ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਐੱਸ ਪੀ ਸਿੰਘ*

ਪੀਟ ਬੂਟੀਜੈੱਜ ਆਪਣੇ ਹਮਜਿਣਸੀ ਸਾਥੀ ਨਾਲ ਵਿਆਹ ਮੌਕੇ।

ਹੈਦਰਾਬਾਦ ਵਿੱਚ ਇੱਕ ਮਹਿਲਾ ਵੈਟਰਨਰੀ ਡਾਕਟਰ ਵਹਿਸ਼ਤ ਦਾ ਸ਼ਿਕਾਰ ਹੋਈ, ਉਹਦੀ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਭੜਕੀਆਂ ਭੀੜਾਂ ਸੜਕਾਂ ’ਤੇ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਚੋਣ ਪਿੜ ਵਿੱਚ ਨਿੱਤਰਨ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਚੋਣਵੇਂ ਚਿਹਰਿਆਂ ਵਿੱਚੋਂ ਪੀਟ ਬੂਟੀਜੈੱਜ (Pete Buttigieg) ਅਤੇ ਐਲਿਜ਼ਬੈੱਥ ਵਾਰੈੱਨ (Elizabeth Warren) ਨੁਮਾਇਆ ਹਨ ਜਦੋਂਕਿ ਬਰਨੀ ਸੈਂਡਰਜ਼ (Bernie Sanders) ਅਤੇ ਜੋਅ ਬਿਡੇਨ (Joe Biden) ਵੀ ਚਿਰ ਤੋਂ ਡਟੇ ਹੋਏ ਹਨ। ਅਸਲੋਂ ਬੇਜੋੜ ਅਤੇ ਦੋ ਵੱਖ ਵੱਖ ਦੇਸ਼ਾਂ ਵਿੱਚ ਵਾਪਰਦੇ ਇਨ੍ਹਾਂ ਖ਼ਬਰੀ ਚੱਕਰਾਂ ਅਤੇ ਅਖ਼ਬਾਰੀ ਸੁਰਖ਼ੀਆਂ ਨੂੰ ਭਲਾ ਕਿਉਂ ਮਿਲਾ ਕੇ ਵੇਖਣਾ? ਇਸ ਲਈ ਕਿਉਂਕਿ ਬਲਾਤਕਾਰ ਸਿਰਫ਼ ਕੋਈ ਘਿਨਾਉਣਾ ਜੁਰਮ ਨਹੀਂ, ਇਸ ਗੁਨਾਹ ਦੀ ਲਗਾਤਾਰਤਾ ਕਾਰਨ ਸਮਾਜ ਵਿੱਚ ਆਦਮੀਆਂ ਤੇ ਔਰਤਾਂ ਵਿਚਕਾਰ ਬਣ ਚੁੱਕੇ ਤਾਕਤ ਦੇ ਅਸਾਵੇਂ ਸਮੀਕਰਨ ਵਿੱਚ ਪਣਪਦੀ ਮਾਨਸਿਕਤਾ ਵਿੱਚ ਪਏ ਹਨ। ਸੱਤ ਸਾਲ ਪਹਿਲਾਂ ਦਸੰਬਰ ਦੀਆਂ ਯੱਖ ਰਾਤਾਂ ਵਿੱਚ ਇਸੇ ਤਰ੍ਹਾਂ ਵਹਿਸ਼ਤ ਦਾ ਸ਼ਿਕਾਰ ਹੋ ਕੇ ਜਾਨ ਗਵਾ ਚੁੱਕੀ ਨਿਰਭਯਾ ਲਈ ਦਿੱਲੀ ਅਤੇ ਦੇਸ਼ ਦੇ ਤਮਾਮ ਸ਼ਹਿਰਾਂ-ਕਸਬਿਆਂ ਵਿੱਚ ਸੜਕਾਂ ’ਤੇ ਉਮੜੀਆਂ ਭੀੜਾਂ ਦੀ ਨਿਆਈਂ ਹੀ ਹੁਣ ਫਿਰ ਦਿਲ ਵਿੱਚ ਭਾਂਬੜ ਲਈ ਭੀੜਾਂ ਸੜਕਾਂ ’ਤੇ ਨਿਆਂ ਲਈ ਕੁਰਲਾ ਰਹੀਆਂ ਹਨ। ਪਰ ਜੇ ਗੁੱਸਾ ਕੇਵਲ ਦੋਸ਼ੀਆਂ ਨੂੰ ਫੜਨ ਅਤੇ ਸਰੇ-ਬਾਜ਼ਾਰ ਫਾਹੇ ਟੰਗਣ ਦੀ ਮੰਗ ਤੱਕ ਮਹਿਦੂਦ ਰਿਹਾ ਤਾਂ ਅਸੀਂ ਆਪਣੇ ਅੰਦਰ ਦੇ ਲਾਂਬੂ ਪ੍ਰਤੀ ਵੀ ਵਫ਼ਾਦਾਰ ਨਹੀਂ ਹੋਵਾਂਗੇ। ਸਾਡੇ ਅੰਦਰ ਦਾ ਇਹ ਲਾਂਬੂ, ਭੜਕਣ ਲਈ ਅਸਾਂਵੀ ਸੱਤਾ ਵਾਲੀ ਜ਼ਮੀਨ ’ਤੇ ਹੁੰਦੇ ਇਸ ਅਤਿ ਦੇ ਜੁਰਮ ਦਾ ਇੰਤਜ਼ਾਰ ਕਿਉਂ ਕਰਦਾ ਹੈ? ਸਾਡੇ ਨਿੱਜੀ-ਪਰਿਵਾਰਕ-ਸਮਾਜਿਕ-ਰਾਜਨੀਤਕ-ਵਿੱਦਿਅਕ ਪਿੜਾਂ ਵਿੱਚ ਨਿੱਤ ਦਿਨ ਉਸ ਜ਼ਮੀਨ ਦਾ ਨਿਰਮਾਣ ਹੁੰਦਾ ਹੈ ਅਤੇ ਇਸ ਕਾਰਜ ਵਿੱਚ ਸਾਡੀ ਸ਼ਮੂਲੀਅਤ ਸਾਨੂੰ ਸਿਰਫ਼ ਇਸ ਲਈ ਸ਼ਰਮਸਾਰ ਨਹੀਂ ਕਰਦੀ ਕਿਉਂ ਜੋ ਇਹ ਸਮੂਹਿਕ ਹੈ, ਸਰਬ-ਪ੍ਰਵਾਨਤ ਹੈ। ਅਸੀਂ ਜਾਣਦੇ ਹਾਂ ਕਿ ਲੜਾਈ ਦੀ ਇੱਥੋਂ ਸ਼ੁਰੂਆਤ ਸਾਡੇ ਅੰਦਰੂਨ ਦੇ ਗੰਦ ਨੂੰ ਰੋਜ਼ੇ-ਅਇਆਂ ਵਾਂਗ ਰੌਸ਼ਨ ਕਰ ਦੇਵੇਗੀ, ਇਸ ਲਈ ਕਿਸੇ ਅਤਿ-ਵਹਿਸ਼ੀ ਘਟਨਾ ਵੇਲੇ ਆਦਮ-ਬੋ ਆਦਮ-ਬੋ ਕਰਦਿਆਂ ਚੌਕ ਵਿੱਚ ਉਮੜਨਾ ਜਾਂ ਸੋਸ਼ਲ ਮੀਡੀਆ ’ਤੇ ਦੋਸ਼ੀਆਂ ਨੂੰ ਜਿਉਂਦੇ ਸਾੜਨ ਜਾਂ ਸਰੇ-ਰਾਹ ਫਾਹੇ ਟੰਗਣ ਦੀ ਵਕਾਲਤ ਕਰਨਾ ਸਾਨੂੰ ਇਨਸਾਫ਼ ਦੇ ਘੁਲਾਟੀਏ ਅਤੇ ਕਿਸੇ ਹੋਰ ਨੂੰ ਰਾਖ਼ਸ਼ ਸਾਬਤ ਕਰਦਾ ਹੈ। ਵਹਿਸ਼ਤ ਦੇ ਖਿਲਾਫ਼ ਨਿਆਂ ਮੰਗਦਿਆਂ ਸੜਕ ’ਤੇ ਉਤਰਨਾ ਪਵਿੱਤਰ ਕਾਰਜ ਹੈ, ਆਪਣੇ ਅੰਦਰ ਦੇ ਲਾਂਬੂ ਪ੍ਰਤੀ ਵਫ਼ਾਦਾਰੀ ਨਿਭਾਉਣ ਤੁੱਲ ਹੈ। ਪਰ ਇਸ ਭੀੜ ਵਿੱਚ ਸ਼ਮੂਲੀਅਤ ਉਸ ਅਸਾਂਵੀ ਜ਼ਮੀਨ ਦੇ ਨਿਰਮਾਣ ਨੂੰ ਸਮਝਣਾ ਲਾਜ਼ਮੀ ਕਰ ਦਿੰਦੀ ਹੈ। ਇਸ ਲਈ ਟਰੰਪ ਦੀ ਔਰਤਾਂ ਬਾਰੇ ਕਥਨੀ-ਕਰਨੀ ਨੂੰ ਜਾਨਣਾ, ਸਮਝਣਾ; ਉਸ ਸਿਆਸਤ ਦੀ ਤਾਸੀਰ ਤੋਂ ਵਾਬਸਤਾ ਹੋਣਾ ਜਿਹੜੀ ਟਰੰਪੀ ਸੋਚ ਦਾ ਹੱਥ ਆਪਣੇ ਹੱਥ ਵਿੱਚ ਘੁੱਟ ‘‘ਅਬ ਕੀ ਬਾਰ ਟਰੰਪ ਸਰਕਾਰ’’ ਦੀ ਸ਼ਾਹਦੀ ਭਰਦੀ ਹੈ; ਅਤੇ ਡੈਮੋਕ੍ਰੇਟਿਕ ਪਿੜ ਵਿੱਚ ਮੋਹਰੀ ਚੱਲ ਰਹੇ ਪੀਟ ਬੂਟੀਜੈੱਜ ਅਤੇ ਐਲਿਜ਼ਬੈੱਥ ਵਾਰੈੱਨ ਦੀ ਜ਼ਾਤ, ਪਰਿਵਾਰ ਅਤੇ ਰਾਜਨੀਤੀ ਨਾਲ ਸਿੱਝਣਾ ਸਾਨੂੰ ਉਸ ਭੀੜ ਦੇ ਸੱਚੇ ਦਿਲੋਂ ਅੰਗ ਬਣਨ ਵਿੱਚ ਸਹਾਈ ਹੋ ਸਕਦਾ ਹੈ ਜਿਸ ਦਾ ਅਸਲ ਮੰਤਵ ਇਸ ਮਰਦ-ਔਰਤ ਸਮੀਕਰਨ ਨੂੰ ਸਾਵਾਂ ਕਰਨ ਤੋਂ ਘੱਟ ਹੋ ਹੀ ਨਹੀਂ ਸਕਦਾ। ਅਮਰੀਕਾ ਦੀ ‘ਦਿ ਵਾਸ਼ਿੰਗਟਨ ਪੋਸਟ’ ਅਖ਼ਬਾਰ ਵੱਲੋਂ ਛਾਪੇ ਖੁਲਾਸੇ; ਉਨ੍ਹਾਂ ਵਿਚਲੇ ਡੋਨਲਡ ਟਰੰਪ ਦੇ ਕਥਨ ਜਿਹੜੇ ਮੇਰੀ ਜਾਚੇ ਕਿਸੇ ਮੁਹਜ਼ੱਬ ਅਖ਼ਬਾਰ ਵਿੱਚ ਛਪ ਵੀ ਨਹੀਂ ਸਕਦੇ; ਵੱਖ-ਵੱਖ ਮਹਿਲਾਵਾਂ ਵੱਲੋਂ ਟਰੰਪ ਦੇ ਉਨ੍ਹਾਂ ਨਾਲ ਵਤੀਰੇ ਬਾਰੇ ਖੁਲਾਸੇ; ਅਤੇ ਅਮਰੀਕੀ ਪੋਰਨੋਗ੍ਰਾਫਿਕ ਅਦਾਕਾਰਾ ਸਟੈਫਨੀ ਕਲਿਫੋਰਡ ਵੱਲੋਂ ਕੀਤੇ ਇੰਕਸ਼ਾਫ਼ ਤੋਂ ਬਾਅਦ ਜਦੋਂ ਮੇਰੇ ਮੁਲਕ ਮਹਾਨ ਦਾ ਨੇਤਾ ਉਹਦਾ ਹੱਥ ਫੜ ਐਲਾਨ ਕਰਦਾ ਹੈ ਕਿ ‘‘ਅਬ ਕੀ ਬਾਰ ਟਰੰਪ ਸਰਕਾਰ’’ ਤਾਂ ਅਸੀਂ ਬਜ਼ਾਤੇ-ਮੁਲਕ ਇੱਕ ਅਸਾਵੀਂ ਜ਼ਮੀਨ ਦੇ ਹੱਕ ਮਾਲਕਾਨਾ ਰੇਖਾਂਕਿਤ ਕਰ ਰਹੇ ਹੁੰਦੇ ਹਾਂ, ਨਹੀਂ ਤਾਂ ਅਸੀਂ ਸੜਕਾਂ ’ਤੇ ਉਮੜੇ ਹੁੰਦੇ। ਟਰੰਪ ਅੱਜਕੱਲ੍ਹ ਇੰਮਪੀਚਮੈਂਟ (impeachment) ਦੀ ਸੁਣਵਾਈ ਦੇ ਤੂਫ਼ਾਨੀ ਘਟਨਾਕ੍ਰਮ ਵਿੱਚ ਉਲਝਿਆ ਹੋਇਆ ਹੈ ਅਤੇ ਉਹਦਾ ਦੂਜੀ ਪਾਰੀ ਨਾ ਖੇਡ ਸਕਣਾ ਬਿਲਕੁਲ ਮੁਮਕਿਨ ਜਾਪ ਰਿਹਾ ਹੈ ਪਰ ਸੋਚ ਕੇ ਦੇਖੋ - ਜੇ ਕਿਤੇ ਪੀਟ ਬੂਟੀਜੈੱਜ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਅਤੇ ਕਦੀ ਭਾਰਤ ਫ਼ੇਰੀ ’ਤੇ ਆਇਆ ਤਾਂ ਆਪਣੇ ਬੱਚਿਆਂ ਨੂੰ ਉਹਦੀ ਤੇ ਉਹਦੇ ਘਰ ਵਾਲੇ ਦੀ ਹੱਥ ਹਿਲਾ-ਹਿਲਾ ਸਕੂਲੀ ਬੱਚਿਆਂ ਦਾ ਅਭਿਨੰਦਨ ਕਰਦੀ ਤਸਵੀਰ ਅਸਾਂ ਆਪਣੀ ਔਲਾਦ ਨੂੰ ਕਿਵੇਂ ਸਮਝਾਉਣੀ ਹੈ?

ਐੱਸ ਪੀ ਸਿੰਘ*

ਸਮਲਿੰਗੀ ਪੀਟ ਬੂਟੀਜੈੱਜ ਅਸਾਵੀਂ ਜ਼ਮੀਨ ਵਿੱਚ ਜਿਊਣ-ਵਿਚਰਨ ਦੇ ਰਸਤੇ ਭਾਲਦਾ ਔਰਤਾਂ ਨਾਲ ਹੀ ਡੇਟਿੰਗ ’ਤੇ ਜਾਂਦਾ ਰਿਹਾ। ਅੱਕ ਕੇ ਇੱਕ ਦਿਨ ਉਸ ‘ਦਿ ਸਾਊਥ ਬੈਂਡ ਟ੍ਰਿਬਿਊਨ’ (The South Bend Tribune) ਵਿੱਚ ਲੇਖ ਲਿਖ ਐਲਾਨ ਕੀਤਾ ਕਿ ਉਹ ਸਮਲਿੰਗੀ ਹੈ। ਉਸ ਵੇਲੇ ਉਹ ਮੇਅਰ ਦੀ ਚੋਣ ਲੜ ਰਿਹਾ ਸੀ। ਉਸ ਐਲਾਨ ਕੀਤਾ, ‘‘ਜੇ ਤੁਹਾਨੂੰ ਮੈਂ ਜੋ ਹਾਂ, ਉਸ ਨਾਲ ਕੋਈ ਸਮੱਸਿਆ ਹੈ ਤਾਂ ਤੁਹਾਡੀ ਲੜਾਈ ਮੇਰੇ ਨਾਲ ਨਹੀਂ, ਮੈਨੂੰ ਬਣਾਉਣ ਵਾਲੇ ਨਾਲ ਹੈ।’’ ਉਸ ਚੋਣ ਜਿੱਤੀ। ਉਹਦਾ ਸਮਲਿੰਗੀ ਹੋਣਾ ਇੰਝ ਹੀ ਮਹੱਤਵਪੂਰਨ ਸੀ, ਜਿਵੇਂ ਇਹ ਤੱਥ ਕਿ ਉਹਦੇ ਵਾਲ ਭੂਰੇ ਹਨ। 2015 ਦੀਆਂ ਗਰਮੀਆਂ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਸਮਲਿੰਗੀ ਵਿਆਹਾਂ ਨੂੰ ਸੰਵਿਧਾਨ ਦੀ ਹਰ ਸੁਰੱਖਿਆ ਫਰਹਾਮ ਹੈ। ਆਪਣੀ ਉਮਰ ਦੇ ਕਿਸੇ ਵੀ ਹੋਰ ਨੌਜਵਾਨ ਵਾਂਗ ਪੀਟ ਬੂਟੀਜੈੱਜ ਸੰਭਾਵੀ ਜੀਵਨਸਾਥੀ ਦੀ ਤਲਾਸ਼ ਵੱਲ ਹੋ ਤੁਰਿਆ, ਕਈ ਸੋਹਣੇ ਸੁਨੱਖੇ ਪੜ੍ਹੇ ਲਿਖੇ ਨੌਜਵਾਨ ਵੇਖੇ ਭਾਲੇ। ਫਿਰ ਇੰਟਰਨੈੱਟ ’ਤੇ ਉਸ ਨੂੰ ਚੇਸਟਨ ਗਲੈਜ਼ਮੈਨ (Chasten Glezman) ਮਿਲਿਆ। ਤਿੰਨ ਸਾਲ ਲੰਬੇ ਰੋਮਾਂਸ ਤੋਂ ਬਾਅਦ ਪਿਛਲੇ ਸਾਲ ਉਨ੍ਹਾਂ ਵਿਆਹ ਕੀਤਾ। ਅੱਜਕੱਲ੍ਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦੀ ਉਮੀਦਵਾਰੀ ਲਈ ਹੋਣ ਵਾਲੀਆਂ ਰੈਲੀਆਂ ਵਿੱਚ ਪੀਟ ਨਾਲ ਉਹਦਾ ਪਤੀ ਅਕਸਰ ਮੌਜੂਦ ਰਹਿੰਦਾ ਹੈ, ਪੀਟ ਬੜੇ ਮਾਣ ਨਾਲ ਉਹਦਾ ਤੁਆਰੁਫ਼ ਕਰਵਾਉਂਦਾ ਹੈ। ਮੁਹੱਬਤ ਵਿੱਚ ਸਰਸ਼ਾਰ ਇਹ ਜੋੜਾ ਕਦੀ ਪੰਜਾਬ ਆਇਆ ਅਤੇ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋਣ ਗਿਆ ਤਾਂ ਜਿਹੜੀ ਸੁਰਖੀਸਾਜ਼ੀ ਸੋਸ਼ਲ ਮੀਡੀਆ ’ਤੇ ਰੂਪਮਾਨ ਹੋਣੀ ਹੈ, ਉਹਦੇ ਤੋਂ ਤੁਹਾਨੂੰ ਜਾਣੂੰ ਕਰਵਾਉਣ ਲਈ ਮੈਂ ਤਰੱਦਦ ਨਹੀਂ ਕਰ ਰਿਹਾ। ਕਦੀ ਕਿਸੇ ਸਮਲਿੰਗੀ ਨਾਲ ਅਤਿ ਦਾ ਕੋਈ ਜੁਰਮ ਹੋਇਆ ਤਾਂ ਚੁਫ਼ੇਰੇ ਪਸਰੀ ਅਸਾਵੀਂ ਜ਼ਮੀਨ ਤੋਂ ਚੰਗੀ ਤਰ੍ਹਾਂ ਜਾਣੂੰ, ਪਰ ਪੂਰਨ ਮੁਨਕਰ ਹੋਏ ਅਸੀਂ ਅੰਦਰ ਦੇ ਲਾਂਬੂ ਬਾਲੀ ਸੜਕਾਂ ’ਤੇ ਜ਼ਰੂਰ ਉਮੜਾਂਗੇ। ਇਸ ਅਸਾਵੀਂ ਜ਼ਮੀਨ ਦੇ ਨਿਰਮਾਣ ਵਿੱਚ ਜਿਹੜੀ ਤਿਲ-ਫੁੱਲ ਸਮਾਜਿਕ ਸੇਵਾ ਅਸੀਂ ਨਿਤਾ ਪ੍ਰਤੀ ਜੀਵਨ ਵਿੱਚ ਕਰਦੇ ਅਤੇ ਅਣਗੌਲਦੇ ਹਾਂ, ਉਸੇ ਵਿੱਚੋਂ ਕੋਈ ਰਾਹ ਜ਼ੁਲਮ ਅਤੇ ਜੁਰਮ ਦੀ ਉਸ ਅਤਿ ਵੱਲ ਜਾਂਦਾ ਹੈ ਜਿੱਥੋਂ ਸੁਰਖ਼ੀ ਤਸ਼ਕੀਲ ਹੁੰਦਿਆਂ ਹੀ ਅਸੀਂ ਮੋਮਬੱਤੀ ਚੁੱਕ ਜ਼ਹੀਨ ਖਿਆਲੀ ਦਾ ਪ੍ਰਗਟਾਵਾ ਕਰਨ ਚੌਕ ਵਿੱਚ ਨਮੂਦਾਰ ਹੁੰਦੇ ਹਾਂ। ਸਾਡੀਆਂ ਤਾਂ ਕਹਾਣੀਆਂ ਵੀ ਅਜੇ ‘ਏਕ ਥਾ ਰਾਜਾ, ਉਸ ਕੀ ਸਾਤ ਰਾਣੀਆਂ ਥੀਂ’ ’ਤੇ ਖੜ੍ਹੀਆਂ ਹਨ। ਅਜੇ ਤਾਂ ਸਾਨੂੰ ਕਹਾਣੀ ਵਿੱਚ ਵੀ ‘ਏਕ ਥੀ ਰਾਣੀ, ਉਸਕੇ ਸਾਤ ਰਾਜੇ ਥੇ’ ਵੱਲ ਕਥਾਕਾਰੀ ਮੋੜਨ ਦਾ ਹੀਆ ਨਹੀਂ ਪਿਆ। ਫਿਰ ਕਿਉਂ ਕੋਈ ਆਸ ਕਰੇ ਕਿ ਟੁੱਟ ਕੇ ਘਰਾਂ ਤੋਂ ਨਿਕਲ ਪੈਂਦੀਆਂ ਭੀੜਾਂ, ਜਦੋਂ ਪਤਾ ਲੱਗਿਆ ਸੀ ਕਿ ਦੂਰ ਦੁਰਾਡੇ ਦੇ ਕਿਸੇ ਸਾਮੰਤੀ ਪਿੰਡ ਵਿੱਚ ਨਹੀਂ ਸਗੋਂ ਸ਼ਹਿਰ ਪਟਿਆਲੇ ਦੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਨੌਜਵਾਨ ਵਿਦਿਆਰਥਣਾਂ, ਵਿਦਿਆਰਥੀ ਇਸ ਲਈ ਬੁਰਛਾਗਰਦਾਂ ਨੇ ਡਾਂਗਾਂ ਨਾਲ ਕੁੱਟ ਘੱਤੇ ਕਿਉਂ ਜੋ ਉਹ ਦੇਰ ਰਾਤ ਤੱਕ ਹੋਸਟਲ ਖੁੱਲ੍ਹੇ ਰੱਖਣ ਅਤੇ ਕੁਤਬਖਾਨੇ ਜਾਣ, ਪੜ੍ਹਨ ਦਾ ਹੱਕ ਮੰਗ ਰਹੇ ਸਨ। ਇਨ੍ਹਾਂ ਪੰਨਿਆਂ ’ਤੇ ਹਾਲ ਹੀ ਵਿੱਚ ਛਪਣ ਵਾਲੀਆਂ ਇੱਜ਼ਤ ਦੇ ਨਾਮ ’ਤੇ ਕਤਲਾਂ ਦੀਆਂ ਸੁਰਖ਼ੀਆਂ ਦਾ ਸਾਡੇ ਡਰਾਇੰਗ ਰੂਮ ਵਿਚਲੀਆਂ ਗੱਲਾਂ ਨਾਲ ਸਿੱਧਾ ਸਬੰਧ ਹੈ। ਰਾਤ ਨੂੰ ਬਾਹਰ ਜਾਵੇਗੀ ਤਾਂ ਪਤਾ ਨਹੀਂ ਕੀ ਕਰਸੀ? ਹਾਏ ਫ਼ਿਲਮ ਵੇਖਣ ਗਈ ਸੀ ਉਹਦੇ ਨਾਲ? ਐਵੇਂ ਨਹੀਂ ਕਿਸੇ ਨਾਲ ਚਾਹ ਦੀ ਸੁਲਾਹ ਮਾਰਿਆ ਕਰ, ਭਰਾ ਦੀ ਗੱਲ ਹੋਰ ਹੈ। ਘੁੰਡ ਕੱਢੋ। ਅੱਛਾ, ਨਾ ਸਹੀ, ਸਿਰਫ਼ ਸਹੁਰਾ ਸਾਹਿਬ ਲਈ ਘੁੰਡ ਕੱਢੋ। ਅੱਛਾ, ਘੱਟੋ ਘੱਟ ਦੁਪੱਟਾ ਸਿਰ ’ਤੇ ਲੈ ਲਵੋ। ਚੰਗਾ ਫਿਰ, ਚੁੰਨੀ ਜ਼ਰੂਰ ਕਰ ਲੈਣਾ। ਚਲੋ, ਗਲੇ ਵਿੱਚ ਹੀ ਲਟਕਾ ਲਵੋ ਭਾਵੇਂ। ਅੱਛਾ, ਸਲੀਵਲੈੱਸ ਨਾ ਪਾਓ। ਠੀਕ ਹੈ, ਸਕਰਟ ਪਾ ਲਵੋ ਪਰ ਗੋਡਿਆਂ ਤੋਂ ਥੱਲੇ ਹੋਵੇ। ਅਸਾਵੀਂ ਜ਼ਮੀਨ ਦੇ ਖ਼ਿਲਾਫ਼ ਸੰਘਰਸ਼ ਵਿੱਚ ਇਹ ਇੰਚ-ਇੰਚ, ਸੈਂਟੀਮੀਟਰ-ਸੈਂਟੀਮੀਟਰ, ਗਿੱਠ-ਗਿੱਠ, ਉਂਗਲ-ਉਂਗਲ ’ਤੇ ਪਿੱਤਰੀ ਸੱਤਾ ਨੇ ਮੋਰਚੇ ਲਾਏ ਹੋਏ ਨੇ। ਉਹਨਾਂ ’ਤੇ ਤਾਂ ਬਣ ਆਈ ਹੈ, ਉਹ ਤਾਂ ਲੜਨਗੀਆਂ ਹੀ, ਪਰ ਤੁਸੀਂ ਉਦੋਂ ਹੀ ਨਿਕਲੋਗੇ ਬਾਹਰ ਜਦੋਂ ਅਤਿ ਦਾ ਕੋਈ ਜੁਰਮ ਹੋਵੇਗਾ? ਚੰਡੀਗੜ੍ਹ ਵਾਲੀ ਸਰਕਾਰੀ ਯੂਨੀਵਰਸਿਟੀ ਵਿੱਚ 70 ਪ੍ਰਤੀਸ਼ਤ ਤੋਂ ਜ਼ਿਆਦਾ ਔਰਤਾਂ ਹਨ, ਪਰ ਹਰ ਕੁੜੀ ਨੂੰ ਪਤਾ ਹੈ ਕਿੰਨੇ ਵਜੇ ਕਿਹੜੀਆਂ ਸੜਕਾਂ ’ਤੇ ਉਹ ਘਟਨਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਲਈ ਤੁਸਾਂ ਮੋਮਬੱਤੀਆਂ ਬਚਾ ਰੱਖੀਆਂ ਹਨ। ਪੰਜਾਬ ਦੀ ਲੋਕਧਾਰਾ ’ਤੇ ਉਮਰ ਭਰ ਖੋਜ ਕਰਨ ਵਾਲੇ ਪ੍ਰੋਫ਼ੈਸਰ ਨਾਹਰ ਸਿੰਘ ਦੱਸ ਰਹੇ ਸਨ ਕਿ ਉਨ੍ਹਾਂ ਦੀ ਇੱਕ ਵਿਦਿਆਰਥਣ ਨੇ ਜਦੋਂ ਆਪਣੇ ਵਿਆਹ ਦਾ ਕਾਰਡ ਉਨ੍ਹਾਂ ਨੂੰ ਦਿੱਤਾ ਅਤੇ ਦੱਸਿਆ ਕਿ ਉਸੇ ਨਾਲ ਵਿਆਹ ਕਰਨ ਜਾ ਰਹੀ ਹੈ ਜਿਸ ਨਾਲ ਕੁਝ ਮਹੀਨਿਆਂ ਤੋਂ ਘੁੰਮ ਫਿਰ ਰਹੀ ਸੀ ਤਾਂ ਉਨ੍ਹਾਂ ਪੁੱਛਿਆ, ‘‘ਘਰ ਵਿੱਚ ਜਾਤ ਵਗੈਰਾ ਨੂੰ ਲੈ ਕੇ ਕੋਈ ਪ੍ਰੋਬਲਮ ਤਾਂ ਨਹੀਂ ਹੋਈ?’’ ਕਹਿਣ ਲੱਗੀ, ‘‘ਸਰ ਜੀ, ਕੀ ਗੱਲ ਕਰਦੇ ਹੋ? ਅੱਜਕਲ੍ਹ ਤਾਂ ਇਹ ਸਭ ਪਹਿਲਾਂ ਵੇਖ ਕੇ ਹੀ ਕੋਈ ਮੁਹੱਬਤ ਕਰਦਾ ਹੈ।’’ ਏਨੀ ਇਹਤਿਆਤੀ ਮੁਹੱਬਤ ਦੀ ਜ਼ਮੀਨ ਦੇ ਨਿਰਮਾਣ ਵਿੱਚ ਆਪਣੇ ਯੋਗਦਾਨ ਬਾਰੇ ਹਰ ਬਹਿਸ ਤੋਂ ਭਗੌੜਿਆਂ ਨੂੰ ਕਿਵੇਂ ਸਮਝ ਆਵੇਗੀ ਕਿ ਟਰੰਪ ਖਿਲਾਫ਼ ਝੰਡਾ ਚੁੱਕੀ ਪੀਟ ਬੂਟੀਜੈੱਜ ਅਤੇ ਹੋਰਨਾਂ ਨੂੰ ਪਿੱਛੇ ਛੱਡ ਡੈਮੋਕ੍ਰੇਟਿਕ ਪਾਰਟੀ ਦੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਟਿਕਟ ਦੀ ਦਾਅਵੇਦਾਰ ਐਲਿਜ਼ਬੈੱਥ ਵਾਰੈੱਨ ਦਾ ਦਾਮਾਦ ਉੱਤਰ ਪ੍ਰਦੇਸ਼ ਵਿਚਲੇ ਸਹਾਰਨਪੁਰ ਦੇ ਨਗਰ ਬਲਾਕ ਦੇ ਖਤੌਲੀ ਪਿੰਡ ਦੀ ਉਸ ਅਨਪੜ੍ਹ ਔਰਤ ਦਾ ਮੁੰਡਾ ਕਿਵੇਂ ਬਣ ਗਿਆ ਜਿਹੜੀ ਕਦੀ ਸਕੂਲ ਨਹੀਂ ਗਈ, ਅੰਗੂਠਾ ਲਾਉਂਦੀ ਹੈ? ਬਚਪਨ ਵਿੱਚ ਮਹੀਆਂ ਚਾਰਦਾ ਅਤੇ ਹਿੰਦੀ ਮਾਧਿਅਮ ਸਰਕਾਰੀ ਸਕੂਲਾਂ ਵਿੱਚ ਪੜ੍ਹਦਾ ਉਹਦਾ ਮੁੰਡਾ ਪਹਿਲੋਂ ਆਈਆਈਟੀ ਵਿੱਚ ਪ੍ਰਵੇਸ਼ ਪਾ ਗਿਆ, ਫਿਰ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਵਿੱਚ ਪੜ੍ਹਿਆ ਅਤੇ ਫਿਰ ਵ੍ਹਾਰਟਨ ਸਕੂਲ (ਪੈਨਸਿਲਵੇਨੀਆ ਯੂਨੀਵਰਸਿਟੀ) ਵਿੱਚ ਐਮਬੀਏ ਕਰਨ ਪਹੁੰਚਿਆ ਜਿੱਥੇ ਐਲਿਜ਼ਬੈੱਥ ਵਾਰੈੱਨ ਦੀ ਧੀ ਅਮੇਲੀਆ ਵਾਰੈੱਨ ਨੂੰ ਮਿਲਿਆ, ਦੋਵੇਂ ਮੁਹੱਬਤ ਦੀ ਗ੍ਰਿਫ਼ਤ ਵਿੱਚ ਬੱਝੇ। ਹੁਣ ਉਹ ਅਮੇਲੀਆ ਵਾਰੈੱਨ ਤਿਆਗੀ ਹੈ। ਐਲਿਜ਼ਬੈੱਥ ਵਾਰੈੱਨ ਅਮਰੀਕੀ ਸੈਨੇਟਰ ਹੁੰਦਿਆਂ ਬੜੀ ਵਾਰੀ ਸਹਾਰਨਪੁਰ ਤੋਂ ਦਿਓਬੰਦ ਜਾਂਦੀ ਸੜਕ ਤੋਂ ਹਟਵੇਂ ਉਸ ਪਿੰਡ ਵਿੱਚ ਆਈ ਜਿੱਥੇ ਨਾ ਬੱਸ ਰੁਕਦੀ ਹੈ, ਨਾ ਪਿੰਡ ਦਾ ਆਪਣਾ ਡਾਕਖਾਨਾ ਹੈ। ਸੁਸ਼ੀਲ ਤਿਆਗੀ ਅਤੇ ਅਮੇਲੀਆ ਦੇ ਬੱਚੇ ਦੱਸਦੇ ਨੇ ਕਿ ਉਨ੍ਹਾਂ ਦੀ ਦਾਦੀ ਭੇਡਾਂ ਚਾਰਦੀ ਹੈ, ਨਾਨੀ ਹਾਰਵਰਡ ਵਿੱਚ ਪ੍ਰੋਫ਼ੈਸਰ ਹੈ, ਟਰੰਪ ਦੇ ਫੱਟੇ ਚੱਕ ਰਹੀ ਹੈ। ਦੋਵੇਂ ਕਮਾਲ ਦੀਆਂ ਔਰਤਾਂ ਹਨ। ਉਨ੍ਹਾਂ ਦੇ ਦਿਮਾਗ਼ਾਂ ਵਿੱਚ ਜ਼ਮੀਨ ਸਾਵੀਂ ਹੈ। ਜਾਤ, ਰੰਗ, ਨਸਲ, ਡਿਗਰੀਆਂ, ਲਿੰਗ, ਪੈਸਾ, ਸ਼ੋਹਰਤ, ਪਿੰਡ, ਸ਼ਹਿਰ, ਸੱਤਾ ਦੇ ਸਿਆੜ ਨਹੀਂ ਕੱਢੇ ਹੋਏ। ਅਸੀਂ ਹਾਂ ਕਿ ਬੱਸ ਘੁੰਡ ਕੱਢਣ ਨੂੰ ਨਹੀਂ ਕਹਿੰਦੇ ਨੂੰਹ ਨੂੰ, ਪਰ ਹੋਸਟਲ ਦੇ ਗੇਟ ਜ਼ਰੂਰ ਬੰਦ ਚਾਹੁੰਦੇ ਹਾਂ। ਮੁੰਡੇ ਕੁੜੀ ਵਿੱਚ ਫ਼ਰਕ ਨਹੀਂ ਕਰਦੇ, ਪਰ ਸਮਾਜਿਕ ਤੌਰ ’ਤੇ ਮਨਜ਼ੂਰ-ਸ਼ੁਦਾ ਠੱਪੇ ਵਾਲੇ ਰਿਸ਼ਤੇ ਹੀ ਚਾਹੁੰਦੇ ਹਾਂ। ਮੰਗਣੀ ਜਾਂ ਵਿਆਹ ਤੋਂ ਪਹਿਲੋਂ ਹੀ ਧਾਰਮਿਕ ਸਥਾਨ ’ਤੇ ਇਕੱਠੇ ਬੈਠਣ ਵਾਲਿਆਂ ਦੀ ਕੁੱਟਮਾਰ ਕਰ ਇਸ਼ਟ ਦੀ ਰੱਖਿਆ ਕਰਦੇ ਹਾਂ। ਚਾਰ ਯਾਰ ਇਕੱਠੇ ਹੋਣ ਅਤੇ ਕਮਰੇ ਵਿੱਚੋਂ ਆਖ਼ਰੀ ਔਰਤ ਚਲੀ ਜਾਵੇ ਤਾਂ ਭਾਸ਼ਾ ਰੰਗੀਨ ਹੋ ਜਾਂਦੀ ਹੈ। ਯੂਨੀਵਰਸਟੀ ਦੀ ਕੈਂਟੀਨ ਵਿੱਚ ਕਿਸੇ ਪ੍ਰੋਫ਼ੈਸਰ ਨਾਲ ਕਿਸੇ ਮਹਿਲਾ ਸਹਿਕਰਮੀ ਦਾ ਅਕਸਰ ਇਕੱਠੇ ਚਾਹ ਪੀਣਾ ਕਈ ਵਾਰ ਚਟਪਟਾ ਅਲੋਕਾਰੀ ਰਚਨਾ ਸੰਸਾਰ ਉਸਾਰਦਾ ਹੈ ਜਿਹੜਾ ਕਿਤੇ ਛਪਦਾ ਤਾਂ ਨਹੀਂ, ਪਰ ਜ਼ੁਬਾਨ-ਦਰ-ਜ਼ੁਬਾਨ ਗਲਪਕਾਰੀ ਰਾਹੀਂ ਅਕਸਰ ਮਰਦਾਨਾ ਸ਼ੌਚਾਲਿਆ ਦੀਆਂ ਕੰਧਾਂ ’ਤੇ ਲਿਖਿਆ ਮਿਲਦਾ ਹੈ। ਇਹ ਲੇਖ ਲਿਖਣ ਵੇਲੇ ਮੈਂ ਯੂਨੀਵਰਸਿਟੀ ਦੇ ਇੱਕ ਪ੍ਰੋਫ਼ੈਸਰ ਨਾਲ ਸਲਾਹ ਕੀਤੀ ਤਾਂ ਉਹਨਾਂ ਮੈਨੂੰ ਪੁੱਛਿਆ ਕਿ ਐਲਿਜ਼ਬੈੱਥ ਵਾਰੈੱਨ ਨੇ ਪਹਿਲੇ ਪਤੀ ਨੂੰ ਤਲਾਕ ਦੇਣ ਤੋਂ ਛੇ ਮਹੀਨੇ ਬਾਅਦ ਹੀ ਦੂਜਾ ਵਿਆਹ ਵੀ ਕਰ ਲਿਆ, ਫਿਰ ਵੀ ਉਹਦੇ ਸਿਆਸੀ ਕਰੀਅਰ ’ਤੇ ਅਸਰ ਕਿਉਂ ਨਹੀਂ ਪਿਆ? ਮੈਂ ਕਿਹਾ ਸ਼ਾਇਦ ਲੋਕਾਂ ਸੋਚਿਆ ਹੋਣੈ ਕਿ ਵਿਆਹ ਉਹਦਾ ਨਿੱਜੀ ਮਾਮਲਾ ਹੈ। ਫਿਰ ਪੁੱਛਣ ਲੱਗੇ ਕਿ ਵਿਆਹ ਤੋਂ ਬਾਅਦ ਵੀ ਪਹਿਲੇ ਪਤੀ ਦਾ ਨਾਮ ਹੀ ਪਿੱਛੇ ਕਿਉਂ ਲਾਉਂਦੀ ਹੈ? ਵੈਸੇ ਅਸੀਂ ਹੈਦਰਾਬਾਦ ਦੀ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਹਿੱਤ ਚੰਡੀਗੜ੍ਹ ਵਿੱਚ ਹੋਣ ਵਾਲੇ ਕਿਸੇ ਵੀ ਧਰਨੇ ਵਿੱਚ ਇਕੱਠੇ ਜਾਣ ਦਾ ਫ਼ੈਸਲਾ ਕੀਤਾ ਹੈ। ਨਿਰਭਯਾ ਦੀ ਵਾਰੀ ਵੀ ਇਕੱਠੇ ਹੀ ਗਏ ਸਾਂ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਉਹਨਾਂ ਖ਼ਲਕਤੀ-ਭੀੜਾਂ ਪ੍ਰਤੀ ਅਤਿ ਦੀ ਸ਼ਰਧਾ ਰੱਖਦਾ ਹੈ ਜਿਹੜੀਆਂ ਭੀੜਤੰਤਰ ਦੇ ਇਸ ਦੌਰ ਵਿੱਚ ਵੀ ਕਿਸੇ ਮਜ਼ਲੂਮ ਉੱਤੇ ਹੋਏ ਜ਼ੁਲਮ ਦਾ ਇਨਸਾਫ਼ ਮੰਗਣ ਚੌਂਕ ਵਿੱਚ ਪਹੁੰਚਦੀਆਂ ਹਨ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All