ਹੋਈਆਂ ਭੁੱਲਾਂ ਦੀ ਖਿਮਾ ਮੰਗਣ ਦੀ ਸਿਆਸਤ

ਹੋਈਆਂ ਭੁੱਲਾਂ ਦੀ ਖਿਮਾ ਮੰਗਣ ਦੀ ਸਿਆਸਤ

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ, ਮੌਰਿਸ ਔਡਿਨ ਦੀ ਪਤਨੀ ਨੂੰ ਮਿਲਣ ਤੋਂ ਬਾਅਦ ਉਹਦੀ ਧੀ ਨਾਲ ਉਹਦੇ ਘਰ ਸਾਹਮਣੇ।

‘‘ਮੁਆਫ਼ੀ ਮੰਗੋ!’’ ਰਾਜਨੀਤੀ ਅਤੇ ਸਮਾਜ ਵਿੱਚ ਇਹ ਸੁਰ ਚਿਰੋਕਣੀ ਉੱਠ ਰਹੀ ਹੈ। ਇੱਕ ਵੱਡੀ ਸਿਆਸੀ ਤਨਜ਼ੀਮ ਦੇ ਨੇਤਾ ਹੋਈਆਂ ਭੁੱਲਾਂ ਦੀ ਖਿਮਾ-ਯਾਚਨਾ ਹਿੱਤ ਕੈਮਰਿਆਂ ਸਾਹਵੇਂ ਸੇਵਾ ਵਿਚ ਵਿਲੀਨ ਦਿਖੇ ਤਾਂ ਇਸ ਭੁੱਲ-ਪਾਪ-ਖਿਮਾ-ਪਛਤਾਵਾ-ਮੁਆਫ਼ੀ ਬਾਰੇ ਸੁਰਖ਼ੀਆਂ ਨੇ ਨਾਗਰਿਕਾਂ ਦੇ ਆਪਸੀ ਸੰਵਾਦ ਵਿੱਚ ਫਿਰ ਇੱਕ ਕੋਨਾ ਮੱਲ ਲਿਆ। ਵੈਸੇ ਇਹ ਵਰਤਾਰਾ ਚਿਰ ਪੁਰਾਣਾ ਹੈ। ਸਾਡੇ ਰਾਜਨੀਤਕ, ਸਮਾਜਿਕ ਜੀਵਨ ਵਿੱਚ ‘ਮੁਆਫ਼ੀ’ ਦੀ ਮੰਗ ਦਾ ਇੱਕ ਲੋਕਸਮਝ ਵਿੱਚ ਨਿਰਮਾਣਤ ਕੰਸਟਰੱਕਟ ਹੈ, ਪਰ ਇਹਦੇ ਨਾਲ ਨਾਲ ਇਸ ਭੁੱਲ-ਪਾਪ-ਖਿਮਾ-ਪਛਤਾਵਾ-ਮੁਆਫ਼ੀ ਦੇ ਵਰਤਾਰੇ ਦੀ ਇੱਕ ਸਦੀਆਂ ਲੰਮੀ ਵਿਰਾਸਤ ਹੈ। ਕਿਸੇ ਦੇ ਧਾਰਮਿਕ ਸਥਾਨ ’ਤੇ ਫ਼ੌਜੀ ਹਮਲੇ ਲਈ ਕੋਈ ਜਮਾਤ ਮੁਆਫ਼ੀ ਮੰਗੇ। ਆਪਣੇ ਦੱਖਣ ਵਿੱਚ ਕਿਸੇ ਟਾਪੂ ’ਚ ਅਮਨ-ਕਾਇਮੀ ਦੇ ਨਾਮ ਹੇਠ ਫ਼ੌਜ ਭੇਜਣ ਲਈ ਹਿੰਦੋਸਤਾਨ ਮੁਆਫ਼ੀ ਮੰਗੇ। ਰਾਜਧਾਨੀ ਵਿੱਚ ਇੱਕ ਧਰਮ ਦੇ ਲੋਕਾਂ ਦਾ ਨਸਲਕੁਸ਼ੀ ਕਰਨ ਲਈ ਦੇਸ਼ ਦੀ ਪਾਰਲੀਮੈਂਟ ਅਫ਼ਸੋਸ ਕਰੇ, ਮੁਆਫ਼ੀ ਮੰਗੇ। ਦੂਜੀ ਸੰਸਾਰ ਜੰਗ ਵਿੱਚ ਕਮਜ਼ੋਰ ਪਏ ਕਿਸੇ ਦੇਸ਼ ਦੀਆਂ ਔਰਤਾਂ ਨੂੰ comfort women ਵਜੋਂ ਵਰਤਣ ਲਈ ਦੋਸ਼ੀ ਮੁਲਕ ਮੁਆਫ਼ੀ ਮੰਗੇ। ‘‘ਮੁਆਫ਼ੀ ਮੰਗੋ!’’ ਇਹ ਮੁਆਫ਼ੀ ਕੀ ਹੁੰਦੀ ਹੈ? ਇਸ ਨਾਲ ਕਿਵੇਂ ਫ਼ਾਇਦਾ ਹੁੰਦਾ ਹੈ? ਕਿਹੜੇ ਵਰਤਾਰੇ ਜਾਂ ਸ਼ਬਦਾਂ ਨਾਲ ਕੋਈ ਅਜਿਹੀ ਖਿਮਾ-ਯਾਚਨਾ ਪ੍ਰਵਾਨਿਤ ਹੋ ਸਕਦੀ ਹੈ? ਇਤਿਹਾਸ ਉਨ੍ਹਾਂ ਬਹੁਤ ਸਾਰੇ ਲੋਕਾਂ ਦੇ ਜ਼ਿਕਰ ਨਾਲ ਭਰਿਆ ਪਿਆ ਹੈ ਜਿਹੜੇ ਵਰ੍ਹਿਆਂ ਤੱਕ ਇਸ ਸਿੱਕ ਨਾਲ ਜੱਦੋਜਹਿਦ ਕਰਦੇ ਰਹੇ ਕਿ ਕਦੇ ਨਾ ਕਦੇ ਉਨ੍ਹਾਂ ਉੱਤੇ ਜ਼ੁਲਮ ਕਰਨ ਵਾਲੇ ਖਿਮਾ ਦੇ ਜਾਚਕ ਹੋਣਗੇ। ਬਹੁਤ ਸਾਰੇ ਅਜਿਹੇ ਸਮੇਂ ਵੀ ਆਏ ਜਦੋਂ ਦੋਵੇਂ ਧਿਰਾਂ ਨੇ ਸਾਂਝੀ ਜ਼ਮੀਨ ਲੱਭੀ, ਬੀਤੇ ਦੀ ਕੌੜ ਥੁੱਕੀ।

ਔਸ਼ਵਿਚਜ਼ - ਸੰਸਾਰ ਦੀ ਸਭ ਤੋਂ ਵੱਡੇ ਸਮੂਹਿਕ ਕਤਲੇਆਮ ਵਾਲੀ ਜਗ੍ਹਾ।

ਪਰ ਕੀ ਕੋਈ ਅਜਿਹੀ ਮੁਆਫ਼ੀ ਕਿਸੇ ਖੁਸ਼ਾਇਨ ਵਰਤਾਰੇ ਦੀ ਜ਼ਮੀਨ ਹੋ ਨਿਬੜੀ? ਕੀ ਕੋਈ ਕਿਸੇ ਹੋਰ ਦੇ ਨਾਮ ਮੁਆਫ਼ੀ ਮੰਗ ਸਕਦਾ ਹੈ? ਕੌਣ ਇਹ ਮੁਆਫ਼ੀਨਾਮਾ ਤਸਲੀਮ ਕਰ ਸਕਦਾ ਹੈ? ਕੀ ਕੇਵਲ ਆਪਣੇ ਪਿੰਡੇ ਜ਼ੁਲਮ ਹੰਢਾਉਣ ਵਾਲਾ ਹੀ ਮੁਆਫ਼ ਕਰਨ ਦਾ ਹੱਕ ਰੱਖਦਾ ਹੈ? ਈਸਾ ਤੋਂ 400 ਸਾਲ ਪਹਿਲਾਂ ਸੁਕਰਾਤ ਜ਼ਹਿਰ ਦਾ ਪਿਆਲਾ ਪੀ, ਜਹਾਨੋਂ ਚਲਾ ਗਿਆ। ਜੇ ਅੱਜ ਕੋਈ ਮੁਆਫ਼ੀ ਮੰਗਣੀ ਚਾਹੇ ਤਾਂ ਇਸ ਨੂੰ ਸੁਕਰਾਤ ਦੇ ਨਾਮ ਕੌਣ ਕਬੂਲ ਕਰੇਗਾ? ਇਸੇ ਸਾਲ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਕਬੂਲ ਕੀਤਾ ਕਿ ਉਹਦੇ ਫ਼ੌਜੀਆਂ ਨੇ 1957 ਵਿੱਚ ਇੱਕ ਜੰਗ-ਵਿਰੋਧੀ ਨੌਜਵਾਨ ਬੁੱਧੀਜੀਵੀ ਮੌਰਿਸ ਔਡਿਨ ਨੂੰ ਤਸੀਹੇ ਦੇ ਕੇ ਮਾਰਿਆ ਸੀ। ਮੌਰਿਸ ਔਡਿਨ ਪਿਛਲੇ 60 ਸਾਲਾਂ ਤੋਂ ਫ਼ਰਾਂਸੀਸੀ ਫ਼ੌਜ ਦੀ ਅਲਜੀਰੀਆ ਜੰਗ ਦੌਰਾਨ ਸਿਤਮਜ਼ਰੀਫ਼ੀ ਦਾ ਚਿਹਰਾ ਰਿਹਾ ਹੈ। ਠੀਕ ਉਵੇਂ ਹੀ ਜਿਵੇਂ ਵੀਅਤਨਾਮ ਵਿੱਚ ਮਾਈ ਲਾਈ (My Lai) ਦਾ ਕਤਲੇਆਮ ਅਮਰੀਕਾ ਦੇ ਗ਼ੈਰ-ਮਨੁੱਖੀ ਵਰਤਾਰੇ ਦਾ। ਛੇ ਦਹਾਕੇ ਤੱਕ ਫਰਾਂਸ ਨੇ ਕਦੇ ਨਹੀਂ ਸੀ ਮੰਨਿਆ ਕਿ ਉਸ ਨੇ ਤਸੀਹੇ ਦੇਣ ਨੂੰ ਨੀਤੀਗਤ ਹਥਿਆਰ ਵਜੋਂ ਅਪਣਾਇਆ ਸੀ। ਮੈਕਰੌਂ ਇਸ ਸਾਲ ਸਤੰਬਰ ਵਿੱਚ ਮੌਰਿਸ ਔਡਿਨ ਦੀ ਪਤਨੀ ਨੂੰ ਮਿਲੇ ਜਿਸ ਨੇ 60 ਸਾਲ ਤੋਂ ਵਧੀਕ ਆਪਣੇ ਪਤੀ ਦੀ ਕੁਰਬਾਨੀ ਨੂੰ ਮਾਨਤਾ ਦਿਵਾਉਣ ਦੀ ਲੜਾਈ ਲੜੀ। ਉਹਦੀ ਬੇਟੀ ਨੂੰ ਵੀ ਮਿਲੇ। ਖ਼ੁਸ਼ਨਸੀਬੀ ਬੱਸ ਏਨੀ ਸੀ ਕਿ ਫਰਾਂਸ ਦੀ ਮੁਆਫ਼ੀ ਕਬੂਲ ਕਰਨ ਲਈ ਸ਼ਹੀਦ ਦੀ ਪਤਨੀ ਅਤੇ ਬੇਟੀ ਅਜੇ ਜਿਊਂਦੀਆਂ ਸਨ, ਨਹੀਂ ਤਾਂ ਕੌਣ ਇਹ ਜ਼ਿੰਮੇਵਾਰੀ ਚੁੱਕਦਾ? ਵੀਹਵੀਂ ਸਦੀ ਦੇ ਬਹੁਤ ਸਾਰੇ ਜੁਰਮ ਸਾਡੀ ਸਾਂਝੀ ਯਾਦਾਸ਼ਤ ਵਿੱਚ ਫਿੱਕੇ ਪੈਂਦੇ ਜਾ ਰਹੇ ਨੇ ਕਿਉਂ ਜੋ ਉਨ੍ਹਾਂ ਦੀ ਇੰਤਹਾ ਹੀ ਏਨੀ ਸੀ ਕਿ ਅਪਰਾਧ-ਬੋਧ ਦੇ ਮਾਰੇ ਇਨ੍ਹਾਂ ਨੂੰ ਯਾਦ ਕਰਕੇ ਅਸੀਂ ਸ਼ਰਮ ਨਾਲ ਗ੍ਰਸੇ ਜਾਂਦੇ ਹਾਂ। ਗੁਨਾਹਾਂ ਦੀ ਇੰਤਹਾ ਭੁੱਲਣਾ ਜ਼ਰੂਰੀ ਕਰ ਦਿੰਦੀ ਹੈ। ਸੂਲੀ ’ਤੇ ਲਟਕ ਗਏ ਮਸੀਹਾ ਨੇ ਮੁਆਫ਼ ਕਰ ਦੇਣ ਦਾ ਸਬਕ ਸਿਖਾਇਆ ਸੀ ਪਰ ਉਸ ਵਿਚ ਇਹ ਵੀ ਸ਼ਾਮਿਲ ਸੀ ਕਿ ਜਿਹੜੇ ਖਿਮਾ ਦੇ ਜਾਚਕ ਹੋਣ, ਉਹ ਮੁਆਫ਼ ਕਰ ਦੇਣ ਦਾ ਮਾਦਾ ਵੀ ਰੱਖਣ। ‘ਹਰ ਕਿਸੇ ਨਾਲ ਪਿਆਰ ਕਰੋ’ ਦਾ ਅਹਿਦ ਅਰਥਵਿਹੀਨ ਹੋ ਜਾਵੇਗਾ ਜੇ ਇਸ ਨੂੰ ਦੁਪਾਸੀ ਮੁਆਫ਼ ਕਰਨ ਦੀ ਕਵਾਇਦ ਵਾਲੀ ਜ਼ਮੀਨ ਵਿੱਚ ਨਾ ਪੜ੍ਹਿਆ ਗਿਆ।

ਐੱਸ ਪੀ ਸਿੰਘ*

ਹੰਗਰੀ ਤੋਂ ਜਲਾਵਤਨ ਆਉਰੈਲ ਕੋਲਨਾਈ ਤੋਂ ਲੈ ਕੇ ਜਰਮਨੀ ਦੇ ਮੈਕਸ ਸ਼ੇਲਰ ਤੱਕ ਇਸ ਨੈਤਿਕ ਗੱਲਬਾਤ ਦੇ ਤਰਕ ਦੀ ਗਵਾਹੀ ਮਿਲਦੀ ਹੈ। ਅਮਰੀਕਾ ਦੀ ਵਿਸਕੌਂਸਿਨ ਯੂਨੀਵਰਸਿਟੀ ਵਿੱਚ ਤਾਂ ਇੱਕ ‘6orgiveness 9nstitute’ ਵੀ ਹੈ। ਸਾਡੇ ਪੰਜਾਬ ਵਿੱਚ ਮਾੜੇ ਦੌਰ ਦੇ ਘਟਨਾਕ੍ਰਮ ਬਾਰੇ ਵਿਚਾਰ-ਚਰਚਾ ਵਿੱਚ ਰਾਜਨੀਤਕ ਮੁਆਫ਼ੀ ਦਾ ਜ਼ਿਕਰ ਅਕਸਰ ਆਉਂਦਾ ਹੈ। ਇਸ ਸੰਦਰਭ ਵਿੱਚ ਦੱਖਣੀ ਅਫਰੀਕਾ ਦੇ ‘“ruth and Reconciliation commission’ ਦਾ ਹਵਾਲਾ ਦਿੱਤਾ ਜਾਂਦਾ ਹੈ। ਸਮੇਂ ਸਮੇਂ ਆਵਾਜ਼ ਉੱਠਦੀ ਰਹਿੰਦੀ ਹੈ - ‘‘ਮੁਆਫ਼ੀ ਮੰਗੋ!’’ ਮੁਆਫ਼ ਕਰਨਾ ਭੁੱਲ ਜਾਣਾ ਨਹੀਂ ਹੁੰਦਾ। ਖਿਮਾਂ-ਯਾਚਨਾ ਤੱਕ ਜਾਂਦੀ ਪਗਡੰਡੀ ਲੰਮੇਰੀ ਹੈ। ਇਸ ਵਿੱਚ ਆਪਸੀ ਵਾਰਤਾਲਾਪ ਦਾ ਰੋਲ ਹੈ। ਕੀ ਬੀਤੇ/ਕੀਤੇ ਬਾਰੇ ਵਿਚਾਰ-ਮੰਥਨ ਹੋਇਆ ਹੈ? ਕੀ ਇਹ ਸੋਚ ਵਿਕਸਤ ਹੋਈ ਹੈ ਕਿ ਜੋ ਕੀਤਾ, ਉਹ ਅਣਮਨੁੱਖੀ ਸੀ, ਗ਼ੈਰਇਖ਼ਲਾਕੀ ਸੀ? ਕੀ ਦੂਜੇ ਤੱਕ ਇਹ ਨਵੀਂ ਬਿਹਤਰ ਸੋਚ ਪੁੱਜਦੀ ਕੀਤੀ ਹੈ? ਕੀ ਇਸ ਵਿੱਚ ਪਛਤਾਵੇ ਦਾ ਭਾਵ ਹੈ? ਅਜਿਹਾ ਕੁਝ ਮੁੜ ਕਦੀ ਨਾ ਹੋਵੇ, ਇਹਦੀ ਕੋਈ ਕਵਾਇਦ ਹੈ? ਕੀ ਇਹ ਸਮਝ ਬਣਾ ਲਈ ਗਈ ਹੈ ਕਿ ‘‘ਮੁਆਫ਼ ਕਰ ਦਿਓ, ਸਾਡੇ ਗਲੇ ਲੱਗ ਰੋਵੇ ਪਰ ਕਦੇ ਨਾ ਭੁੱਲਣਾ ਅਤੇ ਅਸੀਂ ਵੀ ਕਦੇ ਨਹੀਂ ਭੁੱਲਾਂਗੇ?’’ ਯਾਦ ਰੱਖਣਾ ਹੀ ਸੰਭਵ ਬਣਾਉਂਦਾ ਹੈ ਕਿ ਅਸੀਂ ਕਦੇ ਉਹ ਵਰਤਾਰੇ ਨਾ ਦੁਹਰਾਈਏ। ਹਰ ਸਾਲ ਕਿਉਂ ਲੱਖਾਂ ਲੋਕ ਉਨ੍ਹਾਂ ਸਥਾਨਾਂ ਨੂੰ ਵੇਖਣ ਜਾਂਦੇ ਨੇ ਜਿੱਥੇ ਯਹੂਦੀਆਂ ਨੂੰ ਅਣਮਨੁੱਖੀ, ਅਸਹਿ, ਅਕਹਿ ਜ਼ੁਲਮਾਂ ਦਾ ਸ਼ਿਕਾਰ ਬਣਾਇਆ ਗਿਆ? ਇਸ ਲਈ ਤਾਂ ਜੋ ਸਨਦ ਰਹੇ ਕਿ ਮਨੁੱਖ ਕੀ ਕਰਨ ਦੇ ਸਮਰੱਥ ਹਨ ਅਤੇ ਕੀ ਮੁਆਫ਼ ਕਰਨ ਦੀ ਕੁੱਵਤ ਰੱਖਦੇ ਹਨ? ਯਾਦ ਰੱਖਣਾ ਕਦੇ ਫਿਰ ਭੁੱਲ ਨਾ ਕਰਨ ਲਈ ਜ਼ਰੂਰੀ ਹੁੰਦਾ ਹੈ। ਇੰਝ ਹੀ ਮੁਆਫ਼ ਕਰਨਾ ਰੂਹ ਨੂੰ ਰਵਾਂ ਰੱਖਣ ਲਈ ਜ਼ਰੂਰੀ ਹੈ। ਕਸੂਰ ਮੰਨਣਾ ਖਿਮਾ-ਯਾਚਨਾ ਵੱਲ ਪਹਿਲਾ ਅਰਥ-ਭਰਪੂਰ ਕਦਮ ਹੁੰਦਾ ਹੈ। ਜੇ ਮੁਆਫ਼ੀ ਕੁਝ ਇੰਝ ਮੰਗੀ ਜਾਵੇ ਕਿ ‘‘ਲਓ, ਤੁਸੀਂ ਬੜਾ ਰੌਲਾ ਪਾਇਐ, ਐਹ ਲਵੋ ਮੇਰੀ ਮੁਆਫ਼ੀ!’’ ਤਾਂ ਇਹ ਕਿਸ ਖ਼ਾਤੇ? ਇਸੇ ਲਈ 1984 ਦੇ ਕਤਲੇਆਮ ਲਈ ਮੁਆਫ਼ੀ, 2002 ਦੇ ਗੁਜਰਾਤ ਦੰਗਿਆਂ ’ਤੇ ਕੀਤੇ ਅਫ਼ਸੋਸ ਕਿਸੇ ਮਰਹਮ ਦਾ ਕੰਮ ਨਹੀਂ ਕਰ ਰਹੇ। ਇਹ ਸਮਝ ਨੂੰ ਵਿਕਸਿਤ ਕਰਨ ਵਾਲੇ ਦਰਦ ਦੀ ਸਾਂਝ ਤਾਮੀਰ ਕਰਦੇ ਵਾਰਤਾਲਾਪ ਦੀ ਅਣਹੋਂਦ ਵਿੱਚ ਖਲਾਅ ਵਿੱਚ ਉਛਾਲੇ ਮੁਆਫ਼ੀਨਾਮੇ ਹਨ। ਯੂਨੀਵਰਸਿਟੀ ਔਫ਼ ਅਲਬਾਮਾ ਨੇ ਜਦੋਂ 2004 ਵਿੱਚ ਗੁਲਾਮਾਂ ਦੇ ਕੀਤੇ ਸ਼ੋਸ਼ਣ ਲਈ ਮੁਆਫ਼ੀ ਮੰਗੀ ਸੀ ਤਾਂ ਸਿਆਣਿਆਂ ਯਾਦ ਕਰਵਾਇਆ ਸੀ ਕਿ ਅਮਰੀਕਾ ਦੇ ਰੱਖਿਆ ਸਕੱਤਰ ਰੌਬਰਟ ਮੈਕਨਮਾਰਾ ਨੇ ਵੀ ਵੀਅਤਨਾਮ ਵਰਤਾਰੇ ਲਈ ਮੁਆਫ਼ੀ ਮੰਗ ਲਈ ਸੀ। ਕੀ ਉਹ ਮੁਆਫ਼ੀਆਂ ਕਬੂਲ ਹੋਈਆਂ ਸਨ? ਕੌਮਾਗਾਟਾਮਾਰੂ ਲਈ ਮੁਆਫ਼ੀ ਕਿਸ ਨੇ ਕਿਸ ਤੋਂ ਮੰਗੀ? ਕਿਸ ਨੇ ਕਬੂਲ ਕੀਤੀ? ਇਹ ਹੱਕ ਕਿਸ ਦੇ ਰਾਖਵੇਂ ਸਨ? ਕੋਈ ਜਲ੍ਹਿਆਂਵਾਲਾ ਬਾਗ਼ ਲਈ ਮੁਆਫ਼ੀ ਮੰਗ ਵੀ ਲਵੇ ਤਾਂ ਇਹਨੂੰ ਕਬੂਲ ਕਰਨ ਦਾ ਹੱਕ ਕਿਸ ਨੇ ਪ੍ਰਾਪਤ ਕਰ ਲਿਆ ਹੈ? ਭੁੱਲ-ਪਾਪ-ਖਿਮਾ-ਮੁਆਫ਼ੀ-ਪਛਤਾਵੇ ਦੀ ਇਸ ਕਵਾਇਦ ਵਿੱਚ ਇੱਕ ਅੜਚਣ ਸਮੇਂ ਦੀ ਹੈ। ਸਦੀਆਂ ਤੋਂ ਜੋ ਦਲਿਤ ਨਾਲ ਹੁੰਦਾ ਆਇਆ, ਕੀ ਅੱਜ ਦੀ ਦਲਿਤ ਸਮਾਜ ਦੀ ਪੀੜ੍ਹੀ ਤੋਂ ਉਸ ਦੀ ਮੁਆਫ਼ੀ ਮੰਗੀ ਜਾ ਸਕਦੀ ਹੈ? ਕੀ ਇਸ ਪੀੜ੍ਹੀ ਕੋਲ ਬੀਤੀਆਂ ਉਨ੍ਹਾਂ ਸਾਰੀਆਂ ਪੀੜ੍ਹੀਆਂ ਵੱਲੋਂ ਹੱਕ ਪ੍ਰਾਪਤ ਹਨ ਕਿ ਉਹ ਕਿਸੇ ਵੀ ਮੁਆਫ਼ੀਨਾਮੇ ਨੂੰ, ਭਾਵੇਂ ਉਹ ਕਿੰਨਾ ਹੀ ਭਾਵਪੂਰਤ ਕਿਉਂ ਨਾ ਹੋਵੇ, ਕਬੂਲ ਕਰ ਲਵੇ? ਵੈਸੇ ਸਦੀਆਂ ਤੱਕ ਜ਼ੁਲਮ ਕਰਨ ਵਾਲਿਆਂ ਵੱਲੋਂ ਅੱਜ ਮੁਆਫ਼ੀ ਮੰਗਣ ਵਾਲਾ ਕੋਈ ਹੁੰਦਾ ਹੀ ਕੌਣ ਹੈ? ਜ਼ਾਹਿਰ ਹੈ ਕਿ ਮੁਆਫ਼ੀ ਅਸੀਂ ਆਪਣੇ ਅੱਜ ਲਈ, ਆਪਣੇ ਬਿਹਤਰ ਭਵਿੱਖ ਲਈ ਮੰਗਦੇ ਹਾਂ। ਮੁਆਫ਼ੀ ਕਬੂਲ ਵੀ ਇਸੇ ਸੋਚ ਨਾਲ ਕਰਦੇ ਹਾਂ। ਖਿਮਾ-ਯਾਚਨਾ ਦੀ ਸਾਰੀ ਪ੍ਰਕਿਰਿਆ ਹੀ ਬੀਤੇ ਬਾਰੇ ਸਮਝ ਦੇ ਵਿਕਸਿਤ ਹੋਣ ਦੀ ਨਿਸ਼ਾਨੀ ਹੈ। ‘ਭੁੱਲੋ ਅਤੇ ਅੱਗੇ ਚੱਲੋ’ ਨਹੀਂ, ‘ਸਦਾ ਯਾਦ ਰੱਖੋ ਅਤੇ ਅੱਗੇ ਚੱਲਦਿਆਂ ਕਦੇ ਨਾ ਦੁਹਰਾਓ’ ਦਾ ਅਹਿਦ ਹੀ ਕਿਸੇ ਭੁੱਲ-ਪਾਪ-ਖਿਮਾ-ਮੁਆਫ਼ੀ-ਪਛਤਾਵੇ ਦਾ ਅਰਕ ਹੁੰਦਾ ਹੈ। ‘ਪਹਿਲੇ ਉਹ ਆਪਣੇ ਕੀਤੇ ਦੀ ਨਿੰਦਾ ਕਰਨ, ਫਿਰ ਅਸੀਂ ਆਪਣੀਆਂ ਕੀਤੀਆਂ ਦੀ ਵੀ ਨਿੰਦਾ ਕਰ ਦਿਆਂਗੇ’ ਵਾਲਾ ਬਿਆਨੀਆ ਨਾ ਸਿਰਫ਼ ਕਿਸੇ ਸਾਰਥਕ ਪਛਤਾਵੇ ਦੀ ਘਾਟ ਨੂੰ ਰੇਖਾਂਕਿਤ ਕਰਦਾ ਹੈ ਬਲਕਿ ਰੌਸ਼ਨ-ਦਿਮਾਗ਼ੀ ਦੇ ਖਿਲਾਫ਼ ਹਠਧਰਮੀ ਨੂੰ ਵੱਡ-ਅਕਲੀ ਦਾ ਦਰਜਾ ਦਿੰਦਾ ਹੈ। ਸੂਲੀ ’ਤੇ ਲਟਕਣ ਤੋਂ ਪਹਿਲਾਂ ਮਸੀਹਾ ਨੇ ਮੁਆਫ਼ ਕਰਨ ਲਈ ਦੋਸ਼ੀਆਂ ਤੋਂ ਕਿਸੇ ਅਗਾਊਂ ਇਕਬਾਲਨਾਮੇ ਦਾਖਲ ਕਰਨ ਦੀ ਕੋਈ ਸ਼ਰਤ ਨਹੀਂ ਰੱਖੀ ਸੀ। ਭੁੱਲਾਂ-ਚੁੱਕਾਂ ਦੀ ਖਿਮਾ-ਯਾਚਨਾ ਧੁਰ-ਅੰਦਰੋਂ ਆਈ ਆਵਾਜ਼ ਹੁੰਦੀ ਹੈ, ਕੋਈ ਨੁਮਾਇਸ਼ੀ ਭੁੱਲ ਬਖਸ਼ਾਉਂਦਾ ਪਾਠ ਸਮਾਗਮ ਇਹਦਾ ਬਦਲ ਨਹੀਂ ਹੋ ਸਕਦਾ। ਇਸੇ ਕਰਕੇ ਸਿਆਸੀ ਮੁਆਫ਼ੀਆਂ ਦੇ ਨੁਮਾਇਸ਼ੀਆਂ ਅਤੇ ਉਨ੍ਹਾਂ ਦੇ ਵਿਰੋਧੀ ਅਜਿਹੀਆਂ ਮੁਆਫ਼ੀਆਂ ਦੇ ਤਲਬਗਾਰਾਂ ਦਾ ਜ਼ਿਕਰ ਕਸੂਰਵਾਰਾਂ ਵਿੱਚ ਹੋਣਾ ਨਿਸ਼ਚਿਤ ਹੈ। ਖ਼ਾਲਕ ਦੇ ਨਾਮ ’ਤੇ ਸਿਆਸੀ ਮੁਆਫ਼ੀਆਂ ਦੇ ਤਮਾਸ਼ੇ ਖ਼ਲਕਤ ਨੂੰ ਭਲੀਭਾਂਤ ਦਿਸ ਰਹੇ ਹਨ। (*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਉਨ੍ਹਾਂ ਵਿਚ ਵਿਚਰਦਾ ਹੈ ਜਿਹੜੇ ਨਿੱਤ ਕਿਸੇ ਅੱਖਰ, ਲਗਾ-ਮਾਤਰਾ ਤੱਕ ਦੀ ਗ਼ਲਤੀ ਲਈ ਵੀ ਖਿਮਾ-ਯਾਚਨਾ ਦੇ ਤਲਬਗਾਰ ਰਹਿੰਦੇ ਹਨ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All