ਹੁਮਾ ਦੀ ਫੁਲਵਾੜੀ

ਬਾਲ ਕਹਾਣੀ ਬਲਰਾਜ ਧਾਰੀਵਾਲ ਹੁਮਾ ਚੌਥੀ ਜਮਾਤ ਵਿਚ ਪੜ੍ਹਦੀ ਸੀ। ਸ਼ੁਰੂ ਤੋਂ ਹੀ ਉਸਨੂੰ ਫੁੱਲਾਂ, ਬੂਟਿਆਂ ਨਾਲ ਬੜਾ ਪਿਆਰ ਸੀ। ਉਸਦੀ ਮੰਮੀ ਨੇ ਵਿਹੜੇ ’ਚ ਥੋੜ੍ਹੀ ਜਿਹੀ ਖਾਲੀ ਥਾਂ ’ਤੇ ਬੜੀ ਮਿਹਨਤ ਕਰਕੇ ਇਕ ਫੁਲਵਾੜੀ ਬਣਾ ਕੇ ਉਸ ਵਿਚ ਗੁਲਾਬ, ਗੁਲਦਾਊਦੀ, ਗੁੱਟੇ, ਗੇਂਦੇ ਤੇ ਰਾਤ ਦੀ ਰਾਣੀ ਆਦਿ ਦੇ ਬੂਟੇ ਲਾ ਦਿੱਤੇ। ਉਨ੍ਹਾਂ ’ਤੇ ਰੁੱਤਾਂ ਅਨੁਸਾਰ ਫੁੱਲ ਖਿੜਦੇ ਰਹਿੰਦੇ ਸਨ। ਹੁਮਾ ਦੀ ਮੰਮੀ ਇਨ੍ਹਾਂ ਬੂਟਿਆਂ ਦੀ ਸਿਹਤ ਦਾ ਹਾਲ ਹੁਮਾ ਦੀ ਸਿਹਤ ਵਾਂਗ ਹੀ ਰੱਖਦੀ। ਉਨ੍ਹਾਂ ਨੂੰ ਸਮੇਂ ਸਿਰ ਪਾਣੀ ਦਿੰਦੀ, ਫੁਲਵਾੜੀ ’ਚ ਉੱਗ ਆਏ ਘਾਹ-ਬੂਟੀ ਤੇ ਡਿੱਗੇ ਹੋਏ ਪੱਤੇ ਸਾਫ਼ ਕਰਦੀ ਤੇ ਗੋਡੀ ਵੀ ਕਰਦੀ। ਮੰਮੀ ਵੱਲ ਦੇਖ ਕੇ ਹੁਮਾ ਦੀ ਦਿਲਚਸਪੀ ਵੀ ਇਸ ਕੰਮ ’ਚ ਵਧ ਗਈ। ਉਹ ਵੀ ਆਪਣੀ ਮੰਮੀ ਵਾਂਗ ਬੂਟਿਆਂ ਨੂੰ ਪਾਣੀ ਦਿੰਦੀ, ਉਨ੍ਹਾਂ ਦਾ ਧਿਆਨ ਰੱਖਦੀ ਤੇ ਖਿੜੇ ਹੋਏ ਫੁੱਲਾਂ ਵੱਲ ਦੇਖ ਕੇ ਖ਼ੁਸ਼ ਹੁੰਦੀ। ਸਕੂਲ ਵਿਚ ਵੀ ਕਈ ਵਾਰੀ ਉਹ ਮਾਲੀ ਦੀ ਮਦਦ ਕਰਦੀ ਤੇ ਮਾਲੀ ਵੀ ਉਸਨੂੰ ਨਵੇਂ ਨਵੇਂ ਫੁੱਲਾਂ ਬਾਰੇ ਜਾਣਕਾਰੀ ਦਿੰਦਾ ਰਹਿੰਦਾ। ਇਕ ਦਿਨ ਨੇੜਲੇ ਸ਼ਹਿਰ ਦੇ ਇਕ ਕਲਾਕਾਰ ਰਵੀ ਕੁਮਾਰ ਨੇ ਹੁਮਾ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਕਿ ਉਸਨੂੰ ਸਕੂਲ ’ਚ ਅਧਿਆਪਕਾਂ ਤੇ ਬੱਚਿਆਂ ਦੇ ਸਾਹਮਣੇ ਆਪਣਾ ਕਾਗਜ਼ੀ ਹੁਨਰ ਦਿਖਾਉਣ ਦਾ ਸਮਾਂ ਦਿੱਤਾ ਜਾਵੇ। ਪ੍ਰਿੰਸੀਪਲ ਨੇ ਉਸਨੂੰ ਸ਼ਨਿਚਰਵਾਰ ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਦੇ ਦਿੱਤਾ। ਸਾਰੇ ਅਧਿਆਪਕਾਂ ਨੇ ਇਸ ਬਾਰੇ ਆਪਣੀਆਂ ਜਮਾਤਾਂ ’ਚ ਦੱਸ ਦਿੱਤਾ। ਸ਼ਨਿਚਰਵਾਰ ਨੂੰ ਸਾਰੇ ਬੱਚੇ ਅੱਧੀ ਛੁੱਟੀ ਦੀ ਬੜੀ ਬੇਸਬਰੀ ਤੇ ਖ਼ੁਸ਼ੀ ਨਾਲ ਉਡੀਕ ਕਰਨ ਲੱਗੇ। ਅੱਧੀ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਸਕੂਲ ਦੇ ਵੱਡੇ ਹਾਲ ’ਚ ਬਿਠਾਇਆ ਗਿਆ। ਪ੍ਰਿੰਸੀਪਲ ਨੇ ਸਭ ਨੂੰ ਰਵੀ ਕੁਮਾਰ ਦੀ ਕਲਾ ਬਾਰੇ ਕੁਝ ਗੱਲਾਂ ਦੱਸੀਆਂ ਤੇ ਫਿਰ ਉਸਦੀ ਕਲਾ ਨੂੰ ਧਿਆਨ ਨਾਲ ਦੇਖਣ ਲਈ ਕਿਹਾ। ਰਵੀ ਕੁਮਾਰ ਸਟੇਜ ’ਤੇ ਆ ਕੇ ਆਪਣੀ ਕਲਾ ਦੇ ਜੌਹਰ ਦਿਖਾਉਣ ਲੱਗਾ। ਉਸਨੇ ਕਾਗਜ਼ਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਤੇ ਬਣਾਉਣੀਆਂ ਸਿਖਾਈਆਂ, ਜਿਵੇਂ ਕਈ ਤਰ੍ਹਾਂ ਦੇ ਪੰਛੀ, ਜਾਨਵਰ, ਪੱਖੀਆਂ, ਭੰਬੀਰੀਆਂ, ਵੱਖ-ਵੱਖ ਤਰ੍ਹਾਂ ਦੇ ਫੁੱਲ ਤੇ ਹੋਰ ਕਈ ਸਜਾਵਟੀ ਚੀਜ਼ਾਂ। ਉਸਨੇ ਚੀਜ਼ਾਂ ਨੂੰ ਪੇਂਟ ਵਾਲੇ ਰੰਗਾਂ ਨਾਲ ਪੇਂਟ ਕਰਨਾ ਵੀ ਸਿਖਾਇਆ, ਜਿਸ ਨਾਲ ਉਹ ਬਹੁਤ ਹੀ ਆਕਰਸ਼ਕ ਤੇ ਅਸਲੀ ਦਿਸ ਰਹੀਆਂ ਸਨ। ਬੱਚੇ ਸਾਹ ਰੋਕੀ ਦੇਖ ਰਹੇ ਸਨ ਤੇ ਹੈਰਾਨ ਹੋ ਰਹੇ ਸਨ। ਹੁਮਾ ਨੂੰ ਕਾਗਜ਼ਾਂ ਤੋਂ ਬਣੇ ਫੁੱਲ ਬਹੁਤ ਸੋਹਣੇ ਲੱਗੇ। ਉਸਨੇ ਮਨ ਹੀ ਮਨ ਫ਼ੈਸਲਾ ਕਰ ਲਿਆ ਕਿ ਉਹ ਘਰ ਜਾ ਕੇ ਫੁੱਲ ਬਣਾਉਣ ਦਾ ਅਭਿਆਸ ਕਰੇਗੀ। ਸਕੂਲੋਂ ਆ ਕੇ ਰੋਟੀ ਖਾਣ ਤੋਂ ਬਾਅਦ ਹੁਮਾ ਕੈਂਚੀ, ਕਾਗਜ਼ ਤੇ ਆਪਣੇ ਪੇਂਟ ਵਾਲੇ ਰੰਗ ਲੈ ਕੇ ਫੁੱਲ ਬਣਾਉਣ ਦਾ ਅਭਿਆਸ ਕਰਨ ਲੱਗੀ। ਉਸਦੀ ਮਿਹਨਤ ਸੱਚਮੁਚ ਰੰਗ ਲਿਆਈ। ਉਸਨੇ ਕਈ ਪ੍ਰਕਾਰ ਦੇ ਫੁੱਲ ਬਣਾ ਕੇ ਪੇਂਟ ਕਰਕੇ ਮੰਮੀ ਨੂੰ ਦਿਖਾਏ। ਉਸਦੀ ਮੰਮੀ ਨੇ ਉਸਦੀ ਕਲਾ ਦੀ ਪ੍ਰਸ਼ੰਸਾ ਕੀਤੀ ਤੇ ਉਸਨੂੰ ਸ਼ਾਬਾਸ਼ ਦਿੱਤੀ। ਫੇਰ ਉਹ ਫੁਲਵਾੜੀ ਵਾਲੇ ਬੂਟਿਆਂ ਨੂੰ ਪਾਣੀ ਦੇਣ ਲੱਗ ਪਈਆਂ। ਹੁਮਾ ਰੋਜ਼ ਅਜਿਹੇ ਫੁੱਲ ਬਣਾਉਂਦੀ ਤੇ ਅਲਮਾਰੀ ’ਚ ਰੱਖ ਦਿੰਦੀ। ਉਹ ਇਸ ਕੰਮ ’ਚ ਏਨਾ ਰੁੱਝ ਗਈ ਕਿ ਉਹ ਸਕੂਲ ਦਾ ਕੰਮ ਵੀ ਅੱਧਾ ਪਚੱਧਾ ਹੀ ਕਰਦੀ ਤੇ ਬੂਟਿਆਂ ਦੀ ਸੇਵਾ ਕਰਨੀ ਵੀ ਭੁੱਲ ਗਈ। ਉਸਦੀ ਮੰਮੀ ਉਸਨੂੰ ਸਮਝਾਉਂਦੀ, ਪਰ ਉਹ ਧਿਆਨ ਨਾ ਕਰਦੀ। ਇਕ ਦਿਨ ਬਹੁਤ ਜ਼ਿਆਦਾ ਧੁੱਪ ਸੀ। ਹੁਮਾ ਨੇ ਆਪਣੇ ਕਮਰੇ ਤੋਂ ਬਾਹਰ ਦੇਖਿਆ ਕਿ ਉਸਦੀ ਫੁਲਵਾੜੀ ਦੇ ਫੁੱਲ ਧੁੱਪ ਨਾਲ ਮੁਰਝਾਏ ਪਏ ਸਨ ਤੇ ਉਹ ਜ਼ਰਾ ਵੀ ਸੋਹਣੇ ਨਹੀਂ ਲੱਗਦੇ ਸਨ। ਉਸਨੇ ਉਸੇ ਵੇਲੇ ਅਲਮਾਰੀ ’ਚੋਂ ਕਾਗਜ਼ ਦੇ ਬਣੇ ਹੋਏ ਫੁੱਲ ਕੱਢੇ ਤੇ ਖ਼ੁਸ਼ ਹੁੰਦਿਆਂ ਸੋਚਣ ਲੱਗੀ ਕਿ ਇਹ ਫੁੱਲ ਅਸਲੀ ਫੁੱਲਾਂ ਤੋਂ ਕਿੰਨੇ ਪਿਆਰੇ ਲੱਗ ਰਹੇ ਹਨ। ਉਸੇ ਵੇਲੇ ਉਸਨੂੰ ਇਕ ਫੁੱਲ ਦੀ ਘੁਮੰਡੀ ਆਵਾਜ਼ ਸੁਣਾਈ ਦਿੱਤੀ, ‘ਅਸੀਂ ਕੁਦਰਤੀ ਫੁੱਲਾਂ ਤੋਂ ਕਈ ਗੁਣਾਂ ਸੋਹਣੇ ਹਾਂ ਤੇ ਅਸੀਂ ਗਰਮੀ ਜਾਂ ਠੰਢ ’ਚ ਵੀ ਨਹੀਂ ਮੁਰਝਾਉਂਦੇ।’ ਹੁਮਾ ਇਨ੍ਹਾਂ ਫੁੱਲਾਂ ਨੂੰ ਫੁੱਲਦਾਨ ’ਚ ਸਜਾ ਕੇ ਕਮਰੇ ਦੀ ਖੁੱਲ੍ਹੀ ਬਾਰੀ ’ਚ ਰੱਖ ਕੇ ਹੱਸਦੀ ਹੋਈ ਕਿੰਨਾ ਚਿਰ ਤੱਕਦੀ ਰਹੀ ਤੇ ਫੇਰ ਸੌਂ ਗਈ। ਕੁਝ ਦੇਰ ਬਾਅਦ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ। ਜਦੋਂ ਹੁਮਾ ਦੀ ਨੀਂਦ ਖੁੱਲ੍ਹੀ ਤਾਂ ਉਸਦੀ ਨਜ਼ਰ ਫੁੱਲਦਾਨ ’ਤੇ ਪਈ। ਇਹ ਕੀ? ਖੁੱਲ੍ਹੀ ਬਾਰੀ ਰਾਹੀਂ ਮੀਂਹ ਦੀ ਵਾਛੜ ਆਉਣ ਕਾਰਨ ਕਾਗਜ਼ਾਂ ਦੇ ਫੁੱਲਾਂ ਉੱਪਰ ਪੇਂਟ ਦੇ ਰੰਗ ਖਿੱਲਰ ਗਏ ਸਨ। ਕਾਗਜ਼ ਵੀ ਗਲ ਗਏ ਸਨ। ਹੁਮਾ ਕੁਝ ਉਦਾਸ ਹੋ ਗਈ। ਉਸਦੀ ਮੰਮੀ ਕਮਰੇ ’ਚ ਆਈ ਤੇ ਉਸਨੂੰ ਪਿਆਰ ਨਾਲ ਸਮਝਾਇਆ, ‘ਬੇਟੇ, ਇਨਸਾਨ ਵੱਲੋਂ ਬਣਾਈਆਂ ਸਜਾਵਟੀ ਤੇ ਬੇਜਾਨ ਚੀਜ਼ਾਂ ਕੁਝ ਚਿਰ ਤਾਂ ਖ਼ੁਸ਼ੀ ਦੇ ਸਕਦੀਆਂ ਹਨ, ਪਰ ਕੁਦਰਤ ਦੀ ਅਦਭੁੱਤ ਤੇ ਜਾਨਦਾਰ ਰਚਨਾ ਸਾਨੂੰ ਸਦੀਵੀ ਖ਼ੁਸ਼ੀ ਦਿੰਦੀ ਹੈ। ਦੇਖ ਜ਼ਰਾ ਬਾਹਰ ਆਪਣੀ ਫੁਲਵਾੜੀ ਵੱਲ।’ ਹੁਮਾ ਨੇ ਬਾਹਰ ਦੇਖਿਆ ਤਾਂ ਸੱਚਮੁਚ ਹੀ ਉਸਦੀ ਫੁਲਵਾੜੀ ਵਿਚਲੇ ਫੁੱਲਾਂ ਦਾ ਰੰਗ ਪਹਿਲਾਂ ਵਰਗਾ ਹੀ ਸੀ। ਉਨ੍ਹਾਂ ਦੀ ਮਿੱਠੀ ਸੁਗੰਧੀ ਹਵਾ ’ਚ ਘੁਲ ਰਹੀ ਸੀ ਤੇ ਇੰਜ ਜਾਪਦਾ ਸੀ ਜਿਵੇਂ ਮੀਂਹ ਤੋਂ ਬਾਅਦ ਬੂਟਿਆਂ ’ਤੇ ਹੋਰ ਨਿਖਾਰ ਆ ਗਿਆ ਸੀ। ਇਹ ਦੇਖ ਕੇ ਹੁਮਾ ਮੁਸਕਰਾ ਪਈ। ਸੰਪਰਕ : 98783-17796

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All