਸ ਨੂੰ ਟਰੈਵਲ ਪੋਰਟਲ ਵਜੋਂ ਦੁਬਾਰਾ ਲਾਂਚ ਕੀਤਾ ਹੈ। ਇਸ ਤੋਂ ਬਾਅਦ ਉਸ ਨੇ ਭਾਰਤ ਵਿੱਚ ਸਬਸੇ-ਬੋਲੋ ਨਾਮਕ ਫਰੀ ਕਾਨਫਰੰਸਿੰਗ ਸਰਵਿਸ ਸ਼ੁਰੂ ਕੀਤੀ ਜਿਸ ਦੇ ਲਗਪਗ ਪੰਜ ਲੱਖ ਉਪਭੋਗਤਾ ਹਨ। ਉਸ ਨੇ ਸ਼ੀਰਾਜ਼ ਕਾਂਗਾ ਤੇ ਵੀਰਾਫ ਜ਼ੈਕ ਦੀ ਭਾਈਵਾਲੀ ਵਿੱਚ ਬਲੌਗ ਐਵਰੀਵੇਅਰ ਨਾਮ ਦੀ ਕੰਪਨੀ ਵੀ ਸ਼ੁਰੂ ਕੀਤੀ ਹੈ। ਸਬੀਰ ਭਾਟੀਆ ਨੇ ਜੈਕਸਟਰ ਨਾਮਕ ਸਰਵਿਸ ਸ਼ੁਰੂ ਕਰ ਕੇ ਟੈਲੀਕੌਮ ਖੇਤਰ ਵਿੱਚ ਵੀ ਦਸਤਕ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਸੇਵਾ ਐੱਸਐੱਮਐਸ ਦੇ ਖੇਤਰ ਵਿੱਚ ਉਸੇ ਤਰ੍ਹਾਂ ਕ੍ਰਾਂਤੀ ਲਿਆ ਦੇਵੇਗੀ ਜਿਵੇਂ ਹੌਟਮੇਲ ਨੇ ਈ-ਮੇਲ ਦੇ ਖੇਤਰ ਵਿੱਚ ਲਿਆਂਦੀ ਸੀ, ਪਰ ਅਜੇ ਤੱਕ ਜੈਕਸਟਰ, ਹੌਟਮੇਲ ਵਰਗੀ ਪ੍ਰਸਿੱਧੀ ਤੇ ਉਚਾਈ ਹਾਸਲ ਨਹੀਂ ਕਰ ਸਕਿਆ। ਉਸ ਨੇ ਅਮਰੀਕਾ, ਇੰਗਲੈਂਡ, ਕੈਨੇਡਾ ਤੇ ਮੈਕਸੀਕੋ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਸਹੂਲਤ ਲਈ ਇੱਕ ਪਰੀਪੇਡ ਸਿਮ ਕਾਰਡ ਵੀ ਜਾਰੀ ਕੀਤਾ ਹੈ। ਉਸ ਦੀ ਯੋਜਨਾ ਆਉਂਦੇ ਸਾਲਾਂ ਵਿੱਚ ਇਸ ਦਾ 30 ਹੋਰ ਮੁਲਕਾਂ ਵਿੱਚ ਵਿਸਤਾਰ ਕਰਨ ਅਤੇ ਇੱਕ ਕਰੋੜ ਗਾਹਕ ਬਣਾਉਣ ਦੀ ਹੈ। ਸਬੀਰ ਮੁਤਾਬਕ ਜੈਕਸਟਰ ਸਾਰੇ ਸਿਮ ਕਾਰਡਾਂ ਨਾਲੋਂ ਸਸਤੀ ਕੌਮਾਂਤਰੀ ਕਾਲ ਮੁਹੱਈਆ ਕਰਾਵੇਗਾ। ਉਹ ਜ਼ਮੀਨ ਜਾਇਦਾਦ ਦੇ ਕੰਮ ਵਿੱਚ ਵੀ ਨਿਵੇਸ਼ ਕਰ ਰਿਹਾ ਹੈ। ਮਸ਼ਹੂਰ ਕੰਪਨੀ ਪਾਰਸ਼ਵਨਾਥ ਡਿਵੈਲਪਰਜ਼ ਨਾਲ ਇੱਕ ਸਾਂਝੇ ਉੱਦਮ ਰਾਹੀਂ ਉਸ ਦੀ ਯੋਜਨਾ ਗੁਜਰਾਤ ਵਿੱਚ 4000 ਏਕੜ ਵਿੱਚ ਇੱਕ ਸਿਲੀਕੌਨ ਵੈਲੀ ਸਥਾਪਿਤ ਕਰਨ ਦੀ ਹੈ। ਉਸ ਦੀ ਸਫ਼ਲਤਾ ਕਾਰਨ ਉਸ ਨੂੰ ਕਈ ਮਾਣ-ਸਨਮਾਨ ਮਿਲੇ ਹਨ। 1997 ਵਿੱਚ ਡਰੇਪਰ ਫਿਸ਼ਰ ਜੁਰਵੈਟਸਨ ਫਰਮ ਨੇ ਉਸ ਨੂੰ ਸਾਲ ਦਾ ਸਭ ਤੋਂ ਵਧੀਆ ਉੱਦਮੀ ਚੁਣਿਆ। 1998 ਵਿੱਚ ਐੱਮਆਈਟੀ ਨੇ ਉਸ ਨੂੰ 100 ਸਭ ਤੋਂ ਵਧੀਆ ਖੋਜਕਾਰਾਂ ਅਤੇ ਸਾਂ ਹੋਜ਼ੇ ਮਰਕਰੀ ਨਿਊਜ਼ ਤੇ ਮੈਗਜ਼ੀਨ ਨੇ ਉਸ ਨੂੰ 10 ਸਭ ਤੋਂ ਸਫ਼ਲ ਉੱਦਮੀਆਂ ਵਿੱਚ ਸ਼ਾਮਲ ਕੀਤਾ। 1998 ਵਿੱਚ ਹੀ ਅੱਪਸਾਈਡ ਮੈਗਜ਼ੀਨ ਨੇ ਉਸ ਨੂੰ ਸਭ ਤੋਂ ਵਧੀਆ ਪਥ ਪ੍ਰਦਰਸ਼ਕ ਐਲਾਨਿਆ। ਅਜਿਹੇ ਸਫ਼ਲ ਪੰਜਾਬੀ ਹੋਰ ਨੌਜਵਾਨਾਂ ਲਈ ਵੀ ਅੱਗੇ ਵਧਣ ਵਾਸਤੇ ਪ੍ਰੇਰਨਾ ਦਾ ਸਰੋਤ ਬਣਦੇ ਹਨ।

ਸੰਪਰਕ: 98151-24449

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All