
ਪ੍ਰੋ. ਆਰ ਕੇ ਉੱਪਲ
ਮਿਆਰੀ ਸਿੱਖਿਆ ਕਿਸੇ ਵੀ ਸਮਾਜ ਦਾ ਦਰਪਣ ਹੁੰਦੀ ਹੈ। ਜਿਵੇਂ ਪਿੰਡ ਆਮ ਤੌਰ ’ਤੇ ਗੁਹਾਰਿਆਂ ਤੋਂ ਪਛਾਣਿਆ ਜਾਂਦਾ ਹੈ, ਇਸੇ ਤਰ੍ਹਾਂ ਕੋਈ ਵੀ ਮੁਲਕ ਉੱਥੋਂ ਦੀ ਸਿੱਖਿਆ ਤੋਂ ਪਛਾਣਿਆ ਜਾਂਦਾ ਹੈ। ਦੁਨੀਆਂ ਵਿੱਚ ਗਿਆਨ ਦੀ ਜੋਤ ਜਗਾਉਣ ਵਾਲੇ ਗੁਰੂ ਨਾਨਕ ਦਾ ਵਿਚਾਰ ਹੈ ਕਿ ਵਿਦਵਾਨ ਹੀ ਸਹੀ ਅਰਥਾਂ ਵਿੱਚ ਅਤੇ ਪੂਰਨ ਤੌਰ ’ਤੇ ਉਪਕਾਰ, ਅਥਵਾ ਜਗਤ ਦੀ ਸੇਵਾ ਕਰ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਮੂਰਖ ਤੇ ਗੁਨਾਹਗਾਰ ਵਿਦਵਾਨਾਂ ਨਾਲੋਂ ਸਰਲ, ਸਾਦੇ ਤੇ ਸਾਊ ਜੀਵਨ ਜਿਊਣ ਵਾਲਾ ਇਨਸਾਨ ਹੀ ਬਿਹਤਰ ਹੁੰਦਾ ਹੈ। ਸਿੱਖਿਆ ਜ਼ਿੰਦਗੀ ਜਿਊਣ ਦੀ ਕਲਾ ਦੱਸਦੀ ਹੈ। ਇਹ ਲੋਕਾਂ ਦੀ ਸੋਚ ਅਤੇ ਦ੍ਰਿਸ਼ਟੀਕੋਣ ਵੀ ਬਦਲਦੀ ਹੈ। ਭ੍ਰਿਸ਼ਟਾਚਾਰ, ਬੇਈਮਾਨੀ, ਗ਼ਰੀਬੀ, ਆਰਥਿਕ ਅਸਮਾਨਤਾ, ਜਾਤ-ਪਾਤ, ਧਰਮ ਅਤੇ ਲਿੰਗ ਦੀ ਭਿੰਨਤਾ ਖ਼ਤਮ ਕਰਨ ਲਈ ਗੁਣਵੰਤੀ ਸਿੱਖਿਆ ਦੇਣਾ ਰਾਜ ਅਤੇ ਕੇਂਦਰੀ ਸਰਕਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਹੁਨਰਮੰਦ ਸਿੱਖਿਆ ਰੁਜ਼ਗਾਰ ਦੇ ਨਵੇਂ ਨਵੇਂ ਮੌਕੇ ਮੁਹੱਈਆ ਕਰਦੀ ਹੈ। ਕੇਰਲਾ ਸਰਕਾਰ ਨੇ ਆਪਣੇ ਸੂਬੇ ਵਿੱਚ ਸੌ ਫ਼ੀਸਦੀ ਸਾਖਰਤਾ ਪੈਦਾ ਕਰ ਕੇ ਭਾਰਤ ਵਿੱਚ ਵਿਲੱਖਣਤਾ ਵਾਲੀ ਸ਼ਾਨ ਬਣਾਈ ਹੈ, ਪਰ ਭਾਰਤ ਦੀ ਉਚੇਰੀ ਸਿੱਖਿਆ ਦਿਨ ਪ੍ਰਤੀ ਦਿਨ ਨਿੱਘਰ ਰਹੀ ਹੈ। ਸਿੱਖਿਆ ਮਹਿੰਗੀ ਅਤੇ ਆਮ ਲੋਕਾਂ ਦੀ ਪੁਹੰਚ ਤੋਂ ਬਾਹਰ ਹੋ ਗਈ ਹੈ। ਹੁਣ ਤਾਂ ਲੋਕਾਂ ਦਾ ਸਿੱਖਿਆ ਵਿੱਚ ਵਿਸ਼ਵਾਸ ਹੀ ਡੋਲਣ ਲੱਗ ਪਿਆ ਹੈ। ਰੁਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ। ਸੱਤਾਧਾਰੀ ਸਿਆਸੀ ਪਾਰਟੀਆਂ ਆਪਣੇ ਸੁਆਰਥਾਂ ਨੂੰ ਸਾਹਮਣੇ ਰੱਖ ਕੇ ਧੜਾ-ਧੜ ਕਾਲਜ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹ ਰਹੀਆਂ ਹਨ। ਕੋਈ ਸਮਾਂ ਸੀ ਕਿ ਪੰਜਾਬ ਵਿੱਚ ਸਿਰਫ਼ ਚਾਰ ਹੀ ਯੂਨੀਵਰਸਿਟੀਆਂ ਸਨ ਅਤੇ ਇਹ ਮਿਆਰੀ ਸਿੱਖਿਆ ਦੇ ਰਹੀਆਂ ਸਨ, ਪਰ ਹੁਣ ਸੂਬੇ ਵਿੱਚ 26 ਤੋਂ ਵੀ ਜ਼ਿਆਦਾ ਯੂਨੀਵਰਸਿਟੀਆਂ ਹਨ।
ਵਿਦਿਆਰਥੀ, ਮਾਪੇ ਅਤੇ ਆਮ ਲੋਕ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਚਲਾਈਆਂ ਜਾ ਰਹੀਆਂ ਸਿੱਖਿਆ ਨੀਤੀਆਂ ਪ੍ਰਤੀ ਗਹਿਰੇ ਰੋਸ ਨਾਲ ਭਰੇ ਪੀਤੇ ਹੋਏ ਹਨ, ਪਰ ਸਰਕਾਰਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ। ਯੂਜੀਸੀ ਦੇ ਅੰਕੜਿਆਂ ਅਨੁਸਾਰ, ਇਸ ਸਮੇਂ ਮੁਲਕ ਵਿੱਚ 350 ਸਟੇਟ ਯੂਨੀਵਰਸਿਟੀਆਂ, 47 ਕੇਂਦਰੀ ਅਤੇ 239 ਦੂਜੀਆਂ ਯੂਨੀਵਰਸਿਟੀਆਂ ਹਨ। 700 ਡਿਗਰੀ ਦੇਣ ਵਾਲੀਆਂ ਸੰਸਥਾਵਾਂ ਅਤੇ 35,500 ਮਾਨਤਾ ਪ੍ਰਾਪਤ ਕਾਲਜ ਹਨ। ਇਹ ਮੁੱਖ ਤੌਰ ’ਤੇ ਚਾਰ ਖੇਤਰਾਂ ਵਿੱਚ ਸਿੱਖਿਆ ਦੇ ਰਹੀਆਂ ਹਨ। 37 ਫ਼ੀਸਦੀ ਆਰਟਸ, 14 ਫ਼ੀਸਦੀ ਸਾਇੰਸ, 18 ਫ਼ੀਸਦੀ ਕਾਮਰਸ-ਮੈਨੇਜਮੈਂਟ ਅਤੇ 16 ਫ਼ੀਸਦੀ ਇੰਜਨੀਅਰਿੰਗ ਤੇ ਤਕਨੀਕੀ ਸਿੱਖਿਆ ਦੇ ਰਹੀਆਂ ਹਨ। ਜੇ ਇਨ੍ਹਾਂ ਅੰਕੜਿਆਂ ਦੀ ਤੁਲਨਾ ਆਜ਼ਾਦੀ ਦੇ ਸਮੇਂ ਨਾਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਚੇਰੀ ਸਿੱਖਿਆ ਵਿੱਚ ਗੁਣਾਤਮਕ ਵਾਧਾ ਹੋਇਆ ਹੈ, ਪਰ ਸਿੱਖਿਆ ਪ੍ਰਣਾਲੀ ਵਿੱਚ ਬਦਲਦੇ ਹੋਏ ਸਮੇਂ ਨਾਲ ਤਬਦੀਲੀ ਬਹੁਤ ਘੱਟ ਹੋ ਰਹੀ ਹੈ। ਉਚੇਰੀ ਸਿੱਖਿਆ ਨਾ ਤਾਂ ਮਿਆਰੀ ਰਹੀ ਹੈ ਅਤੇ ਨਾ ਹੀ ਸਮੇਂ ਦੀ ਹਾਣੀ। ਬਹੁਤੇ ਪ੍ਰਾਈਵੇਟ ਕਾਲਜ ਅਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਤੋਂ ਪੈਸੇ ਬਟੋਰਨ ਵਿੱਚ ਲੱਗੇ ਹੋਏ ਹਨ। ਅਜਿਹੇ ਅਦਾਰਿਆਂ ਤੋਂ ਲਈਆਂ ਕਾਗਜ਼ੀ ਡਿਗਰੀਆਂ ਨਾਲ ਬੇਚੈਨੀ ਤਾਂ ਵਧ ਸਕਦੀ ਹੈ, ਰੁਜ਼ਗਾਰ ਨਹੀਂ।
ਸਾਫ਼ ਗੱਲ ਹੈ ਕਿ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਸਰਕਾਰਾਂ ਨੇ ਕੁਝ ਨਹੀਂ ਕਰਨਾ। ਇਸ ਲਈ ਹੁਣ ਵਿਦਿਆਰਥੀ ਵਰਗ ਨੂੰ ਹੀ ਅੱਗੇ ਆਉਣਾ ਪੈਣਾ ਹੈ। ਜੇ ਵਿਦਿਆਰਥੀ ਅੜ ਜਾਣ ਕਿ ਉਨ੍ਹਾਂ ਨੂੰ ਉਹ ਡਿਗਰੀਆਂ ਚਾਹੀਦੀਆਂ ਹਨ ਜਿਨ੍ਹਾਂ ਤੋਂ ਰੁਜ਼ਗਾਰ ਮਿਲ ਸਕੇ, ਤਾਂ ਸਰਕਾਰਾਂ ਨੂੰ ਸੋਚਣਾ ਪਵੇਗਾ ਅਤੇ ਸਿੱਖਿਆ ਪ੍ਰਣਾਲੀ ਹੁਨਰਮੰਦ ਸਿੱਖਿਆ ਵੱਲ ਤੁਰ ਪਵੇਗੀ। ਸਰਕਾਰ ਧੜਾ-ਧੜ ਨਵੇਂ ਕਾਲਜ ਅਤੇ ਯੂਨੀਵਰਸਿਟੀਆਂ ਨਾ ਖੋਲ੍ਹਣ ਦੀ ਥਾਂ ਪੁਰਾਣੀਆਂ ਨੂੰ ਹੀ ਮਜ਼ਬੂਤ ਕਰੇ। ਹੁਣ ਜ਼ਰੂਰਤ ਇਹ ਹੈ ਕਿ ਸਰਕਾਰ ਹੁਨਰਮੰਦ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੇ। ਉਚੇਰੀ ਸਿੱਖਿਆ ਲਈ ਮਾਲਵਾ, ਦੁਆਬਾ ਅਤੇ ਮਾਝਾ ਖੇਤਰਾਂ ਵਿੱਚ ਇੱਕ ਇੱਕ ਸਪੈਸ਼ਲ ਹੁਨਰਮੰਦ ਯੂਨੀਵਰਸਿਟੀ ਖੁੱਲ੍ਹਣੀ ਚਾਹੀਦੀ ਹੈ। ਇਨ੍ਹਾਂ ਯੂਨੀਵਰਸਿਟੀਆਂ ਅਧੀਨ 20 ਤੋਂ ਲੈ ਕੇ 25 ਤਕ ਹੁਨਰਮੰਦ ਕਾਲਜ ਖੋਲ੍ਹੇ। ਇਸ ਮਾਮਲੇ ਵਿੱਚ ਪੇਂਡੂ ਖੇਤਰਾਂ ਦਾ ਖਿਆਲ ਰੱਖਿਆ ਜਾਵੇ। ਇਹ ਸਾਰੇ ਕਾਲਜ ਘੱਟ ਫੀਸਾਂ ਲੈ ਕੇ ਬੱਚਿਆਂ ਨੂੰ ਮਿਆਰੀ ਅਤੇ ਹੁਨਰਮੰਦ ਸਿੱਖਿਆ ਦੇਣ।
ਹੁਨਰਮੰਦ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਨਾਲ ਸਰਕਾਰ ਨੂੰ ਕਈ ਵਿੱਤੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸਮੱਸਿਆ ਥੋੜ੍ਹੀ ਦੇਰ ਲਈ ਹੋਵੇਗੀ। ਆਰਟਸ ਗਰੁੱਪ ਦੀ ਬਜਾਏ ਵੋਕੇਸ਼ਨਲ ਗਰੁੱਪ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਇਸ ਨਾਲ ਬੇਰੁਜ਼ਗਾਰੀ ਦੇ ਆਲਮ ਨੂੰ ਠੱਲ੍ਹ ਪੈ ਸਕਦੀ ਹੈ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਵਿੱਚ ਖ਼ਾਸ ਕਰ ਕੇ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਇੰਜਨੀਅਰਿੰਗ ਕਾਲਜ ਵੱਡੀ ਪੱਧਰ ਉੱਤੇ ਵਧ ਰਹੇ ਹਨ। ਪ੍ਰਾਈਵੇਟ ਇੰਸਟੀਚਿਊਟ ਨੂੰ ਬਤੌਰ ਯੂਨੀਵਰਸਿਟੀ ਮਾਨਤਾ ਦੇਣ ਤੋਂ ਪਹਿਲਾਂ ਵਾਚਣਾ ਜ਼ਰੂਰੀ ਹੈ। ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਨੌਕਰੀਆਂ ਕੱਢ ਕੇ ਹਰ ਸ਼ਖ਼ਸ ਨੂੰ ਉਸ ਦੀ ਯੋਗਤਾ ਮੁਤਾਬਕ ਸਮੇਂ ਸਿਰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਸਟੇਟ ਦੇ ਰੁਜ਼ਗਾਰ ਵਿਭਾਗ ਉੱਤੇ ਇਹ ਜ਼ਿੰਮੇਵਾਰੀ ਪਾਈ ਜਾਵੇ ਕਿ ਉਹ ਹਰ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਵਸੀਲਿਆਂ ਬਾਰੇ ਵਿਸ਼ੇਸ਼ ਵਰਕਸ਼ਾਪਾਂ ਲਗਾਉਣ ਜਾਂ ਕਾਨਫਰੰਸਾਂ ਕਰਵਾਉਣ ਤਾਂ ਕਿ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਬਾਰੇ ਸੋਚਣ ਲਈ ਕੁਝ ਵਿਸ਼ੇਸ਼ ਗਰੁੱਪਾਂ ਤਕ ਸੀਮਤ ਨਾ ਰਹਿਣਾ ਪਵੇ। ਵੋਕੇਸ਼ਨਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਪੱਧਰ ’ਤੇ ਵਿਸ਼ੇਸ਼ ਪ੍ਰਚਾਰ ਕੀਤਾ ਜਾਵੇ, ਕਿਉਂਕਿ ਇਸ ਸਿੱਖਿਆ ਨਾਲ ਲਘੂ ਉਦਯੋਗਾਂ ਦਾ ਵੱਡੀ ਪੱਧਰ ’ਤੇ ਪਸਾਰਾ ਹੋ ਸਕਦਾ ਹੈ।
ਆਈਟੀਆਈਜ਼/ਪੌਲੀਟੈਕਨਿਕਾਂ/ਭਾਸ਼ਾ ਵਿਭਾਗ ਦੀਆਂ ਡਿਗਰੀਆਂ ਨੂੰ ਕੇਵਲ ਕਾਗਜ਼ੀ ਸਰਟੀਫਿਕੇਟ ਤਕ ਹੀ ਸੀਮਤ ਨਾ ਕੀਤਾ ਜਾਵੇ ਬਲਕਿ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਅਦਾਰਿਆਂ ਵਿੱਚ ਪੜ੍ਹਨ ਉਪਰੰਤ ਵਿਦਿਆਰਥੀ ਨਿੱਖਰ ਕੇ ਸਾਹਮਣੇ ਆਉਣ ਅਤੇ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਕਮਾਉਣ ਲਈ ਕਿਸੇ ਦਾ ਮੁਥਾਜ ਨਾ ਹੋਣਾ ਪਵੇ। ਗੱਲਾਂ ਛੋਟੀਆਂ ਹਨ, ਪਰ ਅਮਲ ਵਿੱਚ ਲਿਆਉਣ ਲਈ ਦ੍ਰਿੜ ਇਰਾਦੇ, ਇਮਾਨਦਾਰਨਾ ਰਵੱਈਏ ਅਤੇ ਨੇਕ ਨੀਤੀ ਦਾ ਹੋਣਾ ਬਹੁਤ ਜ਼ਰੂਰੀ ਹੈ।
ਸੰਪਰਕ: 94789-09640
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ